Update Details

9879-2.jpg
Posted by ਗੁਰਇਕਬਾਲ ਸਿੰਘ ਥਿੰਦ ਸੰਪਰਕ: 094636-81793
2018-05-05 13:01:57

ਪਸ਼ੂਆਂ ਦੀ ਖ਼ੁਰਾਕ ਵਿੱਚ ਡਰਾਈ ਮੈਟਰ ਦਾ ਮਹੱਤਵ

 ਪਸ਼ੂ ਦਾ ਢਿੱਡ ਭਰਨਾ ਚੁਣੌਤੀ ਭਰਿਆ ਕੰਮ ਹੈ ਪਰ ਜਦੋਂ ਖ਼ੁਰਾਕੀ ਜ਼ਰੂਰਤਾਂ  ਅਨੁਸਾਰ ਬਿਲਕੁਲ ਸਹੀ ਢਿੱਡ ਭਰਨ ਦੀ ਗੱਲ ਕਰੀਏ ਤਾਂ ਇਹ ਵਿਵਹਾਰਿਕ ਤੇ ਵਿਗਿਆਨਿਕ ਦੋਵਾਂ ਤਰ੍ਹਾਂ ਨਾਲ ਚੁਣੌਤੀ ਭਰਿਆ ਕੰਮ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਚਾਰਾ ਕਦੇ ਵੱਧ ਤੇ ਕਦੇ ਘੱਟ, ਵੱਧ ਵੇਲੇ ਦੁੱਗਣਾ ਤੇ ਘੱਟ ਵੇਲੇ ਅੱਧਾ ਜਾਂ ਇਸ ਤੋਂ ਵੀ ਘੱਟ, ਦੋਵੇਂ ਨੁਕਸਾਨਦੇਹ ਹਨ। ਇਸ ਪ੍ਰਤੀ ਸੰਵੇਦਨਸ਼ੀਲਤਾ ਤੇ ਜਾਣਕਾਰੀ ਦੀ ਘਾਟ ਡੇਅਰੀ ਫਾਰਮਰ ਦਾ ਨੁਕਸਾਨ ਕਰਦੀ ਹੈ। ਅਸਲ ਵਿੱਚ ਪਸ਼ੂ ਲਈ ਚਾਰੇ ਦਾ ਮਹੱਤਵ ਤੇ ਗਿਆਨ ਆਸਾਨ ਹੈ ਬਸ ਇਸ ਬਾਰੇ ਲੋੜੀਂਦੀ ਸਮਝ ਲਾਜ਼ਮੀ ਹੈ। ਪਸ਼ੂ ਦੀ ਖੁਰਾਕ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਪਹਿਲਾ ਪਾਣੀ ਤੇ ਦੂਜਾ ਡਰਾਈ ਮੈਂਟਰ। ਜਿੱਥੋਂ ਤੱਕ ਪਾਣੀ ਦੀ ਗੱਲ ਹੈ ਦੁਧਾਰੂ ਪਸ਼ੂ ਨੂੰ ਇੱਕ ਲਿਟਰ ਦੁੱਧ ਪੈਦਾ ਕਰਨ ਲਈ ਲਗਪਗ ਪੰਜ ਲਿਟਰ ਪਾਣੀ ਦੀ ਜ਼ਰੂਰਤ ਹੁੰਦੀ ਹੈ ਤੇ ਜਿਉਣ ਲਈ ਲਗਪਗ 50 ਲਿਟਰ ਪਾਣੀ ਦੀ ਘੱਟ ਤੋਂ ਘੱਟ ਜ਼ਰੂਰਤ ਹੁੰਦੀ ਹੈ। ਪਾਣੀ ਪਸ਼ੂ ਦੀ ਪਿਆਸ ਬੁਝਾਉਣ ਵਿੱਚ ਕੰਮ ਆਉਂਦਾ ਹੈ ਜਦੋਂਕਿ ਢਿੱਡ ਭਰਨ ਲਈ ਚਾਰੇ, ਫੀਡ, ਤੂੜੀ ਮਿਕਸ ਰਾਸ਼ਨ ਦਾ ਡਰਾਈ ਮੈਂਟਰ ਭਾਵ ਪਾਣੀ ਰਹਿਤ ਸੁੱਕੇ ਮਾਲ ਦੀ ਵਰਤੋਂ ਕੀਤੀ ਜਾਂਦੀ ਹੈ।

 

ਪਸ਼ੂ ਦੇ ਪੱਠੇ ਤੂੜੀ, ਫੀਡ ਆਦਿ ਹਰ ਖਾਣ ਵਾਲੇ ਪਦਾਰਥ ਵਿੱਚ ਪਾਣੀ ਤੇ ਨਮੀ ਰਹਿਤ ਸੁੱਕੇ ਪਦਾਰਥ ਨੂੰ ਡਰਾਈ ਮੈਂਟਰ ਜਾਂ ਸੁੱਕਾ ਮਾਲ  ਕਿਹਾ ਜਾਂਦਾ ਹੈ। ਸਹੀ ਜਾਣਕਾਰੀ ਤੋ ਬਗੈਰ ਫਾਰਮਰ ਕਦੇ ਇਹ ਪਤਾ ਨਹੀਂ ਲਗਾ ਸਕੇਗਾ ਕੇ ਜਾਨਵਰ ਵੱਲੋਂ ਖਾਧੇ ਕੁੱਲ ਰਾਸ਼ਨ ਵਿੱਚ ਕਿੰਨਾ ਪਾਣੀ ਤੇ ਕਿੰਨਾ ਸੁੱਕਾ ਮਾਲ ਮਿਲਿਆ। ਚਾਰੇ ਵਿੱਚ ਲੌਅ ਦੇ ਹਿਸਾਬ ਨਾਲ ਸੁੱਕਾ ਮਾਲ  ਘਟ ਤੋਂ ਵਧ ਜਾਂਦਾ ਹੈ। ਬਰਸੀਮ ਦੇ ਪਹਿਲੇ ਲੌਅ ਵਿੱਚ ਤਕਰੀਬਨ ਦਸ ਪ੍ਰਤੀਸ਼ਤ ਮੰਨ ਕੇ ਚਲੀਏ ਤੀਹ ਕਿਲੋ ਵਿੱਚ ਤਿੰਨ ਕਿਲੋ ਸੁੱਕਾ ਮਾਲ  ਹੈ। ਦੂਜੇ ਪਾਸੇ ਆਚਾਰ ਵਿੱਚ ਲਗਪਗ ਤੀਹ ਪ੍ਰਤੀਸ਼ਤ ਡਰਾਈ ਮੈਟਰ ਦੇ ਹਿਸਾਬ ਨਾਲ ਤੀਹ ਕਿਲੋ ਆਚਾਰ ਵਿੱਚ ਨੌ ਕਿਲੋ ਸੁੱਕਾ ਮਾਦਾ ਹੋਵੇਗਾ। ਹੁਣ ਦੇਖਿਆ ਜਾਵੇ ਬਰਸੀਮ ’ਤੇ ਆਚਾਰ ਤਾਂ ਬਰਾਬਰ ਮਾਤਰਾ ਵਿੱਚ ਲਏ ਗਏ ਪਰ ਸੁੱਕਾ ਮਾਲ  ਆਚਾਰ ਵਿੱਚ ਛੇ ਕਿਲੋ ਜ਼ਿਆਦਾ ਹੈ ਜੋ ਕਿ ਜਾਨਵਰ ਦੇ ਢਿੱਡ ਭਰਨ ਵਿੱਚ ਸਹਾਈ ਸਾਬਿਤ ਹੁੰਦਾ ਹੈ। ਇਸੇ ਤਰ੍ਹਾਂ ਤੂੜੀ ਫੀਡ ਵਿੱਚ ਵੀ ਜਾਨਵਰ ਨੂੰ ਖੁਆਏ ਕੁੱਲ ਰਾਸ਼ਨ ਵਿੱਚ ਪਰਖਿਆ ਜਾਂਦਾ ਹੈ ਕਿ ਪਸ਼ੂ ਦਾ ਢਿੱਡ ਭਰਨ ਲਈ ਪੂਰਨ ਮਾਤਰਾ ਵਿੱਚ ਡਰਾਈ ਮੈਂਟਰ ਮਿਲ ਗਿਆ ਹੈ ਜਾਂ ਨਹੀਂ।

 

ਡਰਾਈ ਮੈਟਰ ਦਾ ਮਹੱਤਵ ਇਸ ਤੱਥ ਤੋਂ ਲਗਾਇਆ ਜਾਂਦਾ ਹੈ ਕਿ ਸੱਜਰ ਪਸ਼ੂ ਨੂੰ ਜੇ ਜ਼ਰੂਰਤ ਤੋਂ ਜ਼ਿਆਦਾ ਇੱਕ ਕਿਲੋ ਹੋਰ ਡਰਾਈ ਮੈਟਰ ਖੁਆ ਦਿੱਤਾ ਜਾਵੇ ਤਾਂ ਬਿਨਾਂ ਫੀਡ ਵਧਾਇਆ ਜਾਂ ਬਿਨਾਂ ਤਾਕਤ ਵਾਲੀ ਦਵਾਈ ਦੇ ਸਵਾ ਦੋ ਲਿਟਰ ਦੁੱਧ ਵਧਾਇਆ ਜਾ ਸਕਦਾ ਹੈ। ਸਿਰਫ਼ ਡਰਾਈ ਮੈਟਰ ਦਾ ਧਿਆਨ ਰੱਖ ਕੇ ਹੀ ਡੇਅਰੀ ਫਾਰਮ ਦੀ ਆਮਦਨ ਵਿੱਚ ਵੱਡਾ ਵਾਧਾ ਕੀਤਾ ਜਾ ਸਕਦਾ ਹੈ।

 

ਇਹ ਜਾਨਣਾ ਜ਼ਰੂਰੀ ਹੈ ਕਿ ਜਾਨਵਰ ਨੂੰ ਢਿੱਡ ਭਰਨ ਲਈ ਆਖਿਰਕਾਰ ਕਿੰਨਾ ਕੁ ਡਰਾਈ ਮੈਟਰ ਚਾਹੀਦਾ ਹੈ। ਫਾਰਮ ਪੱਧਰ ’ਤੇ ਪ੍ਰਚਲਿਤ ਤਰੀਕਿਆਂ ਵਿੱਚੋਂ ਇੱਕ ਤਰੀਕਾ ਹੈ ਕਿ ਦੁਧਾਰੂ ਪਸ਼ੂ ਨੂੰ ਸਰੀਰਿਕ ਭਾਰ ਦਾ ਦੋ ਪ੍ਰਤੀਸ਼ਤ ਅਤੇ ਕੁੱਲ ਦੁੱਧ ਉਤਪਾਦਨ  ਦਾ 33 ਪ੍ਰਤੀਸ਼ਤ ਦੇ ਕੁਲ ਜੋੜ ਦਾ ਡਰਾਈ ਮੈਟਰ ਚਾਹੀਦਾ ਹੈ। ਉਦਾਹਰਨ ਦੇ ਤੌਰ ’ਤੇ 500 ਕਿਲੋ ਦੀ ਗਾਂ 21 ਲਿਟਰ ਦਾ ਦੁੱਧ ਉਤਪਾਦਨ ਕਰਦੀ ਹੈ ਤਾਂ ਸਰੀਰਕ ਭਾਰ ਅਨੁਸਾਰ 10 ਕਿਲੋ ਅਤੇ ਦੁੱਧ ਉਤਪਾਦਨ ਅਨੁਸਾਰ 7 ਕਿਲੋਗ੍ਰਾਮ ਦੀ ਲੋੜ ਹੈ। ਐਚ.ਐਫ ਗਾਵਾਂ ਦੁੱਧ ਉਤਪਾਦਨ ਅਨੁਸਾਰ 22 ਤੋ 26 ਕਿਲੋਗ੍ਰਾਮ ਤੱਕ ਤੇ ਮੱਝਾਂ 12 ਤੋਂ 20 ਕਿਲੋਗ੍ਰਾਮ ਤੱਕ ਡਰਾਈ ਮੈਟਰ ਖਾ ਸਕਦੀਆਂ ਹਨ। ਤੋਕੜ ਗਾਂ 10 ਤੋਂ 12 ਕਿਲੋ ਡਰਾਈ ਮੈਟਰ ਲਵੇਗੀ। ਦੁਧਾਰੂ ਪਸ਼ੂ ਦੇ ਕੁੱਲ ਡਰਾਈ ਮੈਟਰ ਵਿੱਚ ਫੀਡ ਦਾ ਤੀਜਾ ਹਿੱਸਾ ਭਾਵ 33 ਪ੍ਰਤੀਸ਼ਤ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ 66 ਪ੍ਰਤੀਸ਼ਤ ਤੱਕ ਦੇ ਸਕਦੇ ਹਾਂ। ਪਰ ਫੀਡ ਵਧਾਉਣ ਵੇਲੇ ਹਮੇਸ਼ਾ ਖ਼ਿਆਲ ਰੱਖਿਆ ਜਾਵੇ ਕਿ ਇੱਕ ਦਿਨ ਕੇਵਲ 500 ਗ੍ਰਾਮ ਤੋਂ 700 ਗ੍ਰਾਮ ਹੀ ਵਧਾਈ ਜਾਵੇ। ਬਾਕੀ ਡਰਾਈ ਮੈਟਰ ਦਾ ਹਿੱਸਾ ਚਾਰੇ ਅਤੇ ਤੂੜੀ ਤੋਂ ਪੂਰਾ ਕੀਤਾ ਜਾਂਦਾ ਹੈ। ਧਿਆਨ ਰਹੇ ਕਿ ਇੱਕ ਪਸ਼ੂ ਨੂੰ 500 ਕਿਲੋਗ੍ਰਾਮ  ਤੋਂ 3  ਕਿਲੋ ਤੱਕ ਹੀ ਤੂੜੀ ਪਾਈ ਜਾ ਸਕਦੀ ਹੈ। ਇਹ ਨਹੀਂ ਕਿ ਜੇ ਪੱਠੇ ਖ਼ਤਮ ਹੋ ਗਏ ਤਾਂ ਇਕੱਲੀ ਤੂੜੀ ਨਾਲ ਹੀ ਸਰ ਜਾਵੇਗਾ। ਸਿਰਫ਼ ਤੂੜੀ ਪਾ ਕੇ ਪਸ਼ੂ ਦੀਆਂ ਦੀਆਂ ਖ਼ੁਰਾਕੀ ਜ਼ਰੂਰਤਾਂ ਪੂਰੀਆਂ ਨਹੀਂ ਹੋ ਸਕਦੀਆਂ। ਤੂੜੀ ਵਿੱਚ ਲਿਗਨਿਨ ਕਾਰਨ ਪੇਟ ਦੇ ਮਿੱਤਰ ਕੀੜੇ ਇਸ ਨੂੰ ਤਿੰਨ ਕਿਲੋ ਦੇ ਕਰੀਬ ਹੀ ਪਚਾ ਸਕਦੇ ਹਨ, ਦੂਜਾ ਤੂੜੀ ਵਿੱਚ ਖ਼ੁਰਾਕੀ ਤੱਤ ਨਾਂਹ ਦੇ ਸਾਮਾਨ ਹੀ ਹਨ। ਤੂੜੀ ਤਾਂ ਡਰਾਈ ਮੈਟਰ ਪੂਰਾ ਕਰਨ ਲਈ ਢਿੱਡ ਭਰਨ ਦਾ ਜ਼ਰੀਆ ਮਾਤਰ   ਹੀ ਹੈ।

 

ਜੇਕਰ ਗਰੋਅਰ ਤੇ ਵੈੜਾ ਦੇ ਡਰਾਈ ਮੈਟਰ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦੇ ਸਰੀਰਕ ਭਾਰ ਦਾ ਢਾਈ ਤੋਂ ਤਿੰਨ ਪ੍ਰਤੀਸ਼ਤ ਹੀ ਸੁੱਕਾ ਮਾਦਾ ਦੇਣਾ ਚਾਹੀਦਾ ਹੈ। ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਰੀਰਕ ਭਾਰ ਨੂੰ ਵੱਡੇ ਕੰਡੇ ਤੋਂ ਬਗੈਰ ਕਿਸ ਤਰ੍ਹਾਂ ਮਾਪਿਆ ਜਾ ਸਕੇ। ਮਿਣਤੀ ਲਈ ਵਰਤੇ ਜਾਣ ਵਾਲੇ ਫੀਤੇ ਦੀ ਮਦਦ ਲੈ ਕੇ ਬੜੀ ਆਸਾਨੀ ਨਾਲ ਇੰਚਾ ਨੂੰ ਭਾਰ ਵਿੱਚ ਬਦਲ ਕੇ ਪਸ਼ੂ ਦਾ ਵਜ਼ਨ ਲਿਆ ਜਾ ਸਕਦਾ ਹੈ। ਭਾਰ ਕੱਢਣ ਲਈ ਪਸ਼ੂ ਦੀ ਮੋਢਿਆਂ ਦੀ ਗੋਲਾਈ ਤੇ ਲੰਬਾਈ ਦਾ ਮਾਪ ਇੰਚਾਂ ਵਿੱਚ ਚਾਹੀਦਾ ਹੈ। ਗਿਰਥ ਮਾਪਣ ਸਮੇਂ ਮੂੰਹ ਨੀਚੇ ਨਾ ਕੀਤਾ ਜਾਵੇ ਕਿਉਂ ਜੋ ਮੂੰਹ ਉੱਤੇ ਪਸ਼ੂ ਦੀ ਛੜ ਲੱਗਣ ਦਾ ਡਰ ਰਹਿੰਦਾ ਹੈ।  ਗਰੋਅਰ ਦੇ ਮੋਡਿਆਂ ਦੇ ਨੀਚੇ ਤੋਂ ਫੀਤਾ ਪਾਸ ਕਰਨ ਲਈ ਦੋ ਜਣੇ ਲੱਗ ਸਕਦੇ ਹਨ। ਹੁਣ ਗਰੋਅਰ ਦੀ ਲੰਬਾਈ ਲਈ ਮੋਡੇ ਦੀ ਹੱਡੀ ਤੋਂ ਪੁੜੇ ਦੀ ਹੱਡੀ ਤੱਕ ਇੰਚਾਂ ਵਿੱਚ ਮਾਪ ਕਰੋ। ਮਾਪ ਕਰਦੇ ਸਮੇਂ ਫੀਤਾ ਨਾ ਤਾਂ ਜ਼ਿਆਦਾ ਕੱਸਿਆ ਅਤੇ ਤਾ ਹੀ ਢਿੱਲਾ ਹੋਣਾ ਚਾਹੀਦਾ ਹੈ। ਕੁੱਲ ਭਾਰ ਕੱਢਣ ਲਈ ਫਾਰਮੂਲਾ ਹੈ ਗੁਲਾਈ”ਗਗੁਲਾਈ”ਗਲੰਬਾਈ 660 ਅਤੇ ਸ਼ੁੱਧ ਭਾਰ ਪ੍ਰਾਪਤ ਕਰਨ ਲਈ ਕੁੱਲ ਭਾਰ ਵਿੱਚੋਂ ਜਨਮ ਦਾ ਭਾਰ ਘਟਾ ਦਿੱਤਾ ਜਾਂਦਾ ਹੈ। ਪ੍ਰਤੀ ਦਿਨ ਭਾਰ ਪ੍ਰਾਪਤ ਕਰਨ ਲਈ ਸ਼ੁੱਧ ਭਾਰ ਨੂੰ ਪਸ਼ੂ ਦੀ ਉਮਰ (ਦਿਨਾਂ ਵਿੱਚ) ਨਾਲ ਭਾਗ ਕੀਤਾ ਜਾਵੇ। ਮਹੀਨੇ ਵਿੱਚ ਕੇਵਲ ਇੱਕ ਦਿਨ ਮਿਣਤੀ ਕਰਕੇ ਇਸ ਵਿਧੀ ਨਾਲ ਪ੍ਰਤੀਦਿਨ ਵਾਧੇ ਬਾਰੇ ਜਾਣਕਾਰੀ ਹਾਸਲ ਕੀਤਾ ਜਾ ਸਕਦੀ ਹੈ ਜੋ ਕਿ ਪ੍ਰਤੀ ਦਿਨ 700 ਤੋਂ 900 ਗ੍ਰਾਮ ਹੋਣੀ ਚਾਹੀਦੀ ਹੈ।

 

ਤਕਰੀਬਨ ਇੱਕ ਸਾਰ ਬੱਝੀਆਂ 30 ਗਰੋਅਰ ਦਾ ਭਾਰ ਅੱਧੇ ਘੰਟੇ ਵਿੱਚ ਮਿਣਿਆ ਜਾ ਸਕਦਾ ਹੈ। ਭਾਰ ਬਾਰੇ ਜਾਣਕਾਰੀ ਦਾ ਸਿੱਧਾ ਸਬੰਧ ਪਸ਼ੂ ਦੇ ਢਿੱਡ ਭਰਨ ਨਾਲ ਡਰਾਈ ਮੈਟਰ ਚੱਕਣ ਨਾਲ ਹੈ। ਇਸ ਕਾਰਨ ਇਸ ਦੇ ਮਹੱਤਵ ਨੂੰ ਡੇਅਰੀ ਫਾਰਮਿੰਗ ਅਣਗੌਲਿਆ ਨਹੀਂ ਜਾ ਸਕਦਾ। ਡੇਅਰੀ ਫਾਰਮਰ ਨੂੰ ਪਸ਼ੂ ਦੇ ਰਾਸ਼ਨ ਵਿਚਲੇ ਸੁੱਕੇ  ਮਾਲ ਦੀ ਜਾਣਕਾਰੀ ਲਾਜ਼ਮੀ ਹੈ।