Update Details

3815-mel.jpg
Posted by ਅਨਿਲ ਸ਼ਰਮਾ*/ਵਿਵੇਕ ਕੁਮਾਰ** *ਸੰਚਾਰ ਤੇ ਕੌਮਾਂਤਰੀ ਸੰਪਰਕ ਕੇਂਦਰ, ਪੀ.ਏ.ਯੂ., ਲੁਧਿਆਣਾ **ਫਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ।
2018-09-11 05:06:36

ਅੰਨਦਾਤਿਆਂ ਲਈ ਗਿਆਨ ਦਾ ਸੋਮਾ ਕਿਸਾਨ ਮੇਲੇ

ਕਿਸਾਨਾਂ ਨੂੰ ਨਵੀਨਤਮ ਤਕਨਾਲੋਜੀ ਤੋਂ ਜਾਣੂ ਕਰਵਾਉਣ ਲਈ ਕਿਸਾਨ ਮੇਲੇ ਲਗਾਉਣ ਦਾ ਸਿਹਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਜਾਂਦਾ ਹੈ। ਪਹਿਲਾ ਕਿਸਾਨ ਮੇਲਾ ਯੂਨੀਵਰਸਿਟੀ ਵੱਲੋਂ 1967 ਵਿੱਚ ਲਗਾਇਆ ਗਿਆ ਸੀ। ਕਿਸਾਨਾਂ ਦਾ ਉਤਸ਼ਾਹ ਦੇਖਦਿਆਂ ਹਰ ਸਾਲ ਇਹ ਮੇਲੇ ਲਾਇਆ ਜਾਣ ਲੱਗਾ। ਇਨ੍ਹਾਂ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਵਿੱਚ ਮੇਲਾ ਲੱਗਣ ਦੂਰ-ਦੁਰਾਡੇ ਦੇ ਕਿਸਾਨਾਂ ਨੂੰ ਪਹੁੰਚਣ ’ਚ ਦਿਕਤ ਆਉਂਦੀ ਸੀ। ਕਿਸਾਨਾਂ ਦੀ ਸਹੂਲਤ ਲਈ ਯੂਨੀਵਰਸਿਟੀ ਨੇ ਖੇਤਰੀ ਕਿਸਾਨ ਮੇਲੇ ਸ਼ੁਰੂ ਕੀਤੇ। ਪਹਿਲਾ ਖੇਤਰੀ ਕਿਸਾਨ ਮੇਲਾ ਸਾਲ 1975 ਦੇ ਵਿੱਚ ਗੁਰਦਾਸਪੁਰ ਵਿੱਚ ਲਗਾਇਆ ਗਿਆ। ਇਸ ਦੀ ਸਫ਼ਲਤਾ ਤੋਂ ਬਾਅਦ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਹਰ ਖੇਤਰੀ ਖੋਜ ਕੇਂਦਰ ਵਿੱਚ ਕਿਸਾਨ ਮੇਲਾ ਲਾਇਆ ਜਾਣ ਲੱਗਾ। 1983 ਵਿੱਚ ਇਹ ਕਿਸਾਨ ਮੇਲੇ ਬੱਲੋਵਾਲ ਸੌਂਖੜੀ, 1985 ਵਿੱਚ ਬਠਿੰਡਾ, 1995 ਵਿੱਚ ਪਟਿਆਲਾ ਅਤੇ ਸਾਲ 2011 ਵਿੱਚ ਫ਼ਰੀਦਕੋਟ ਵਿੱਚ ਵੀ ਸ਼ੁਰੂ ਕੀਤੇ ਗਏ। ਕਿਸਾਨਾਂ ਦੀ ਮੰਗ ’ਤੇ ਅੰਮ੍ਰਿਤਸਰ ਵਿੱਚ ਪਹਿਲਾ ਮੇਲਾ ਮਾਰਚ 2012 ਨੂੰ ਖ਼ਾਲਸਾ ਕਾਲਜ ਵਿੱਚ ਲਗਾਇਆ ਗਿਆ।

ਇਨ੍ਹਾਂ ਕਿਸਾਨ ਮੇਲਿਆਂ ਵਿੱਚ ਕਿਸਾਨਾਂ ਨੂੰ ਵੱਖ ਵੱਖ ਫ਼ਸਲਾਂ ਦੇ ਸੁਧਰੇ ਬੀਜ, ਫ਼ਲਾਂ ਅਤੇ ਸਬਜ਼ੀਆਂ ਦੀ ਪਨੀਰੀ, ਵੱਖ ਵੱਖ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਮੇਲੇ ਸਾਲ ਦੇ ਵਿੱਚ ਦੋ ਵਾਰ ਮਾਰਚ ਅਤੇ ਸਤੰਬਰ ਦੇ ਮਹੀਨੇ ਸਾਉਣੀ ਅਤੇ ਹਾੜ੍ਹੀ ਦੇ ਮੌਸਮ ਤੋਂ ਪਹਿਲਾਂ ਲਗਾਏ ਜਾਂਦੇ ਹਨ। ਇਸ ਦੌਰਾਨ ਕਿਸਾਨਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਤਕਨੀਕੀ ਸੈਸ਼ਨਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪ੍ਰਸ਼ਨ-ਉਤਰ ਸੈਸ਼ਨ ਦੌਰਾਨ ਕਿਸਾਨ ਮਾਹਿਰਾਂ ਨਾਲ ਸਿੱਧੀ ਗੱਲਬਾਤ ਕਰਦੇ ਹਨ। ਕਿਸਾਨਾਂ ਖੇਤ ਪ੍ਰਦਰਸ਼ਨੀਆਂ ਤੋਂ ਵੀ ਗਿਆਨ ਹਾਸਲ ਕਰਦੇ ਹਨ। ਸੁਧਰੀਆਂ ਕਿਸਮਾਂ ਦਾ ਬੀਜ ਤੇ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਵੀ ਇਸ ਮੌਕੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹਾੜ੍ਹੀ ਰੁੱਤ ਦੇ ਕਿਸਾਨ ਮੇਲਿਆਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸ ਮਹੀਨੇ ਵਿੱਚ ਲੜੀਵਾਰ 7 ਮੇਲੇ ਲਾਏ ਜਾਣਗੇ। ਪਹਿਲਾ ਮੇਲਾ ਬੱਲੋਵਾਲ ਸੌਂਖੜੀ ਅਤੇ ਗੁਰਦਾਸਪੁਰ ਵਿੱਚ 11 ਸਤੰਬਰ ਨੂੰ ਲਾਇਆ ਜਾ ਰਿਹਾ ਹੈ। ਇਸ ਤੋਂ ਬਾਅਦ 14 ਸਤੰਬਰ ਨੂੰ ਰੌਣੀ (ਪਟਿਆਲਾ) ਅਤੇ 17 ਸਤੰਬਰ ਨੂੰ ਅੰਮ੍ਰਿਤਸਰ ਅਤੇ ਫ਼ਰੀਦਕੋਟ ਵਿੱਚ ਕਿਸਾਨ ਮੇਲੇ ਲਾਏ ਜਾਣਗੇ। ਯੂਨੀਵਰਸਿਟੀ ਕੈਂਪਸ ਵਿੱਚ ਮੇਲਾ 20 ਤੋਂ 22 ਸਤੰਬਰ ਨੂੰ ਲਾਇਆ ਜਾਵੇਗਾ। ਆਖ਼ਰੀ ਮੇਲਾ 26 ਸਤੰਬਰ ਨੂੰ ਬਠਿੰਡਾ ਵਿੱਚ ਲਗਾਇਆ ਜਾਵੇਗਾ।

ਇਸ ਵਾਰ ਕਿਸਾਨ ਮੇਲੇ ਦਾ ਉਦੇਸ਼ ‘ਆਓ ਧਰਤੀ ਮਾਂ ਬਚਾਈਏ, ਪਰਾਲੀ ਨੂੰ ਅੱਗ ਨਾ ਲਾਈਏ’ ਰੱਖਿਆ ਗਿਆ ਹੈ। ਇਸ ਉਦੇਸ਼ ਦਾ ਮੁੱਖ ਮੰਤਵ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਣ ਦੇ ਬੁਰੇ ਪ੍ਰਭਾਵਾਂ ਬਾਰੇ ਅਤੇ ਪਰਾਲੀ ਦੀ ਸੁਚੱਜੇ ਢੰਗ ਨਾਲ ਵਰਤੋਂ ਬਾਰੇ ਜਾਗਰੂਕ ਕਰਨਾ ਹੈ।

ਕਿਸਾਨ ਮੇਲਿਆਂ ਦਾ ਮੁੱਖ ਮੰਤਵ ਖੇਤੀਬਾੜੀ ਨੂੰ ਸੁਖਾਲਾ ਅਤੇ ਲਾਹੇਵੰਦ ਬਣਾਉਣ ਲਈ ਖੋਜੀਆਂ ਗਈਆਂ ਨਵੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣਾ ਹੈ। ਮੇਲੇ ਦੌਰਾਨ ਲਾਈਆਂ ਜਾਂਦੀਆਂ ਪ੍ਰਦਰਸ਼ਨੀਆਂ ਵਿੱਚ ਯੂਨੀਵਰਸਿਟੀ ਦੇ ਸਾਰੇ ਵਿਭਾਗ ਹਿੱਸਾ ਲੈਂਦੇ ਹਨ ਤੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੀ ਜਾਣਕਾਰੀ ਦਿੰਦੇ ਹਨ। ਇੰਜਨੀਅਰ ਕਾਲਜ ਦੇ ਵੱਖ ਵੱਖ ਵਿਭਾਗਾਂ ਵੱਲੋਂ ਖੇਤੀ ਸਬੰਧੀ ਨਵੀਆਂ ਮਸ਼ੀਨਾਂ ਸਬੰਧੀ ਪ੍ਰਦਰਸ਼ਨੀਆਂ ਲਾ ਕੇ ਇਨ੍ਹਾਂ ਦੀ ਸੁਚੱਜੀ ਵਰਤੋਂ ਲਈ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਛਿੜਕਾਅ ਸਬੰਧੀ ਤਕਨੀਕਾਂ, ਸਰਬਪੱਖੀ ਤੱਤ ਪ੍ਰਬੰਧਨ, ਸਰਬਪੱਖੀ ਕੀਟ ਪ੍ਰਬੰਧਨ, ਫ਼ਸਲਾਂ ਦੀ ਮਿਆਦ ਅਤੇ ਬਿਜਾਈ ਦੇ ਸਮੇਂ ਅਨੁਸਾਰ ਚੋਣ, ਸੇਂਜੂ ਅਤੇ ਬਰਾਨੀ ਹਾਲਤ ਵਿੱਚ ਫ਼ਸਲਾਂ ਦਾ ਸਿੰਜਾਈ ਪ੍ਰਬੰਧ ਆਦਿ ਬਾਰੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ।

ਖੇਤੀ ਦੇ ਨਾਲ ਨਾਲ ਕਿਸਾਨਾਂ ਨੂੰ ਸਹਾਇਕ ਕਿੱਤਿਆਂ ਜਿਵੇਂ ਮਧੂ ਮੱਖੀ ਪਾਲਣ, ਖੁੰਬ ਉਤਪਾਦਨ, ਦੋਗਲੇ ਬੀਜਾਂ ਦੇ ਉਤਪਾਦਨ, ਪਸ਼ੂ ਧਨ ਅਤੇ ਪੋਲਟਰੀ ਪ੍ਰਬੰਧਨ, ਸੁਰੱਖਿਅਤ ਖੇਤੀ ਕਰਨ ਸਬੰਧੀ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹਨ। ਇਸ ਦੇ ਨਾਲ ਹੀ ਗ੍ਰਹਿ ਵਿਗਿਆਨ ਵਿਭਾਗ ਵੱਲੋਂ ਖ਼ਾਸ ਤੌਰ ’ਤੇ ਕਿਸਾਨ ਬੀਬੀਆਂ ਲਈ ਕੱਪੜਿਆਂ ਦੀ ਰੰਗਾਈ ਅਤੇ ਛਪਾਈ, ਸਿਲਾਈ ਕਢਾਈ, ਘਰੇਲੂ ਉਤਪਾਦਾਂ ਨੂੰ ਤਿਆਰ ਕਰਨ, ਸਬਜ਼ੀਆਂ ਅਤੇ ਫ਼ਲਾਂ ਦੇ ਰੱਖ ਰਖਾਵ ਅਤੇ ਉਨ੍ਹਾਂ ਤੋਂ ਉਤਪਾਦ ਜਿਵੇਂ ਕਿ ਜੈਮ, ਚਟਣੀਆਂ ਆਦਿ ਤਿਆਰ ਕਰਨ ਲਈ ਵੀ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ। ਪੇਂਡੂ ਨੌਜਵਾਨਾਂ ਨੂੰ ਤਕਨੀਕੀ ਪੱਖੋਂ ਸੰਪੂਰਨ ਕਰਨ ਲਈ ਅਤੇ ਮੁੱਢਲੀਆਂ ਲਾਗਤਾਂ ਦੀ ਸੁਚੱਜੀ ਵਰਤੋਂ ਸਬੰਧੀ ਪੇਂਡੂ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ।

ਕਿਸਾਨ ਮੇਲਿਆਂ ਦੇ ਮੌਕੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਖੇਤੀ ਸਾਹਿਤ ਦੇ ਸਟਾਲ ਲਗਾਏ ਜਾਂਦੇ ਹਨ। ਯੂਨੀਵਰਸਿਟੀ ਵੱਲੋਂ ਤਿਆਰ ਖੇਤੀ ਸਾਹਿਤ ਵਿੱਚ ਫਲ, ਸਬਜ਼ੀਆਂ ਅਤੇ ਫੁੱਲਾਂ ਦੀਆਂ ਸਿਫ਼ਾਰਸ਼ਾਂ, ਕੀੜੇ-ਮਕੌੜੇ, ਬਿਮਾਰੀਆਂ ਅਤੇ ਖ਼ੁਰਾਕੀ ਤੱਤਾਂ ਦੀ ਘਾਟ ਸਬੰਧੀ ਕਿਤਾਬਾਂ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਮਿਲਦੀਆਂ ਹਨ।

ਇਨ੍ਹਾਂ ਕਿਸਾਨ ਮੇਲਿਆਂ ਵਿੱਚ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਦੇ ਸੁਧਰੇ ਬੀਜਾਂ ਦੀ ਵਿਕਰੀ ਕੀਤੀ ਜਾਂਦੀ ਹੈ ਜੋ ਕਿ ਕਿਸਾਨਾਂ ਲਈ ਸਭ ਤੋਂ ਵੱਧ ਆਕਰਸ਼ਨ ਦਾ ਕੇਂਦਰ ਹੁੰਦੀ ਹੈ। ਕਿਸਾਨਾਂ ਨੂੰ ਚੰਗੀਆਂ ਜਿਣਸਾਂ ਪੈਦਾ ਕਰਨ ਵਾਸਤੇ ਉਤਸ਼ਾਹਿਤ ਕਰਨ ਅਤੇ ਜਿਣਸਾਂ ਦਾ ਮਿਆਰੀ ਝਾੜ ਪ੍ਰਾਪਤ ਕਰਨ ਲਈ ਕਿਸਾਨ ਮੇਲੇ ’ਤੇ ਜਿਣਸਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ, ਮੇਲੇ ਵਿੱਚ ਪੌਦਿਆਂ ਦਾ ਹਸਪਤਾਲ ਲਗਾਇਆ ਜਾਂਦਾ ਹੈ, ਇਸ ਵਿੱਚ ਵੱਖ ਵੱਖ ਵਿਸ਼ਿਆਂ ਦੇ ਮਾਹਿਰ ਕਿਸਾਨਾਂ ਵੱਲੋਂ ਲਿਆਂਦੇ ਰੋਗੀ ਬੂਟਿਆਂ ਨੂੰ ਦੇਖ ਪਰਖ ਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਦੇ ਹਨ। ਇਸੇ ਤਰ੍ਹਾਂ ਕਿਸਾਨਾਂ ਲਈ ਮਿੱਟੀ ਅਤੇ ਪਾਣੀ ਪਰਖ ਦੀ ਸੁਵਿਧਾ ਵੀ ਮੇਲੇ ਵਿੱਚ ਉਪਲੱਬਧ ਕਰਵਾਈ ਜਾਂਦੀ ਹੈ। ਇਨ੍ਹਾਂ ਮੇਲਿਆਂ ’ਤੇ ਸਵਾਲ-ਜਵਾਬ ਸਭਾ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਵਿੱਚ ਮਾਹਿਰ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ। ਇਨ੍ਹਾਂ ਮੇਲਿਆਂ ’ਤੇ ਅਗਾਂਹਵਧੂ ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

ਯੂਨੀਵਰਸਿਟੀ ਵੱਲੋਂ ਹੁਣ ਤਕ 331 ਕਿਸਾਨ ਮੇਲੇ ਲਾਏ ਜਾ ਚੁੱਕੇ ਹਨ। ਇਹ ਕਿਸਾਨ ਮੇਲੇ ਸੂਚਨਾ ਦੇ ਪਸਾਰ ਲਈ ਸਭ ਤੋਂ ਚੰਗਾ ਸਮਝੇ ਜਾਂਦੇ ਹਨ। ਪੰਜਾਬ ਦੀ ਤਰਜ਼ ’ਤੇ ਦੂਜੇ ਸੂਬਿਆਂ ਨੇ ਵੀ ਕਿਸਾਨਾਂ ਦੀ ਲਈ ਖੇਤੀ ਮੇਲਿਆਂ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਹੈ।