Update Details

4563-
Posted by ਪ੍ਰੋ. ਹਰਜਿੰਦਰ ਭੋਤਨਾ ਸੰਪਰਕ: 94635-12720
2018-04-14 10:25:57

ਕਣਕ ਨੂੰ ਅੱਗ ਤੋਂ ਬਚਾਉਣ ਲਈ ਸਾਵਧਾਨੀ ਜ਼ਰੂਰੀ

ਦੇਸ਼ ਦੀ ਕਿਸਾਨੀ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੀ ਹੈ। ਇਸ ਦਾ ਦਾ ਮੁੱਖ ਕਾਰਨ ਉਤਪਾਦਨ ਲਾਗਤਾਂ ਵਿੱਚ ਵਾਧਾ ਅਤੇ ਫ਼ਸਲਾਂ ਦਾ ਲਾਹੇਵੰਦ ਭਾਅ ਨਾ ਮਿਲਣਾ ਹੈ। ਖੇਤੀ ਘਾਟੇ ਦਾ ਸੌਦਾ ਬਣਨ ਕਰਕੇ ਦੇਸ਼ ਦਾ ਅੰਨਦਾਤਾ ਖ਼ੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ। ਇਸ ਤੋਂ ਬਿਨਾ ਕੁਝ ਆਫ਼ਤਾਂ ਵੀ ਹਨ, ਜੋ ਕਿਸਾਨੀਂ ਲਈ ਮੁਸ਼ਕਿਲਾਂ ਦਾ ਪੈਦਾ ਕਰਦੀਆਂ ਹਨ।  ਹਾੜ੍ਹੀ, ਸਾਉਣੀ ਦੇ ਮੌਸਮ ਵਿੱਚ ਪੰਜਾਬ ਵਿੱਚ ਹਜ਼ਾਰਾਂ ਏਕੜ ਪੱਕੀਆਂ ਫ਼ਸਲਾਂ ਅੱਗ ਦੀ ਭੇਟ ਚੜ੍ਹ ਜਾਂਦੀਆਂ ਹਨ।  ਹਾੜ੍ਹੀ ਦੀ ਫ਼ਸਲ ਪੱਕੀ ਕਣਕ ਉੱਤੇ ਅੱਗ ਦਾ ਕਹਿਰ ਗਰਮੀ ਦਾ ਮੌਸਮ ਹੋਣ ਕਰਕੇ ਬਹੁਤ ਜ਼ਿਆਦਾ ਵਾਪਰਦਾ ਹੈ।  ਮਿਹਨਤਕਸ਼ ਕਿਸਾਨਾਂ ਦੀ ਕਿਰਤ ਕਮਾਈ ਕੁਝ ਕੁ ਪਲਾਂ ਵਿੱਚ ਸੜ ਕੇ ਸੁਆਹ ਹੋ ਜਾਂਦੀ ਹੈ।  ਕੇਵਲ ਕਣਕ ਹੀ ਨਹੀਂ   ਖੇਤੀ ਸੰਦ ਟਰੈਕਟਰ, ਮਸ਼ੀਨਾਂ, ਦਰੱਖਤ ਤੇ ਹੋਰ ਸੰਪਤੀ ਤੋਂ ਇਲਾਵਾ ਕਈ ਵਾਰ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ।  ਪੁੱਤਾਂ ਵਾਂਗ ਪਾਲੀ ਫ਼ਸਲ ਦਾ ਅੱਖਾਂ ਸਾਹਮਣੇ ਨੁਕਸਾਨ ਹੋ ਜਾਣਾ ਕਿਸਾਨ ਲਈ ਕਿਸੇ ਸਿਤਮ ਤੋਂ ਘੱਟ ਨਹੀਂ ਹੁੰਦਾ। ਇਹ ਘਾਟਾ ਹਰ ਸਾਲ ਪੰਜਾਬ ਦੇ ਅਨੇਕਾਂ ਕਿਸਾਨਾ ਨੂੰ ਝੱਲਣਾ ਪੈਂਦਾ ਹੈ।

ਅੱਗ ਦੇ ਇਸ ਕਹਿਰ ਤੋਂ ਬਚਣ ਲਈ ਲੋਕਾਂ ਨੂੰ ਅੱਗ ਦੇ ਮਾਮਲੇ ਵਿੱਚ ਅਣਗਹਿਲੀ ਨਹੀਂ ਵਰਤਣੀ ਚਾਹੀਦੀ।  ਇਹ ਅਣਗਹਿਲੀ ਆਰਥਿਕ ਨੁਕਸਾਨ ਦੇ ਨਾਲ ਨਾਲ ਆਪਸੀ ਝਗੜੇ ਦਾ ਕਾਰਨ ਵੀ ਬਣਦੀ ਹੈ। ਫ਼ਸਲਾਂ ਲਈ ਅੱਗ ਦਾ ਵੱਡਾ ਕਾਰਨ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਹੈ। ਪੰਜਾਬ ਦਾ ਬਿਜਲੀ ਪ੍ਰਬੰਧ ਵੀ ਕਿਸਾਨੀ ਦੀ ਤਰ੍ਹਾਂ ਮੰਦੇ ਦੌਰ ਵਿੱਚੋਂ ਲੰਘ ਰਿਹਾ ਹੈ। ਬਿਜਲੀ ਸਿਸਟਮ ਓਵਰਲੋਡ ਚੱਲ ਰਿਹਾ ਹੈ।  ਬਿਜਲੀ ਮਸ਼ੀਨਰੀ ਆਪਣੀ ਮਿਆਦ ਪੁਗਾ ਚੁੱਕੀ ਹੈ।  ਬਿਜਲੀ ਤਾਰਾਂ ਦੀ ਮਿਆਦ ਖ਼ਤਮ ਹੋ ਚੁੱਕੀ ਹੈ, ਜੋ ਬਹੁਤ ਪੁਰਾਣੀਆਂ ਹੋਣ ਕਰਕੇ ਅੱਜ ਦੇ ਸਮੇਂ ਦਾ ਲੋਡ ਚੁੱਕਣ ਤੋਂ ਅਸਮਰੱਥ ਹਨ।  ਇਸ ਤੋਂ ਬਿਨਾਂ ਢਿੱਲੀਆ ਤਾਰਾਂ ਦੀ ਸਪਾਰਕਿੰਗ ਅੱਗ ਦੇ ਹਾਦਸਿਆਂ ਦਾ ਕਾਰਨ ਬਣਦੀ ਹੈ।  ਕਣਕ ਦੀ ਵਾਢੀ ਸਮੇਂ ਖੇਤਾਂ ਦੇ ਟਰਾਂਸਫਾਰਮ ਅਤੇ ਮੋਟਰਾਂ ਦੀਆਂ ਸਵਿੱਚਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਸਪਾਰਕਿੰਗ ਨਾ ਹੋਵੇ। ਇਸ ਤੋਂ ਇਲਾਵਾ ਅਣਗਹਿਲੀ ਵੀ ਅੱਗ ਦਾ ਕਾਰਨ ਬਣਦੀ ਹੈ। ਗਿੱਲੀ ਕਣਕ ਦੀ ਵਾਢੀ ਕਰਨ ਸਮੇਂ ਮਸ਼ੀਨਰੀ ਦੇ ਪੁਰਜ਼ੇ ਗਰਮ ਹੋ ਕੇ ਅੱਗ ਲਾਉਣ ਦਾ ਕੰਮ ਕਰਦੇ ਹਨ।  ਕੁਝ ਲੋਕ ਬੀੜੀ ਜਾਂ ਖੇਤਾਂ ਵਿੱਚ ਚਾਹ ਆਦਿ ਬਣਾਉਣ ਸਮੇਂ ਅੱਗ ਨੂੰ ਚੰਗੀ ਤਰ੍ਹਾਂ ਬੁਝਾਉਂਦੇ ਨਹੀਂ, ਇਹ ਅੱਗ ਧੁਖ ਕੇ ਦੁਰਘਟਨਾ ਦਾ ਕਾਰਨ ਬਣਦੀ ਹੈ। ਇਸ ਲਈ ਕਣਕ ਦੇ ਸੀਜ਼ਨ ਵਿੱਚ ਅੱਗ ਤੋਂ ਬਚਾਅ ਦੇ ਲਈ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ।  ਅੱਗ ਬਾਲਣ ਸਮੇਂ ਕੋਈ ਅਣਗਹਿਲੀ ਨਹੀਂ ਕਰਨੀਂ ਚਾਹੀਦੀ।

ਕੁਝ ਕਿਸਾਨ ਜਲਦੀ ਖੇਤ ਨੂੰ ਵਿਹਲਾ ਕਰਨ ਦੇ ਮਕਸਦ ਨਾਲ ਅੱਗ ਲਾ ਦਿੰਦੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਜਿੰਨਾ ਚਿਰ ਆਲੇ-ਦੁਆਲੇ ਕਣਕਾਂ ਜਾਂ ਤੂੜ੍ਹੀ ਬਣਾਉਣ ਵਾਲੀ ਰਹਿੰਦੀ ਕੋਈ ਜਲਦਬਾਜ਼ੀ ਨਾ ਕਰਨ।  ਕਣਕ ਦੀ ਕਟਾਈ ਅਤੇ ਤੂੜੀ ਉਦੋਂ ਹੀ ਬਣਾਉਣੀ ਚਾਹੀਦੀ ਹੈ ਜਦੋਂ ਕਣਕ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਕਿ ਅੱਗ ਦੇ ਨੁਕਸਾਨ ਤੋਂ ਬਚਾਅ ਹੋ ਸਕੇ। ਵਿਭਾਗ ਵੱਲੋਂ ਇਸ ਵਾਰ ਕਣਕ ਦੀ ਪਰਾਲੀ ਸਾੜ੍ਹਨ ’ਤੇ ਪਾਬੰਦੀ ਜਾਰੀ ਕੀਤੀ ਹੈ ਅੱਗ ਲਾਉਣ ’ਤੇ ਜ਼ੁਰਮਾਨਾ ਹੋ ਸਕਦਾ ਹੈ। ਦੂਜੇ ਪਾਸੇ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਕੋਈ ਠੋਸ ਮੁਆਵਜ਼ਾ ਜਾਂ ਬੀਮਾ ਨੀਤੀ ਨਹੀਂ ਹੈ ਜਿਸ ਨਾਲ ਨੁਕਸਾਨ ਦੀ ਕੁਝ ਆਰਥਿਕ ਭਰਪਾਈ ਹੋ ਸਕੇ।  ਜੇ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਵੀ ਜਾਂਦਾ ਹੈ, ਉਹ ਨੁਕਸਾਨ ਨਾਲੋਂ ਕਿਤੇ ਜ਼ਿਆਦਾ ਘੱਟ ਹੁੰਦਾ ਹੈ। ਇਸ ਨਾਲ ਬੀਜ ਦਾ ਖ਼ਰਚਾ ਵੀ ਪੂੁਰਾ ਨਹੀਂ ਹੁੰਦਾ। ਅੱਗ ਦੀਆਂ ਘਟਨਾਵਾਂ ਰੋਕਣ ਲਈ ਬਿਜਲੀ ਪ੍ਰਬੰਧ ਵਿੱਚ ਸੁਧਾਰ ਦੀ ਜ਼ਰੂਰਤ ਹੈ। ਇਸ ਨਾਲ ਜਿੱਥੇ ਅੱਗ ਦੀਆਂ ਘਟਨਾਵਾ ਤੋਂ ਲੋਕਾਂ ਨੂੰ ਰਾਹਤ ਮਿਲੇਗੀ, ਉੱਥੇ ਹੀ ਬਿਜਲੀ ਦਾ ਫ਼ਾਲਤੂ ਨੁਕਸਾਨ  ਵੀ ਘਟੇਗਾ।