Update Details

3647-b.jpeg
Posted by Apni kheti
2019-02-09 17:17:30

Berry farming can be useful for dry area farmers

This content is currently available only in Punjabi language.

ਬੇਰ ਦੀ ਖੇਤੀ ਆਮ ਤੌਰ 'ਤੇ ਖੁਸ਼ਕ ਇਲਾਕਿਆਂ ਵਿਚ ਕੀਤੀ ਜਾਂਦੀ ਹੈ। ਬੇਰ ਵਿਚ ਕਾਫੀ ਮਾਤਰਾ ਵਿਚ ਪ੍ਰੋਟੀਨ, ਵਿਟਾਮਿਨ-ਸੀ ਅਤੇ ਪੌਸ਼ਟਿਕ ਖਣਿਜ਼ ਅਤੇ ਤੱਤ ਪਾਏ ਜਾਂਦੇ ਹਨ। ਇਸ ਦੀ ਖੇਤੀ ਪੂਰੇ ਭਾਰਤ ਵਿਚ ਕੀਤੀ ਜਾਂਦੀ ਹੈ। ਇਸ ਦੀ ਖੇਤੀ ਮੁੱਖ ਤੌਰ 'ਤੇ ਮੱਧ ਪ੍ਰਦੇਸ਼, ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਆਦਿ ਰਾਜਾਂ ਵਿਚ ਕੀਤੀ ਜਾਂਦੀ ਹੈ। ਪੰਜਾਬ ਰਾਜ ਵਿਚ ਕਿਨੂੰ, ਅੰਬ ਅਤੇ ਅਮਰੂਦ ਆਦਿ ਤੋਂ ਬਾਅਦ ਉਗਾਈ ਜਾਣ ਵਾਲੀ ਫਲਾਂ ਦੀ ਮੁੱਖ ਫ਼ਸਲ ਬੇਰ ਹੀ ਹੈ।

ਇਸ ਨੂੰ ਜ਼ਿਆਦਾ ਅਤੇ ਘੱਟ ਡੂੰਘਾਈ ਵਾਲੀ ਮਿੱਟੀ ਤੋਂ ਇਲਾਵਾ ਰੇਤਲੀ ਅਤੇ ਚੀਕਣੀ ਮਿੱਟੀ ਵਿਚ ਵੀ ਉਗਾਇਆ ਜਾ ਸਕਦਾ ਹੈ। ਇਸ ਦੀ ਖੇਤੀ ਬੰਜਰ ਅਤੇ ਬਰਾਨੀ ਇਲਾਕਿਆਂ ਵਿਚ ਕੀਤੀ ਜਾ ਸਕਦੀ ਹੈ। ਇਸ ਦੀ ਖੇਤੀ ਲੂਣੀ, ਖਾਰੀ ਅਤੇ ਦਲਦਲੀ ਮਿੱਟੀ 'ਤੇ ਕੀਤੀ ਜਾ ਸਕਦੀ ਹੈ। ਇਸ ਦੀ ਚੰਗੀ ਪੈਦਾਵਾਰ ਲਈ ਪਾਣੀ ਨੂੰ ਸੋਖਣ ਦੇ ਸਮਰੱਥ ਰੇਤਲੀ ਮਿੱਟੀ, ਜਿਸ ਵਿਚ ਪਾਣੀ ਦੇ ਨਿਕਾਸ ਦਾ ਢੁਕਵਾ ਪ੍ਰਬੰਧ ਹੋਵੇ, ਠੀਕ ਰਹਿੰਦੀ ਹੈ। ਬੇਰ ਦੇ ਬੀਜਾਂ ਨੂੰ 17-18 % ਨਮਕ ਦੇ ਘੋਲ ਵਿਚ 24 ਘੰਟਿਆਂ ਲਈ ਭਿਉ ਕੇ ਰੱਖੋ ਫਿਰ ਅਪ੍ਰੈਲ ਦੇ ਮਹੀਨੇ ਨਰਸਰੀ ਵਿਚ ਬਿਜਾਈ ਕਰੋ।

3 ਤੋਂ 4 ਹਫਤੇ ਬਾਅਦ ਬੀਜ ਪੁੰਗਰਣਾ ਸ਼ੁਰੂ ਹੋ ਜਾਂਦਾ ਹੈ ਅਤੇ ਪੌਦਾ ਅਗਸਤ ਮਹੀਨੇ ਵਿਚ ਕਲਮ ਲਗਾਉਣ ਲਈ ਤਿਆਰ ਹੋ ਜਾਂਦਾ ਹੈ। ਟੀ ਦੇ ਆਕਾਰ ਵਿਚ ਕੱਟ ਕੇ ਜੂਨ- ਸਤੰਬਰ ਮਹੀਨੇ ਵਿਚ ਇਸ ਨੂੰ ਲਗਾਉਣਾ ਚਾਹੀਦਾ ਹੈ। ਪੌਦੇ ਲਗਾਉਣ ਤੋਂ ਪਹਿਲਾਂ 60 x 60 x 60 ਸੈ:ਮੀ: ਦੇ ਟੋਏ ਪੁੱਟੋ ਅਤੇ 15 ਦਿਨਾਂ ਲਈ ਧੁੱਪ ਵਿਚ ਖੁੱਲੇ ਛੱਡ ਦਿਉ। ਇਸ ਤੋਂ ਬਾਅਦ ਇਹਨਾਂ ਟੋਇਆਂ ਨੂੰ ਮਿੱਟੀ ਅਤੇ ਗੋਹੇ ਨਾਲ ਭਰ ਦਿਉ। ਇਸ ਤੋਂ ਬਾਅਦ ਪੌਦੇ ਨੂੰ ਇਹਨਾਂ ਟੋਇਆਂ ਵਿਚ ਲਗਾ ਦਿਉ। ਧਿਆਨ ਰੱਖੋ ਕਿ ਨਰਸਰੀ ਦੇ ਵਿਚ ਇਕ ਤਣੇ ਵਾਲਾ ਪੌਦਾ ਹੋਵੇ। ਖੇਤ ਵਿਚ ਰੋਪਣ ਵੇਲੇ ਪੌਦੇ ਦਾ ਉੱਪਰਲਾ ਸਿਰਾ ਸਾਫ ਹੋਵੇ ਅਤੇ 30-45 ਸੈ:ਮੀ: ਲੰਮੀਆਂ 4-5 ਮਜ਼ਬੂਤ ਟਾਹਣੀਆਂ ਹੋਣ।

ਪੌਦੇ ਦੀਆਂ ਟਾਹਣੀਆਂ ਦੀ ਕਟਾਈ ਕਰੋ ਤਾਂ ਜੋ ਟਾਹਣੀਆਂ ਧਰਤੀ ਤੇ ਨਾਂ ਫੈਲ ਸਕਣ। ਪੌਦੇ ਦੀਆਂ ਸੁੱਕੀਆਂ, ਟੁੱਟੀਆਂ ਹੋਈਆਂ ਅਤੇ ਬਿਮਾਰੀ ਵਾਲੀਆਂ ਟਾਹਣੀਆਂ ਨੂੰ ਕੱਟ ਦਿਉ। ਮਈ ਦੇ ਦੂਜੇ ਪੰਦਰਵਾੜੇ ਵਿਚ ਪੌਦੇ ਦੀ ਛਟਾਈ ਕਰੋ ਜਦੋਂ ਕਿ ਪੌਦਾ ਨਾ ਵੱਧ ਰਿਹਾ ਹੋਵੇ। ਅਗਸਤ ਮਹੀਨੇ ਦੇ ਪਹਿਲੇ ਪੰਦਰਵਾੜੇ ਦੀ ਸ਼ੁਰੂਆਤ ਮੌਕੇ 1.2 ਕਿਲੋਗ੍ਰਾਮ ਡਿਊਰੋਨ ਨਦੀਨਾਸ਼ਕ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ।

ਆਮ ਤੌਰ ਤੇ ਲਗਾਏ ਪੌਦਿਆਂ ਨੂੰ ਜਲਦੀ ਸਿੰਚਾਈ ਦੀ ਜਰੂਰਤ ਨਹੀ ਹੁੰਦੀ ਜਦੋਂ ਪੌਦਾ ਸ਼ੁਰੂਆਤੀ ਸਮੇਂ ਵਿਚ ਹੁੰਦਾ ਹੈ ਤਾਂ ਇਸ ਨੂੰ ਜਿਆਦਾ ਪਾਣੀ ਦੀ ਜ਼ਰੂਰਤ ਨਹੀ ਹੁੰਦੀ। ਫਲ ਬਣਨ ਦੇ ਸਮੇਂ ਪਾਣੀ ਦੀ ਜਰੂਰਤ ਹੁੰਦੀ ਹੈ। ਇਸ ਪੜਾਅ ਵੇਲੇ ਤਿੰਨ ਤੋਂ ਚਾਰ ਹਫਤਿਆਂ ਦੇ ਫਾਸਲੇ ਤੇ ਮੌਸਮ ਦੇ ਹਿਸਾਬ ਨਾਲ ਪਾਣੀ ਦਿੰਦੇ ਰਹੋ। ਮਾਰਚ ਦੇ ਦੂਜੇ ਪੰਦਰਵਾੜੇ ਵਿਚ ਸਿੰਚਾਈ ਬੰਦ ਕਰ ਦਿਉ।

 ਸ੍ਰੋਤ: Rozana Spokesman