Update Details

9049-nar.jpg
Posted by ਹਰਜੀਤ ਸਿੰਘ ਬਰਾੜ, ਮਨਪ੍ਰੀਤ ਸਿੰਘ ਤੇ ਓਪੀ ਚੌਧਰੀ* *ਖੇਤਰੀ ਖੋਜ ਕੇਂਦਰ, ਬਠਿੰਡਾ।
2018-07-05 05:47:22

ਨਰਮੇ ਲਈ ਖ਼ੁਰਾਕੀ ਤੱਤਾਂਂ ਦਾ ਸੁਚੱਜਾ ਤੇ ਸੰਤੁਲਿਤ ਪ੍ਰਬੰਧ

ਨਰਮੇ ਦੇ ਚੰਗੇ ਵਾਧੇ ਅਤੇ ਝਾੜ ਲਈ ਖ਼ੁਰਾਕੀ ਤੱਤਾਂ ਦੀ ਸੰਤੁਲਿਤ ਪੂਰਤੀ ਜ਼ਰੂਰੀ ਹੈ। ਪੰਜਾਬ ਦੇ ਦੱਖਣੀ-ਪੱਛਮੀ ਖੇਤਰ ਦੀ ਕਪਾਹ ਪੱਟੀ ਵਿੱਚ ਤੱਤਾਂ ਪ੍ਰਤੀ ਵਿਸ਼ੇਸ਼ ਧਿਆਨ ਦੀ ਜ਼ਰੂਰਤ ਹੈ, ਜਿੱਥੇ ਮਿੱਟੀ ਰੇਤਲੀ ਤੋਂ ਚੀਕਣੀ ਮੈਰਾ ਹੈ ਅਤੇ ਜੈਵਿਕ ਪਦਾਰਥ ਵੀ ਘੱਟ ਤੋਂ ਲੈ ਕੇ ਮੱਧ ਹੈ। ਇਸ ਤੋਂ ਇਲਾਵਾ ਪਿਛਲੇ ਇੱਕ ਦਹਾਕੇ ਦੌਰਾਨ ਵੱਧ ਉਪਜ ਦੇਣ ਵਾਲੇ ਬੀਟੀ ਹਾਈਬ੍ਰਿਡਾਂ ਦੀ ਨਿਰੰਤਰ ਕਾਸ਼ਤ ਕਾਰਨ ਤੱਤਾਂ ਦੀ ਘਾਟ ਸਬੰਧਿਤ ਸਮੱਸਿਆਵਾਂ ਜਿਵੇਂ ਕਿ ਪੱਤਿਆਂ ਦੀ ਲਾਲੀ, ਫੁੱਲ-ਡੋਡੀ ਅਤੇ ਕੱਚੇ ਟੀਂਡੇ ਝੜਨਾ ਆਦਿ ਪੈਦਾ ਹੋਈਆਂ ਹਨ। ਇਸ ਲਈ ਫ਼ਸਲ ਦੀ ਲੋੜ ਅਤੇ ਮਿੱਟੀ ਦੀ ਕਿਸਮ ਅਨੁਸਾਰ ਤੱਤਾਂ ਦਾ ਸੁਚੱਜਾ ਅਤੇ ਸੰਤੁਲਿਤ ਇਸਤੇਮਾਲ ਕਰਨਾ ਬਹੁਤ ਮਹੱਤਵਪੂਰਨ ਬਣ ਜਾਂਦਾ ਹੈ।

ਨਰਮੇ ਵਿੱਚ ਹਰੇ ਪੱਤਿਆਂ ਦਾ ਵਾਧਾ, ਫੁੱਲ-ਡੋਡੀ ਅਤੇ ਟੀਂਡੇ ਪੈਣਾ ਤਿੰਨੋਂ ਅਵਸਥਾਵਾਂ ਨਾਲੋਂ ਨਾਲ ਚੱਲਦਾ ਹੈ ਜਿਸ ਕਰਕੇ ਕਪਾਹ ਲਈ ਖ਼ੁਰਾਕੀ ਤੱਤਾਂ ਦਾ ਪ੍ਰਬੰਧ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਕਪਾਹ ਦੀ ਫ਼ਸਲ ਵਿੱਚ ਅਸੰਤੁਲਿਤ ਖਾਦਾਂ ਦੀ ਵਰਤੋਂ ਕਰਨ ਨਾਲ ਫੁੱਲ-ਡੋਡੀ ਅਤੇ ਟੀਂਡਿਆਂ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ, ਜਿਸ ਨਾਲ ਝਾੜ ਘਟਦਾ ਹੈ। ਇਸ ਲਈ ਕਿਸਾਨਾਂ ਨੂੰ ਕਪਾਹ ਦੀ ਉਤਪਾਦਿਕਤਾ ਨੂੰ ਕਾਇਮ ਰੱਖਣ ਲਈ ਲੋੜੀਂਦੀਆਂ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਮੱਧ ਉਪਜਾਊ ਜ਼ਮੀਨਾਂ ਲਈ ਪੋਸ਼ਣ: ਮੱਧ ਉਪਜਾਊ ਜ਼ਮੀਨਾਂ ਲਈ ਪੀਏਯੂ ਨੇ 30 ਕਿਲੋ ਨਾਈਟ੍ਰੋਜਨ (65 ਕਿਲੋ ਯੂਰੀਆ) ਦੀ ਸਿਫ਼ਾਰਿਸ਼ ਪੀਏਯੂ ਬੀਟੀ 1 ਨੂੰ ਛੱਡ ਕੇ ਸਾਰੀਆਂ ਕਿਸਮਾਂ ਲਈ ਅਤੇ 42 ਕਿਲੋਗ੍ਰਾਮ ਨਾਈਟ੍ਰੋਜਨ (90 ਕਿਲੋ ਯੂਰੀਆ) ਦੀ ਸਿਫ਼ਾਰਿਸ਼ ਸਾਰੇ ਹਾਈਬ੍ਰਿਡਾਂ (ਬੀਟੀ ਅਤੇ ਗ਼ੈਰ-ਬੀਟੀ ਹਾਈਬ੍ਰਿਡਾਂ ਦੋਵਾਂ) ਲਈ ਪ੍ਰਤੀ ਏਕੜ ਦੇ ਆਧਾਰ ’ਤੇ ਕੀਤੀ ਹੈ। ਪੀਏਯੂ ਬੀਟੀ 1 ਲਈ 37 ਕਿਲੋਗ੍ਰਾਮ ਨਾਈਟ੍ਰੋਜਨ (80 ਕਿਲੋ ਯੂਰੀਆ) ਦੀ ਲੋੜ ਹੈ। ਨਾਈਟ੍ਰੋਜਨ ਦੀ ਪਹਿਲੀ ਕਿਸ਼ਤ ਫ਼ਸਲ ਵਿਰਲੀ ਕਰਨ ਸਮੇਂ ਪਹਿਲੀ ਸਿੰਜਾਈ ਦੇ ਨਾਲ ਅਤੇ ਬਾਕੀ ਅੱਧੀ ਨੂੰ ਫੁੱਲ-ਡੋਡੀ ਪੈਣ ’ਤੇ ਪਾਉਣੀ ਚਾਹੀਦੀ ਹੈ। ਜੇ ਕਪਾਹ ਤੋਂ ਪਹਿਲਾਂ ਕਣਕ ਦੀ ਕਾਸ਼ਤ ਕੀਤੀ ਹੈ ਅਤੇ ਫਾਸਫੋਰਸ ਦੀ ਸਿਫ਼ਾਰਸ਼ ਕੀਤੀ ਮਾਤਰਾ ਕਣਕ ਦੀ ਫ਼ਸਲ ਨੂੰ ਪਾਈ ਹੋਵੇ, ਫਿਰ ਕਪਾਹ ਨੂੰ ਫਾਸਫੋਰਸ ਪਾਉਣ ਦੀ ਜ਼ਰੂਰਤ ਨਹੀਂ। ਇਸ ਤੋਂ ਇਲਾਵਾ ਕਪਾਹ ਨੂੰ 12 ਕਿਲੋ ਫ਼ਾਸਫ਼ੋਰਸ (75 ਕਿਲੋ ਸੁਪਰ  ਜਾਂ 27 ਕਿਲੋ ਡੀ ਏ ਪੀ) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਦੇ ਸਮੇਂ ਪਾਉ। ਜਿਥੇ ਫ਼ਾਸਫ਼ੋਰਸ ਲਈ 27 ਕਿਲੋ ਡੀ ਏ ਪੀ ਵਰਤਿਆ ਜਾਂਦਾ ਹੈ, ਉੱਥੇ ਯੂਰੀਆ ਦੀ ਮਾਤਰਾ 10 ਕਿਲੋ ਘੱਟ ਕਰ ਦੇਵੋ।

ਘੱਟ ਉਪਜਾਊ ਜ਼ਮੀਨਾਂ ਲਈ ਪੋਸ਼ਣ: ਹਲਕੀਆਂ ਜ਼ਮੀਨਾਂ ਵਿੱਚ ਜੈਵਿਕ ਕਾਰਬਨ ਘੱਟ ਹੋਣ ਕਾਰਨ ਨਾਈਟ੍ਰੋਜਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਲਈ ਹਲਕੀਆਂ ਜ਼ਮੀਨਾਂ ਵਿੱਚ ਨਾਈਟ੍ਰੋਜਨ ਦੀ ਮਾਤਰਾ 25 ਫ਼ੀਸਦੀ ਵਧਾ ਦੇਣੀ ਚਹੀਦੀ ਹੈ। ਹਲਕੀਆਂ ਜ਼ਮੀਨਾਂ ਵਿੱਚ ਪੀਏਯੂ ਬੀਟੀ 1 ਨੂੰ ਛੱਡ ਕੇ ਸਾਰੀਆਂ ਕਿਸਮਾਂ ਨੂੰ 37 ਕਿਲੋ ਨਾਈਟ੍ਰੋਜਨ (80 ਕਿਲੋ ਯੂਰੀਆ) ਅਤੇ ਸਾਰੇ ਹਾਈਬ੍ਰਿਡਾਂ (ਬੀਟੀ ਅਤੇ ਗ਼ੈਰ-ਬੀਟੀ ਹਾਈਬ੍ਰਿਡ ਦੋਵਾਂ) ਨੂੰ 52 ਕਿਲੋ ਨਾਈਟ੍ਰੋਜਨ (110 ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫ਼ਾਰਸ਼ ਕੀਤੀ ਜਾਂਦੀ ਹੈ। ਪੀਏਯੂ ਬੀਟੀ 1 ਲਈ 46 ਕਿਲੋ ਨਾਈਟ੍ਰੋਜਨ (100 ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਨਾਈਟ੍ਰੋਜਨ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ ਵੰਡ ਕੇ ਪਾਉਣਾ ਲਾਭਦਾਇਕ ਹੁੰਦਾ ਹੈ ਜਿਵੇਂ ਕਿ, ਪਹਿਲੀ ਕਿਸ਼ਤ ਬਿਜਾਈ ਸਮੇਂ, ਦੂਜੀ ਕਿਸ਼ਤ ਫ਼ਸਲ ਵਿਰਲੀ ਕਰਨ ਸਮੇਂ ਪਹਿਲੀ ਸਿੰਜਾਈ ਦੇ ਨਾਲ ਅਤੇ ਤੀਜੀ ਕਿਸ਼ਤ ਫੁੱਲ-ਡੋਡੀ ਦੀ ਸ਼ੁਰੂਆਤ ’ਤੇ ਪਾਉਣੀ ਚਾਹੀਦੀ ਹੈ। ਘੱਟ ਉਪਜਾਊ ਜ਼ਮੀਨਾਂ ਵਿੱਚ ਫ਼ਾਸਫ਼ੋਰਸ ਲਈ ਸਿਫ਼ਾਰਸ਼ ਮੱਧ ਉਪਜਾਊ ਜ਼ਮੀਨਾਂ ਦੀ ਤਰ੍ਹਾਂ ਹੀ ਹੈ। ਇਸ ਤੋਂ ਇਲਾਵਾ 20 ਕਿਲੋ ਪੋਟਾਸ਼ ਅਤੇ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21 ਫ਼ੀਸਦੀ) ਜਾਂ 6.5 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ (33 ਫ਼ੀਸਦੀ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।  ਫ਼ਾਸਫ਼ੋਰਸ, ਪੋਟਾਸ਼ ਅਤੇ ਜ਼ਿੰਕ ਖਾਦਾਂ ਦੀ ਪੂਰੀ ਮਾਤਰਾ ਬਿਜਾਈ ਸਮੇਂ ਹੀ ਪਾ ਦੇਣੀ ਚਾਹੀਦੀ ਹੈ।

ਲੂਣ ਪ੍ਰਭਾਵਿਤ ਜ਼ਮੀਨਾਂ ਦਾ ਪੋਸ਼ਣ: ਜ਼ਮੀਨ ਦਾ ਲੂਣਾ ਜਾਂ ਖਾਰਾਪਣ ਖਾਦਾਂ ਦੀ ਕਾਰਜਕੁਸ਼ਲਤਾ ਨੂੰ ਪ੍ਰਭਾਵਿਤ ਕਰਦਾ ਹੈ। ਮਿੱਟੀ ਦੀ ਜਾਂਚ ਰਿਪੋਰਟ ਦੇ ਅਨੁਸਾਰ, ਖਾਰੀਆਂ ਜ਼ਮੀਨਾਂ ਦਾ ਜਿਪਸਮ ਨਾਲ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਦੋਵੇਂ ਲੂਣੀਆਂ ਅਤੇ ਖਾਰੀਆਂ ਜ਼ਮੀਨਾਂ ਵਿੱਚ 25 ਫ਼ੀਸਦੀ ਤੋਂ ਵੱਧ ਨਾਈਟ੍ਰੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦਾ ਮਤਲਬ, ਇਨ੍ਹਾਂ ਜ਼ਮੀਨਾਂ ਵਿੱਚ ਵੀ ਪੀਏਯੂ ਬੀਟੀ 1 ਨੂੰ ਛੱਡ ਕੇ ਸਾਰੀਆਂ ਕਿਸਮਾਂ ਨੂੰ 37 ਕਿਲੋ ਨਾਈਟ੍ਰੋਜਨ (80 ਕਿਲੋ ਯੂਰੀਆ) ਅਤੇ ਸਾਰੇ ਹਾਈਬ੍ਰਿਡਾਂ (ਬੀਟੀ ਅਤੇ ਗ਼ੈਰ-ਬੀਟੀ ਹਾਈਬ੍ਰਿਡਾਂ ਦੋਵਾਂ) ਨੂੰ 52 ਕਿਲੋ ਨਾਈਟ੍ਰੋਜਨ (110 ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਪੀਏਯੂ ਬੀਟੀ 1 ਲਈ 46 ਕਿਲੋ ਨਾਈਟ੍ਰੋਜਨ (100 ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ।

ਬੋਰੋਨ ਦੀ ਘਾਟ ਵਾਲੀਆਂ ਜ਼ਮੀਨਾਂ (0.5 ਕਿਲੋ ਪ੍ਰਤੀ ਏਕੜ ਤੋਂ ਘੱਟ ਬੋਰੋਨ), ਜਿਸ ਵਿਚ 2 ਫ਼ੀਸਦੀ ਜਾਂ ਵਧੇਰੇ ਕੈਲਸ਼ੀਅਮ ਕਾਰਬੋਨੇਟ ਹੋਣ, ਵਿੱਚ ਬਿਜਾਈ ਦੇ ਸਮੇਂ 400 ਗ੍ਰਾਮ ਬੋਰੋਨ (4 ਕਿਲੋ ਬੋਰੈਕਸ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਹਾਲਾਂਕਿ, ਬੋਰੋਨ ਨੂੰ ਸਾਰੀਆਂ ਜ਼ਮੀਨਾਂ ਵਿੱਚ ਨਹੀਂ ਪਾਉਣਾ ਚਾਹੀਦਾ, ਕਿਉਂਕਿ ਜ਼ਮੀਨ ਵਿੱਚ ਬਹੁਤ ਜ਼ਿਆਦਾ ਬੋਰੋਨ ਫ਼ਸਲ ਲਈ ਜ਼ਹਿਰੀਲਾ ਸਾਬਤ ਹੋ ਸਕਦਾ ਹੈ।

ਫੁੱਲ-ਡੋਡੀ ਝੜਨ ਦੀ ਰੋਕਥਾਮ: ਨਰਮੇ ਦੀ ਫ਼ਸਲ ਭਾਵੇਂ 150 ਦਿਨਾਂ ਤੋਂ ਵੱਧ ਸਮਾਂ ਲੈਂਦੀ ਹੈ, ਪਰ ਜ਼ਿਆਦਾ ਮਾਤਰਾ ਵਿੱਚ ਤੱਤ ਲੈਣਾ ਕੇਵਲ 50 ਦਿਨ ਤੱਕ ਹੀ ਸੀਮਤ ਹੁੰਦਾ ਹੈ। ਪਰ, ਤੱਤਾਂ ਦੀ ਮੰਗ ਫੁੱਲ ਪੈਣ ਅਤੇ ਟੀਂਡੇ ਬਣਨ ਦੇ ਪੜਾਅ ਵਿੱਚ ਇਕਦਮ ਬਹੁਤ ਜ਼ਿਆਦਾ ਹੋ ਜਾਂਦੀ ਹੈ। ਮਿੱਟੀ ਵਿੱਚ ਪਾਏ ਤੱਤ ਖ਼ਾਸ ਤੌਰ ’ਤੇ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਇਸ ਮੰਗ ਨੂੰ ਪੂਰਾ ਕਰਨ ਵਿੱਚ ਅਸਮਰਥ ਹੁੰਦੇ ਹਨ ਅਤੇ ਮੰਗ ਦੀ ਪੂਰਤੀ ਨਾ ਹੋਣ ਕਰਨ ਫੁੱਲ-ਡੋਡੀ ਅਤੇ ਕੱਚੇ ਟੀਂਡੇ ਝੜਨ ਲੱਗਦੇ ਹਨ ਅਤੇ ਫ਼ਸਲ ਦਾ ਝਾੜ ਘਟ ਜਾਂਦਾ ਹੈ।  ਇਸ ਲਈ, ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਕਰਨਾ ਇਸ ਮੰਗ ਨੂੰ ਪੂਰਾ ਕਰਨ ਵਿੱਚ ਲਾਭਦਾਇਕ ਹੁੰਦਾ ਹੈ ਅਤੇ ਫੁੱਲ ਡੋਡੀ ਅਤੇ ਕੱਚੇ ਟੀਂਂਡੇ ਨਹੀਂ ਝੜਦੇ। ਇਸ ਤਰ੍ਹਾਂ ਪੈਦਾਵਾਰ ਵਿੱਚ ਵੀ ਵਾਧਾ ਹੁੰਦਾ ਹੈ। ਫੁੱਲਾਂ ਦੀ ਸ਼ੁਰੂਆਤ ਤੋਂ ਲੈ ਕੇ 2 ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ ਦੇ ਚਾਰ ਸਪਰੇਅ ਹਫ਼ਤੇ ਦੇ ਵਕਫ਼ੇ ’ਤੇ ਕਰੋ। 2 ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ ਦਾ ਮਤਲਬ ਹੈ ਕਿ 100 ਲਿਟਰ ਪਾਣੀ ਵਿੱਚ 2 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ ਘੋਲ ਲਓ।

ਪੱਤਿਆਂ ਦੀ ਲਾਲੀ ਦੀ ਰੋਕਥਾਮ: ਬੀਟੀ ਨਰਮੇ ਵਿੱਚ ਫੁੱਲ ਡੋਡੀ ਤੋਂ ਬਾਅਦ ਤੇ ਟੀਂਡੇ ਬਣਨ ਦੌਰਾਨ ਪੱਤੇ ਲਾਲ ਹੋ ਜਾਂਦੇ ਹਨ। ਆਮ ਤੌਰ ’ਤੇ ਪੱਤਿਆਂ ਉੱਤੇ ਲਾਲੀ ਪੌਦਿਆਂ ਵਿੱਚ ਮੈਗਨੀਸ਼ੀਅਮ ਦੀ ਘਾਟ ਕਾਰਨ ਆਉਂਦੀ ਹੈ, ਜਦੋਂਕਿ ਜ਼ਮੀਨ ਵਿੱਚ ਮੈਗਨੀਸ਼ੀਅਮ ਦੀ ਉਪਲੱਬਧਤਾ ਕਾਫ਼ੀ ਮਾਤਰਾ ਵਿੱਚ ਹੁੰਦੀ ਹੈ। ਨਰਮੇ ਵਿੱਚ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ, 1 ਫ਼ੀਸਦੀ ਮੈਗਨੀਸ਼ੀਅਮ ਸਲਫੇਟ (1 ਕਿਲੋ ਮੈਗਨੀਸ਼ੀਅਮ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਘੋਲ ਲਓ) ਦੇ ਦੋ ਸਪਰੇਅ ਫੁੱਲ ਡੋਡੀ ਅਤੇ ਟੀਂਡੇ ਬਣਨ ਦੌਰਾਨ 15 ਦਿਨਾਂ ਦੇ ਵਕਫ਼ੇ ’ਤੇ ਕਰੋ। ਜਿਸ ਖੇਤ ਵਿੱਚ ਪਿੱਛਲੇ ਸਾਲ ਨਰਮੇ ’ਤੇ ਲਾਲੀ ਆਈ ਹੋਵੇ, ਉਸ ਖੇਤ ਵਿੱਚ ਪੱਤਿਆਂ ਤੇ ਲਾਲੀ ਆਉਣ ਤੋਂ ਪਹਿਲਾਂ-ਪਹਿਲਾਂ 1 ਫ਼ੀਸਦੀ ਮੈਗਨੀਸ਼ੀਅਮ ਸਲਫੇਟ ਦੇ ਦੋ ਸਪਰੇਅ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ, ਨਰਮੇ ਲਈ ਸਿਫ਼ਾਰਿਸ਼ ਕੀਤੀਆਂ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਨਾਲ ਵੀ ਇਸ ਸਮੱਸਿਆ ਤੋਂ ਕਾਫ਼ੀ ਹੱਦ ਤਕ ਬਚਿਆ ਜਾ ਸਕਦਾ ਹੈ।