Update Details

8666-mach.jpg
Posted by ਮਹੇਸ਼ ਨਾਰੰਗ/ਗੁਰਸਾਹਿਬ ਸਿੰਘ ਮਨੇਸ/ਅਰਸਦੀਪ ਸਿੰਘ* *ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ, ਪੀਏਯੂ, ਲੁਧਿਆਣਾ। ਸੰਪਰਕ: 94173-83464
2018-09-11 05:04:32

ਅੱਗ ਲਾਏ ਬਿਨਾਂ ਪਰਾਲੀ ਸੰਭਾਲਣ ਲਈ ਮਸ਼ੀਨਰੀ

ਕਣਕ ਅਤੇ ਝੋਨਾ ਪੰਜਾਬ ਦੀਆਂ ਮੁੱਖ ਫ਼ਸਲਾਂ ਹਨ ਅਤੇ ਇਨ੍ਹਾਂ ਦੀ ਵਾਢੀ ਜ਼ਿਆਦਾਤਰ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ। ਕਣਕ-ਝੋਨੇ ਦੀ ਪੈਦਾਵਾਰ ਦੇ ਨਾਲ-ਨਾਲ ਦੋਵੇਂ ਫ਼ਸਲਾਂ ਤੋਂ ਹਰ ਸਾਲ ਕ੍ਰਮਵਾਰ ਤਕਰੀਬਨ 14 ਅਤੇ 20 ਮਿਲੀਅਨ ਟਨ ਫ਼ਸਲੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਕਣਕ ਦੇ ਨਾੜ ਦੀ ਜ਼ਿਆਦਾਤਰ (80 ਤੋਂ 90 ਫ਼ੀਸਦ) ਸੰਭਾਲ ਥਰੈਸ਼ਰਾਂ ਅਤੇ ਸਟਰਾਅ ਰੀਪਰਾਂ ਦੀ ਮਦਦ ਨਾਲ ਤੂੜੀ ਬਣਾ ਕੇ ਕਰ ਲਈ ਜਾਂਦੀ ਹੈ। ਝੋਨੇ ਦੀ ਪਰਾਲੀ ਦੀ ਸੰਭਾਲ ਅਜੇ ਸਮੱਸਿਆ ਬਣੀ ਹੋਈ ਹੈ।

ਪਰਾਲੀ ਨੂੰ ਸਾੜਨ ਦੇ ਨੁਕਸਾਨ: ਕਿਸਾਨ ਕਣਕ ਦੀ ਬਿਜਾਈ ਕਰਨ ਲਈ ਪਰਾਲੀ ਨੂੰ ਅੱਗ ਲਾ ਦਿੰਦੇ ਹਨ। ਇਸ ਨਾਲ ਖੇਤ, ਮਨੁੱਖਤਾ ਅਤੇ ਪਸ਼ੂ ਪੰਛੀਆਂ ਦੀ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ। ਅੱਗ ਲਾਉਣ ਨਾਲ ਖੇਤੀ ਲਈ ਚੰਗੇ ਖ਼ੁਰਾਕੀ ਤੱਤ ਸੜ ਜਾਂਦੇ ਹਨ ਅਤੇ ਕੁਦਰਤੀ ਸੋਮਿਆਂ ਦਾ ਨੁਕਸਾਨ ਹੁੰਦਾ ਹੈ। ਪਰਾਲੀ ਨੂੰ ਸਾੜਨ ਨਾਲ ਬਹੁਮੁੱਲੇ ਖ਼ੁਰਾਕੀ ਤੱਤਾਂ ਦਾ ਨੁਕਸਾਨ ਹੁੰਦਾ ਹੈ। ਇੱਕ ਅੰਦਾਜ਼ੇ ਮੁਤਾਬਕ ਧਰਤੀ ਵਿੱਚੋਂ ਝੋਨੇ ਦੁਆਰਾ ਲਈ ਗਈ 25 ਫ਼ੀਸਦ ਨਾਈਟ੍ਰੋਜਨ ਅਤੇ ਫਾਸਫੋਰਸ, 50 ਫ਼ੀਸਦ ਗੰਧਕ ਅਤੇ 75 ਫ਼ੀਸਦ ਪੋਟਾਸ਼ ਪਰਾਲੀ ਵਿੱਚ ਹੀ ਰਹਿ ਜਾਂਦੀ ਹੈ। ਦੇਖਿਆ ਗਿਆ ਹੈ ਕਿ 10 ਕੁਇੰਟਲ ਪਰਾਲੀ ਸਾੜਨ ਨਾਲ 400 ਕਿਲੋ ਜੈਵਿਕ ਕਾਰਬਨ ਤੋਂ ਇਲਾਵਾ 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ੀਅਮ ਅਤੇ ਸਵਾ ਕਿਲੋ ਗੰਧਕ ਦਾ ਨੁਕਸਾਨ ਹੁੰਦਾ ਹੈ। ਅਜਿਹੇ ਤੱਤ ਨਸ਼ਟ ਹੋਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੱਡੀ ਢਾਹ ਲੱਗਦੀ ਹੈ। ਤਜਰਬਿਆਂ ਵਿੱਚ ਦੇਖਿਆ ਗਿਆ ਹੈ ਕਿ ਪਰਾਲੀ ਲਗਾਤਾਰ ਜ਼ਮੀਨ ਵਿੱਚ ਵਾਹੁਣ ਨਾਲ ਫ਼ਸਲਾਂ ਦੀ ਉਤਪਾਦਕਤਾ ਵਧਦੀ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।

ਝੋਨੇ ਦੀ ਪਰਾਲੀ ਵਿੱਚੋਂ ਨਿਕਲਦੀਆਂ ਗੈਸਾਂ ਵਿੱਚ 70 ਫ਼ੀਸਦ ਕਾਰਬਨ ਡਾਈਆਕਸਾਈਡ, 7 ਫ਼ੀਸਦ ਕਾਰਬਨ ਮੋਨੋਆਕਸਾਈਡ, 0.66 ਫ਼ੀਸਦ ਮੀਥੇਨ ਅਤੇ 2.09 ਫ਼ੀਸਦ ਨਾਈਟ੍ਰਿਕ ਆਕਸਾਈਡ ਵਰਗੀਆਂ ਗੈਸਾਂ ਹਨ, ਇਹ ਗੈਸਾਂ ਵਾਤਾਵਰਨ ਵਿੱਚ ਬਦਲਾਅ ਦਾ ਕਾਰਨ ਬਣਦੀਆਂ ਹਨ। ਪਰਾਲੀ ਨੂੰ ਸਾੜਨ ਨਾਲ ਧੂੰਏਂ ਦਾ ਗੁਬਾਰ ਜਿੱਥੇ ਵਾਤਾਵਰਨ ਨੂੰ ਪਲੀਤ ਕਰਦਾ ਹੈ, ਉੱਥੇ ਵਸੋਂ ਅਤੇ ਪਸ਼ੂਆਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਪਰਾਲੀ ਦੇ ਜਲਣ ਨਾਲ ਜੋ ਗਰਮੀ ਪੈਦਾ ਹੁੰਦੀ ਹੈ, ਉਸ ਨਾਲ ਭੂਮੀ ਵਿਚਲੇ ਲਾਭਦਾਇਕ ਸੂਖਮ ਜੀਵ ਨਸ਼ਟ ਹੋ ਜਾਂਦੇ ਹਨ ਅਤੇ ਭੂਮੀ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਸੜਕਾਂ ਤੇ ਖੇਤਾਂ ਦੁਆਲੇ ਲੱਗੇ ਰੁੱਖਾਂ ਦਾ ਨੁਕਸਾਨ ਹੁੰਦਾ ਹੈ ਅਤੇ ਸੜਕ ਹਾਦਸੇ ਵਾਪਰਦੇ ਹਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੱਖ-ਵੱਖ ਮਸ਼ੀਨਾਂ ਅਤੇ ਤਰੀਕਿਆਂ ਦੀ ਸਿਫ਼ਾਰਸ਼ ਕੀਤੀ ਹੈ। ਪਰਾਲੀ ਦੀ ਸੰਭਾਲ ਦੇ ਦੋ ਮੁੱਖ ਤਰੀਕੇ ਹਨ, ਜਿਨ੍ਹਾਂ ਵਿੱਚ ਪਹਿਲਾ ਪਰਾਲੀ ਦੀ ਖੇਤ ਵਿੱਚ ਸੰਭਾਲ ਤੇ ਦੂਜਾ ਖੇਤ ਵਿੱਚੋਂ ਬਾਹਰ ਕੱਢ ਕੇ ਇਸ ਦੀ ਹੋਰ ਕੰਮਾਂ ਲਈ ਸੁਚੱਜੀ ਵਰਤੋਂ ਸ਼ਾਮਿਲ ਹੈ।

ਪਰਾਲੀ ਦੀ ਖੇਤ ਵਿੱਚ ਹੀ ਸੰਭਾਲ ਕਰਨਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਤਿਆਰ ਕੀਤੀਆਂ ਮਸ਼ੀਨਾਂ ਰਾਹੀਂ ਪਰਾਲੀ ਨੂੰ ਖੇਤ ਵਿੱਚ ਸਾਂਭਣ ਵਿੱਚ ਮਦਦ ਮਿਲਦੀ ਹੈ।

ਹੈਪੀ ਸੀਡਰ ਨਾਲ ਬਿਨਾਂ ਵਹਾਈ ਕਣਕ ਦੀ ਬਿਜਾਈ: ਝੋਨੇ ਦੇ ਵੱਢ ਵਿੱਚ ਪਰਾਲੀ ਨੂੰ ਖੇਤ ਵਿੱਚੋਂ ਕੱਢੇ ਬਿਨਾ ਕਣਕ ਦੀ ਸਿੱਧੀ ਬਿਜਾਈ ਲਈ ਯੂਨੀਵਰਸਿਟੀ ਨੇ ਹੈਪੀ ਸੀਡਰ ਨਾਂ ਦੀ ਮਸ਼ੀਨ ਵਿਕਸਿਤ ਕੀਤੀ ਹੈ। ਇਸ ਮਸ਼ੀਨ ਵਿੱਚ ਫਲੇਲ ਕਿਸਮ ਦੇ ਬਲੇਡ ਲੱਗੇ ਹੋਏ ਹਨ। ਇਹ ਡਰਿੱਲ ਦੇ ਬਿਜਾਈ ਕਰਨ ਵਾਲੇ ਫਾਲ਼ੇ ਦੇ ਸਾਹਮਣੇ ਆਉਣ ਵਾਲੀ ਪਰਾਲੀ ਨੂੰ ਕੱਟਦੇ ਹਨ ਅਤੇ ਪਿੱਛੇ ਵੱਲ ਧਕਦੇ ਹਨ। ਮਸ਼ੀਨ ਦੇ ਫਾਲ਼ਿਆਂ ਵਿੱਚ ਪਰਾਲੀ ਨਹੀਂ ਫਸਦੀ ਅਤੇ ਸਾਫ਼ ਕੀਤੀ ਕੱਟੀ ਹੋਈ ਜਗ੍ਹਾ ਉਪਰ ਬੀਜ ਸਹੀ ਤਰੀਕੇ ਨਾਲ ਕੇਰਿਆ ਜਾ ਸਕਦਾ ਹੈ। ਇਹ ਪਰਾਲ ਬੀਜੇ ਹੋਏ ਰਕਬੇ ਉੱਪਰ ਮਲਚ ਦਾ ਕੰਮ ਕਰਦਾ ਹੈ। ਇਹ ਮਸ਼ੀਨ 45 ਜਾਂ ਵੱਧ ਹਾਰਸ ਪਾਵਰ ਟਰੈਕਟਰ ਨਾਲ ਚਲਦੀ ਹੈ। ਇੱਕ ਦਿਨ ਵਿੱਚ ਇਹ ਤਕਰੀਬਨ 6-8 ਏਕੜ ਰਕਬੇ ਵਿੱਚ ਬਿਜਾਈ ਕਰਦੀ ਹੈ। ਹੈਪੀ ਸੀਡਰ ਨਾਲ ਬੀਜੀ ਕਣਕ ਦਾ ਲਾਭ ਇਹ ਵੀ ਹੈ ਕਿ ਕਣਕ ਦੀ ਫ਼ਸਲ ਵਿੱਚ ਨਦੀਨ 50 ਤੋਂ 60 ਫ਼ੀਸਦੀ ਘੱਟ ਉਗਦੇ ਹਨ। ਹੈਪੀ ਸੀਡਰ ਨਾਲ ਬਿਜਾਈ ਲਈ ਕੁਝ ਗੱਲਾਂ ਧਿਆਨ ਰੱਖਣਯੋਗ ਹਨ। ਹੈਪੀ ਸੀਡਰ ਨਾਲ ਕਣਕ ਬੀਜਣ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਇਕ ਸਾਰ ਖਿਲਾਰਨਾ ਜ਼ਰੂਰੀ ਹੈ। ਹੈਪੀ ਸੀਡਰ ਨਾਲ ਬਿਜਾਈ ਤੋਂ ਪਹਿਲਾਂ ਖੇਤ ਵਿੱਚ ਨਮੀ ਜਾਂ ਗਿੱਲ੍ਹ ਆਮ ਵਾਹੀ ਵਾਲੀ ਕਣਕ ਦੇ ਖੇਤਾਂ ਦੀ ਨਮੀ ਦੀ ਤੁਲਨਾ ਤੋਂ ਵੱਧ ਹੋਣੀ ਚਾਹੀਦੀ ਹੈ। ਝੋਨੇ ਦੇ ਖੇਤ ਨੂੰ ਵੀ ਅਖੀਰਲਾ ਪਾਣੀ ਇਸ ਹਿਸਾਬ ਨਾਲ ਲਗਾਉਣਾ ਚਾਹੀਦਾ ਹੈ ਤਾਂ ਜੋ ਝੋਨੇ ਦੀ ਕਟਾਈ ’ਤੇ ਬਾਅਦ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਬਿਨਾ ਰੌਣੀ ਤੋਂ ਸੰਭਵ ਹੋ ਸਕੇ। ਸਵੇਰੇ ਜਾਂ ਸਾਮ ਨੂੰ ਤਰੇਲ ਪੈਣ ਵੇਲੇ ਹੈਪੀ ਸੀਡਰ ਨਾਲ ਬਿਜਾਈ ਨਹੀਂ ਹੋ ਸਕਦੀ। ਇਸ ਨਾਲ ਬੀਜੀ ਹੋਈ ਕਣਕ ਨੂੰ ਪਹਿਲਾ ਪਾਣੀ ਹਲਕਾ ਲਗਾਉਣਾ ਚਾਹੀਦਾ ਹੈ। ਇੱਕ ਏਕੜ ਵਿੱਚ ਘੱਟੋ-ਘੱਟ ਚਾਰ ਕਿਆਰੇ ਹੋਣੇ ਚਾਹੀਦੇ ਹਨ।

ਕਣਕ ਦੇ ਇਕਸਾਰ ਜੰਮ ਲਈ ਯੂਨੀਵਰਸਿਟੀ ਵੱਲੋਂ ਹੈਪੀਸੀਡਰ ਵਿੱਚ ਸੁਧਾਰ ਕੀਤਾ ਗਿਆ ਹੈ। ਇਸ ਪਿੱਛੇ ਪਹੀਏ ਲਗਾਏ ਗਏ ਹਨ। ਇਹ ਪਹੀਏ ਮਸ਼ੀਨ ਦੇ ਪਿੱਛੇ ਕਤਾਰਾਂ ਦੇ ਵਿਚਲੇ ਫ਼ਾਸਲੇ ਵਾਲੀ ਥਾਂ ’ਤੇ ਚਲਦੇ ਹਨ ਅਤੇ ਪਰਾਲੀ ਨੂੰ ਕਤਾਰਾਂ ਵਿੱਚ ਦੱਬਦੇ ਹਨ। ਇਸ ਨਾਲ ਕਤਾਰਾਂ ਵਿੱਚ ਪੂਰੀ ਤਰ੍ਹਾਂ ਪਰਾਲੀ ਦੀ ਮਲਚ ਹੁੰਦੀ ਹੈ ਅਤੇ ਕਣਕ ਦਾ ਜੰਮ ਵੀ ਇਕਸਾਰ ਹੁੰਦਾ ਹੈ। ਪਹੀਆਂ ਵਾਲੇ ਹੈਪੀ ਸੀਡਰ ਨੂੰ ਚਲਾਉਣ ਤੋਂ ਪਹਿਲਾਂ ਕਰਚਿਆਂ ਨੂੰ ਸਟੱਬਲ ਸੇਵਰ (ਕਟਰ) ਜਾ ਪੀਏਯੂ ਸਟੱਬਲ ਕਟਰ ਨਾਲ ਕੱਟ ਲੈਣਾ ਚਾਹੀਦਾ ਹੈ।

ਪੀਏਯੂ ਸੁਪਰ ਐੱਸਐੱਮਐੱਸ: ਝੋਨੇ ਦੀ ਵਾਢੀ ਕੰਬਾਈਨ ਨਾਲ ਕਰਨ ਕਰਕੇ ਖੇਤ ਵਿੱਚ ਕੰਬਾਈਨ ਦੇ ਪਿੱਛੇ ਕੱਟੀ ਹੋਈ ਪਰਾਲੀ ਦੀਆਂ ਲੀਹਾਂ ਬਣ ਜਾਂਦੀਆਂ ਹਨ। ਹੈਪੀ ਸੀਡਰ ਨਾਲ ਕਣਕ ਬੀਜਣ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਇਕਸਾਰ ਖਿੰਡਾਉਣਾ ਜ਼ਰੂਰੀ ਹੈ। ਇਸ ਕੰਮ ਲਈ ਯੂਨੀਵਰਸਿਟੀ ਵੱਲੋਂ ਇੱਕ ਸੁਪਰ ਐੱਸਐੱਸਐੱਮ ਪਰਾਲੀ ਸਾਂਭਣ ਵਾਲਾ ਯੰਤਰ ਸਿਫ਼ਾਰਸ਼ ਕੀਤਾ ਗਿਆ ਹੈ। ਇਸ ਨੂੰ ਕਿਸੇ ਵੀ ਕੰਬਾਈਨ ਹਾਰਵੈਸਟਰ ਨਾਲ ਫਿੱਟ ਕਰਕੇ ਕੰਬਾਈਨ ਦੇ ਵਾਕਰਾਂ ਵਿੱਚ ਹੇਠਾਂ ਡਿੱਗਣ ਵਾਲੀ ਪਰਾਲੀ ਨੂੰ ਕੁਤਰ ਕੇ ਇਕਸਾਰ ਖੇਤ ਵਿੱਚ ਖਿੰਡਾਇਆ ਜਾ ਸਕਦਾ ਹੈ। ਇਸ ਮਗਰੋਂ ਹੈਪੀਸੀਡਰ ਜਾਂ ਵਿਰਲੇ ਫਾਲ਼ਿਆਂ ਵਾਲੀ ਸਪੇਸ਼ੀਅਲ ਨੋ ਟਿੱਲ ਡਰਿੱਲ ਨਾਲ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ।

ਚੌਪਰ/ਮਲਚਰ ਨਾਲ ਪਰਾਲੀ ਦਾ ਕੁਤਰਾ ਕਰਨਾ: ਪਰਾਲੀ ਨੂੰ ਖੇਤ ਵਿੱਚ ਮਿਲਾਉਣ ਵਾਸਤੇ ਯੂਨੀਵਰਸਿਟੀ ਵੱਲੋਂ ਚੌਪਰ ਵਿਕਸਿਤ ਕੀਤਾ ਗਿਆ ਹੈ। ਇਹ ਮਸ਼ੀਨ ਝੋਨੇ ਦੀ ਪਰਾਲੀ ਦਾ ਬਾਰੀਕ ਕੁਤਰਾ ਕਰਕੇ ਖੇਤ ਵਿੱਚ ਖਿਲਾਰ ਦਿੰਦੀ ਹੈ। ਇਸ ਨੂੰ ਚਲਾਉਣ ਲਈ 40-45 ਹਾਰਸਪਾਵਰ ਦੇ ਟਰੈਕਟਰ ਦੀ ਲੋੜ ਪੈਂਦੀ ਹੈ। ਇਹ ਮਸ਼ੀਨ ਇੱਕ ਦਿਨ ਵਿੱਚ 6 ਤੋਂ 8 ਏਕੜ ਪਰਾਲੀ ਦਾ ਕੁਤਰਾ ਕਰ ਸਕਦੀ ਹੈ।

ਪਾਣੀ ਲਾ ਕੇ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣਾ: ਚੌਪਰ ਪਿੱਛੇ ਕੁਤਰਾ ਕੀਤੇ ਗਏ ਖੇਤ ਵਿੱਚ ਪਾਣੀ ਲਾ ਕੇ ਰੋਟਰੀ ਪਡਲਰ (ਰੌਟਾਵੇਟਰ) ਦੀ ਮਦਦ ਨਾਲ ਪਰਾਲੀ ਨੂੰ ਖੇਤ ਵਿੱਚ ਰਲਾਇਆ ਜਾ ਸਕਦਾ ਹੈ। ਇਸ ਨਾਲ ਪਰਾਲੀ ਪੂਰੀ ਤਰ੍ਹਾਂ ਮਿੱਟੀ ਵਿੱਚ ਲਿੱਬੜ ਜਾਂਦੀ ਹੈ ਅਤੇ ਪਰਾਲੀ ਦੀ ਇਹ ਵਿਸ਼ੇਸਤਾ ਹੈ ਕਿ ਮਿੱਟੀ ਅਤੇ ਪਾਣੀ ਲੱਗਣ ਤੇ ਇਹ ਬਹੁਤ ਜਲਦੀ ਗਲਦੀ ਹੈ। ਪਰਾਲੀ ਦਾ ਬਾਰੀਕ ਕੁਤਰਾ ਹੋਣ ਕਰਕੇ ਇਹ ਖੇਤ ਵਿੱਚ ਆਸਾਨੀ ਨਾਲ ਗਲ਼ ਜਾਂਦੀ ਹੈ। ਜ਼ਮੀਨ ਦੀ ਮਿੱਟੀ ਦੀ ਕਿਸਮ ਦੇ ਹਿਸਾਬ ਨਾਲ ਖੇਤ ਵਿੱਚ ਵੱਤਰ ਆਉਣ ਲਈ ਤਕਰੀਬਨ ਦੋ ਤੋਂ ਤਿੰਨ ਹਫ਼ਤੇ ਲਗਦੇ ਹਨ। ਵੱਤਰ ਆਉਣ ਤੋਂ ਬਾਅਦ ਖੇਤ ਵਿੱਚ ਬਿਨਾ ਵਹਾਈ ਜਾਂ ਰਵਾਇਤੀ ਡਰਿੱਲ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਤਕਨੀਕ ਨੂੰ ਅਪਨਾਉਣ ਲਈ ਝੋਨੇ ਦੇ ਖੇਤ ਨੂੰ ਪਾਣੀ ਕਟਾਈ ਤੋਂ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ।

ਉਲਟਾਵੇਂ ਹੱਲ ਨਾਲ ਵੱਤਰ ਮਿੱਟੀ ਵਿੱਚ ਮਿਲਾਉਣਾ: ਕੁਤਰੀ ਹੋਈ ਪਰਾਲੀ ਨੂੰ ਹਲ਼ਾਂ ਨਾਲ ਵੀ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ। ਇਹ ਹਲ਼ ਦੋ ਕਿਸਮ ਦੇ ਹੁੰਦੇ ਹਨ- ਫਿਕਸ ਅਤੇ ਰਿਵਰਸੀਬਲ। ਫਿਕਸ ਕਿਸਮ ਦਾ ਹਲ਼ ਮਿੱਟੀ ਨੂੰ ਇੱਕ ਪਾਸੇ ਪਲਟਦਾ ਹੈ। ਰਿਵਰਸੀਬਲ ਕਿਸਮ ਦੇ ਹਲ ਨਾਲ ਖੇਤ ਦੀ ਪੱਟੀ ਦੇ ਅਖੀਰ ’ਤੇ ਹਲ਼ ਦਾ ਪਾਸਾ ਬਦਲ ਲਿਆ ਜਾਂਦਾ ਹੈ ਅਤੇ ਉਸੇ ਖਾਲੀ ਵਿੱਚ ਚੱਲਦੇ ਹੋਏ ਮਿੱਟੀ ਨੂੰ ਖੱਬੇ ਪਾਸੇ ਸੁੱਟਦੇ ਹਨ। ਇਸ ਨਾਲ ਖੇਤ ਵਿੱਚ ਕੋਈ ਖਾਲੀ ਨਹੀਂ ਬਣਦੀ ਅਤੇ ਨਾ ਹੀ ਪੱਧਰ ਖ਼ਰਾਬ ਹੁੰਦਾ ਹੈ।

ਪਰਾਲੀ ਨੂੰ ਖੇਤ ਵਿੱਚੋਂ ਬਾਹਰ ਕੱਢ ਕੇ ਵਰਤੋਂ

ਬੇਲਰ: ਪਰਾਲੀ ਨੂੰ ਖੇਤ ਵਿੱਚੋਂ ਇਕੱਠਾ ਕਰਨ ਲਈ ਬੇਲਰ ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਮਸ਼ੀਨ ਖੇਤ ਵਿੱਚ ਖਿੱਲਰੀ ਪਰਾਲੀ ਨੂੰ ਇਕੱਠਾ ਕਰਕੇ ਆਇਤਾਕਾਰ ਗੰਢਾਂ ਬਣਾ ਦਿੰਦੀ ਹੈ। ਇਨ੍ਹਾਂ ਨੂੰ ਖੇਤ ਵਿੱਚ ਬੜੀ ਆਸਾਨੀ ਨਾਲ ਇਕੱਠਾ ਕੀਤਾ ਜਾ ਸਕਦਾ ਹੈ। ਪਰਾਲੀ ਦੀਆਂ ਇਹ ਗੰਢਾਂ ਬਾਲਣ ਲਈ ਗੋਲੇ ਬਣਾਉਣ ਵਾਸਤੇ, ਗੱਤਾ ਬਣਾਉਣ ਲਈ, ਕੰਪੋਸਟ ਤਿਆਰ ਕਰਨ ਤੇ ਬਿਜਲੀ ਪੈਦਾ ਕਰਨ ਆਦਿ ਲਈ ਵਰਤੀਆਂ ਜਾ ਸਕਦੀਆਂ ਹਨ। ਇਹ ਮਸ਼ੀਨ ਕੇਵਲ ਕੱਟੇ ਹੋਏ ਪਰਾਲ ਹੀ ਇੱਕਠਾ ਕਰਦੀ ਹੈ। ਇਸ ਲਈ ਜੇ ਸਾਰਾ ਪਰਾਲ ਖੇਤ ਵਿੱਚੋਂ ਇਕੱਠਾ ਕਰਕੇ ਬਾਹਰ ਕੱਢਣਾ ਹੋਵੇ ਤਾਂ ਇਸ ਮਸ਼ੀਨ ਨੂੰ ਚਲਾਉਣ ਤੋਂ ਪਹਿਲਾਂ ਖੇਤ ਵਿੱਚ ਪਰਾਲੀ ਦੇ ਖੜ੍ਹੇ ਕਰਚਿਆਂ ਨੂੰ ਸਟੱਬਲ ਸੇਵਰ ਨਾਲ ਕੱਟ ਲੈਣਾ ਚਾਹੀਦਾ ਹੈ। ਗੰਢਾਂ ਦਾ ਭਾਰ 15-35 ਕਿਲੋ ਤਕ ਦਾ ਹੁੰਦਾ ਹੈ ਜੋ ਕਿ ਗੰਢ ਦੀ ਲੰਬਾਈ ਅਤੇ ਪਰਾਲੀ ਦੀ ਸਿੱਲ ’ਤੇ ਨਿਰਭਰ ਕਰਦਾ ਹੈ। ਇਹ ਮਸ਼ੀਨ ਇੱਕ ਦਿਨ ਵਿਚ 8-10 ਏਕੜ ਦੇ ਰਕਬੇ ਦੀ ਪਰਾਲੀ ਦੀਆਂ ਗੰਢਾਂ ਬਣਾ ਦਿੰਦੀ ਹੈ।

ਰੇਕ: ਇਸ ਮਸ਼ੀਨ ਨਾਲ ਖੇਤ ਵਿੱਚ ਕੱਟੀ ਅਤੇ ਖਿੱਲਰੀ ਪਰਾਲੀ ਦੀਆਂ ਖੇਤ ਵਿੱਚ ਕਤਾਰਾਂ ਬਣਾ ਲਈਆਂ ਜਾਂਦੀਆਂ ਹਨ। ਖਿੱਲਰੀ ਹੋਈ ਪਰਾਲੀ ਦੀਆਂ ਕਤਾਰਾਂ ਬਣਾਉਣ ਨਾਲ ਇਸ ਮਗਰੋਂ ਚੱਲਣ ਵਾਲੇ ਬੇਲਰ ਦਾ ਕੰਮ ਤੇਜ਼ੀ ਨਾਲ ਹੋ ਜਾਂਦਾ ਹੈ।

ਕਿਸਾਨ ਆਪਣੇ ਖੇਤ ਵਿੱਚ ਇਨ੍ਹਾਂ ਮਸ਼ੀਨਾਂ ਵਿੱਚੋਂ ਕਿਸੇ ਵੀ ਮਸ਼ੀਨ ਦੀ ਪ੍ਰਦਰਸਨੀ ਲਗਾਉਣ ਲਈ, ਸਿਖਲਾਈ ਲੈਣ ਲਈ ਆਪਣੇ ਜ਼ਿਲ੍ਹੇ ਦੇ ਕ੍ਰਿਸੀ ਵਿਗਿਆਨ ਕੇਂਦਰ, ਜ਼ਿਲ੍ਹਾ ਪਸਾਰ ਮਾਹਿਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ, ਪੀਏਯੂ ਨਾਲ ਸੰਪਰਕ ਕਰ ਸਕਦਾ ਹੈ।