Update Details

5085-fal.jpg
Posted by ਗੁਰਤੇਗ ਸਿੰਘ ਤੇ ਐੱਚਐੱਸ ਰਤਨਪਾਲ* *ਫਲ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ। ਸੰਪਰਕ: 98150-98883
2018-08-16 05:55:51

ਸਵੈ ਰੁਜ਼ਗਾਰ ਦਾ ਵਸੀਲਾ: ਫ਼ਲਦਾਰ ਬੂਟਿਆਂ ਦੀ ਪਨੀਰੀ ਤਿਆਰ ਕਰਨਾ

ਖੇਤੀ ਵਿੱਚ ਬਦਲ ਰਹੇ ਸਮੀਕਰਨ ਅਨੁਸਾਰ ਪੰਜਾਬ ਵਿੱਚ ਕਣਕ, ਝੋਨੇ ਹੇਠਲੇ ਰਕਬੇ ਨੂੰ ਘਟਾ ਕੇ ਫਲਾਂ ਹੇਠ ਰਕਬਾ ਵਧਾਉਣਾ ਸਮੇਂ ਦੀ ਮੁਖ ਲੋੜ ਹੈ। ਇਸ ਲਈ ਫਲਾਂ ਦੀਆਂ ਢੁੱਕਵੀਆਂ ਕਿਸਮਾਂ ਦੀ ਰੋਗ ਰਹਿਤ ਪੌਦ ਤਿਆਰ ਕਰਨਾ ਬਹੁਤ ਹੀ ਜ਼ਰੂਰੀ ਹੈ। ਫਲਾਂ ਦੀ ਔਸਤ ਪੈਦਾਵਾਰ ਦੇ ਘੱਟ ਹੋਣ ਦਾ ਮੁੱਖ ਕਾਰਨ ਬਿਮਾਰੀ ਰਹਿਤ, ਸਿਹਤਮੰਦ ਫਲਦਾਰ ਬੂਟਿਆਂ ਦੀ ਪੌਦ ਦੀ ਅਣਹੋਂਦ ਹੈ। ਨੌਜਵਾਨ ਸਿਖਲਾਈ ਲੈ ਕੇ ਫਲਾਂ ਦੀ ਸਿਹਤਮੰਦ ਪੌਦ ਤਿਆਰ ਕਰਨ ਨੂੰ ਇੱਕ ਕਿਤੇ ਦੇ ਤੌਰ ’ਤੇ ਵੀ ਅਪਣਾਅ ਸਕਦੇ ਹਨ। ਫਲਦਾਰ ਬੂਟਿਆਂ ਦਾ ਨਸਲੀ ਵਾਧਾ ਕਰਨ ਦੇ ਮੁੱਖ ਪੰਜ ਢੰਗ ਹਨ:

1. ਬੀਜ ਰਾਹੀਂ 2. ਕਲਮਾਂ ਰਾਹੀਂ 3. ਦਾਬ ਰਾਹੀਂ 4. ਅੱਖ ਚਾੜ੍ਹ ਕੇ 5. ਪਿਉਂਦ ਰਾਹੀਂ।

ਬੀਜ ਰਾਹੀਂ: ਫਲਦਾਰ ਬੂਟਿਆਂ ਜਿਵੇਂ ਕਿ ਪਪੀਤਾ, ਫਾਲਸਾ ਅਤੇ ਜਾਮਨ ਦਾ ਜਿਨਸੀ ਵਾਧਾ ਬੀਜ ਦੁਆਰਾ ਹੀ ਕੀਤਾ ਜਾਂਦਾ ਹੈ। ਬੀਜ ਤੋਂ ਤਿਆਰ ਕੀਤੇ ਬੂਟਿਆਂ ਨੂੰ ਭਾਵੇਂ ਬਿਮਾਰੀ ਘੱਟ ਲਗਦੀ ਹੈ ਪਰ ਫਲ ਦੀ ਗੁਣਵੱਤਾ ਅਤੇ ਝਾੜ ’ਤੇ ਮਾੜਾ ਅਸਰ ਪੈਂਦਾ ਹੈ। ਪਰ ਜੜ੍ਹ-ਮੁੱਢ ਤਿਆਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਬੀਜ ਰਾਹੀਂ ਹੈ। ਬੀਜ ਨੂੰ ਬਿਜਾਈ ਤੋਂ ਪਹਿਲਾਂ 3.0 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ। ਪਪੀਤੇ ਦੀ ਪਨੀਰੀ ਜੁਲਾਈ ਦੇ ਦੂਜੇ ਹਫ਼ਤੇ ਤੋਂ ਸਤੰਬਰ ਦੇ ਤੀਜੇ ਹਫ਼ਤੇ 25 ਤੋਂ 10 ਸੈਂਟੀਮੀਟਰ ਆਕਾਰ ਦੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਤਿਆਰ ਕੀਤੀ ਜਾਂਦੀ ਹੈ। ਇਨ੍ਹਾਂ ਲਿਫਾਫਿਆਂ ਵਿੱਚ 8-10 ਛੇਕ ਕੀਤੇ ਜਾਂਦੇ ਹਨ ਤਾਂ ਕਿ ਵਾਧੂ ਪਾਣੀ ਬਾਹਰ ਨਿਕਲ ਆਵੇ। ਲਿਫਾਫਿਆਂ ਨੂੰ ਰੂੜੀ ਦੀ ਖਾਦ, ਮਿੱਟੀ ਅਤੇ ਰੇਤ ਦੀ ਬਰਾਬਰ ਮਾਤਰਾ ਵਿੱਚ ਮਿਲਾ ਕੇ ਭਰ ਲਉ।

ਕਲਮਾਂ ਰਾਹੀ: ਅੰਗੂਰ ਅਤੇ ਅਨਾਰ ਦਾ ਨਸਲੀ ਵਾਧਾ ਕਲਮਾਂ ਰਾਹੀਂ ਕੀਤਾ ਜਾਂਦਾ ਹੈ। ਕਲਮ 15-20 ਸੈਂਟੀਮੀਟਰ ਲੰਬੀ ਇੱਕ ਸਾਲ ਪੁਰਾਣੀ ਟਾਹਣੀ ਜੋ ਪੈਨਸਲ ਦੀ ਮੋਟਾਈ ਦੀ ਹੋਵੇ ਅਤੇ 3-5 ਅੱਖਾਂ ਵਾਲੀ ਬਣਾਉਣੀ ਚਾਹੀਦੀ ਹੈ। ਕਲਮ ਦਾ ਉਪਰਲਾ ਟੱਕ ਤਿਰਛਾ ਅਤੇ ਹੇਠਲਾ ਟੱਕ ਗੋਲ ਹੋਣਾ ਚਾਹੀਦਾ ਹੈ। ਕਲਮ ਦਾ ਇੱਕ ਤਿਹਾਈ ਹਿੱਸਾ ਜ਼ਮੀਨ ਤੋਂ ਉਪਰ ਹੋਣਾ ਚਾਹੀਦਾ ਹੈ ਅਤੇ ਬਾਕੀ ਜ਼ਮੀਨ ਦੇ ਥੱਲੇ। ਇੱਕ ਸਾਲ ਵਿੱਚ ਬੂਟਾ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦਾ ਹੈ।

ਵਾਯੂ ਦਾਬ/ਗੁੱਟੀ: ਇਸ ਢੰਗ ਨਾਲ ਲੀਚੀ ਦਾ ਵਾਧਾ ਕੀਤਾ ਜਾਂਦਾ ਹੈ। ਇੱਕ ਸਾਲ ਪੁਰਾਣੀ ਟਾਹਣੀ ਦੇ ਸਿਰੇ ਵੱਲੋਂ ਇੱਕ ਫੁੱਟ ਪਿੱਛੇ ਨੂੰ 2.5 ਸੈਂਟੀਮੀਟਰ ਗੋਲਾਈ ਵਿੱਚ ਛਿੱਲੜ ਉਤਾਰ ਦਿੱਤੀ ਜਾਂਦੀ ਹੈ। ਇਸ ਹਿੱਸੇ ਨੂੰ ਸਫੈਗਨਮ ਘਾਹ ਨਾਲ ਢੱਕ ਕੇ ਪੋਲੀਥੀਨ ਵਿੱਚ ਲਪੇਟ ਕੇ ਪਾਸਿਆਂ ਤੋਂ ਕੱਸ ਕੇ ਬੰਨ੍ਹ ਦਿੱਤਾ ਜਾਂਦਾ ਹੈ। 3-4 ਹਫ਼ਤਿਆਂ ਬਾਅਦ ਕੱਟੇ ਹਿੱਸੇ ’ਤੇ ਜੜ੍ਹਾਂ ਨਿਕਲ ਆਉਂਦੀਆਂ ਹਨ। ਇਸ ਟਾਹਣੀ ਨੂੰ ਬੂਟੇ ਤੋਂ ਅਲੱਗ ਕਰਕੇ ਨਰਸਰੀ ਵਿੱਚ ਲਗਾ ਦਿੱਤਾ ਜਾਂਦਾ ਹੈ। ਬਾਰਾਮਾਸੀ ਨਿੰਬੂ ਦੇ ਬੂਟੇ ਵੀ ਇਸ ਵਿਧੀ ਰਾਹੀਂ ਤਿਆਰ ਕੀਤੇ ਜਾ ਸਕਦੇ ਹਨ|

ਅੱਖ ਚਾੜ੍ਹਨੀ (ਬਡਿੰਗ):

ਟੀ-ਬਡਿੰਗ: ਇਸ ਵਿਧੀ ਦੁਆਰਾ ਕਿੰਨੂ, ਨਾਖ, ਆੜੂ ਅਤੇ ਬੇਰ ਦੇ ਬੂਟੇ ਵਪਾਰਕ ਪੱਧਰ ’ਤੇ ਤਿਆਰ ਕੀਤੇ ਜਾ ਸਕਦੇ ਹਨ। ਜਦੋਂ ਜੜ੍ਹ ਮੁੱਢ ਬੂਟਾ ਪੈਨਸਲ ਦੀ ਮੋਟਾਈ ਦਾ ਹੋ ਜਾਵੇ ਤਾਂ ਉਸ ਦੇ ਤਣੇ ਤੇ 20-25 ਸੈਟੀਮੀਟਰ ਦੀ ਉਚਾਈ ’ਤੇ ਚਾਕੂ ਨਾਲ ਛਿੱਲੜ ਵਿੱਚ ਟੀ-ਆਕਾਰ ਦਾ ਡੂੰਘਾ ਟੱਕ ਦਿੱਤਾ ਜਾਂਦਾ ਹੈ। ਫਿਰ 2.5 ਤੋਂ 3.0 ਸੈਂਟੀਮੀਟਰ ਆਕਾਰ ਦੀ ਅੱਖ ਸਣੇ ਛਿਲਕਾ ਉਤਾਰ ਕੇ ਜੜ੍ਹ-ਮੁੱਢ ਵਿੱਚ ਕੀਤੇ ਟੱਕ ਵਿੱਚ ਫਸਾ ਕੇ ਪੋਲੀਥੀਨ ਸ਼ੀਟ ਨਾਲ ਕੱਸ ਕੇ ਬੰਨ੍ਹ ਦਿੱਤਾ ਜਾਂਦਾ ਹੈ ਪ੍ਰੰਤੂ ਅੱਖ ਨੰਗੀ ਰੱਖੀ ਜਾਂਦੀ ਹੈ। ਜਦੋਂ ਨਵੀਂ ਸ਼ਾਖ 15-20 ਸੈਂਟੀਮੀਟਰ ਦੀ ਹੋ ਜਾਵੇ ਤਾਂ ਪੱਟੀ ਖੋਲ੍ਹ ਦਿੱਤੀ ਜਾਂਦੀ ਹੈ। ਇਸ ਸ਼ਾਖ ਦੇ ਨਾਲ ਵਧ ਰਹੇ ਜੜ੍ਹ ਪੌਦੇ ਦਾ ਪਿਉਂਦ ਤੋਂ ਉਪਰਲਾ ਹਿੱਸਾ ਕੱਟ ਦਿੱਤਾ ਜਾਂਦਾ ਹੈ। ਇੱਕ ਸਾਲ ਵਿੱਚ ਬੂਟੇ ਖੇਤ ਵਿੱਚ ਲਗਾਉਣ ਯੋਗ ਹੋ ਜਾਂਦੇ ਹਨ।

ਪੈਚ-ਬਡਿੰਗ: ਅਮੂਰਦ ਦੇ ਬੂਟੇ ਇਸ ਵਿਧੀ ਦੁਆਰਾ ਤਿਆਰ ਕੀਤੇ ਜਾਂਦੇ ਹਨ। ਪਿੱਤਰ ਬੂਟਿਆਂ ਦੀ ਸ਼ਾਖ ’ਤੇ ਇੱਕ ਆਇਤਕਾਰ ਛਿੱਲੜ ਦਾ ਟੁਕੜਾ ਅੱਖ ਸਣੇ ਚਾਕੂ ਦੀ ਮਦਦ ਨਾਲ ਉਤਾਰ ਦਿੱਤਾ ਜਾਂਦਾ ਹੈ। ਜੜ੍ਹ-ਮੁੱਢ ਦੀ 20 ਤੋਂ 25 ਸੈਂਟੀਮੀਟਰ ਦੀ ਉੱਚਾਈ ’ਤੇ ਉਸੇ ਆਕਾਰ ਦਾ ਛਿੱਲੜ ਉਤਾਰ ਕੇ ਅੱਖ ਵਾਲਾ ਛਿੱਲੜ ਦਾ ਟੁਕੜਾ ਉੱਥੇ ਜੋੜ ਦਿੱਤਾ ਜਾਂਦਾ ਹੈ। ਅੱਖ ਦਾ ਮੂੰਹ ਨੰਗਾ ਰੱਖ ਕੇ ਜੋੜ ਨੂੰ ਪੋਲੀਥੀਨ ਦੀ ਪੱਟੀ ਨਾਲ ਲਪੇਟ ਦਿੱਤਾ ਜਾਂਦਾ ਹੈ। 20 ਤੋਂ 25 ਦਿਨਾਂ ਬਾਅਦ ਪੁਰਾਣੀ ਸ਼ਾਖ ਨੂੰ ਜੋੜ ਨੇੜਿਓਂ ਕੱਟ ਦਿੱਤਾ ਜਾਂਦਾ ਹੈ। ਆਉੁਂਦੀ ਰੁੱਤੇ ਬੂਟੇ ਤਿਆਰ ਹੋ ਜਾਂਦੇ ਹਨ।

ਪਿਉਂਦੀ-ਢੰਗ (ਗ੍ਰਾਫਟਿੰਗ)

ਜੀਭ ਗ੍ਰਾਫਟਿੰਗ: ਇਸ ਵਿਧੀ ਦੁਆਰਾ ਆੜੂ, ਨਾਖ ਅਤੇ ਅਲੂਚੇ ਦਾ ਵਾਧਾ ਕੀਤਾ ਜਾ ਸਕਦਾ ਹੈ। ਮੁੱਢ ਤੇ ਸ਼ਾਖ ਉੱਤੇ ਜੀਭ ਤਰ੍ਹਾਂ ਦਾ ਕੱਟ ਲਗਾ ਕੇ ਇਨ੍ਹਾਂ ਨੂੰ ਆਪਸ ਵਿੱਚ ਮਿਲਾ ਦਿੱਤਾ ਜਾਂਦਾ ਹੈ। ਫਰਵਰੀ-ਮਾਰਚ ਵਿੱਚ ਨਵੀਆ ਸ਼ਾਖਾਂ ਨਿਕਲ ਆਉਂਦੀਆਂ ਹਨ ਤੇ ਆਉਂਦੀਆਂ ਸਰਦੀਆਂ ਵਿੱਚ ਬੂਟੇ ਨੂੰ ਖੇਤ ਵਿੱਚ ਲਗਾ ਦਿੱਤਾ ਜਾਂਦਾ ਹੈ।

ਸਾਈਡ ਗ੍ਰਾਫਟਿੰਗ: ਵਪਾਰਕ ਪੱਧਰ ’ਤੇ ਅੰਬ ਦੇ ਬੂਟੇ ਤਿਆਰ ਕਰਨ ਲਈ ਇਹ ਤਰੀਕਾ ਬਹੁਤ ਵਧੀਆ ਹੈ। ਅਗਸਤ ਦੇ ਮਹੀਨੇ ਦੇਸੀ ਅੰਬ ਦੀਆਂ ਗਿਟਕਾਂ ਬੀਜ ਦਿੱਤੀਆਂ ਜਾਂਦੀਆਂ ਹਨ। ਜਦੋਂ ਬੂਟੇ ਪੈਨਸਿਲ ਦੀ ਮੋਟਾਈ ਦੇ ਹੋ ਜਾਣ ਤਾਂ ਬੂਟੇ ਪਿਉਂਦ ਕਰਨ ਦੇ ਯੋਗ ਹੋ ਜਾਂਦੇ ਹਨ। ਪਿਉਂਦ ਕਰਨ ਲਈ ਬੂਟਿਆਂ ਦੀਆਂ ਤਿੰਨ ਮਹੀਨੇ ਦੀਆਂ ਸ਼ਾਖਾਂ ਤੋਂ ਪਿਉਂਦ ਕਰਨ ਤੋਂ ਇੱਕ ਹਫ਼ਤਾ ਪਹਿਲਾਂ ਪੱਤੇ ਕੱਟ ਦਿੱਤੇ ਜਾਂਦੇ ਹਨ ਜਦੋਂਕਿ ਉਨ੍ਹਾਂ ਦੀਆਂ ਡੰਡੀਆਂ ਸ਼ਾਖਾਂ ਨਾਲ ਰਹਿੰਦੀਆਂ ਹਨ। ਇਸ ਤੋਂ ਹਫ਼ਤੇ ਮਗਰੋਂ ਸ਼ਾਖ ਦੀ ਉਪਰਲੀ ਅੱਖ ਫੁੱਟ ਜਾਂਦੀ ਹੈ। ਰੱਖੀਆਂ ਹੋਈਆਂ ਡੰਡੀਆਂ ਹੱਥ ਲਗਾਉਣ ਨਾਲ ਝੜ ਜਾਂਦੀਆਂ ਹਨ। ਇਸ ਤਰ੍ਹਾਂ ਤਿਆਰ ਕੀਤੀਆਂ ਸ਼ਾਖਾਂ ਨੂੰ 8 ਤੋਂ 10 ਸੈਂਟੀਮੀਟਰ ਦੀ ਲੰਬਾਈ ’ਤੇ ਕੱਟ ਲੈਂਦੇ ਹਾਂ ਤੇ ਚਾਕੂ ਦੀ ਮਦਦ ਨਾਲ ਇਸ ਦੇ ਹੇਠਲੇ ਸਿਰੇ ਨੂੰ ਕਲਮ ਵਾਂਗ ਘੜ੍ਹ ਲਿਆ ਜਾਂਦਾ ਹੈ। ਫਿਰ ਦੇਸੀ ਪੌਦੇ ’ਤੇ 20-25 ਸੈਂਟੀਮੀਟਰ ਦੀ ਉਚਾਈ ’ਤੇ ਚਾਕੂ ਦੀ ਮਦਦ ਨਾਲ ਇੱਕ ਬਰਾਬਰ ਦੇ ਆਕਾਰ ਦਾ ਪੈਚ ਲੱਕੜ ਸਣੇ ਉਤਾਰ ਲੈਂਦੇ ਹਨ ਅਤੇ ਉਸ ਥਾਂ ਤਿਆਰ ਕੀਤੀ ਕਲਮ ਨੂੰ ਫਿੱਟ ਕਰ ਦਿੱਤਾ ਜਾਂਦਾ ਹੈ ਅਤੇ ਪੌਲੀਥੀਨ ਦੀ ਪੱਟੀ ਦੁਆਰਾ ਲਪੇਟ ਦਿੱਤਾ ਜਾਂਦਾ ਹੈ। ਜਦੋਂ ਨਵੀਂ ਸ਼ਾਖ 15-20 ਸੈਂਟੀਮੀਟਰ ਵਧ ਜਾਵੇ ਤਾਂ ਦੇਸੀ ਪੌਦੇ ਨੂੰ ਪਿਉਂਦ ਉਪਰੋਂ ਕੱਟ ਦਿੱਤਾ ਜਾਂਦਾ ਹੈ।

ਫਾਨਾ ਪਿਉਂਦ: ਅਮਰੂਦ ਦੇ ਬੂਟੇ ਫਾਨਾ ਪਿਉਂਦ ਨਾਲ ਵੀ ਤਿਆਰ ਕੀਤੇ ਜਾ ਸਕਦੇ ਹਨ। ਇਸ ਵਿਧੀ ਰਾਹੀਂ ਬੀਜ ਨੂੰ ਸਿੱਧੇ ਪੌਲੀਥੀਨ ਦੇ ਲਿਫ਼ਾਫਿਆਂ ਵਿੱਚ ਬੀਜ ਕੇ ਫਰਵਰੀ ਵਿੱਚ ਜਦੋਂ ਜੜ੍ਹ-ਮੁੱਢ 2.5 ਤੋਂ 3.5 ਸੈਂਟੀਮੀਟਰ ਮੋਟਾਈ ਦੇ ਹੋ ਜਾਣ ਤਾਂ ਫਾਨਾ ਪਿਉਂਦ ਕਰ ਦਿੱਤੀ ਜਾਂਦੀ ਹੈ। ਪਿਉਂਦ ਕਰਨ ਤੋਂ 8 ਤੋਂ 10 ਦਿਨ ਪਹਿਲਾਂ ਅੱਖਾਂ ਵਾਲੀ ਟਾਹਣੀ ਤੋਂ ਸਾਰੇ ਪੱਤੇ ਤੋੜ ਦੇਣੇ ਚਾਹੀਦੇ ਹਨ। ਨਮੀ ਬਰਕਰਾਰ ਰੱਖਣ ਲਈ ਪਿਉਂਦ ਨੂੰ ਤੁਰੰਤ ਚਿੱਟੀ ਪੌਲੀਥੀਨ ਟਿਊਬ ਨਾਲ ਢੱਕ ਦੇਣਾ ਚਾਹੀਦਾ ਹੈ ਅਤੇ ਅੱਖ ਫੁੱਟਣ ਤੋਂ ਤੁਰੰਤ ਬਾਅਦ ਉਤਾਰ ਦੇਣਾ ਚਾਹੀਦਾ ਹੈ। ਇਸ ਵਿਧੀ ਰਾਹੀਂ ਅੰਬ ਦੇ ਬੂਟੇ ਸੁਰੱਖਿਅਤ ਹਾਲਤਾਂ (ਪੌਲੀਹਾਊਸ) ਵਿੱਚ ਅਖੀਰ ਜੁਲਾਈ ਤੋਂ ਅਖੀਰ ਅਗਸਤ ਵਿੱਚ ਤਿਆਰ ਕੀਤੇ ਜਾ ਸਕਦੇ ਹਨ। ਪਿਉਂਦ ਕਰਨ ਤੋਂ 8 ਤੋਂ 10 ਦਿਨ ਪਹਿਲਾਂ ਅੱਖਾਂ ਵਾਲੀ ਟਾਹਣੀ ਤੋਂ ਸਾਰੇ ਪੱਤੇ, ਡੰਡੀਆਂ ਛੱਡ ਕੇ ਕੱਟ ਦੇਣੇ ਚਾਹੀਦੇ ਹਨ।

ਸਿਖਲਾਈ ਅਤੇ ਸਵੈ-ਰੁਜ਼ਗਾਰ: ਕੇਵਲ ਉਪੋਰਕਤ ਜਾਣਕਾਰੀ ਨੂੰ ਪੜ੍ਹ ਕੇ ਹੀ ਫਲਾਂ ਦੀ ਪੌਦ ਠੀਕ ਤਰ੍ਹਾਂ ਨਾਲ ਤਿਆਰ ਨਹੀਂ ਕੀਤੀ ਜਾ ਸਕਦੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਸਥਪਿਤ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ਤੋਂ ਸਿਖਲਾਈ ਲੈ ਕੇ ਬਹੁਤ ਸਾਰੇ ਕਿਸਾਨ ਵੀਰ ਵੱਖ-ਵੱਖ ਧੰਦਿਆਂ ਵਿੱਚ ਆਪਣਾ ਨਾਂ ਰੌਸ਼ਨ ਕਰ ਚੁੱਕੇ ਹਨ। ਜਿੰਦਰ ਸਿੰਘ, ਪਿੰਡ ਸੰਧੂਆਂ, ਜ਼ਿਲ੍ਹਾ ਰੋਪੜ ਨੂੰ ਸਤੰਬਰ 2009 ਵਿੱਚ ਕਿਸਾਨ ਮੇਲੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਛੋਟੇ ਕਿਸਾਨਾਂ ਦੀ ਸ਼ੇ੍ਣੀ ਵਿੱਚ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਨਾਲ ਸਨਮਾਨ ਮਿਲ ਚੁੱਕਾ ਹੈ। ਇਸੇ ਤਰ੍ਹਾਂ ਹੀ ਅਗਾਂਹਵਾਧੂ ਕਿਸਾਨ ਗੁਰਦਿੱਤ ਸਿੰਘ, ਪਿੰਡ ਰਸੀਦਪੁਰ, ਜ਼ਿਲ੍ਹਾ ਰੋਪੜ ਵੱਲੋਂ ਫਲਦਾਰ ਬੂਟਿਆਂ ਦੀ ਨਰਸਰੀ ਪੈਦਾ ਕਰਨ ਦੀ ਸਿਖਲਾਈ ਲੈ ਕੇ ਅੰਬਾਂ ਦੇ ਪਿਉਂਦੀ ਬੂਟੇ ਤਿਆਰ ਕੀਤੇ ਜਾਂਦੇ ਹਨ। ਵਪਾਰਕ ਪੱਧਰ ’ਤੇ ਫਲਾਂ ਦੀ ਨਰਸਰੀ ਸ਼ੁਰੂ ਕਰਨ ਲਈ ਉਸ ਨੇ ਅਪਣੇ ਫਾਰਮ ਵਿੱਚ ਅੰਬਾਂ ਦੀਆਂ ਵੱਖ-ਵੱਖ ਕਿਸਮਾਂ ਲਗਾ ਦਿੱਤੀਆਂ ਹਨ। ਬਾਗ਼ਬਾਨੀ ਲਈ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਲਈ ਸਬੰਧਿਤ ਬਲਾਕ ਦੇ ਬਾਗ਼ਬਾਨੀ ਵਿਕਾਸ ਅਫ਼ਸਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।