
ਖੁੰਬਾਂ ਦੀ ਸੁਚੱਜੀ ਕਾਸ਼ਤ ਦੇ ਨੁਕਤੇ

ਖੁੰਬਾਂ ਦੀ ਸਫ਼ਲ ਕਾਸ਼ਤ ਕਰਕੇ ਇਨ੍ਹਾਂ ਨੂੰ ਬਾਜ਼ਾਰ ਵਿੱਚ ਵੇਚ ਕੇ ਚੰਗਾ ਮੁਨਾਫ਼ਾ ਕਮਾਉਣ ਦੇ ਨਾਲ-ਨਾਲ ਇਨ੍ਹਾਂ ਦੀ ਵਰਤੋਂ ਘਰ ਵਿੱਚ ਸਬਜ਼ੀ ਬਣਾਉਣ ਲਈ ਵੀ ਕਰ ਸਕਦੇ ਹਾਂ। ਖੁੰਬਾਂ ਵਿੱਚ ਐਂਟੀਆਕਸੀਡੈਂਟ ਅਤੇ ਸੀਲੀਨੀਅਮ (Selenium) ਨਾਂ ਦੇ ਖਣਿਜ ਪਦਾਰਥ ਹੁੰਦੇ ਹਨ ਜਿਹੜੇ ਕਿ ਕੈਂਸਰ ਵਰਗੀ ਘਾਤਕ ਬਿਮਾਰੀ ਨੂੰ ਸਰੀਰ ਵਿੱਚ ਪੈਦਾ ਕਰਨ ਵਾਲੇ ਰਸਾਇਣਾਂ ਨੂੰ ਰੋਕਦੇ ਹਨ। ਖੁੰਬਾਂ ਬਲੱਡ ਪਰੈਸਰ, ਮੋਟਾਪਾ, ਸ਼ੂਗਰ ਵਰਗੀਆਂ ਬਿਮਾਰੀਆਂ ਨੂੰ ਰੋਕਣ ਵਿੱਚ ਵੀ ਕਾਫ਼ੀ ਕਾਰਗਰ ਹਨ।
ਪੰਜਾਬ ਵਿੱਚ ਪੰਜ ਕਿਸਮ ਦੀਆਂ ਖੁੰਬਾਂ ਸਾਰਾ ਸਾਲ ਉਗਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਦੋ ਗਰਮ ਰੁੱਤ (ਪਰਾਲੀ ਵਾਲੀ ਖੁੰਬ ਅਤੇ ਮਿਲਕੀ ਖੁੰਬ) ਦੀਆਂ ਅਤੇ ਤਿੰਨ ਸਰਦ ਰੁੱਤ (ਢੀਂਗਰੀ, ਸ਼ਟਾਕੀ ਖੁੰਬ ਅਤੇ ਬਟਨ ਖੁੰਬ) ਦੀਆਂ ਖੁੰਬਾਂ ਹਨ। ਖੁੰਬਾਂ ਦੀ ਕਾਸ਼ਤ ਹਵਾਦਾਰ ਕਮਰਿਆਂ ਵਿੱਚ ਕੀਤੀ ਜਾਂਦੀ ਹੈ।
ਪਰਾਲੀ ਖੁੰਬ: ਇਸ ਦੀਆਂ ਚਾਰ ਫ਼ਸਲਾਂ ਅਪਰੈਲ ਤੋਂ ਅਗਸਤ ਤੱਕ ਲਈਆਂ ਜਾ ਸਕਦੀਆਂ ਹਨ। ਇਸ ਲਈ ਪਰਾਲੀ, ਬੀਜ (ਸਪਾਨ), ਬਾਂਸ, ਸੇਬਾ ਆਦਿ ਸਾਮਾਨ ਦੀ ਲੋੜ ਹੁੰਦੀ ਹੈ। ਝੋਨੇ ਦੀ ਪਰਾਲੀ ਦੇ ਇੱਕ ਇੱਕ ਕਿਲੋ ਦੇ ਪੂਲੇ ਦੋਵੇਂ ਸਿਰਿਆਂ ਤੋਂ ਸੇਬੇ ਨਾਲ ਬੰਨ੍ਹ ਕੇ ਤਿਆਰ ਕੀਤੇ ਜਾਂਦੇ ਹਨ। ਪੂਲੇ ਦੇ ਸਿਰੇ ਕੱਟ ਕੇ ਇੱਕ ਬਰਾਬਰ ਕਰ ਲਏ ਜਾਂਦੇ ਹਨ। ਪਰਾਲੀ ਦੇ ਪੂਲਿਆਂ ਨੂੰ ਸਾਫ਼ ਪਾਣੀ ਵਿੱਚ 16-20 ਘੰਟੇ ਲਈ ਡੁਬੋ ਦਿਓ ਅਤੇ ਗਿੱਲੇ ਪੂਲਿਆਂ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨੂੰ ਨਿਕਲਣ ਦਿੱਤਾ ਜਾਵੇ। ਕਮਰੇ ਵਿੱਚ ਇੱਟਾਂ ਤੇ ਬਾਂਸ ਦਾ ਇੱਕ ਢੁਕਵਾਂ ਪਲੇਟਫਾਰਮ ਬਣਾਓ। ਇਸ ਪਲੇਟਫਾਰਮ ਤੇ 5 ਪੂਲਿਆਂ ਦੀ ਇੱਕ ਤਹਿ ਲਗਾਓ ਜਿਸ ਉਪਰ ਲਗਪਗ 75 ਗਰਾਮ ਬੀਜ ਪਾਓ। ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ। ਇਸ ਤਰ੍ਹਾਂ ਪੰਜ ਪੰਜ ਪੂਲਿਆਂ ਦੀਆਂ ਚਾਰ ਤਹਿਆਂ ਵਿੱਚ 300 ਗਰਾਮ ਬੀਜ ਪਾ ਕੇ ਇੱਕ ਕਿਆਰੀ ਤਿਆਰ ਕੀਤੀ ਜਾਂਦੀ ਹੈ। ਸਭ ਤੋਂ ਉਪਰ ਦੋ ਪੂਲੇ ਖੋਲ੍ਹ ਕੇ ਰੱਖ ਦਿੱਤੇ ਜਾਂਦੇ ਹਨ। ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁੱਟਣ ਲੱਗ ਪੈਂਦੀਆਂ ਹਨ। ਬਿਜਾਈ ਦੇ ਦੋ ਦਿਨਾਂ ਬਾਅਦ ਹਰ ਰੋਜ਼ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ। ਖੁੰਬਾਂ ਫੁੱਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਦਿੱਤਾ ਜਾਂਦਾ ਹੈ। ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿੱਚ ਤੋੜਨ ਯੋਗ ਹੋ ਜਾਂਦੀਆ ਹਨ। ਖੁੰਬਾਂ ਦੀ ਤੁੜਾਈ ਲਗਾਤਾਰ 15-20 ਦਿਨ ਤੱਕ ਚਲਦੀ ਹੈ। ਖੁੰਬਾਂ ਦੇ 200 ਗਰਾਮ ਦੇ ਮੋਮੀ ਲਿਫਾਫੇ ਦੇ ਪੈਕਿਟ ਤਿਆਰ ਕਰ ਕੇ ਮੰਡੀ ਵਿੱਚ ਭੇਜੇ ਜਾਂਦੇ ਹਨ। ਇੱਕ ਪਰਾਲੀ ਦੀ ਕਿਆਰੀ ਵਿੱਚੋਂ 2.5 ਤੋਂ 3.0 ਕਿਲੋ ਤਾਜ਼ਾ ਖੁੰਬਾਂ ਤੋੜੀਆਂ ਜਾ ਸਕਦੀਆਂ ਹਨ।
ਮਿਲਕੀ ਖੁੰਬ: ਇਸ ਦੀਆਂ ਤਿੰਨ ਫ਼ਸਲਾਂ ਅਪਰੈਲ ਤੋਂ ਸਤੰਬਰ ਤੱਕ ਲਈਆਂ ਜਾ ਸਕਦੀਆਂ ਹਨ। ਇਸ ਲਈ ਤੂੜੀ, ਬੀਜ (ਸਪਾਨ), ਮੋਮੀ ਲਿਫਾਫੇ, ਸੇਬਾ, ਕੇਸਿੰਗ ਮਿੱਟੀ ਆਦਿ ਸਮਾਨ ਦੀ ਲੋੜ ਹੈ। ਸੁੱਕੀ ਤੂੜੀ ਨੂੰ ਪੱਕੇ ਫਰਸ਼ ’ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿੱਲਾ ਕਰੋ। ਗਿੱਲੀ ਤੂੜੀ ਨੂੰ ਬੋਰੀ ਵਿੱਚ ਭਰ ਕੇ ਸੇਬੇ ਨਾਲ ਬੰਨ੍ਹ ਦਿਉ। ਇਸ ਬੋਰੀ ਨੂੰ ਉਬਲਦੇ ਪਾਣੀ ਵਿੱਚ 45-50 ਮਿੰਟ ਲਈ ਡੁਬੋ ਦਿਓ। ਤੂੜੀ ਨੂੰ ਕੱਢ ਕੇ ਪੱਕੇ ਫਰਸ਼ ਉੱਤੇ ਵਿਛਾ ਕੇ ਠੰਢਾ ਕਰ ਲਓ। ਠੰਢੀ ਤੂੜੀ ਵਿੱਚ ਬੀਜ ਰਲਾ ਕੇ ਮੋਮੀ ਲਿਫਾਫੇ ਵਿੱਚ ਭਰ ਦਿਓ। ਇੱਕ ਮੋਮੀ ਲਿਫਾਫੇ ਵਿੱਚ ਲਗਪਗ 2 ਕਿਲੋ ਗਿੱਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ। ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ੍ਹ ਕੇ ਕਮਰੇ ਵਿੱਚ ਰੱਖ ਦਿਉ। ਬਿਜਾਈ ਦੇ 2-3 ਹਫ਼ਤਿਆਂ ਬਾਅਦ ਲਿਫਾਫੇ ਖੋਲ੍ਹ ਕੇ ਕੇਸਿੰਗ ਦੀ 1-1.5 ਇੰਚ ਦੀ ਤਹਿ ਲਗਾ ਦਿਉ।
ਕੇਸਿੰਗ ਵਿੱਚ ਰੂੜੀ ਤੇ ਰੇਤਲੀ ਮਿੱਟੀ (4:1) ਹੁੰਦੀ ਹੈ ਜੋ ਕਿ 24 ਘੰਟਿਆਂ ਲਈ 4% ਫਾਰਮਲੇਨ ਦੇ ਘੋਲ ਨਾਲ ਜੀਵਾਣੂ ਰਹਿਤ ਕੀਤੀ ਜਾਂਦੀ ਹੈ। ਕੇਸਿੰਗ ਮਿੱਟੀ ਪਾਉਣ ਤੋਂ ਲਗਪਗ ਦੋ ਹਫ਼ਤੇ ਵਿੱਚ ਖੁੰਬਾਂ ਦੇ ਛੋਟੇ ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕਿ 4-5 ਦਿਨਾਂ ਵਿੱਚ ਤੋੜਨ ਯੋਗ ਹੋ ਜਾਂਦੇ ਹਨ। ਖੁੰਬਾਂ ਦੀ ਤੁੜਾਈ ਲਗਪਗ 35-40 ਦਿਨਾਂ ਤੱਕ ਕੀਤੀ ਜਾਂਦੀ ਹੈ। ਖੁੰਬਾਂ ਦੇ 200 ਗ੍ਰਾਮ ਦੇ ਮੋਮੀ ਲਿਫਾਫੇ ਵਿੱਚ ਪੈਕਿਟ ਬਣਾ ਕੇ ਮੰਡੀ ਭੇਜੇ ਜਾਂਦੇ ਹਨ। ਇੱਕ ਕੁਇੰਟਲ ਸੁੱਕੀ ਤੂੜੀ ਵਿੱਚੋ ਲਗਪਗ 50-60 ਕਿਲੋ ਖੁੰਬਾਂ ਮਿਲ ਸਕਦੀਆਂ ਹਨ।
ਢੀਂਗਰੀ: ਇਸ ਖੁੰਬ ਦੀਆਂ ਅਕਤੂਬਰ ਤੋਂ ਮਾਰਚ ਤੱਕ ਤਿੰਨ ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਇਸ ਲਈ ਤੂੜੀ ਜਾਂ ਪਰਾਲੀ ਦਾ ਕੁਤਰਾ (3-5 ਇੰਚ), ਬੀਜ (ਸਪਾਨ), ਮੋਮੀ ਲਿਫਾਫੇ (12’x16’), ਸੇਬਾ, ਕੰਡਾ ਆਦਿ ਸਾਮਾਨ ਦੀ ਲੋੜ ਹੁੰਦੀ ਹੈ। ਪਰਾਲੀ ਜਾਂ ਤੂੜੀ ਨੂੰ 16-20 ਘੰਟੇ ਫਰਸ਼ ’ਤੇ ਸਾਫ਼ ਪਾਣੀ ਨਾਲ ਗਿੱਲਾ ਕਰੋ। ਗਿੱਲੀ ਤੂੜੀ/ਪਰਾਲੀ ਨੂੰ ਮੋਮੀ ਲਿਫਾਫੇ ਵਿੱਚ 2-3 ਇੰਚ ਤੱਕ ਭਰ ਕੇ ਥੋੜ੍ਹਾ ਜਿਹਾ ਬੀਜ ਪਾਓ। ਇੱਕ ਕਿਲੋ ਸੁੱਕੀ ਤੂੜੀ ਵਿੱਚ 100 ਗ੍ਰਾਮ ਬੀਜ ਪਾਓ। ਇਸ ਤਰ੍ਹਾਂ ਲਿਫਾਫੇ ਨੂੰ ਦੋ ਤਿਆਹੀ ਤੱਕ ਭਰ ਕੇ ਸੇਬੇ ਨਾਲ ਬੰਨ੍ਹ ਦਿਉ। ਲਿਫਾਫੇ ਦੇ ਹੇਠਲੇ ਕੋਨੇ ਕੱਟ ਦਿਉ ਤਾਂ ਜੋ ਵਾਧੂ ਪਾਣੀ ਨਿਕਲ ਜਾਵੇ। ਲਿਫਾਫਿਆਂ ਨੂੰ ਕਮਰੇ ਵਿੱਚ ਟਿਕਾ ਦਿਉ। ਬਿਜਾਈ ਦੇ ਦੋ ਤਿੰਨ ਹਫਤਿਆਂ ਵਿੱਚ ਛੋਟੀਆਂ ਛੋਟੀਆਂ ਖੁੰਬਾਂ ਫੁੱਟਣ ਲੱਗ ਪੈਂਦੀਆਂ ਹਨ। ਇਸ ਸਮੇਂ ਲਿਫਾਫਿਆਂ ਨੂੰ ਲਾਹ ਦਿੱਤਾ ਜਾਂਦਾ ਹੈ ਅਤੇ ਹਲਕਾ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ। 4-5 ਦਿਨਾਂ ਬਾਅਦ ਢੀਂਗਰੀ ਤੋੜਨ ਯੋਗ ਹੋ ਜਾਂਦੀ ਹੈ। ਢੀਂਗਰੀ ਨੂੰ ਫੜ ਕੇ ਉੱਪਰ ਜਾ ਥੱਲੇ ਵੱਲ ਖਿੱਚ ਕੇ ਤੋੜ ਲਿਆ ਜਾਂਦਾ ਹੈ। ਢੀਂਗਰੀ ਦੇ 200 ਗ੍ਰਾਮ ਦੇ ਮੋਮੀ ਲਿਫਾਫੇ ਭਰ ਕੇ ਮੰਡੀ ਵਿੱਚ ਭੇਜੇ ਜਾ ਸਕਦੇ ਹਨ। ਇੱਕ ਕਿਲੋ ਸੁੱਕੀ ਤੂੜੀ ਤੋਂ ਲਗਪਗ 500-600 ਗ੍ਰਾਮ ਤਾਜ਼ਾ ਢੀਂਗਰੀ 30 ਦਿਨਾਂ ਵਿੱਚ ਤੋੜੀ ਜਾ ਸਕਦੀ ਹੈ।
ਸ਼ਟਾਕੀ ਖੁੰਬ: ਇਹ ਖੁੰਬ ਅਕਤੂਬਰ ਤੋਂ ਅੱਧ ਫਰਵਰੀ ਤੱਕ ਉਗਾਈ ਜਾ ਸਕਦੀ ਹੈ। ਸਾਫ਼ ਤੂੜੀ ਨੂੰ 16-20 ਘੰਟੇ ਪੱਕੇ ਫਰਸ਼ ’ਤੇ ਪਾਣੀ ਨਾਲ ਗਿੱਲਾ ਕਰੋ। 2 ਕਿਲੋ ਗਿੱਲੀ ਤੂੜੀ ਵਿੱਚ 10% ਚੌਕਰ (ਸੁੱਕੀ ਤੂੜੀ ਦੇ ਹਿਸਾਬ ਨਾਲ) ਰਲਾਉ ਤੇ ਇਸ ਨੂੰ ਪ੍ਰਤੀ ਲਿਫਾਫਾ ਦੇ ਹਿਸਾਬ ਨਾਲ ਭਰੋ। ਲਿਫਾਫੇ ਉਪਰ ਛੱਲਾ ਲਗਾ ਕੇ ਰੂੰਅ ਨਾਲ ਮੁੰਹ ਬੰਦ ਕਰੋ। ਲਿਫਾਫਿਆਂ ਨੂੰ 20 ਪੀ.ਐਸ.ਆਈ. ਤੇ ਇੱਕ ਘੰਟਾ ਭਾਫ ਲਵਾਓ। ਤੂੜੀ ਨੂੰ ਠੰਢਾ ਕਰਨ ਤੋਂ ਬਾਅਦ ਇਸ ਵਿਚ ਸ਼ਟਾਕੀ ਖੁੰਬ ਦਾ ਬੀਜ (4%) ਪਾਉ। ਲਿਫਾਫਿਆਂ ਨੂੰ ਕਮਰੇ ਅੰਦਰ ਰੱਖੋ ਅਤੇ ਲਗਪਗ 50 ਦਿਨਾਂ ਬਾਅਦ ਲਿਫਾਫੇ ਭੂਰੇ ਰੰਗ ਦੇ ਹੋ ਜਾਣ ਤੇ ਲਿਫਾਫਾ ਹਟਾ ਦਿਓ। ਤੂੜੀ ਵਾਲੇ ਡਲੇ ਨੂੰ ਬਰਫ਼ ਵਾਲੇ ਪਾਣੀ ਵਿੱਚ 5-10 ਮਿੰਟ ਰੱਖੋ। ਇਸ ਤੋਂ ਬਾਅਦ ਤੂੜੀ ਵਾਲੇ ਡਲੇ ਨੂੰ ਕਾਸ਼ਤ ਵਾਲੇ ਕਮਰੇ ਵਿੱਚ ਟਿਕਾ ਦਿਓ। ਲਗਪਗ 5-7 ਦਿਨਾਂ ਵਿੱਚ ਸ਼ਿਟਾਕੀ ਖੁੰਬ ਫੁੱਟ ਪੈਂਦੀ ਹੈ। ਖੁੰਬ 5-7 ਦਿਨਾਂ ਵਿੱਚ ਤੋੜਨ ਯੋਗ ਹੋ ਜਾਂਦੀ ਹੈ। ਇਸ ਤਰ੍ਹਾਂ ਖੁੰਬਾਂ ਲਗਾਤਾਰ 60 ਦਿਨਾਂ ਤੱਕ ਤੋੜੀਆਂ ਜਾਂਦੀਆਂ ਹਨ। ਇੱਕ ਕੁਇੰਟਲ ਸੁੱਕੀ ਤੂੜੀ ਤੋਂ ਲਗਪਗ 40 ਕਿਲੋ ਤਾਜ਼ੀ ਖੁੰਬ ਤੋੜੀ ਜਾ ਸਕਦੀ ਹੈ।
ਬਟਨ ਖੁੰਬ: ਸਤੰਬਰ ਤੋਂ ਮਾਰਚ ਤੱਕ ਇਸ ਖੁੰਬ ਦੀਆਂ ਦੋ ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਸਤੰਬਰ ਮਹੀਨੇ ਦੇ ਅੱਧ ਵਿੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਖੁੰਬਾਂ ਦੀ ਇਸ ਕਿਸਮ ਲਈ 300 ਕਿਲੋ ਤੂੜੀ, 15 ਕਿਲੋ ਚੌਕਰ, 9 ਕਿਲੋ ਕਿਸਾਨ ਖਾਦ, 3 ਕਿਲੋ ਯੂਰੀਆ, 3 ਕਿਲੋ ਸੁਪਰ ਫਾਸਫੇਟ, 3 ਕਿਲੋ ਮਿਊਰੇਟ ਆਫ ਪੌਟਾਸ਼, 5 ਕਿਲੋ ਸੀਰਾ, 30 ਕਿਲੋ ਜਿਪਸਮ, 250 ਗਰਾਮ ਲਿੰਡੇਨ (5%) ਦਾ ਧੂੜਾ ਅਤੇ ਫਿਊਰਾਡਾਨ 3 ਜੀ 150 ਗਰਾਮ ਦੀ ਲੋੜ ਪੈਂਦੀ ਹੈ। ਨੌ ਕਿਲੋ ਕਿਸਾਨ ਖਾਦ, 3 ਕਿੱਲੋ ਯੂਰੀਆ ਅਤੇ 3 ਕਿਲੋ ਸੁਪਰ ਫਾਸਫੇਟ ਦੀ ਥਾਂ 1 ਕਿਲੋ ਡੀ.ਏ.ਪੀ ਅਤੇ 6.5 ਕਿਲੋ ਯੂਰੀਆ ਵੀ ਪਾਏ ਜਾ ਸਕਦੇ ਹਨ। ਤੂੜੀ ਨੂੰ ਪੱਕੇ ਫਰਸ਼ ’ਤੇ ਖਿਲਾਰ ਕੇ ਸਾਫ਼ ਪਾਣੀ ਨਾਲ 48 ਘੰਟਿਆਂ ਲਈ ਗਿੱਲਾ ਕਰੋ। ਖਾਦਾਂ ਅਤੇ ਚੌਕਰ ਰਲਾ ਕੇ 24 ਘੰਟਿਆਂ ਲਈ ਸਿੱਲ੍ਹੇ ਰੱਖੋ। ਖਾਦਾਂ ਤੇ ਚੌਕਰ ਦੇ ਮਿਸ਼ਰਨ ਨੂੰ ਗਿੱਲੀ ਤੂੜੀ ਉੱਪਰ ਖਿਲਾਰ ਕੇ ਤੰਗਲੀ ਨਾਲ ਫਰੌਲੋ ਅਤੇ ਤਿੰਨ ਫੱਟਿਆਂ ਦੀ ਮਦਦ ਨਾਲ ਇੱਕ 5 x 5 x 5 ਫੁੱਟ ਦਾ ਢੇਰ ਲਗਾ ਕੇ ਫੱਟੇ ਹਟਾ ਦਿਉ। ਢੇਰ ਨੂੰ ਸੱਤ ਵਾਰ, ਪਹਿਲਾਂ ਤਿੰਨ ਵਾਰ ਹਰ ਚੌਥੇ ਦਿਨ ਅਤੇ ਫਿਰ ਚਾਰ ਵਾਰ ਹਰ ਤੀਜੇ ਦਿਨ ਪਲਟੋ। ਸੀਰਾ, ਜਿਪਸਮ, ਫਿਊਰਾਡਾਨ ਅਤੇ ਲਿੰਡੇਨ ਨੂੰ ਪਹਿਲੀ, ਤੀਜੀ, ਛੇਵੀਂ ਅਤੇ ਸੱਤਵੀਂ ਪਲਟੀ ਤੇ ਪਾਉ। ਇਸ ਤਰ੍ਹਾਂ 24 ਦਿਨਾਂ ਵਿੱਚ ਕੰਪੋਸਟ ਤਿਆਰ ਹੋ ਜਾਂਦੀ ਹੈ।
ਤੂੜੀ ਦੇ ਨਾਲ ਪਰਾਲੀ ਕੁਤਰ ਕੇ (2-5 ਇੰਚ) 1:1 ਜਾਂ 1:2 (ਭਾਰ/ਭਾਰ) ਹਿੱਸੇ ਵਿੱਚ ਪਾਈ ਜਾ ਸਕਦੀ ਹੈ। ਪਰਾਲੀ ਅੱਠਵੇਂ ਦਿਨ ਦੂਜੀ ਟਰਨ ਵਿੱਚ ਪਾਉਣੀ ਚਾਹੀਦੀ ਹੈ। ਕੰਪੋਸਟ ਦੇ ਢੇਰ ਨੂੰ ਖੋਲ੍ਹ ਕੇ ਠੰਢਾ ਕੀਤਾ ਜਾਂਦਾ ਹੈ। ਟਰੇਆਂ ਜਾਂ ਲਿਫਾਫਿਆਂ ਵਿੱਚ ਬੀਜ 300 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ ਅੱਠ ਇੰਚ ਕੰਪੋਸਟ ਵਿੱਚ ਰਲਾਇਆ ਜਾਂਦਾ ਹੈ। ਬੀਜ ਰਲੀ ਕੰਪੋਸਟ ਨੂੰ ਅਖ਼ਬਾਰ ਨਾਲ ਢੱਕ ਦਿੱਤਾ ਜਾਂਦਾ ਹੈ। ਇਸ ਉੱਪਰ ਹਰ ਰੋਜ਼ ਹਲਕਾ ਜਿਹਾ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ। ਬਿਜਾਈ ਦੇ ਬਾਅਦ ਹਰ ਰੋਜ਼ ਪਾਣੀ ਦਾ ਛਿੜਕਾਅ ਕਰੋ। ਖੁੰਬਾਂ ਫੁੱਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਦਿਓ। ਬਿਜਾਈ ਦੇ 2-3 ਹਫ਼ਤਿਆਂ ਬਾਅਦ ਕੰਪੋਸਟ ਉਪਰ ਦੀ ਅਖ਼ਬਾਰ ਲਾਹ ਕੇ ਕੇਸਿੰਗ ਦੀ 1.5” ਦੀ ਤਹਿ ਲਗਾ ਦਿਉ। ਕੇਸਿੰਗ ਵਿੱਚ ਰੂੜੀ ਤੇ ਰੇਤਲੀ ਮਿੱਟੀ (4:1) ਹੁੰਦੀ ਹੈ ਜੋ ਕਿ 48 ਘੰਟਿਆਂ ਲਈ 4% ਫਾਰਮਲੇਨ ਦੇ ਘੋਲ ਨਾਲ ਜੀਵਾਣੂ ਰਹਿਤ ਕੀਤੀ ਜਾਂਦੀ ਹੈ। ਕੇਸਿੰਗ ਦੇ ਦੋ ਹਫ਼ਤੇ ਬਾਅਦ ਛੋਟੇ ਸਫੈਦ ਤਿਣਕੇ ਦਿਖਣੇ ਸ਼ੁਰੂ ਹੋ ਜਾਂਦੇ ਹਨ, ਜੋ ਕਿ 4-5 ਦਿਨਾਂ ਵਿੱਚ ਖੁੰਬਾਂ ਦਾ ਆਕਾਰ ਲੈ ਲੈਂਦੇ ਹਨ। ਇਸ ਵੇਲੇ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਦਿੱਤਾ ਜਾਂਦਾ ਹੈ। ਖੁੰਬਾਂ ਹਰ ਰੋਜ਼ ਇੱਕ ਸਮੇਂ ’ਤੇ ਤੋੜੋ। ਖੁੰਬਾਂ ਨੂੰ ਟੋਪੀ ਤੋਂ ਪਕੜ ਕੇ ਹਲਕਾ ਜਿਹਾ ਦਬਾ ਕੇ ਘੁਮਾ ਕੇ ਉਪਰ ਖਿੱਚਿਆ ਜਾਵੇ। ਹੇਠਲਾ ਮਿੱਟੀ ਵਾਲਾ ਹਿੱਸਾ ਚਾਕੂ ਨਾਲ ਕੱਟ ਦਿਉ। ਖੁੰਬਾਂ ਦਾ 200 ਗਰਾਮ ਦਾ ਪੈਕਟ ਇੱਕ ਮੋਮੀ ਲਿਫਾਫੇ ਵਿੱਚ ਭਰ ਕੇ ਮੰਡੀ ਵਿੱਚ ਭੇਜੋ। 300 ਕਿਲੋ ਸੁੱਕੀ ਤੂੜੀ ਦੀ ਕੰਪੋਸਟ ਵਿੱਚੋਂ 30 ਦਿਨਾਂ ਵਿੱਚ ਲਗਪਗ 80-100 ਕਿਲੋ ਖੁੰਬਾਂ ਮਿਲ ਸਕਦੀਆਂ ਹਨ।
ਇਨ੍ਹਾਂ ਖੁੰਬਾਂ ਦਾ ਬੀਜ (ਸਪਾਨ) ਮਾਈਕ੍ਰੋਬਾਇਆਲੋਜੀ ਵਿਭਾਗ (0161-2401960 ਤੋਂ 2401979, ਐਕਸ. ਨੰ. 330), ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਬਾਗ਼ਬਾਨੀ ਵਿਭਾਗ, ਹੁਸ਼ਿਆਰਪੁਰ, ਜਲੰਧਰ, ਪਟਿਆਲਾ ਅਤੇ ਸੰਗਰੂਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਖੁੰਬਾਂ ਦੀ ਕਾਸ਼ਤ ਦੀ ਸਿਖਲਾਈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਇਸ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਲਈ ਜਾ ਸਕਦੀ ਹੈ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.