Update Details

7485-had.jpg
Posted by ਡਾ. ਰਣਜੀਤ ਸਿੰਘ
2018-08-27 13:08:36

ਹਾੜ੍ਹੀ ਦੀਆਂ ਫ਼ਸਲਾਂ ਦੀ ਵਿਉਂਤਬੰਦੀ ਦਾ ਵੇਲਾ

ਹੁਣ ਬਰਸਾਤ ਅਤੇ ਗਰਮੀ ਦਾ ਜ਼ੋਰ ਘਟ ਗਿਆ ਹੈ। ਕਿਸਾਨਾਂ ਕੋਲ ਇਨ੍ਹਾਂ ਦਿਨਾਂ ਵਿੱਚ ਕੁਝ ਵਿਹਲ ਹੁੰਦੀ ਹੈ। ਅਗਲੇ ਮਹੀਨੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ। ਇਸ ਕਰਕੇ ਇਸ ਵਿਹਲ ਦੀ ਵਰਤੋਂ ਹਾੜ੍ਹੀ ਦੀਆਂ ਫ਼ਸਲਾਂ ਦੀ ਵਿਉਂਤਬੰਦੀ ਕਰਨ ਲਈ ਕਰਨੀ ਚਾਹੀਦੀ ਹੈ। ਮੌਸਮੀ ਤਬਦੀਲੀਆਂ ਅਤੇ ਮੰਡੀ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਹੋਇਆਂ ਕੇਵਲ ਇਕ ਹੀ ਫ਼ਸਲ ਦੀ ਬਿਜਾਈ ਨਾ ਕੀਤੀ ਜਾਵੇ ਸਗੋਂ ਫ਼ਸਲਾਂ ਵਿਚ ਕੁਝ ਵਖਰੇਵਾਂ ਕੀਤਾ ਜਾਵੇ। ਕਣਕ ਦੇ ਨਾਲੋ ਨਾਲ ਕੁਝ ਰਕਬੇ ਵਿਚ ਸਬਜ਼ੀਆਂ, ਹਰਾ ਚਾਰਾ, ਦਾਲਾਂ ਤੇ ਤੇਲ ਬੀਜਾਂ ਦੀ ਵੀ ਕਾਸ਼ਤ ਕੀਤੀ ਜਾਵੇ। ਇਸ ਦੇ ਨਾਲ ਹੀ ਫ਼ਸਲਾਂ ਦੀਆਂ ਬੀਜਣ ਵਾਲੀਆਂ ਕਿਸਮਾਂ ਦਾ ਫ਼ੈਸਲਾ ਵੀ ਹੁਣ ਕਰ ਲੈਣਾ ਚਾਹੀਦਾ ਹੈ। ਇਸੇ ਅਨੁਸਾਰ ਬੀਜ ਤੇ ਖਾਦ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਪੰਜਾਬ ਵਿੱਚ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਬੀਜੀਆਂ ਜਾਣ। ਦੁਕਾਨਦਾਰਾਂ ਦੇ ਆਖੇ ਗ਼ੈਰ-ਪ੍ਰਮਾਣਿਤ ਕਿਸਮਾਂ ਬੀਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਰੀਆਂ ਕਿਸਮਾਂ ਦੀ ਪੂਰੀ ਤਰ੍ਹਾਂ ਪਰਖ ਕਰਨ ਪਿਛੋਂ ਹੀ ਕਾਸ਼ਤ ਲਈ ਉਨ੍ਹਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ।

ਫ਼ਲਦਾਰ ਬੂਟੇ ਜੇ ਨਹੀਂ ਲਗਾਏ ਤਾਂ ਇਹ ਅਜੇ ਵੀ ਲਗਾਏ ਜਾ ਸਕਦੇ ਹਨ। ਸਦਾ ਬਹਾਰ ਬੂਟਿਆਂ ਵਿੱਚ ਕਿਨੂੰ, ਅੰਬ, ਲੀਚੀ, ਅਮਰੂਦ, ਬੇਰ, ਨਿੰਬੂ ਤੇ ਔਲਾ ਪ੍ਰਮੁੱਖ ਹਨ। ਆਪਣੀ ਬੰਬੀ ਲਾਗੇ ਦੋ ਚਾਰ ਫ਼ਲਾਂ ਦੇ ਬੂਟੇ ਜ਼ਰੂਰ ਲਗਾਏ ਜਾਣ। ਲੀਚੀ ਅਤੇ ਚੀਕੂ ਦੇ ਬੂਟੇ ਲਗਾਉਣ ਦਾ ਹੁਣ ਢੁਕਵਾਂ ਸਮਾਂ ਹੈ। ਗੁਰਦਾਸਪੁਰ ਅਤੇ ਪਠਾਨਕੋਟ ਇਨ੍ਹਾਂ ਦੀ ਕਾਸ਼ਤ ਲਈ ਢੁਕਵੇਂ ਇਲਾਕੇ ਹਨ। ਦੇਹਰਾਦੂਨ, ਕਲਕੱਤੀਆ ਅਤੇ ਸੀਡਲੈਸ ਲੀਚੀ ਦੀਆਂ ਅਤੇ ਕਾਲੀ ਪੱਤੀ ਤੇ ਕ੍ਰਿਕਟ ਬਾਲ ਚੀਕੂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਸਰਕਾਰੀ ਨਰਸਰੀ ਤੋਂ ਲੈਣੇ ਚਾਹੀਦੇ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਮਹੀਨੇ ਕਿਸਾਨ ਮੇਲੇ ਲਗਾਏ ਜਾਂਦੇ ਹਨ। ਜੇ ਲੁਧਿਆਣੇ ਨਹੀਂ ਤਾਂ ਆਪਣੇ ਨੇੜੇ ਦੇ ਮੇਲੇ ਵਿੱਚ ਜ਼ਰੂਰ ਜਾਵੋ। ਲੁਧਿਆਣੇ ਦਾ ਮੁੱਖ ਮੇਲਾ ਇਸ ਵਾਰ ਤਿੰਨ ਦਿਨ 20, 21 ਤੇ 22 ਨਵੰਬਰ ਨੂੰ ਹੋਵੇਗਾ। ਬਲੋਵਾਲ ਸੌਂਖੜੀ ਅਤੇ ਗੁਰਦਾਸਪੁਰ ਮੇਲਾ 11 ਸਤੰਬਰ ਤੇ ਰੌਣੀ (ਪਟਿਆਲਾ) ਵਿੱਚ 14 ਨਵੰਬਰ ਨੂੰ ਮੇਲਾ ਲੱਗੇਗਾ। ਨਵਾਂ ਗਿਆਨ ਪ੍ਰਾਪਤ ਕਰੋ। ਤੁਸੀਂ ਇਨ੍ਹਾਂ ਮੇਲਿਆਂ ਵਿੱਚੋਂ ਫ਼ਲਦਾਰ ਬੂਟੇ, ਫ਼ਸਲਾਂ ਅਤੇ ਸਬਜ਼ੀਆਂ ਦੇ ਬੀਜ ਅਤੇ ਕਿਤਾਬਾਂ ਵੀ ਖ਼ਰੀਦ ਸਕਦੇ ਹੋ। ਖਾਦਾਂ ਦਾ ਪ੍ਰਬੰਧ ਵੀ ਹੁਣ ਕਰ ਲੈਣਾ ਚਾਹੀਦਾ ਹੈ ਤਾਂ ਜੋ ਬਿਜਾਈ ਸਮੇਂ ਕੋਈ ਦਿੱਕਤ ਨਾ ਆਵੇ। ਵੇਲੇ ਸਿਰ ਬੀਜੀਆਂ ਸਾਉਣੀ ਦੀਆਂ ਫ਼ਸਲਾਂ ਇਸ ਮਹੀਨੇ ਪੱਕਣ ਲੱਗਦੀਆਂ ਹਨ। ਸਾਡੇ ਦੇਸ਼ ਵਿੱਚ ਤੇਲ ਬੀਜਾਂ ਦੀ ਬਹੁਤ ਘਾਟ ਹੈ। ਇਸ ਕਰਕੇ ਇਨ੍ਹਾਂ ਦੀ ਵਿਕਰੀ ਵਿੱਚ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ। ਹੁਣ ਤੋਰੀਏ ਦੀ ਬਿਜਾਈ ਕੀਤੀ ਜਾ ਸਕਦੀ ਹੈ। ਤੋਰੀਆ ਕੇਵਲ ਤਿੰਨ ਮਹੀਨਿਆਂ ਦੀ ਫ਼ਸਲ ਹੈ ਤੇ ਇਕ ਏਕੜ ਵਿੱਚੋਂ ਪੰਜ ਕੁਇੰਟਲ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ। ਤੋਰੀਆਂ ਦਸੰਬਰ ਵਿਚ ਤਿਆਰ ਹੋ ਜਾਂਦਾ ਹੈ। ਇਸ ਪਿੱਛੋਂ ਖੇਤ ਵਿੱਚ ਪਿਆਜ਼, ਆਲੂ ਜਾਂ ਸੂਰਜਮੁਖੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਟੀ.ਐੱਲ. 17, ਅਤੇ ਟੀ.ਐੱਲ. 15 ਸਿਫ਼ਾਰਸ਼ ਕੀਤੀਆਂ ਤੋਰੀਏ ਦੀਆਂ ਕਿਸਮਾਂ ਹਨ। ਤੋਰੀਏ ਲਈ 1ੌ ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ।

ਸਰਦੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ਦਾ ਹੁਣ ਮੌਸਮ ਚੱਲ ਰਿਹਾ ਹੈ। ਫੁੱਲ ਗੋਭੀ ਦੀ ਪਨੀਰੀ ਪੁੱਟ ਕੇ ਖੇਤ ਵਿੱਚ ਲਗਾਉਣ ਦਾ ਇਹ ਢੁਕਵਾਂ ਸਮਾਂ ਹੈ। ਇਸੇ ਤਰ੍ਹਾਂ ਬੰਦਗੋਭੀ ਦੀ ਪਨੀਰੀ ਵੀ ਹੁਣ ਲਗਾ ਦੇਣੀ ਚਾਹੀਦੀ ਹੈ। ਗਾਜਰ, ਮੂਲੀ ਤੇ ਸ਼ਲਗਮ ਦੀ ਅਗੇਤੀ ਬਿਜਾਈ ਲਈ ਵੀ ਢੁਕਵਾਂ ਸਮਾਂ ਹੈ। ਪੰਜਾਬ ਕੈਰਟ ਰੈੱਡ, ਪੰਜਾਬ ਬਲੈਕ ਬਿਊਟੀ ਅਤੇ ਪੀ.ਸੀ.-34 ਗਾਜਰ ਦੀਆਂ ਉੱਨਤ ਕਿਸਮਾਂ ਹਨ। ਐੱਲ-1 ਸ਼ਲਗਮ ਦੀ ਸਿਫ਼ਾਰਸ਼ ਕੀਤੀ ਕਿਸਮ ਹੈ। ਮੂਲੀ ਦੀਆਂ ਹੁਣ ਪੰਜਾਬ ਸਫ਼ੈਦ ਮੂਲੀ-2, ਪੰਜਾਬ ਪਸੰਦ ਅਤੇ ਜਪਾਨੀ ਵਾਈਟ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਪਾਲਕ ਦੀ ਨਵੀਂ ਬਿਜਾਈ ਹੁਣ ਕੀਤੀ ਜਾ ਸਕਦੀ ਹੈ। ਪੰਜਾਬ ਗਰੀਨ ਉੱਨਤ ਕਿਸਮ ਹੈ। ਇੱਕ ਏਕੜ ਲਈ ਕੋਈ ਪੰਜ ਕਿਲੋ ਬੀਜ ਚਾਹੀਦਾ ਹੈ।

ਅਗੇਤੀ ਮੱਕੀ ਤੇ ਦਾਲਾਂ ਨੇ ਪੱਕਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਦੀ ਸਮੇਂ ਸਿਰ ਸਾਂਭ ਸੰਭਾਲ ਜ਼ਰੂਰੀ ਹੈ। ਮੱਕੀ ਨੂੰ ਮੰਡੀ ਵਿੱਚ ਸੁਕਾ ਕੇ ਵੇਚਣਾ ਚਾਹੀਦਾ ਹੈ। ਅਜਿਹਾ ਕੀਤਿਆਂ ਵਿਕਰੀ ਛੇਤੀ ਹੋ ਜਾਂਦੀ ਹੈ। ਦਾਲਾਂ ਦੀ ਵਿਕਰੀ ਤਾਂ ਆਪ ਸਿੱਧੀ ਕਰਨ ਦਾ ਯਤਨ ਕੀਤਾ ਜਾਵੇ ਤਾਂ ਜੋ ਵੱਧ ਪੈਸੇ ਵੱਟੇ ਜਾ ਸਕਣ। ਆਲੂਆਂ ਦੀ ਬਿਜਾਈ ਦਾ ਸਮਾਂ ਆ ਗਿਆ ਹੈ। ਇਸ ਲਈ ਬੀਜ ਅਤੇ ਖਾਦਾਂ ਦਾ ਪ੍ਰਬੰਧ ਹੁਣ ਕਰ ਲੈਣਾ ਚਾਹੀਦਾ ਹੈ।