Update Details

2283-app.jpg
Posted by PAU, Ludhiana
2018-06-01 07:05:22

ਕੀ ਪੰਜਾਬ ਵਿੱਚ ਸੰਭਵ ਹੈ ਸੇਬਾਂ ਦੀ ਕਾਸ਼ਤ?

ਸੇਬ ਦੀ ਕਾਸ਼ਤ ਲਈ ਬਹੁਤ ਠੰਢੇ ਜਲਵਾਯੂ ਅਤੇ ਘੱਟ ਤਾਪਮਾਨ ਵਾਲੇ ਮੌਸਮ ਦੀ ਲੋੜ ਹੁੰਦੀ ਹੈ । ਆਮ ਤੌਰ ਤੇ ਸੱਤ ਦਰਜਾ ਸੈਂਟੀਗ੍ਰੇਡ ਤੋਂ ਹੇਠਾਂ ਦੇ ਤਾਪਮਾਨ ਵਿੱਚ ਹੀ ਫ਼ਲਾਂ ਦੀ ਖੇਤੀ ਕੀਤੀ ਜਾ ਸਕਦੀ ਹੈ । ਇਸੇ ਲਈ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਉੱਪਰਲੇ ਪਹਾੜੀ ਖੇਤਰਾਂ ਵਿੱਚ ਸੇਬਾਂ ਦੀ ਰਵਾਇਤੀ ਖੇਤੀ ਕੀਤੀ ਜਾਂਦੀ ਰਹੀ ਹੈ । ਵਿਿਗਆਨੀਆਂ ਨੇ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸੇਬਾਂ ਦੀ ਖੇਤੀ ਦੇ ਪ੍ਰਸਾਰ ਦੇ ਸੰਬੰਧ ਵਿੱਚ 2012 ਤੋਂ ਆਪਣੀ ਖੋਜ ਜਾਰੀ ਰੱਖੀ ਹੋਈ ਹੈ । 2014 ਵਿੱਚ ਭਾਰਤ ਅਤੇ ਵਿਦੇਸ਼ ਦੀਆਂ 29 ਹੋਰ ਕਿਸਮਾਂ ਇਸ ਖੋਜ ਵਿੱਚ ਸ਼ਾਮਲ ਕੀਤੀਆਂ ਗਈਆਂ । ਇਹਨਾਂ ਵਿੱਚੋਂ ਘੱਟ ਠੰਢੇ ਮੌਸਮ ਵਿੱਚ ਪੈਦਾ ਹੋਣ ਵਾਲੀਆਂ ਪ੍ਰਮੁੱਖ ਕਿਸਮਾਂ ਜਿਵੇਂ ਕ੍ਰਿਸਪ ਪਿੰਕ, ਲਿਬਰਟੀ, ਸਤਾਇਮ, ਫਿਊਜ਼ੀ, ਗਾਲ੍ਹਾ, ਗਰੈਨੀ ਸਮਿਥ, ਹਨੀ ਕ੍ਰਿਸਪ, ਅਮਰੀਕਾ ਤੋਂ ਸੀਏਰਾ ਬਿਊਟੀ, ਐਨਾ, ਗੋਲਡਨ ਡੋਰਸੈਟ, ਸ਼ਿਲੋਮਿਟ, ਸਕਾਰਲਟ ਗਾਲ੍ਹਾ, ਟਰੌਪੀਕਲ ਬਿਊਟੀ ਅਤੇ ਸ੍ਰੀਨਗਰ ਦੇ ਸੀਆਈਟੀਐੱਚ ਤੋਂ ਮੌਲੀਸ ਡਿਲੀਸ਼ਸ ਹਨ । ਪੀਏਯੂ ਸਮੇਤ ਚਾਰੇ ਖੋਜ ਕੇਂਦਰਾਂ ਗੁਰਦਾਸਪੁਰ, ਬੱਲੋਵਾਲ ਸੌਂਖੜੀ, ਕੇਵੀਕੇ ਪਠਾਨਕੋਟ ਅਤੇ ਫ਼ਲ ਖੋਜ ਕੇਂਦਰ ਗੰਗੀਆ ਵਿੱਚ ਇਹ ਖੋਜ ਨਿਰੰਤਰ ਜਾਰੀ ਹੈ ।

ਪੰਜਾਬ ਦੇ ਅਰਧ ਗਰਮ ਜਲਵਾਯੂ ਵਿੱਚ ਫਰਵਰੀ ਦੇ ਮਹੀਨੇ ਵਿੱਚ ਸੇਬਾਂ ਦੇ ਪੌਦਿਆਂ ਉੱਪਰ ਫ਼ਲ ਆਉਂਦੇ ਹਨ । ਮੁੱਢਲੇ ਤੌਰ ਤੇ ਫ਼ਲ ਦੇ ਵਿਕਾਸ ਲਈ ਇਹ ਤਾਪਮਾਨ ਢੁੱਕਵਾਂ ਹੁੰਦਾ ਹੈ ਪਰ ਜਿਵੇਂ ਜਿਵੇਂ ਤਾਪਮਾਨ ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਵੱਧਦਾ ਹੈ ਫ਼ਲ ਦੇ ਵਿਕਾਸ ਲਈ ਅਸਲੀ ਸਮੱਸਿਆ ਸਾਹਮਣੇ ਆਉਣ ਲੱਗਦੀ ਹੈ ਅਤੇ ਪੰਜਾਬ ਵਿੱਚ ਸਿਹਤਮੰਦ ਫ਼ਲਾਂ ਦਾ ਵਿਕਾਸ ਸੰਭਵ ਨਹੀਂ ਹੋ ਸਕਦਾ । ਇਸ ਤਰ੍ਹਾਂ ਇਹ ਸੰਭਾਵਨਾ ਰਹਿੰਦੀ ਹੈ ਕਿ ਐਸੇ ਮੌਸਮ ਵਿੱਚ ਪੈਦਾ ਹੋਣ ਵਾਲੇ ਫ਼ਲ ਦੀ ਗੁਣਵੱਤਾ ਅਮਰੀਕਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਆਉਣ ਵਾਲੇ ਫ਼ਲਾਂ ਦੀਆਂ ਕਿਸਮਾਂ ਦੇ ਮੁਕਾਬਲੇ ਬਹੁਤ ਨੀਵੇਂ ਦਰਜੇ ਤੇ ਹੋ ਸਕਦੀ ਹੈ । ਵਿਿਗਆਨੀਆਂ ਨੇ ਕਿਸਾਨਾਂ ਨੂੰ ਸਲਾਹ ਦਿੰਦਿਆਂ ਇਹ ਦੱਸਿਆ ਕਿ ਘੱਟ ਠੰਢੇ ਮੌਸਮ ਵਿੱਚ ਪੈਦਾ ਹੋਣ ਵਾਲੀਆਂ ਕਿਸਮਾਂ ਦੀ ਪੰਜਾਬ ਵਿੱਚ ਖੇਤੀ ਲਈ ਵੀ ਕਾਸ਼ਤਕਾਰ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਇਸ ਸੰਬੰਧੀ ਖੋਜ ਅਜੇ ਬਹੁਤ ਮੁੱਢਲੇ ਪੜਾਅ ਤੇ ਚੱਲ ਰਹੀ ਹੈ । ਬਿਨਾਂ ਸ਼ੱਕ ਅੱਜ ਖੇਤੀ ਵਿਿਭੰਨਤਾ ਸਮੇਂ ਦੀ ਲੋੜ ਹੈ ਪਰ ਕਿਸਾਨਾਂ ਨੂੰ ਆਰਥਿਕ ਤੌਰ ਤੇ ਸੁਖਾਵੇਂਪਣ ਦੀ ਤਲਾਸ਼ ਵਿੱਚ ਸੇਬਾਂ ਦੀ ਮਹਿੰਗੀ ਖੇਤੀ ਦਾ ਖਤਰਾ ਨਹੀਂ ਉਠਾਉਣਾ ਚਾਹੀਦਾ ।