
ਨਰਮੇ ਦੇ ਭਰਵੇਂ ਝਾੜ ਲਈ ਢੁੱਕਵੀਆਂ ਕਿਸਮਾਂ

ਪੰਜਾਬ ਵਿੱਚ ਨਰਮਾ-ਕਪਾਹ ਸਾਉਣੀ ਦੀ ਮਹੱਤਵਪੂਰਨ ਰੇਸੇ ਵਾਲੀ ਵਪਾਰਕ ਫ਼ਸਲ ਹੈ। ਇਹ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਤੋੜਨ ਦਾ ਵਧੀਆ ਬਦਲ ਹੈ ਅਤੇ ਖੁਸ਼ਕ ਇਲਾਕਿਆਂ ਲਈ ਇਹ ਹੀ ਬਦਲ ਖੇਤੀ ਵਿੱਚ ਵਿਭਿੰਨਤਾ ਲਿਆਉਣ ਲਈ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਬੀ.ਟੀ. ਨਰਮੇ ਦੀ ਕਾਸ਼ਤ ਕਾਰਨ ਪੰਜਾਬ ਵਿੱਚ ਅਮਰੀਕਨ ਸੁੰਡੀ ਦਾ ਹਮਲਾ ਘਟ ਗਿਆ। ਗ਼ੈਰ ਬੀ.ਟੀ. ਕਿਸਮਾਂ ਬੀ ਟੀ ਕਿਸਮਾਂ ਨਾਲੋਂ ਖਾਦ ਪਾਣੀ ਦੀ ਘੱਟ ਲੋੜ ਹੁੰਦੀ ਹੈ। ਇਸ ਕਰਕੇ ਜਿਨ੍ਹਾਂ ਖੇਤਰਾਂ ਵਿੱਚ ਪਾਣੀ ਦੀ ਘਾਟ ਹੈ, ਉੱਥੇ ਕਿਸਾਨਾਂ ਨੂੰ ਗ਼ੈਰ ਬੀ.ਟੀ. ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ। ਗ਼ੈਰ ਬੀ.ਟੀ.ਕਿਸਮਾਂ ਵਿੱਚ ਤੇਲੇ, ਚਿੱਟੀ ਮੱਖੀ, ਪੈਰਾਵਿਲਟ ਲਈ ਵੀ ਜ਼ਿਆਦਾ ਸਹਿਸ਼ੀਲਤਾ ਹੁੰਦੀ ਹੈ। ਸਦੀਆਂ ਤੋਂ ਪੰਜਾਬ ਵਿੱਚ ਛੋਟੇ ਕੇਸੇ ਵਾਲੀ ਦੇਸੀ ਕਪਾਹ ਉਗਾਈ ਜਾਂਦੀ ਰਹੀ ਹੈ। ਇਸ ਤੋਂ ਘਰੇਲੂ ਲੋੜਾਂ ਦੀ ਪੂਰਤੀ ਕੀਤੀ ਜਾਂਦੀ ਸੀ ਪਰ ਪਿਛਲੇ 8-10 ਸਾਲ ਤੋਂ ਪੰਜਾਬ ਵਿੱਚ ਦੇਸੀ ਕਪਾਹ ਥੱਲੇ ਰਕਬਾ ਘਟ ਰਿਹਾ ਹੈ। ਪੰਜਾਬ ਵਿੱਚ ਦੇਸੀ ਕਪਾਹ ਦਾ ਰਕਬਾ ਘੱਟਣ ਦਾ ਮੁੱਖ ਕਾਰਨ ਬੀ.ਟੀ. ਨਰਮੇ ਦੀਆਂ ਦੋਗਲੀਆਂ ਕਿਸਮਾਂ ਦਾ ਪ੍ਰਚੱਲਿਤ ਹੋਣਾ ਹੈ। ਪੰਜਾਬ ਵਿੱਚ ਸਦੀਆਂ ਤੋਂ ਕੁਦਰਤੀ ਫ਼ਸਲ ਹੋਣ ਕਰਕੇ ਇਹ ਇੱਥੋਂ ਦੇ ਪੌਣ-ਪਾਣੀ ਵਿੱਚ ਚੰਗਾ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ। ਦੇਸੀ ਕਪਾਹ ਦੀਆਂ ਕਿਸਮਾਂ ਨੂੰ ਪੱਤਾ ਮਰੋੜ ਰੋਗ ਨਹੀਂ ਲੱਗਦਾ ਅਤੇ ਇਹ ਰਸ ਚੂਸਣ ਵਾਲੇ ਕੀੜੇ ਖ਼ਾਸ ਕਰਕੇ ਚਿੱਟੀ ਮੱਖੀ ਦੇ ਹਮਲੇ ਤੋਂ ਸਹਿਣਸ਼ੀਲਤਾ ਰੱਖਦੀ ਹੈ। ਇਸ ਤੋਂ ਇਲਾਵਾ ਦੇਸੀ ਕਪਾਹ ਨੂੰ ਹਲਕੀਆਂ ਜ਼ਮੀਨਾਂ ਅਤੇ ਘਟ ਪਾਣੀ ਦੇ ਹਾਲਤਾਂ ਵਿੱਚ ਉਗਾ ਕੇ ਵੀ ਵਧੀਆ ਝਾੜ ਲਿਆ ਜਾ ਸਕਦਾ ਹੈ। ਪਿਛਲੇ ਇੱਕ ਦੋ ਸਾਲ ਤੋਂ ਘੱਟ ਉਤਪਾਦਨ ਹੋਣ ਕਰਕੇ ਇਸ ਦਾ ਮੰਡੀ ਵਿੱਚ ਭਾਅ ਵੀ ਨਰਮੇ ਤੋਂ ਵੱਧ ਮਿਲਦਾ ਰਿਹਾ ਹੈ। ਇਸ ਲਈ ਕਿਸਾਨ ਘੱਟ ਖ਼ਰਚਾ ਅਤੇ ਥੋੜ੍ਹੀ ਮਿਹਨਤ ਕਰਕੇ ਵੀ ਇਸ ਫ਼ਸਲ ਤੋਂ ਵੱਧ ਮੁਨਾਫ਼ਾ ਲੈ ਸਕਦੇ ਹਨ।
ਨਰਮੇ ਦੀਆਂ ਕਿਸਮਾਂ- ਬੀ.ਟੀ. ਕਿਸਮਾਂ
ਪੀ.ਏ.ਯੂ. ਬੀ.ਟੀ. 1: ਇਹ ਕਿਸੇ ਸਰਕਾਰੀ ਅਦਾਰੇ ਵੱਲੋਂ ਵਿਕਸਿਤ ਕੀਤੀ ਭਾਰਤ ਦੀ ਨਰਮੇ ਦੀ ਪਹਿਲੀ ਬੀ.ਟੀ. ਕਿਸਮ ਹੈ। ਇਹ ਕਿਸਮ ਅਮਰੀਕਨ, ਚਿੱਤਕਬਰੀ ਅਤੇ ਗੁਲਾਬੀ ਸੁੰਡੀ ਪ੍ਰਤੀ ਸਹਿਣਸ਼ੀਲਤਾ ਰਖਦੀ ਹੈ। ਇਸ ਕਿਸਮ ਦਾ ਔਸਤਨ ਝਾੜ 11.2 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਦੇ ਟੀਂਡੇ ਵੱਡੇ ਆਕਾਰ ਦੇ (4.3 ਗ੍ਰਾਮ) ਹਨ ਅਤੇ ਰੂੰ ਦਾ ਕਸ 41.4 ਪ੍ਰਤੀਸਤ ਹੈ। ਇਹ ਕਿਸਮ ਪੱਤਾ ਮਰੋੜ ਬਿਮਾਰੀ ਪ੍ਰਤੀ ਸਹਿਣਸ਼ੀਲਤਾ ਰੱਖਦੀ ਹੈ।
ਨਰਮੇ ਦੀਆਂ ਦੋਗਲੀਆਂ ਬੀ.ਟੀ. ਕਿਸਮਾਂ: ਨਰਮੇ ਦੀਆਂ ਦੋਗਲੀਆਂ ਕਿਸਮਾਂ, ਜੋ ਕਿ ਵੱਖ-ਵੱਖ ਪ੍ਰਾਈਵੇਟ ਬੀਜ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਹਨ। ਸਾਉਣੀ 2018 ਲਈ ਪੰਜਾਬ ਵਿੱਚ ਕਾਸ਼ਤ ਵਾਸਤੇ ਆਸ ਸੀ ਐਚ 314 ਬੀਜੀ, ਆਸ ਸੀ ਐਚ 653, ਐਸ ਡਬਲਯੂ ਸੀ ਐਚ 4755 ਬੀਜੀ (ਯੂਐਸ 71), ਐਸ ਡਬਲਯੂ ਸੀ ਐਚ 4713 ਬੀਜੀ (ਯੂਐਸ 21), 6155 ਬੀਜੀ (ਬਾਇਓ 100), ਐਨ ਸੀ ਐਚ 9013ਬੀਜੀ, ਐਨਸੀਐਚ 495 ਬੀਜੀ, ਪੀ ਆਰ ਸੀ ਐਚ 7799 ਬੀਜੀ ਅਤੇ ਨੈਮਕੋਟ 616 ਬੀਜੀ ਆਦਿ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ।
ਨਰਮੇ ਦੀਆਂ ਗ਼ੈਰ ਬੀ.ਟੀ. ਕਿਸਮਾਂ
ਐਫ 2228: ਇਹ ਕਿਸਮ ਲਗਪਗ 180 ਦਿਨਾਂ ਵਿੱਚ ਪੱਕ ਕੇ 7.4 ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੰਦੀ ਹੈ। ਇਸ ਦੇ ਰੇਸੇ ਦੀ ਲੰਬਾਈ 29.0 ਮਿਲੀਮੀਟਰ ਅਤੇ ਰੂੰ ਦਾ ਕਸ 34.4 ਪ੍ਰਤੀਸ਼ਤ ਹੁੰਦਾ ਹੈ। ਇਸ ਦੇ ਟੀਂਡੇ ਮੋਟੇ (3.8 ਗ੍ਰਾਮ) ਅਤੇ ਵਧੀਆ ਖਿੜਾਅ ਵਾਲੇ ਹੁੰਦੇ ਹਨ।
ਐਫ 2383: ਇਸ ਦਾ ਔਸਤਨ ਝਾੜ 7.9 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਨਰਮੇ ਦੀ ਸੰਘਣੀ ਬਿਜਾਈ ਲਈ ਢੁੱਕਵੀਂ ਹੈ। ਇਸ ਕਿਸਮ ਦੇ ਹਰੇ ਰੰਗ ਦੇ ਭਿੰਡੀ ਵਰਗੇ ਪੱਤੇ ਅਤੇ ਚਿੱਟੇ ਰੰਗ ਦੇ ਫੁੱਲ ਹੁੰਦੇ ਹਨ। ਇਸ ਦੇ ਰੇਸੇ ਦੀ ਲੰਬਾਈ 26.1 ਮਿਲੀਮੀਟਰ ਅਤੇ ਵਲਾਈ ਦੀ ਦਰ 34.1 ਪ੍ਰਤੀਸਤ ਹੈ।
ਐਲ.ਐਚ. 2108: ਇਹ ਕਿਸਮ 165-170 ਦਿਨਾਂ ਵਿੱਚ ਪੱਕ ਕੇ 8.4 ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੰਦੀ ਹੈ। ਇਸ ਦੇ ਰੇਸੇ ਦੀ ਲੰਬਾਈ 27.9 ਮਿਲੀਮੀਟਰ ਅਤੇ ਰੂੰ ਦਾ ਕਸ 34.8 ਪ੍ਰਤੀਸਤ ਹੈ।
ਐਲ.ਐਚ.2076: ਇਹ 165-170 ਦਿਨਾਂ ਵਿੱਚ ਪੱਕ ਕੇ 7.8 ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੰਦੀ ਹੈ। ਇਸ ਦੇ ਰੇਸੇ ਦੀ ਲੰਬਾਈ 27.1 ਮਿਲੀਮੀਟਰ ਅਤੇ ਰੂੰ ਦਾ ਕਸ 33.4 ਪ੍ਰਤੀਸਤ ਹੁੰਦਾ ਹੈ।
ਐਲ.ਐਚ.ਐਸ.144: ਇਹ ਨਰਮੇ ਦੀ ਦੋਗਲੀ ਕਿਸਮ ਹੈ। ਇਹ ਪੱਤਾ ਮਰੋੜ ਬਿਮਾਰੀ ਪ੍ਰਤੀ ਸਹਿਣਸ਼ੀਲਤਾ ਰੱਖਣ ਵਾਲੀ ਕਿਸਮ ਹੈ। ਇਸ ਦੇ ਪੱਤੇ ਭਿੰਡੀ ਵਰਗੇ ਨੋਕਦਾਰ ਅਤੇ ਡੂੰਘੇ ਕਟਾਵਾਂ ਵਾਲੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਝਾੜ 7.6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸ ਦਾ ਰੇਸਾ ਲੰਬਾ (28.8 ਮਿਲੀਮੀਟਰ) ਹੁੰਦਾ ਹੈ ਅਤੇ ਇਸ ਦੀ ਵਲਾਈ ਦੀ ਦਰ 33.0 ਪ੍ਰਤੀਸਤ ਹੈ।
ਦੇਸੀ ਕਪਾਹ ਦੀਆਂ ਕਿਸਮਾਂ-
ਐਲ.ਡੀ1019: ਇਹ ਨਾ ਡਿੱਗਣ ਵਾਲੀ ਨਵੀਂ ਕਿਸਮ ਹੈ, ਜਿਸ ਨੂੰ ਦੂਜੀਆਂ ਕਿਸਮਾਂ ਦੇ ਪੰਜ ਤੋਂ ਛੇ ਚੋਗਾਈਆਂ ਦੇ ਮੁਕਾਬਲੇ ਸਿਰਫ਼ ਦੋ ਜਾਂ ਤਿੰਨ ਚੋਗਾਈਆਂ ਦੀ ਲੋੜ ਪੈਂਦੀ ਹੈ। ਇਸ ਕਿਸਮ ਦਾ ਔਸਤਨ ਝਾੜ 8.6 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਤੇਲੇ, ਚਿੱਟੀ ਮੱਖੀ, ਸੋਕਾ ਰੋਗ ਅਤੇ ਪੱਤਾ ਮਰੋੜ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ।
ਐਲ.ਡੀ.949: ਇਹ ਕਿਸਮ ਦੀ ਕਪਾਹ ਦਾ ਔਸਤਨ ਝਾੜ 9.9 ਕੁਇੰਟਲ ਪ੍ਰਤੀ ਏਕੜ ਹੈ ਅਤੇ ਰੂੰ ਦਾ ਕਸ 40.1 ਪ੍ਰਤੀਸਤ ਹੈ। ਇਸ ਦੇ ਰੇਸੇ ਛੋਟੇ (20.7 ਮਿਲੀਮੀਟਰ) ਅਤੇ ਖੁਰਦਰੇ ਹੁੰਦੇ ਹਨ। ਇਸ ਦੀ ਰੂੰ ਸਰਜੀਕਲ ਕੌਟਨ ਲਈ ਢੁਕਵੀਂ ਹੈ। ਇਹ ਕਿਸਮ ਤੇਲੇ, ਚਿੱਟੀ ਮੱਖੀ, ਸੋਕਾ ਰੋਗ ਅਤੇ ਬੈਕਟੀਰੀਅਲ ਬਲਾਈਟ ਦਾ ਟਾਕਰਾ ਕਰਨ ਦੀ ਵਧੇਰੇ ਸਮਰੱਥਾ ਰੱਖਦੀ ਹੈ।
ਐਫ.ਡੀ.ਕੇ.124: ਇਸ ਕਿਸਮ ਦਾ ਔਸਤਨ ਝਾੜ 9.28 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਰੇਸੇ ਦੀ ਔਸਤ ਲੰਬਾਈ 21.0 ਮਿਲੀਮੀਟਰ ਅਤੇ ਰੂੰ ਦਾ ਕਸ 36.4 ਪ੍ਰਤੀਸਤ ਹੈ।
ਜ਼ਰੂਰੀ ਨੁਕਤੇ
- ਕੀੜੇ ਮਕੌੜਿਆਂ ਅਤੇ ਬਿਮਾਰੀ ਤੋਂ ਬਚਾਅ ਲਈ ਕੀੜਿਆਂ ਮਕੌੜਿਆਂ ਤੇ ਬਿਮਾਰੀਆਂ ਦੀਆਂ ਬਦਲਵੀਆਂ ਫ਼ਸਲਾਂ ਜਿਵੇਂ ਕਿ ਭਿੰਡੀ, ਮੂੰਗੀ, ਅਰਹਰ, ਜੰਤਰ ਅਤੇ ਅਰਿੰਡ ਨੂੰ ਨਰਮੇ ਦੇ ਖੇਤਾਂ ਵਿੱਚ ਅਤੇ ਆਲੇ ਦੁਆਲੇ ਬੀਜਣ ਤੋ ਸੰਕੋਚ ਕਰੋ। ਨਾਈਟ੍ਰੋਜਨ ਖਾਦ ਸਿਫ਼ਾਰਸ ਕੀਤੀ ਮਾਤਰਾ ਤੋਂ ਵੱਧ ਨਾ ਪਾਓ।
- ਫੁੱਲਾਂ ਦੇ ਸ਼ੁਰੂ ਹੋਣ ਤੇ ਪੋਟਾਸ਼ੀਅਮ ਨਾਈਟ੍ਰੇਟ (13:0:45 ਦੇ ਪ੍ਰਤੀਸਤ) ਘੋਲ ਦੇ 4 ਛਿੜਕਾਅ ਕਰੋ।
- ਚਿੱਟੀ ਮੱਖੀ ਦੇ ਵਾਧੇ ਨੂੰ ਰੋਕਣ ਲਈ 15 ਸਤੰਬਰ ਤੋਂ ਪਿੱਛੋਂ ਪਰਿਥਰਾਇਡ ਜ਼ਹਿਰਾਂ ਦੀ ਵਰਤੋਂ ਨਾ ਕਰੋ।
- ਜ਼ਹਿਰਾਂ ਦੇ ਮਿਸ਼ਰਣ ਵਰਤਣ ਤੋਂ ਸੰਕੋਚ ਕਰੋ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.