
ਗੰਡੋਆ ਖਾਦ ਤਿਆਰ ਕਰਨ ਦੇ ਨੁਕਤੇ

ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ-ਖੂੰਹਦ, ਨਿਮਾਟੋਡ, ਬੈਕਟੀਰੀਆ, ਉੱਲੀ ਆਦਿ ਨੂੰ ਖਾਂਦੇ ਹਨ ਅਤੇ ਗਲਨ ਸੜਨ ਵਿੱਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਟਰਮੀਕੰਪੋਸਟਿੰਗ ਕਹਾਉਂਦੀ ਹੈ। ਗੰਡੋਏ ਇੱਕ ਦਿਨ ਵਿੱਚ ਆਪਣੇ ਭਾਰ ਦੇ ਤੀਜੇ ਹਿੱਸੇ ਜਿੰਨੀ ਖ਼ੁਰਾਕ ਖਾ ਸਕਦੇ ਹਨ। ਗੰਡੋਏ ਨਾਲ ਤਿਆਰ ਕੀਤੀ ਗਈ ਕੰਪੋਸਟ ਵਰਮੀਕੰਪੋਸਟ ਕਹਾਉਂਦੀ ਹੈ।
ਗੰਡੋਇਆਂ ਦੇ ਫ਼ਾਇਦੇ:
* ਫ਼ਸਲਾਂ ਦੀਆਂ ਜੜ੍ਹਾਂ ਵਿੱਚ ਹਵਾਦਾਰੀ ਬਣੀ ਰਹਿੰਦੀ ਹੈ।
* ਜੈਵਿਕ ਪਦਾਰਥ ਵਿੱਚ ਗਲਨ ਸੜਨ ਦੀ ਪ੍ਰਕਿਰਿਆ ਦਾ ਵਾਧਾ ਹੁੰਦਾ ਹੈ।
* ਕਾਰਬਨਿਕ ਕੂੜੇ ਕਚਰੇ ਦੀ ਦੁਰਗੰਧ ਨੂੰ ਰੋਕਣ ਲਈ ਵੀ ਇਹ ਸਹਾਈ ਹੁੰਦੇ ਹਨ।
ਵਰਮੀਕੰਪੋਸਟ ਬਣਾਉਣ ਦੀ ਵਿਧੀ: ਵਰਮੀਕੰਪੋਸਟ ਤਿਆਰ ਕਰਨ ਲਈ ਬੈਡ ਤਿਆਰ ਕਰਨ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 3 ਫੁੱਟ ਹੋਣੀ ਚਾਹੀਦੀ ਹੈ। ਜ਼ਿਆਦਾ ਚੌੜਾਈ ਠੀਕ ਨਹੀਂ ਰਹਿੰਦੀ ਕਿਉਂਕਿ ਕੰਪੋਸਟ ਵਿੱਚ ਹੱਥ ਮਾਰਨਾ ਮੁਸ਼ਕਲ ਹੋ ਜਾਂਦਾ ਹੈ। ਬੈਡ ਦੀ ਲੰਬਾਈ ਉਪਲਬਧ ਜਗ੍ਹਾ ਅਨੁਸਾਰ 6 ਤੋਂ 10 ਫੁੱਟ ਹੋ ਸਕਦੀ ਹੈ। ਬੈਡ ਦਾ ਫਰਸ਼ ਪੱਕਾ ਹੋਣਾ ਜ਼ਰੂਰੀ ਹੈ। ਇਸ ਲਈ ਫਰਸ਼ ਦੀਆਂ ਇੱਟਾਂ ਨੂੰ ਟੀਪ ਕੀਤਾ ਜਾ ਸਕਦਾ ਹੈ। ਫਰਸ਼ ਪੱਕਾ ਹੋਣ ਕਰਕੇ ਪਸ਼ੂਆਂ ਦਾ ਮਲ ਮੂਤਰ ਥੱਲੇ ਨਹੀਂ ਰਿਸਦਾ ਅਤੇ ਗੰਡੋਏ ਵੀ ਥੱਲੇ ਨਹੀਂ ਖਿਸਕਦੇ। ਬੈਡ ਦੀ ਉਚਾਈ 2 ਫੁੱਟ ਦੇ ਕਰੀਬ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਬੈਡ ਵਿੱਚ 2-3 ਇੰਚ ਪਰਾਲੀ ਦੀ ਤਹਿ ਲਾਉਣੀ ਚਾਹੀਦੀ ਹੈ। ਪਰਾਲੀ ਨੂੰ ਚੰਗੀ ਤਰ੍ਹਾਂ ਗਿੱਲਾ ਕਰ ਲੈਣਾ ਜ਼ਰੂਰੀ ਹੈ ਪਰ ਫਰਸ਼ ’ਤੇ ਪਾਣੀ ਨਹੀਂ ਖੜ੍ਹਨਾ ਚਾਹੀਦਾ। ਇਸ ਨਾਲ ਕਾਫ਼ੀ ਸਮੇਂ ਤੱਕ ਢੇਰ ਵਿੱਚ ਨਮੀ ਬਣੀ ਰਹਿੰਦੀ ਹੈ। ਇਸ ਦੇ ਉੱਪਰ ਡੇਡ ਤੋਂ ਦੋ ਫੁੱਟ ਗੋਹਾ ਪਾਉਣ ਦੀ ਲੋੜ ਹੁੰਦੀ ਹੈ। ਤਾਜ਼ਾ ਗੋਹਾ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਲਗਪਗ 4-5 ਦਿਨ ਪੁਰਾਣਾ ਗੋਹਾ ਠੀਕ ਰਹਿੰਦਾ ਹੈ।
ਗੋਬਰ ਪਾਉਣ ਤੋਂ ਬਾਅਦ 2 ਤੋਂ 3 ਕਿੱਲੋ ਗੰਡੋਏ ਪ੍ਰਤੀ ਬੈਡ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਅਤੇ ਗੋਹੇ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਵਿੱਚ ਰਸੋਈ ਦਾ ਕੂੜਾ ਕਰਕਟ, ਜੂਟ ਦੀਆਂ ਬੋਰੀਆਂ, ਸੂਤੀ ਕੱਪੜੇ, ਫ਼ਸਲਾਂ ਅਤੇ ਡੇਅਰੀ ਫਾਰਮਾਂ ਦੀ ਰਹਿੰਦ-ਖੂੰਹਦ ਵੀ ਪਾਈ ਜਾ ਸਕਦੀ ਹੈ। ਗੰਡੋਇਆਂ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਸ਼ੈੱਡ ਬਣਾਉਣ ਦੀ ਲੋੜ ਹੈ। ਸ਼ੈੱਡ ਗਰਮੀ ਅਤੇ ਸਰਦੀ ਤੋਂ ਬਚਾ ਸਕਦਾ ਹੈ ਅਤੇ ਤੇਜ਼ ਮੀਂਹ ਕਣੀ ਨੂੰ ਵੀ ਰੋਕਦਾ ਹੈ। ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜ਼ਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਇਸ ਕਲਚਰ ਬੈੱਡ ਨੂੰ ਤਿਆਰ ਹੋਣ ਵਿੱਚ 2-3 ਮਹੀਨੇ ਲੱਗਦੇ ਹਨ।
ਕੰਪੋਸਟ ਨੂੰ ਗੰਡੋਇਆ ਤੋਂ ਅਲੱਗ ਕਰਨਾ: ਤਿਆਰ ਵਰਮੀਕੰਪੋਸਟ ਇੱਕ ਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸ ਨੂੰ ਗੰਡੋਇਆਂ ਤੋਂ ਅਲੱਗ ਕਰਨ ਲਈ ਬੈੱਡ ਵਿੱਚ ਨਮੀ ਘਟਾ ਦਿੱਤੀ ਜਾਂਦੀ ਹੈ। ਇਸ ਨਾਲ ਗੰਡੋਏ ਥੱਲੇ ਖਿਸਕ ਜਾਂਦੇ ਹਨ। ਕੰਪੋਸਟ ਦੀ ਢੇਰੀ ਉਪਰੋਂ ਅਲਗ ਕਰ ਲਈ ਜਾਂਦੀ ਹੈ। ਕੰਪੋਸਟ ਨੂੰ 4 ਨੰਬਰ ਦੀ ਛਾਨਣੀ ਨਾਲ ਛਾਣਿਆ ਜਾਂਦਾ ਹੈ। ਇਹ ਗੰਡੋਏ ਦੇ ਬੱਚੇ ਅਤੇ ਕਕੂਨ ਨੂੰ ਰੋਕਦੀ ਹੈ ਜੋ ਕਿ ਨਵੇਂ ਬੈੱਡ ਵਿੱਚ ਪ੍ਰਯੋਗ ਕੀਤੇ ਜਾ ਸਕਦੇ ਹਨ।
ਵਰਮੀਕੰਪੋਸਟ ਵਿੱਚ ਤੱਤਾਂ ਦੀ ਮਾਤਰਾ: ਨਾਈਟ੍ਰੋਜਨ 10.80 ਕਿਲੋ/ਟਨ, ਫਾਸਫੋਰਸ 01.90 ਕਿਲੋ/ ਟਨ, ਪੋਟਾਸ਼ੀਅਮ 03.02 ਕਿਲੋ/ ਟਨ, ਕੈਲਸ਼ੀਅਮ 10.20 ਕਿਲੋ/ ਟਨ, ਮੈਗਨੀਸ਼ੀਅਮ 03.26 ਕਿਲੋ/ਟਨ, ਸਲਫ਼ਰ 01.24 ਕਿਲੋ/ਟਨ, ਲੋਹਾ 03.78 ਕਿਲੋ/ਟਨ, ਮੈਗਨੀਜ਼ 185.80 ਕਿਲੋ/ਟਨ, ਜ਼ਿੰਕ 58.26 ਕਿਲੋ/ਟਨ, ਕਾਪਰ 11.42 ਕਿਲੋ/ਟਨ।
ਸਾਵਧਾਨੀਆਂ:
* ਗੰਡੋਇਆਂ ਦੇ ਜੀਵਨ ਵਿੱਚ ਨਮੀ ਦਾ ਬਹੁਤ ਮਹੱਤਵ ਹੈ।
* ਇਨ੍ਹਾਂ ਦੇ ਸਰੀਰ ਦਾ ਨਰਮ ਬਣਿਆ ਰਹਿਣਾ ਜ਼ਰੂਰੀ ਹੈ ਕਿਉਂਕਿ ਇਹ ਚਮੜੀ ਰਾਹੀਂ ਸਾਹ ਲੈਂਦੇ ਹਨ।
* ਇਨ੍ਹਾਂ ਦੇ ਵਾਧੇ ਅਤੇ ਵਿਕਾਸ ਲਈ ਅਹਾਰ ਵਿੱਚ 35-40 ਪ੍ਰਤੀਸ਼ਤ ਹੋਣੀ ਜਰੂਰੀ ਹੈ।
* 25 ਤੋਂ 30 ਸੈਲਸੀਅਮ ਤਾਪਮਾਨ ਤਸੱਲੀਬਖਸ਼ ਹੈ।
* ਸੂਰਜ ਦੀ ਸਿੱਧੀ ਰੋਸ਼ਨੀ ਤੋਂ ਬਚਾਅ ਜ਼ਰੂਰੀ ਹੈ।
* ਬੈੱਡ ਵਿੱਚ ਪਲਾਸਟਿਕ ਅਤੇ ਧਾਤੂਆਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ।
* ਨਿੰਬੂ ਜਾਤੀ ਦੇ ਬੂਟਿਆਂ ਦੀ ਰਹਿੰਦ-ਖੂੰਹਦ ਨਹੀਂ ਪਾਉਣੀ ਚਾਹੀਦੀ ਕਿਉਂਕਿ ਇਸ ਵਿੱਚ ਤੇਜ਼ਾਬੀ ਤੱਤ ਹੁੰਦੇ ਹਨ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.