
ਸਰਦੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ਦਾ ਵੇਲਾ

ਅਕਤੂਬਰ ਦੇ ਮਹੀਨੇ ਮੌਸਮ ਸੁਹਾਵਣਾ ਹੋ ਜਾਂਦਾ ਹੈ। ਇਸ ਮਹੀਨੇ ਜਿੱਥੇ ਤੁਸੀਂ ਸਾਉਣੀ ਦੀਆਂ ਫ਼ਸਲਾਂ ਵਿਸ਼ੇਸ਼ ਕਰਕੇ ਝੋਨੇ ਦੀ ਵਾਢੀ ਕਰਨੀ ਹੈ ਤੇ ਮੰਡੀ ਵਿੱਚ ਲਿਜਾ ਕੇ ਵੇਚਣਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਵੀ ਕਰਨੀ ਹੈ। ਝੋਨੇ ਦੀਆਂ ਜਦੋਂ ਮੰਜਰਾਂ ਪੱਕ ਜਾਣ ਅਤੇ ਪਰਾਲੀ ਪੀਲੀ ਪੈ ਜਾਵੇ ਤਾਂ ਝੋਨੇ ਦੀ ਵਾਢੀ ਕਰ ਲੈਣੀ ਚਾਹੀਦੀ ਹੈ। ਜੇ ਵਾਢੀ ਹੱਥੀਂ ਕਰਨੀ ਹੈ ਤਾਂ ਇਸ ਦੀ ਝੜਾਈ ਉਸੇ ਦਿਨ ਕਰ ਲਵੋ। ਬੀਜ ਲਈ ਰੱਖਣ ਵਾਲੇ ਖੇਤ ਵੱਲ ਵਿਸ਼ੇਸ਼ ਧਿਆਣ ਦੇਣ ਦੀ ਲੋੜ ਹੈ। ਉਸੇ ਖੇਤ ਦੀ ਉਪਜ ਬੀਜ ਲਈ ਰੱਖੀ ਜਾਵੇ ਜੋ ਭਾਰੀ ਹੋਵੇ ਅਤੇ ਕਿਸੇ ਵੀ ਬਿਮਾਰੀ ਦੇ ਹਮਲੇ ਤੋਂ ਮੁਕਤ ਹੋਵੇ। ਖੇਤ ਵਿੱਚੋਂ ਨਦੀਨਾਂ ਦੇ ਜਾਂ ਮਾੜੇ ਬਿਮਾਰ ਬੂਟੇ ਪੁੱਟ ਦੇਵੋ। ਇਸ ਖੇਤ ਦੀ ਫ਼ਸਲ ਵੱਖਰੀ ਰੱਖੋ। ਦਾਣਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਢੋਲਾਂ ਵਿੱਚ ਭਰੋ। ਕੰਬਾਈਨ ਨਾਲ ਵੱਢੀ ਫ਼ਸਲ ਦੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ। ਇਸ ਨੂੰ ਖੇਤ ਵਿੱਚ ਹੀ ਖੜ੍ਹੀ ਰਹਿਣ ਦੇਵੋ ਤੇ ਬਿਨ੍ਹਾਂ ਖੇਤ ਨੂੰ ਤਿਆਰ ਕੀਤਿਆਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਦੇਵੋ। ਇੰਝ ਬਿਜਾਈ ਵੀ ਸਮੇਂ ਸਿਰ ਹੋਣ ਦੇ ਨਾਲ ਨਾਲ ਪਾਣੀ ਦੀ ਵੀ ਬੱਚਤ ਹੋਵੇਗੀ ਤੇ ਨਦੀਨ ਵੀ ਘੱਟ ਉਗਣਗੇ। ਕੋਸ਼ਿਸ਼ ਕਰੋ ਕਿ ਝੋਨੇ ਦੀ ਵਾਢੀ ਉਸ ਕੰਬਾਈਨ ਤੋਂ ਕਰਵਾਉ ਜਿਸ ਪਿੱਛੇ ਸੁਪਰ ਐੱਸਐੱਮਐੱਸ ਲੱਗਿਆ ਹੋਵੇ। ਪਰਾਲੀ ਉੱਤੇ ਖੁੰਬਾਂ ਵੀ ਉਗਾਈਆਂ ਜਾ ਸਕਦੀਆਂ ਹਨ।
ਮੱਕੀ ਵੀ ਹੁਣ ਪੱਕ ਗਈ ਹੋਵੇਗੀ। ਜਦੋਂ ਛੱਲੀਆਂ ਦੇ ਪਰਦਿਆਂ ਦਾ ਰੰਗ ਸੁੱਕ ਕੇ ਭੂਰਾ ਹੋ ਜਾਵੇ ਤਾਂ ਮੱਕੀ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਹੁਣ ਛੱਲੀਆਂ ਨੂੰ ਪਰਦਿਆਂ ਵਿੱਚੋਂ ਕੱਢ ਮੁੜ ਡੰਡਿਆਂ ਨਾਲ ਕੁੱਟ ਕੇ ਦਾਣੇ ਅੱਡ ਕਰਨ ਦੀ ਲੋੜ ਨਹੀਂ ਹੈ, ਸਗੋਂ ਮਸ਼ੀਨਾਂ ਸਾਰਾ ਕੰਮ ਆਪ ਹੀ ਕਰ ਦਿੰਦੀਆਂ ਹਨ। ਮੱਕੀ ਨੂੰ ਮੰਡੀ ਵਿੱਚ ਸੁਕਾ ਕੇ ਲਿਜਾਣਾ ਚਾਹੀਦਾ ਹੈ। ਦਾਣਿਆਂ ਵਿੱਚ 15 ਪ੍ਰਤੀਸ਼ਤ ਤੋਂ ਵੱਧ ਨਮੀਂ ਨਹੀਂ ਹੋਣੀ ਚਾਹੀਦੀ।
ਆਲੂਆਂ ਦੀ ਬਿਜਾਈ ਲਈ ਹੁਣ ਢੁੱਕਵਾਂ ਸਮਾਂ ਹੈ। ਬੀਜ ਹਮੇਸ਼ਾ ਰੋਗ ਰਹਿਤ, ਨਰੋਆ ਅਤੇ ਸਿਫ਼ਾਰਿਸ਼ ਕੀਤੀ ਕਿਸਮ ਦਾ ਹੀ ਪਾਇਆ ਜਾਵੇ। ਸਰਦੀਆਂ ਦੀਆਂ ਸਾਰੀਆਂ ਸਬਜ਼ੀਆਂ ਦੀ ਕਾਸ਼ਤ ਲਈ ਇਹ ਢੁੱਕਵਾਂ ਸਮਾਂ ਹੈ। ਆਲੂਆਂ ਪਿੱਛੋਂ ਪੰਜਾਬ ਵਿੱਚ ਸਭ ਤੋਂ ਵੱਧ ਰਕਬਾ ਮਟਰਾਂ ਹੇਠ ਹੈ। ਇਨ੍ਹਾਂ ਦੀ ਕਾਸ਼ਤ ਕੋਈ 34,000 ਹੈਕਟੇਅਰ ਵਿੱਚ ਕੀਤੀ ਜਾਂਦੀ ਹੈ। ਅਗੇਤੇ ਮਟਰਾਂ ਦੀ ਬਿਜਾਈ ਦਾ ਸਮਾਂ ਆ ਗਿਆ ਹੈ। ਅਗੇਤੀ ਬਿਜਾਈ ਲਈ ਮਟਰ ਅਗੇਤਾ-7, ਮਟਰ ਅਗੇਤਾ-6, ਅਰਕਲ ਅਤੇ ਏ ਪੀ-3 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਦਾ ਪ੍ਰਤੀ ਏਕੜ 45 ਕਿਲੋ ਬੀਜ ਪਾਇਆ ਜਾਵੇ। ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜੋਬੀਅਮ ਦਾ ਟੀਕਾ ਜ਼ਰੂਰ ਲਗਾਇਆ ਜਾਵੇ।
ਬੰਦ ਗੋਭੀ ਦੀ ਪਨੀਰੀ ਪੁੱਟ ਕੇ ਲਗਾਉਣ ਲਈ ਵੀ ਇਹ ਢੁਕਵਾਂ ਸਮਾਂ ਹੈ। ਚੀਨੀ ਬੰਦਗੋਭੀ ਦੀ ਵਰਤੋਂ ਸਾਗ ਲਈ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਲਈ ਵੀ ਹੁਣ ਢੁੱਕਵਾਂ ਸਮਾਂ ਹੈ। ਸਾਗ ਸਰ੍ਹੋਂ ਅਤੇ ਚੀਨੀ ਸਰ੍ਹੋਂ-1 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਨ੍ਹਾਂ ਤੋਂ ਸਾਗ ਲਈ ਕਈ ਕਟਾਈਆਂ ਪ੍ਰਾਪਤ ਹੋ ਜਾਂਦੀਆਂ ਹਨ। ਇੱਕ ਏਕੜ ਦੀ ਬਿਜਾਈ ਲਈ ਇੱਕ ਕਿਲੋ ਬੀਜ ਚਾਹੀਦਾ ਹੈ। ਮੇਥੀ ਬੀਜਣ ਲਈ ਹੁਣ ਢੁਕਵਾਂ ਸਮਾਂ ਹੈ। ਕਸੂਰੀ ਮੇਥੀ ਨੂੰ ਵਧੇਰੇ ਪਸੰਦ ਕੀਤਾ ਜਾਂਦਾ ਹੈ। ਕਸੂਰੀ ਸੁਪਰੀਮ ਸਿਫ਼ਾਰਸ਼ ਕੀਤੀ ਗਈ ਕਿਸਮ ਹੈ। ਇਸ ਦੀਆਂ ਤਿੰਨ ਕਟਾਈਆਂ ਲਈਆਂ ਜਾ ਸਕਦੀਆਂ ਹਨ। ਪਹਿਲੀ ਕਟਾਈ ਬਿਜਾਈ ਤੋਂ 42 ਕੁ ਦਿਨਾਂ ਪਿਛੋਂ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ 10 ਕਿਲੋ ਬੀਜ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ 2.5 ਗ੍ਰਾਮ ਥੀਰਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਸੋਧ ਲਵੋ। ਇਸ ਵਾਰ ਘਰ ਦੀ ਵਰਤੋਂ ਲਈ ਘੱਟੋ ਘੱਟ ਇੱਕ ਕਿਆਰੀ ਵਿਚ ਇਸ ਦੀ ਬਿਜਾਈ ਕਰੋ। ਬਿਜਾਈ ਸਮੇਂ ਸਿਆੜਾਂ ਵਿਚਕਾਰ 20 ਸੈ.ਮੀਟਰ ਫ਼ਾਸਲਾ ਰੱਖਿਆ ਜਾਵੇ। ਚੰਗਾ ਝਾੜ ਲੈਣ ਲਈ 30 ਕਿਲੋ ਯੂਰੀਆ ਬਿਜਾਈ ਸਮੇਂ ਪਾਵੋ। ਹਰੇਕ ਕਟਾਈ ਪਿਛੋਂ 15 ਕੁ ਕਿਲੋ ਯੂਰੀਆ ਪ੍ਰਤੀ ਏਕੜ ਪਾ ਦੇਣਾ ਚਾਹੀਦਾ ਹੈ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਤਿੰਨ ਹਫ਼ਤਿਆਂ ਪਿਛੋਂ ਇੱਕ ਗੋਡੀ ਕਰੋ। ਜੇਕਰ ਲੋੜ ਹੋਵੇ ਤਾਂ ਛੇ ਹਫ਼ਤਿਆਂ ਪਿਛੋਂ ਦੂਜੀ ਗੋਡੀ ਕੀਤੀ ਜਾਵੇ ।
ਧਨੀਆ ਇੱਕ ਹੋਰ ਛੋਟੀ ਪਰ ਮਹੱਤਵਪੂਰਨ ਫ਼ਸਲ ਹੈ ਜਿਸਦੇ ਦਾਣਿਆਂ ਨੂੰ ਪੀਸ ਕੇ ਗਰਮ ਮਸਾਲੇ ਦੇ ਰੂਪ ਵਿੱਚ ਹਰੇਕ ਦਾਲ ਸਬਜ਼ੀ ਵਿੱਚ ਪਾਇਆ ਜਾਂਦਾ ਹੈ। ਦਾਲ ਸਬਜ਼ੀ ਨੂੰ ਸੁਆਦੀ ਬਣਾਉਣ ਲਈ ਇਸਦੇ ਹਰੇ ਪੱਤੇ ਵੀ ਵਰਤੇ ਜਾਂਦੇ ਹਨ। ਬਹੁਤੇ ਕਿਸਾਨ ਧਨੀਆਂ ਬਜ਼ਾਰੋਂ ਹੀ ਮੁੱਲ ਲੈਂਦੇ ਹਨ। ਆਪਣੇ ਖੇਤ ਵਿੱਚ ਤਿਆਰ ਕੀਤੇ ਧਨੀਏ ਦੀ ਮਹਿਕ ਅਤੇ ਸੁਆਦ ਨਿਵੇਕਲਾ ਹੁੰਦਾ ਹੈ। ਇਸ ਵਾਰ ਘਰ ਦੀ ਵਰਤੋਂ ਲਈ ਕੁਝ ਰਕਬੇ ਵਿਚ ਧਨੀਆ ਜਰੂਰ ਬੀਜਿਆ ਜਾਵੇ। ‘ਪੰਜਾਬ ਸੁਗੰਧ’ ਸਿਫ਼ਾਰਸ਼ ਕੀਤੀ ਗਈ ਕਿਸਮ ਹੈ। ਇਸ ਦਾ ਕੋਈ 9 ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ ।
ਗਾਜਰ, ਸ਼ਲਗਮ ਤੇ ਮੂਲੀਆਂ ਦੀ ਬਿਜਾਈ ਲਈ ਵੀ ਇਹ ਢੁਕਵਾਂ ਸਮਾਂ ਹੈ। ਪੰਜਾਬ ਕੈਰਟ ਰੈੱਡ, ਪੰਜਾਬ ਬਲੈਕ ਬਿਊਟੀ ਅਤੇ ਪੀ ਸੀ-34 ਗਾਜਰਾਂ ਦੀਆਂ ਉੱਨਤ ਕਿਸਮਾਂ ਹਨ। ਇੱਕ ਏਕੜ ਲਈ ਚਾਰ ਕਿਲੋ ਬੀਜ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 45 ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਕੋਈ 90 ਦਿਨਾਂ ਪਿੱਛੋਂ ਇਨ੍ਹਾਂ ਦੀ ਪੁਟਾਈ ਕੀਤੀ ਜਾ ਸਕਦੀ ਹੈ। ਐੱਲ-1 ਸ਼ਲਗਮ ਦੀ ਸਿਫ਼ਾਰਸ਼ ਕੀਤੀ ਕਿਸਮ ਹੈ। ਇਹ ਕੋਈ 50 ਦਿਨਾਂ ਵਿੱਚ ਪੁੱਟਣ ਲਈ ਤਿਆਰ ਹੋ ਜਾਂਦੀ ਹੈ ਤੇ 100 ਕੁਇੰਟਲ ਤੋਂ ਵੱਧ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ। ਇਸ ਦਾ ਇਕ ਏਕੜ ਲਈ ਦੋ ਕਿਲੋ ਬੀਜ ਚਾਹੀਦਾ ਹੈ। ਮੂਲੀਆਂ ਦੀ ਹੁਣ ਬਿਜਾਈ ਕਰਨ ਲਈ ਪੰਜਾਬ ਸਫ਼ੈਦ ਮੂਲੀ-2, ਪੰਜਾਬ ਪਸੰਦ ਜਾਂ ਜਪਾਨੀ ਵਾਈਟ ਕਿਸਮਾਂ ਦੀ ਬਿਜਾਈ ਕਰੋ। ਇੱਕ ਏਕੜ ਲਈ ਚਾਰ ਕਿਲੋ ਬੀਜ ਚਾਹੀਦਾ ਹੈ।
ਘਰ ਦੀ ਵਰਤੋਂ ਲਈ ਇੱਕ ਕਿਆਰੀ ਪਾਲਕ ਦੀ ਵੀ ਜ਼ਰੂਰ ਬੀਜ ਲੈਣੀ ਚਾਹੀਦੀ ਹੈ। ਪਾਲਕ ਖ਼ੁਰਾਕੀ ਤੱਤਾਂ ਨਾਲ ਭਰਪੂਰ ਹੁੰਦੀ ਹੈ। ਪੰਜਾਬ ਗ੍ਰੀਨ ਸਿਫ਼ਾਰਸ਼ ਕੀਤੀ ਕਿਸਮ ਹੈ। ਇੱਕ ਏਕੜ ਲਈ ਪੰਜ ਕਿਲੋ ਬੀਜ ਚਾਹੀਦਾ ਹੈ। ਬਿਜਾਈ ਤੋਂ ਇੱਕ ਮਹੀਨੇ ਪਿਛੋਂ ਕਟਾਈ ਕੀਤੀ ਜਾ ਸਕਦੀ ਹੈ। ਘਰ ਬਗ਼ੀਚੀ ਲਈ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਬਾਗ਼ਬਾਨੀ ਵਿਭਾਗ ਤੋਂ ਪ੍ਰਾਪਤ ਕਰ ਕੀਤੀ ਜਾ ਸਕਦੀ ਹੈ। ਇਸ ਕਿੱਟ ਵਿੱਚ ਸਾਰੀਆਂ ਸਬਜ਼ੀਆਂ ਦੇ ਬੀਜ ਹੁੰਦੇ ਹਨ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.