Update Details

8738-kesar.jpg
Posted by PAU
2018-03-24 04:17:34

ਕੇਸਰ ਦੀ ਖੇਤੀ

ਕਿਸਾਨੀ ਨੂੰ ਰਵਾਇਤੀ ਫਸਲੀ ਚੱਕਰ ਵਿਚੋਂ ਕੱਢਣ ਲਈ ਸਮੇਂ ਸਮੇਂ ਦੀਆਂ ਸਰਕਾਰਾਂ, ਖੇਤੀਬਾੜੀ ਵਿਭਾਗ ਤੇ ਸਬੰਧਤ ਯੂਨੀਵਰਸਿਟੀਆਂ ਵਲੋਂ ਬੇਸ਼ੱਕ ਤਰ੍ਹਾਂ ਤਰ੍ਹਾਂ ਦੇ ਯਤਨ ਜੁਟਾਏ ਜਾ ਰਹੇ ਹਨ ਪਰ ਅਜੇ ਤੱਕ ਕਿਸੇ ਨੂੰ ਵੀ ਪੂਰਨ ਤੌਰ ‘ਤੇ ਸਫ਼ਲਤਾ ਹਾਸਿਲ ਨਹੀਂ ਹੋਈ। ਪਿਛਲੇ ਸਮੇਂ ਦੌਰਾਨ ਸੂਬੇ ਦੇ ਬਹੁਤ ਸਾਰੇ ਕਿਸਾਨਾਂ ਵਲੋਂ ਰਵਾਇਤੀ ਫਸਲਾਂ ਤੋਂ ਪਾਸਾ ਵੱਟਦਿਆਂ ਆਪਣਾ ਕੁਝ ਰਕਬਾ ਸਬਜ਼ੀਆਂ, ਬਾਗਬਾਨੀ ਤੇ ਹੋਰ ਸਹਾਇਕ ਧੰਦਿਆਂ ਹੇਠ ਲਿਆਂਦਾ ਗਿਆ। ਕਿਸਾਨਾਂ ਵਲੋਂ ਜੈਵਿਕ ਖੇਤੀ ਵੀ ਕੀਤੀ ਗਈ। ਅਜਿਹੇ ਕਿਸਾਨਾਂ ਵਿੱਚੋਂ ਬਹੁਤ ਸਾਰੇ ਕਿਸਾਨਾਂ ਨੇ ਆਪਣੀ ਮਿਹਨਤ ਤੇ ਕਾਬਲੀਅਤ ਸਦਕਾ ਵਧੇਰੇ ਮੁਨਾਫ਼ਾ ਹੀ ਨਹੀਂ ਕਮਾਇਆ ਬਲਕਿ ਸਫ਼ਲ ਕਿਸਾਨ ਵਜੋਂ ਉਭਰ ਕੇ ਸਾਹਮਣੇ ਆਏ। ਬਹੁਤੇ ਕਿਸਾਨ ਅਜਿਹੇ ਵੀ ਹਨ ਜਿਨ੍ਹਾਂ ਨੂੰ ਸਬਜ਼ੀ, ਬਾਗਬਾਨੀ ਤੇ ਹੋਰ ਸਹਾਇਕ ਧੰਦੇ ਰਾਸ ਨਹੀਂ ਆਏ ਬਲਕਿ ਉਨ੍ਹਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ।

ਹੁਣ ਮਾਲਵਾ ਖੇਤਰ ਦੇ ਕਿਸਾਨ ਜੰਮੂ ਕਸ਼ਮੀਰ ਦੇ ਠੰਢੇ ਇਲਾਕੇ ਵਿੱਚ ਹੋਣ ਵਾਲੀ ਮਹਿੰਗੇ ਮੁੱਲ ਦੀ ਕੇਸਰ ਖੇਤੀ ਕਰਨ ਵੱਲ ਮੂੰਹ ਮੋੜਨ ਦੀ ਸੋਚ ਰਹੇ ਹਨ ਅਤੇ ਇਸ ਦੀ ਪਹਿਲ ਕਦਮੀ ਕਰਦਿਆਂ ਧਨੌਲਾ ਮੰਡੀ ਨੇੜਲੇ ਪਿੰਡ ਕਾਲੇਕੇ (ਬਰਨਾਲਾ) ਵਾਸੀ ਕਿਸਾਨ ਜਗਸੀਰ ਸਿੰਘ ਪੁੱਤਰ ਬਲਦੇਵ ਸਿੰਘ ਨੇ ਤਜਰਬੇ ਦੇ ਤੌਰ ‘ਤੇ ਇਕ ਏਕੜ ਵਿਚ ਕੇਸਰ ਦੀ ਇਸ ਛਿਮਾਹੀ ਫਸਲ ਦੀ ਬਿਜਾਈ ਕੀਤੀ ਹੈ। ਅਕਤੂਬਰ 2017 ‘ਚ ਬੀਜੀ ਗਈ ਕੇਸਰ ਦੀ ਫਸਲ ਦੀ ਅਪਰੈਲ ਮਹੀਨੇ ਕਟਾਈ ਹੋਣੀ ਹੈ ਤੇ ਉਸ ਨੂੰ ਇਸ ਦਾ ਚੰਗਾ ਝਾੜ ਹੋਣ ਦੀ ਸੰਭਾਵਨਾ ਹੈ। ਜਗਸੀਰ ਸਿੰਘ ਨੇ ਦੱਸਿਆ ਕਿ ਉਸ ਕੋਲ ਘੱਟ ਜ਼ਮੀਨ (ਚਾਰ ਏਕੜ) ਹੋਣ ਕਰ ਕੇ ਪੂਰੀ ਮਿਹਨਤ ਕਰਨ ‘ਤੇ ਵੀ ਕੁਝ ਪੱਲੇ ਨਹੀਂ ਸੀ ਪੈਂਦਾ। ਉਸ ਨੇ ਪਿਛਲੇ ਸਾਲ ਇੱਕ ਖੇਤੀ ਮੇਲੇ ਦੌਰਾਨ ਕੇਸਰ ਦੀ ਖੇਤੀ ਦੇ ਮਾਹਿਰਾਂ ਦੇ ਵਿਚਾਰ ਸੁਣਦਿਆਂ ਇੱਕ ਏਕੜ ਜ਼ਮੀਨ ਲਈ ਇੱਕ ਕਿੱਲੋ ਅਮਰੀਕਨ ਕੇਸਰ ਬੀਜ ਖਰੀਦਿਆ। ਬੀਜ ਦੀ ਕੀਮਤ ਇਕ ਲੱਖ ਰੁਪਏ ਸੀ। ਬੀਜ, ਮਜ਼ਦੂਰੀ ਅਤੇ ਹੋਰ ਫੁਟਕਲ ਖਰਚ ਮਿਲਾ ਕੇ ਉਸ ਦੇ ਤਕਰੀਬਨ ਸਵਾ ਲੱਖ ਰੁਪਏ ਖਰਚ ਹੋਏ ਹਨ। ਇੱਕ ਵਾਰ ਸੁੰਡੀ ਤੇ ਤੇਲੇ ਦਾ ਹਮਲਾ ਹੋਇਆ ਸੀ ਜਿਸ ਨੂੰ ਜੈਵਿਕ ਖੇਤੀ ਵਿਧੀ ਅਨੁਸਾਰ ਗੁੜ-ਲੱਸੀ ਤੋਂ ਆਪਣੀ ਖੁਦ ਤਿਆਰ ਕੀਤੀ ਦੇਸੀ ਸਪਰੇਅ ਦਾ ਛਿੜਕਾਓ ਕਰ ਕੇ ਕਾਬੂ ਕਰ ਲਿਆ। ਤਕਰੀਬਨ ਸਾਡੇ ਪੰਜ ਫੁੱਟ ਕੱਦ ਦੀ ਇਸ ਫਸਲ ਉਪਰ ਫਰਵਰੀ ਮਹੀਨੇ ਦੇ ਅੱਧ ‘ਚ ਡੋਡੀਆਂ ਬਨਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਮਾਰਚ ਮਹੀਨੇ ਦੌਰਾਨ ਫੁੱਲ ਤੇ ਬੀਜ ਬਣ ਗਏ। ਅਪਰੈਲ ਮਹੀਨੇ ‘ਚ ਇਸ ਦੀ ਕਟਾਈ ਹੋਣੀ ਹੈ। ਕੇਸਰ ਦੀ ਫਸਲ ਦੇ ਝਾੜ ਤੇ ਆਮਦਨ ਦੀ ਗੱਲ ਕਰਦਿਆਂ ਜਗਸੀਰ ਸਿੰਘ ਨੇ ਕਿਹਾ ਕਿ ਕਪਾਹ ਨਰਮੇ ਦੀ ਚੁਗਾਈ ਵਾਂਗ ਇਸ ਤੋਂ ਫੁੱਲਾਂ ਦੀ ਤੁੜਾਈ ਤਿੰਨ ਪੜਾਵਾਂ ਵਿੱਚ ਕੀਤੀ ਜਾਣੀ ਹੈ, ਜੋ ਬਹੁਤ ਸਾਵਧਾਨੀ ਨਾਲ ਕੀਤੀ ਜਾਵੇਗੀ। 15 ਕਿਲੋ ਤੋਂ ਵੱਧ ਬੀਜ ਨਿਕਲਣ ਦੀ ਉਮੀਦ ਹੈ ਤੇ ਇਸ ਦੇ ਬੀਜ ਰਹਿਤ ਫੁੱਲ-ਪੱਤੀਆਂ ਤੇ ਜੜ੍ਹ ਤੋਂ ਦੇਸੀ ਦਵਾਈਆਂ ਤਿਆਰ ਹੁੰਦੀਆਂ ਹਨ ਜੋ ਸ਼ੁੱਧ (ਬਿਨਾਂ ਰਸਾਇਣਕ ਤੱਤ) ਹੋਣ ‘ਤੇ ਆਯੁਰਵੈਦਿਕ ਦਵਾਈਆਂ ਤਿਆਰ ਕਰਨ ਵਾਲੀਆਂ ਕੰਪਨੀਆਂ ਵਲੋਂ ਖਰੀਦ ਲਈਆਂ ਜਾਂਦੀਆਂ ਹਨ। ਇਸ ਦੀ ਸ਼ੁੱਧਤਾ ਦੀ ਪਰਖ ਪੁਣੇ (ਮਹਾਰਾਸ਼ਟ) ਦੀ ਵਿਸ਼ੇਸ ਪ੍ਰਯੋਗਸ਼ਾਲਾ ਤੋਂ ਕਰਵਾਈ ਜਾਵੇਗੀ।

ਕੇਸਰ ਦੀ ਖੇਤੀ ‘ਚ ਵੱਧ ਮੁਨਾਫਾ ਹੁੰਦਾ ਦੇਖਦਿਆਂ ਜਗਸੀਰ ਸਿੰਘ ਨੇ ਅੱਗੇ ਤੋਂ ਆਪਣੇ ਚਾਰ ਕਿੱਲਿਆਂ ਦੇ ਪੂਰੇ ਰਕਬੇ ਵਿੱਚ ਕੇਸਰ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਹੀ ਹੈ। ਉਹ ਕੁਝ ਜ਼ਮੀਨ ਠੇਕੇ ‘ਤੇ ਲੈ ਕੇ ਵੀ ਕੇਸਰ ਦੀ ਬਿਜਾਈ ਕਰਨਾ ਚਾਹੁੰਦਾ ਹੈ। ਜਗਸੀਰ ਮੁਤਾਬਕ, ਉਸ ਦੀ ਸਫਲਤਾ ਨੂੰ ਦੇਖਦਿਆਂ ਕਈ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਅਜਿਹੀ ਖੇਤੀ ਕਰਨ ਦੀ ਇੱਛਾ ਨਾਲ ਉਸ ਤੋਂ ਕੇਸਰ ਬੀਜ ਲੈਣ ਲਈ ਪੇਸ਼ਗੀ ਅਮਾਨਤੀ ਪੈਸੇ ਜਮ੍ਹਾਂ ਕਰਵਾ ਦਿੱਤੇ ਹਨ। ਇਸ ਤੋਂ ਇਲਾਵਾ ਕਣਕ, ਨਰਮੇ ਤੇ ਝੋਨੇ ਦੀ ਜੈਵਿਕ ਖੇਤੀ ਕਰ ਰਹੇ ਭੀਖੀ (ਮਾਨਸਾ) ਨੇੜਲੇ ਪਿੰਡ ਸਮਾਓਂ ਕੁਝ ਕਿਸਾਨ ਵੀ ਇਸ ਵਾਰ ਅਮਰੀਕੀ ਕੇਸਰ ਦੀ ਖੇਤੀ ਕਰਨ ਦੇ ਚਾਹਵਾਨ ਹਨ ਜਿਨ੍ਹਾਂ ਉਸ ਪਾਸੋਂ ਕੇਸਰ ਬੀਜ ਦੀ ਮੰਗ ਕੀਤੀ ਹੈ।

ਵਣ ਵਿਸਥਾਰ ਮੰਡਲ ਬਠਿੰਡਾ ਦੇ ਡੀਐੱਫਓ ਦਲਜੀਤ ਸਿੰਘ ਤੇ ਪੰਜਾਬ ਐਗਰੋ ਦੇ ਜਗਦੀਪ ਸਿੰਘ ਆਪਣੀ ਸਮੁੱਚੀ ਟੀਮ ਨਾਲ ਉਸ ਦੇ ਖੇਤ ਦਾ ਕਈ ਵਾਰ ਦੌਰਾ ਕਰ ਚੁੱਕੇ ਹਨ। ਉਨ੍ਹਾਂ ਇਸ ਦੀ ਮੰਡੀ ਸਬੰਧੀ ਵੀ ਸਬੰਧਤ ਕੰਪਨੀਆਂ ਨਾਲ ਤਾਲਮੇਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਹੈ।

ਸੰਪਰਕ: 98151-51386