Update Details

819-jhona.jpg
Posted by *ਜ਼ਿਲ੍ਹਾ ਪਸਾਰ ਮਾਹਿਰ, ਫਾਰਮ ਸਲਾਹਕਾਰ ਸੇਵਾ ਕੇਂਦਰ, ਕਪੂਰਥਲਾ ਡਾ. ਪ੍ਰਦੀਪ ਕੁਮਾਰ* ਸੰਪਰਕ: 01822-232543
2018-07-23 03:28:10

ਝੋਨੇ ਤੇ ਬਾਸਮਤੀ ਵਿੱਚ ਨਦੀਨਾਂ ਦੀ ਰੋਕਥਾਮ ਦੇ ਨੁਕਤੇ

ਝੋਨਾ ਪੰਜਾਬ ਦੀ ਸਾਉਣੀ ਰੁੱਤ ਦੀ ਮੁੱਖ ਫ਼ਸਲ ਹੈ। ਪੰਜਾਬ ਵਿੱਚ ਸਾਲ 2016-17 ਦੌਰਾਨ ਝੋਨੇ ਹੇਠ ਕੁੱਲ ਰਕਬਾ 30.46 ਲੱਖ ਹੈਕਟੇਅਰ ਸੀ ਜਿਸ ਵਿੱਚੋਂ ਝੋਨੇ ਦੀ ਕੁੱਲ ਉਪਜ 188.63 ਲੱਖ ਟਨ (126.38 ਲੱਖ ਟਨ ਚੌਲ) ਹੋਈ। ਔਸਤਨ ਝਾੜ 61.93 ਕੁਇੰਟਲ ਪ੍ਰਤੀ ਹੈਕਟੇਅਰ (24.77 ਕੁਇੰਟਲ ਪ੍ਰਤੀ ਏਕੜ) ਰਿਹਾ। ਪੰਜਾਬ ਵਿੱਚ ਕੁਝ ਰਕਬਾ ਬਾਸਮਤੀ ਦੀ ਫ਼ਸਲ ਅਧੀਨ ਵੀ ਹੁੰਦਾ ਹੈ ਜੋ ਕਿ ਮਾਰਕੀਟ ਦੀ ਮੰਗ ਅਨੁਸਾਰ ਘਟਦਾ-ਵਧਦਾ ਰਹਿੰਦਾ ਹੈ। ਸਾਉਣੀ ਦੀ ਰੁੱਤ ਦੌਰਾਨ ਝੋਨਾ/ਬਾਸਮਤੀ ਦੀ ਫ਼ਸਲ ਦਾ ਮੁੱਖ ਮੁਕਾਬਲਾ ਨਦੀਨਾਂ ਨਾਲ ਹੁੰਦਾ ਹੈ। ਜੇ ਨਦੀਨਾਂ ਦੀ ਸਹੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਫ਼ਸਲ ਦੇ ਖੁਰਾਕ ਤੇ ਪਾਣੀ ਵਿੱਚੋਂ ਆਪਣਾ ਹਿੱਸਾ ਲੈ ਕੇ ਝਾੜ 20-60 ਫ਼ੀਸਦੀ ਤੱਕ ਘਟਾ ਦਿੰਦੇ ਹਨ। ਝੋਨੇ/ਬਾਸਮਤੀ ਦੀ ਫ਼ਸਲ ਵਿੱਚ ਕਈ ਤਰ੍ਹਾਂ ਦੇ ਮੌਸਮੀ ਘਾਹ ਜਿਵੇਂ ਕਿ ਸੁਆਂਕ, ਸੁਆਂਕੀ, ਕਣਕੀ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਵਿੱਚ ਘੜਿੱਲਾ, ਸਣੀ ਅਤੇ ਡੀਲਾ ਮੋਥਾ ਵੱਡੀ ਸਮੱਸਿਆ ਹੁੰਦੇ ਹਨ।

ਝੋਨੇ/ਬਾਸਮਤੀ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਜ਼ਿਮੀਦਾਰਾਂ ਵੱਲੋਂ ਕਈ ਦਵਾਈਆਂ ਛਿੜਕਣ ਦੇ ਬਾਵਜੂਦ ਵੀ ਨਦੀਨ ਚੰਗੀ ਤਰ੍ਹਾਂ ਨਹੀਂ ਮਰਦੇ। ਇਸ ਦੇ ਕਈ ਕਾਰਨ ਹਨ ਜਿਵੇਂ ਕਿ ਅੱਜ ਕੱਲ੍ਹ ਕਿਸਾਨ ਕੇਵਲ ਰਸਾਇਣਕ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਕਰਦੇ ਹਨ। ਕੋਈ ਵੀ ਦਵਾਈ ਨਦੀਨਾਂ ਦਾ ਵੱਧ ਤੋਂ ਵੱਧ 90 ਫ਼ੀਸਦੀ ਤੱਕ ਨਾਸ਼ ਕਰਦੀ ਹੈ। ਬਾਕੀ ਬਚੇ 10 ਫੀਸਦੀ ਨਦੀਨ ਆਪਣੇ ਅੰਦਰ ਜੀਨਾਂ ਵਿੱਚ ਤਬਦੀਲੀ ਕਰਕੇ ਨਦੀਨਨਾਸ਼ਕ ਦਵਾਈਆਂ ਦੇ ਅਸਰ ਤੋਂ ਬਚ ਜਾਂਦੇ ਹਨ। ਭਾਵ ਉਨ੍ਹਾਂ ਅੰਦਰ ਇਨ੍ਹਾਂ ਦਵਾਈਆਂ ਦਾ ਟਾਕਰਾ ਕਰਨ ਦੀ ਸ਼ਕਤੀ ਆ ਜਾਂਦੀ ਹੈ। ਇਸ ਲਈ ਦਵਾਈਆਂ ਦੇ ਛਿੜਕਾਅ ਉਪਰੰਤ ਬਚੇ ਹੋਏ ਨਦੀਨਾਂ ਨੂੰ ਹੱਥ ਨਾਲ ਕੱਢ ਕੇ, ਸੁਕਾ ਕੇ ਖ਼ਤਮ ਕਰ ਦੇਣਾ ਚਾਹੀਦਾ ਹੈ ਤਾਂ ਕਿ ਉਹ ਖੇਤ ਵਿੱਚ ਬੀਜ ਕੇਰ ਕੇ ਆਉਂਦੇ ਸੀਜ਼ਨ ਦੌਰਾਨ ਦੁਬਾਰਾ ਨਾ ਉੱਗ ਸਕਣ। ਦੂਜਾ ਕਾਰਨ, ਇਹ ਹੈ ਕਿ ਕਈ ਕਿਸਾਨ ਦਵਾਈਆਂ ਦੇ ਡੀਲਰਾਂ ਦੇ ਕਹੇ ਮੁਤਾਬਕ ਨਦੀਨਨਾਸ਼ਕਾਂ ਦੀ ਝੋਨੇ ਦੀ ਫ਼ਸਲ ਵਿੱਚ ਵਰਤੋਂ ਕਰ ਲੈਂਦੇ ਹਨ ਜਿਸ ਨਾਲ ਆਸ ਮੁਤਾਬਿਕ ਨਦੀਨਾਂ ਦੀ ਰੋਕਥਾਮ ਨਹੀਂ ਹੁੰਦੀ। ਕਈ ਕਿਸਾਨ ਨਦੀਨਨਾਸ਼ਕਾਂ ਦੀ ਸਪਰੇਅ ਲਈ ਦਵਾਈਆਂ ਦੀ ਸਹੀ ਮਾਤਰਾ, ਪਾਣੀ ਦੀ ਸਹੀ ਮਾਤਰਾ, ਸਹੀ ਨੋਜ਼ਲ (ਕੱਟ ਵਾਲੀ ਨੋਜ਼ਲ), ਸਹੀ ਤਰੀਕੇ ਨਾਲ (ਬਿਨ੍ਹਾਂ ਪੱਖੀ ਵਾਂਗ ਖੱਬੇ ਸੱਜੇ ਹੱਥ ਹਿਲਾਏ) ਅਤੇ ਸਹੀ ਸਮੇਂ ’ਤੇ ਛਿੜਕਾਅ ’ਤੇ ਗੌਰ ਨਹੀਂ ਕਰਦੇ। ਇਸ ਨਾਲ ਸਹੀ ਨਤੀਜੇ ਨਹੀਂ ਮਿਲਦੇ। ਇਸ ਲਈ ਜ਼ਿਮੀਦਾਰਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਤੀ ਵਿਗਿਆਨੀਆਂ ਦੁਆਰਾ ਸਿਫਾਰਸ਼ ਕੀਤੀਆਂ ਹੋਈਆਂ ਨਦੀਨਨਾਸ਼ਕ ਦਵਾਈਆਂ ਵਿੱਚੋਂ ਕੋਈ ਇੱਕ ਦਵਾਈ ਚੁਣ ਕੇ ਅਤੇ ਸਿਫਾਰਸ਼ ਮੁਤਾਬਿਕ ਸਪਰੇਅ ਕਰਕੇ ਨਦੀਨਾਂ ਦਾ ਖ਼ਾਤਮਾ ਕਰ ਸਕਦੇ ਹਨ ਅਤੇ ਦਵਾਈ ਦੇ ਅਸਰ ਤੋਂ ਬਾਕੀ ਬਚੇ ਨਦੀਨਾਂ ਨੂੰ ਹੱਥਾਂ ਨਾਲ ਕੱਢ ਕੇ ਨਸ਼ਟ ਕਰ ਸਕਦੇ ਹਨ।

ਨਦੀਨਾਂ ਦੀ ਰੋਕਥਾਮ ਦੇ ਪ੍ਰੰਪਰਾਗਤ ਢੰਗਾਂ ਮੁਤਾਬਿਕ ਪਨੀਰੀ ਲਗਾਉਣ ਤੋਂ 15 ਅਤੇ 30 ਦਿਨਾਂ ਬਾਅਦ ਦੋ ਗੋਡੀਆਂ ਪੈਡੀ ਵੀਡਰ ਨਾਲ ਕਰਨੀਆਂ ਚਾਹੀਦੀਆਂ ਹਨ। ਜਿੱਥੇ ਪੈਡੀ ਵੀਡਰ ਨਾ ਚੱਲ ਸਕਦਾ ਹੋਵੇ, ਉੱਥੇ ਨਦੀਨ ਹੱਥਾਂ ਨਾਲ ਪੁੱਟ ਦੇਣੇ ਚਾਹੀਦੇ ਹਨ। ਝੋਨੇ/ਬਾਸਮਤੀ ਦੀ ਫ਼ਸਲ ਵਿੱਚ ਘਾਹ ਵਾਲੇ (ਸੁਆਂਕ), ਚੌੜੇ ਪੱਤੇ ਵਾਲੇ (ਘਰਿੱਲਾ, ਸਣੀ) ਅਤੇ ਮੋਥਿਆਂ ਦੀ ਰੋਕਥਾਮ ਲਈ ਨਦੀਨਨਾਸ਼ਕਾਂ ਦੀ ਵਰਤੋਂ ਹੇਠ ਲਿਖੇ ਅਨੁਸਾਰ ਕਰਨੀ ਚਾਹੀਦੀ ਹੈ।

ਸਵਾਂਕ ਅਤੇ ਹੋਰ ਨਦੀਨਾਂ ਦੀ ਰੋਕਥਾਮ ਲਈ ਹੇਠ ਲਿਖੀਆਂ ਨਦੀਨ ਨਾਸ਼ਕਾਂ ਵਿੱਚੋਂ, ਜਿਹੜੀਆਂ ਕਿ ਲੁਆਈ ਸਮੇਂ, ਝੋਨੇ ਦੀ ਲੁਆਈ ਤੋਂ 10-12 ਦਿਨਾਂ ਦੀ ਅਤੇ ਝੋਨੇ ਦੀ ਲੁਆਈ ਤੋਂ 20-25 ਦਿਨਾਂ ਦੀ ਖੜ੍ਹੀ ਫ਼ਸਲ ਵਿੱਚ, ਕਿਸੇ ਇੱਕ ਦੀ ਵਰਤੋਂ ਨਾਲ ਸੁਆਂਕ ਦੀ ਬਹੁਤ ਚੰਗੀ ਤਰ੍ਹਾਂ ਅਤੇ ਦੂਜੇ ਨਦੀਨਾਂ ਦਾ ਕਾਫ਼ੀ ਹੱਦ ਤੱਕ ਰੋਕਥਾਮ ਕੀਤੀ ਜਾ ਸਕਦੀ ਹੈ।

ਨਦੀਨ ਉੱਗਣ ਤੋਂ ਪਹਿਲਾਂ: ਹੇਠ ਲਿਖੇ ਕਿਸੇ ਇੱਕ ਨਦੀਨ ਨਾਸ਼ਕ ਦੀ ਵਰਤੋਂ 60 ਕਿਲੋ ਰੇਤ ਪ੍ਰਤੀ ਏਕੜ ਦੇ ਹਿਸਾਬ ਨਾਲ ਲੁਆਈ ਤੋਂ 2-3 ਦਿਨਾਂ ਅੰਦਰ ਰੇਤ ਵਿੱਚ ਮਿਲਾ ਕੇ ਖੜ੍ਹੇ ਪਾਣੀ ਵਿੱਚ ਛੱਟਾ ਦੇ ਕੇ ਕਰੋ। ਸੁਆਂਕ ਦੇ ਕੰਟਰੋਲ ਲਈ ਮਚੈਟੀ 50 ਈ ਸੀ/ਫਾਸਟ ਮਿਕਸ 50 ਈ ਡਬਲਯੂ  (ਬੂਟਾਕਲੋਰ)/ਸੈਟਰਨ 50 ਈ ਸੀ (ਥਾਇੳਬੈਨਕਾਰਬ)/ ਸਟੌਂਪ 30 ਈ ਸੀ (ਪੈਂਡੀਮੈਥਾਲਿਨ) ਦਵਾਈ 1200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਜਾਂ ਰਿਫਿਟ/ਇਰੇਜ਼ 50 ਈ ਸੀ (ਪ੍ਰੈਟੀਲਾਕਲੋਰ) 600 ਐਮ ਐਲ ਪ੍ਰਤੀ ਏਕੜ/ਸਾਥੀ 10 ਡਬਲਯੂ ਪੀ 60 ਗ੍ਰਾਮ ਪ੍ਰਤੀ ਏਕੜ/ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕੋਈ ਇੱਕ ਦਵਾਈ ਵਰਤ ਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਨਦੀਨ ਉੱਗਣ ਤੋਂ ਬਾਅਦ (ਝੋਨੇ ਦੀ ਲੁਆਈ ਤੋਂ 10-12 ਦਿਨਾਂ ਅੰਦਰ): ਜਿਨ੍ਹਾਂ ਖੇਤਾਂ ਵਿੱਚ ਪਾਣੀ ਖੜ੍ਹਾ ਕਰਨ ਦੀ ਸਮੱਸਿਆ ਹੁੰਦੀ ਹੈ, ਉੱਥੇ ਲੁਆਈ ਤੋਂ 10-12 ਦਿਨਾਂ ਤੇ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ (ਪਿਨੌਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਦੇ ਛਿੜਕਾਅ ਕਰਨ ਨਾਲ ਕਈ ਤਰ੍ਹਾਂ ਦੇ ਮੌਸਮੀ ਘਾਹ ਜਿਵੇਂ ਕਿ ਸੁਆਂਕ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਛਿੜਕਾਅ ਤੋਂ ਪਹਿਲਾਂ ਖੇਤ ਵਿੱਚ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਤੋਂ ਅਗਲੇ ਦਿਨ ਪਾਣੀ ਲਾਓ।

ਨਦੀਨ ਉੱਗਣ ਤੋਂ ਬਾਅਦ (ਝੋਨੇ ਦੀ ਲੁਆਈ ਤੋਂ 20-25 ਦਿਨਾਂ ਅੰਦਰ): ਸੁਆਂਕ ਅਤੇ ਝੋਨੇ ਦੇ ਮੋਥਿਆਂ ਦੀ ਅਸਰਦਾਰ ਰੋਕਥਾਮ ਲਈ 100 ਮਿਲੀਲਿਟਰ ਪ੍ਰਤੀ ਏਕੜ ਨੌਮਿਨੀਗੋਲਡ/ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਲੁਆਈ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰੋ। ਜਿਨ੍ਹਾਂ ਖੇਤਾਂ ਵਿੱਚ ਲੈਪਟੋਕਲੋਆ (ਚੀਨੀ) ਘਾਹ ਅਤੇ ਕਣਕੀ ਦੀ ਸਮੱਸਿਆ ਹੋਵੇ, ਉੱਥੇ 400 ਮਿਲੀਲਿਟਰ ਪ੍ਰਤੀ ਏਕੜ ਰਾਈਸਸਟਾਰ 6.7 ਈ ਸੀ (ਫਿਨੌਕਸਾਪ੍ਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ। ਛਿੜਕਾਅ ਤੋਂ ਪਹਿਲਾਂ ਫ਼ਸਲ ਵਿੱਚ ਖੜ੍ਹੇ ਪਾਣੀ ਨੂੰ ਕੱਢ ਦੇਣਾ ਚਾਹੀਦਾ ਹੈ ਅਤੇ ਛਿੜਕਾਅ ਤੋਂ ਅਗਲੇ ਦਿਨ ਪਾਣੀ ਲਾਉਣਾ ਚਾਹੀਦਾ ਹੈ।

ਝੋਨੇ ਦੇ ਮੋਥਿਆਂ ਅਤੇ ਚੌੜੇ ਪੱਤੀ ਵਾਲੇ ਨਦੀਨਾਂ ਜਿਵੇਂ ਕਿ ਘਰਿੱਲਾ, ਸਣੀ ਆਦਿ ਦੀ ਰੋਕਥਾਮ ਵਾਸਤੇ ਪ੍ਰਤੀ ਏਕੜ 30 ਗ੍ਰਾਮ ਐਲਗਰਿਪ 20 ਡਬਲਯੂ ਜੀ (ਮੈਟਸਲਫੂਰਾਨ) ਜਾਂ 50 ਗ੍ਰਾਮ ਸਨਰਾਈਸ 15 ਡਬਲਯੂ ਡੀ ਜੀ (ਇਥੌਕਸੀਸਲਫੂਰਾਨ) ਜਾਂ 40 ਗ੍ਰਾਮ ਲੌਂਡੈਕਸ 60 ਡੀ ਐਫ (ਬੈਨਸਲਫੂਰਾਨ) ਜਾਂ 16 ਗ੍ਰਾਮ ਸੈਂਗਮੈਂਟ 50 ਡੀ ਐਫ (ਅਜ਼ਿਮਸਲਫੂਰਾਨ) ਜਾਂ 8 ਗ੍ਰਾਮ ਐਲਮਿਕਸ 20 ਡਬਲਯੂ ਪੀ ( ਮੈਟਸਲਫੂਰਾਨ + ਥਲੋਰੀਮਿਯੂਰਾਨ) ਨੂੰ ਲੁਆਈ ਤੋਂ 20 ਦਿਨਾਂ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਛਿੜਕਾਅ ਤੋਂ ਪਹਿਲਾਂ ਖੇਤ ਵਿੱਚ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਤੋਂ ਅਗਲੇ ਦਿਨ ਪਾਣੀ ਲਾਓ।

ਨਦੀਨਨਾਸ਼ਕ ਦਵਾਈਆਂ ਦੇ ਇਸਤੇਮਾਲ ਦੇ ਬਾਵਜੂਦ ਕੁਝ ਨਦੀਨਾਂ ਦੇ ਬੂਟੇ ਆਪਣਾ ਬੀਜ ਕੇਰ ਕੇ ਜ਼ਮੀਨ ਦੇ ਹੇਠਾਂ ਬੀਜ ਬੈਂਕ ਬਣਾ ਲੈਂਦੇ ਹਨ। ਇਸ ਲਈ ਮੌਜੂਦਾ ਝੋਨੇ ਦੀ ਲਵਾਈ ਤੋਂ ਪਹਿਲਾਂ ਖੇਤ ਨੂੰ ਰੌਣੀ ਕਰਕੇ ਇਨ੍ਹਾਂ ਨਦੀਨਾਂ ਨੂੰ ਉੱਗਣ ਦਾ ਮੌਕਾ ਦੇਣਾ ਚਾਹੀਦਾ ਹੈ ਅਤੇ ਵੱਤਰ ਆਉਣ ’ਤੇ ਉੱਗੇ ਹੋਏ ਨਦੀਨਾਂ ਨੂੰ ਵਿੱਚੇ ਵਾਹ ਦੇਣਾ ਚਾਹੀਦਾ ਹੈ। ਕਣਕ-ਝੋਨੇ ਦੇ ਫ਼ਸਲੀ ਚੱਕਰ ਕਾਰਨ ਕਈ ਢੀਠ ਨਦੀਨ ਆਪੋ-ਆਪਣੀ ਰੁੱਤ ਮੁਤਾਬਕ ਪੈਦਾ ਹੋ ਜਾਂਦੇ ਹਨ। ਹਾੜ੍ਹੀ ਦੀ ਰੁੱਤ ਵਿੱਚ ਕਣਕ ਦੀ ਥਾਂ ਆਲੂ, ਸਰ੍ਹੋਂ, ਬਰਸੀਮ ਬੀਜਣ ਨਾਲ ਵੀ ਕਈ ਤਰ੍ਹਾਂ ਦੇ ਨਦੀਨ ਖ਼ਤਮ ਹੋ ਜਾਂਦੇ ਹਨ। ਨਦੀਨਾਂ ਵਿੱਚ ਨਦੀਨਨਾਸ਼ਕਾਂ ਦੇ ਪ੍ਰਤੀ ਸਹਿਣਸ਼ੀਲਤਾ ਨੂੰ ਰੋਕਣ ਲਈ ਹਰ ਸਾਲ ਸਿਫ਼ਾਰਸ਼ ਕੀਤਾ ਨਦੀਨਨਾਸ਼ਕ ਗਰੁੱਪ ਬਦਲ ਕੇ ਵਰਤਣਾ ਚਾਹੀਦਾ ਹੈ। ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਸਿਫ਼ਾਰਸ਼ ਕੀਤੀ ਮਾਤਰਾ ਅਨੁਸਾਰ ਹੀ ਕਰਨੀ ਚਾਹੀਦੀ ਹੈ ਕਿਉਂਕਿ ਜ਼ਿਆਦਾ ਮਾਤਰਾ ਵਿੱਚ ਵਰਤਣ ਨਾਲ ਨਦੀਨਾਂ ਵਿੱਚ ਨਦੀਨਨਾਸ਼ਕਾਂ ਪ੍ਰਤੀ ਸਹਿਣਸ਼ੀਲਤਾ ਬਹੁਤ ਤੇਜ਼ੀ ਨਾਲ ਆਉਂਦੀ ਹੈ ਜਿਸ ਕਰਕੇ ਚੰਗੀਆਂ ਦਵਾਈਆਂ ਵੀ 2-3 ਸਾਲਾਂ ਵਿੱਚ ਨਦੀਨਾਂ ਦੀ ਰੋਕਥਾਮ ਕਰਨ ਵਿੱਚ ਅਸਫ਼ਲ ਹੋ ਜਾਂਦੀਆਂ ਹਨ ਅਤੇ ਜ਼ਿਮੀਦਾਰਾਂ ਨੂੰ ਇੱਕ ਤੋਂ ਜ਼ਿਆਦਾ ਸਪਰੇਅ ਨਦੀਨਾਂ ਦੇ ਖ਼ਾਤਮੇ ਵਾਸਤੇ ਕਰਨੇ ਪੈਂਦੇ ਹਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਝੋਨੇ/ਬਾਸਮਤੀ ਵਿੱਚ ਨਦੀਨਾਂ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਪ੍ਰੰਪਰਾਗਤ ਤਰੀਕੇ (ਨਦੀਨਾਂ ਨੂੰ ਗੋਡੀ ਨਾਲ/ਹੱਥ ਨਾਲ/ ਪੈਡੀ ਵੀਡਰ/ ਕੋਨੋਵੀਡਰ) ਅਤੇ ਰਸਾਇਣਕ ਤਰੀਕਿਆਂ (ਨਦੀਨਨਾਸ਼ਕ ਦਵਾਈਆਂ ਨਾਲ) ਦੇ ਮੇਲ ਨਾਲ ਕੀਤੀ ਜਾ ਸਕਦੀ ਹੈ।