Update Details

1225-p.jpg
Posted by ਬੂਟਾ ਸਿੰਘ ਰੋਮਾਣਾ ਅਤੇ ਡਾ. ਅਜਮੇਰ ਸਿੰਘ ਢੱਟ* *ਦੋਵੇਂ ਮਾਹਿਰ ਪੀਏਯੂ ਨਾਲ ਸਬੰਧਿਤ ਹਨ।
2018-08-27 13:04:40

ਸਾਉਣੀ ਰੁੱਤ ਦੇ ਪਿਆਜ਼ ਦੀ ਸਫ਼ਲ ਕਾਸ਼ਤ

ਪਿਆਜ਼ ਸਾਡੀ ਖ਼ੁਰਾਕ ਦਾ ਜ਼ਰੂਰੀ ਹਿੱਸਾ ਹੋਣ ਕਰਕੇ ਸ਼ਬਜੀਆਂ ਦੀ ਕਾਸ਼ਤ ਵਿੱਚ ਇਸ ਦਾ ਅਹਿਮ ਸਥਾਨ ਹੈ। ਭਾਰਤ ਦੁਨੀਆਂ ਦਾ ਪਿਆਜ਼ ਪੈਦਾ ਕਰਨ ਵਾਲਾ ਦੂਜਾ ਵੱਡਾ ਦੇਸ਼ ਹੈ, ਜਿੱਥੇ 12.7 ਲੱਖ ਹੈਕਟੇਅਰ ਵਿੱਚ ਕਾਸ਼ਤ ਕਰਕੇ 215.6 ਲੱਖ ਮੀਟਰਿਕ ਟਨ ਪੈਦਾਵਾਰ ਅਤੇ 17.0 ਮੀਟਰਿਕ ਟਨ ਪ੍ਰਤੀ ਹੈਕਟੇਅਰ ਝਾੜ ਲਿਆ ਜਾਂਦਾ ਹੈ। ਪੰਜਾਬ ਵਿੱਚ 8.47 ਹਜ਼ਾਰ ਹੈਕਟੇਅਰ ਵਿੱਚ ਪਿਆਜ਼ ਬੀਜਿਆ ਜਾਂਦਾ ਹੈ ਅਤੇ 23.0 ਮੀਟਰਿਕ ਟਨ ਪ੍ਰਤੀ ਹੈਕਟੇਅਰ ਔਸਤ ਝਾੜ ਹੋ ਜਾਂਦਾ ਹੈ। ਪੰਜਾਬ ਵਿੱਚ ਸੁਚੱਜਾ ਸੰਚਾਈ ਢਾਂਚਾ, ਉਪਜਾਊ ਜ਼ਮੀਨ ਅਤੇ ਮੌਸਮ ਦੀਆਂ ਅਨੁਕੁਲ ਹਾਲਤਾਂ ਹੋਣ ਕਰਕੇ ਇਸ ਦੀ ਚੰਗੀ ਪੈਦਾਵਾਰ ਕੀਤੀ ਜਾਂਦੀ ਹੈ। ਦੇਸ ਦੇ ਦੱਖਣ ਪੱਛਮੀ ਭਾਗਾਂ ਵਿੱਚ ਪਿਆਜ਼ ਦੀਆਂ ਤਿੰਨ ਫ਼ਸਲਾਂ ਜਿਵੇਂ ਹਾੜ੍ਹੀ, ਸਾਉਣੀ ਅਤੇ ਪਿਛੇਤੀ ਸਾਉਣੀ ਪੈਦਾ ਕੀਤੀਆਂ ਜਾਂਦੀਆਂ ਹਨ, ਪਰ ਉੱੱਤਰ ਪੱਛਮੀ ਭਾਰਤ ਵਿੱਚ ਹਾੜ੍ਹੀ ਅਤੇ ਸਾਉਣੀ ਦੇ ਪਿਆਜ਼ ਦੀ ਹੀ ਕਾਸ਼ਤ ਕੀਤੀ ਜਾਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਾਰਾ ਸਾਲ ਪਿਆਜ਼ ਦੀ ਪੂਰਤੀ ਲਈ ਹਾੜ੍ਹੀ ਅਤੇ ਸਾਉਣੀ ਦੇ ਮੌਸਮ ਵਿੱਚ ਪਿਆਜ਼ ਦੀ ਕਾਸ਼ਤ ਦੀ ਸਿਫ਼ਾਰਸ਼ ਕੀਤੀ ਗਈ ਹੈ। ਹਾੜ੍ਹੀ ਦੇ ਪਿਆਜ਼ ਦੀ ਪੰਜਾਬ ਵਿੱਚ ਜ਼ਿਆਦਾਤਰ ਕਾਸ਼ਤ (ਜਨਵਰੀ-ਅਪਰੈਲ) ਹੀ ਕੀਤੀ ਜਾਂਦੀ ਹੈ, ਪਰ ਸਾਰਾ ਸਾਲ ਇਸ ਦੀ ਖ਼ਪਤ ਨੂੰ ਪੂਰਾ ਕਰਨ ਲਈ ਸਾਉਣੀ ਦੇ ਪਿਆਜ਼ ਦੀ ਕਾਸ਼ਤ ਨੂੰ ਵੀ ਸਿਫ਼ਾਰਸ਼ ਕੀਤਾ ਗਿਆ ਹੈ। ਸਾਉਣੀ ਦੇ ਪਿਆਜ਼ ਦੀ ਕਾਸ਼ਤ ਅਗਸਤ-ਨਵੰਬਰ ਵਿੱਚ ਕੀਤੀ ਜਾਂਦੀ ਹੈ, ਪਰ ਇਸ ਸਮੇਂ ਜ਼ਿਆਦਾ ਗਰਮੀ ਅਤੇ ਬਰਸਾਤਾਂ ਹੋਣ ਕਾਰਨ ਇਸ ਦੀ ਸਫ਼ਲ ਕਾਸ਼ਤ ਸਬੰਧੀ ਵਿਸ਼ੇਸ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਮੌਸਮ ਦੀ ਕਾਸ਼ਤ ਸਬੰਧੀ ਕਿਸਾਨਾਂ ਨੂੰ ਇਸ ਦੀ ਬਿਜਾਈ ਦੇ ਸਮੇਂ ਦਾ ਖ਼ਾਸ ਖ਼ਿਆਲ ਰੱਖਣਾ ਜ਼ਰੂਰੀ ਹੈ, ਕਿਉਂਕਿ ਲੰਮੇ ਸਮੇਂ ਲਈ ਜ਼ਿਆਦਾ ਠੰਢ ਪੈਣ ਨਾਲ ਪਿਆਜ਼ ਦਾ ਨਿਸਾਰਾ ਜ਼ਿਆਦਾ ਹੋ ਜਾਂਦਾ ਹੈ ਅਤੇ ਇਸ ਦਾ ਮੰਡੀਕਰਨਯੋਗ ਝਾੜ ਘਟ ਜਾਂਦਾ ਹੈ। ਇਸ ਦੀ ਸਫ਼ਲ ਕਾਸ਼ਤ ਲਈ ਸਾਰੀਆਂ ਸਿਫ਼ਾਰਸ਼ਾਂ ਧਿਆਨ ਵਿੱਚ ਰੱਖਣੀਆਂ ਜ਼ਰੂਰੀ ਹਨ।

ਮੌਸਮ, ਜ਼ਮੀਨ ਦੀ ਬਣਤਰ ਅਤੇ ਕਿਸਮਾਂ: ਪਿਆਜ਼ ਦੀ ਕਾਸ਼ਤ ਲਈ ਅਨੁਕੂਲ ਵਾਤਾਵਰਨ ਜਿਹੜਾ ਕਿ ਬਹੁਤਾ ਗਰਮ ਜਾਂ ਠੰਢਾ ਅਤੇ ਜ਼ਿਆਦਾ ਮੀਂਹ ਵਾਲਾ ਨਾ ਹੋਵੇ, ਢੁੱਕਵਾਂ ਹੈ। ਇਸ ਦੇ ਫ਼ਸਲੀ ਵਾਧੇ ਲਈ 13 ਤੋਂ 21 ਡਿਗਰੀ ਅਤੇ ਗੰਢੇ ਬਣਨ ਲਈ 15 ਤੋਂ 25 ਡਿਗਰੀ ਸੈਲਸੀਅਸ ਤਾਪਮਾਨ ਦੀ ਜ਼ਰੂਰਤ ਹੈ। ਇਸ ਨੂੰ ਡੂੰਘੀ ਭੁਰਭਰੀ ਅਤੇ ਚੰਗੇ ਨਿਕਾਸ ਵਾਲੀ ਮੈਰਾ ਜ਼ਮੀਨ ਜਿਸ ਵਿੱਚ ਮੱਲੜ੍ਹ ਕਾਫ਼ੀ ਮਾਤਰਾ ਵਿੱਚ ਹੋਵੇ ਅਤੇ ਬਿਮਾਰੀਆਂ ਅਤੇ ਨਦੀਨਾਂ ਤੋਂ ਰਹਿਤ ਹੋਵੇ, ਇਸ ਦੀ ਕਾਸ਼ਤ ਲਈ ਢੁੱਕਵੀਂ ਹੈ। ਖਾਰੀਆਂ ਅਤੇ ਡੂੰਘੀਆਂ ਜ਼ਮੀਨਾਂ, ਜਿੱਥੇ ਪਾਣੀ ਖੜ੍ਹਨ ਦੀ ਸਮੱਸਿਆ ਆਉਂਦੀ ਹੈ, ਇਸ ਦੀ ਪੈਦਾਵਾਰ ਲਈ ਢੁੱਕਵੀਆਂ ਨਹੀਂ ਹਨ। ਇਸ ਦੇ ਪੌਦਿਆਂ ਅਤੇ ਗੰਢਿਆਂ ਦੇ ਚੰਗੇ ਵਾਧੇ ਲਈ ਖਾਰੀ ਅੰਗ 5.8 ਤੋਂ 6.8 ਹੋਣਾ ਚਾਹੀਦਾ ਹੈ। ਸਾਉਣੀ ਦੇ ਪਿਆਜ਼ ਲਈ ਢੁਕਵੀਆਂ ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ। ਜੇ ਹਾੜ੍ਹੀ ਦੇ ਪਿਆਜ਼ ਵਾਲੀਆਂ ਕਿਸਮਾਂ ਦੀ ਚੋਣ ਕਰਾਗੇ ਤਾਂ ਇਸ ਦੇ ਗੰਢਿਆਂ ਦਾ ਪੂਰਾ ਵਿਕਾਸ ਨਹੀਂ ਹੋਵੇਗਾ। ਅਗੇਤੀਆਂ ਪੱਕਣ ਅਤੇ ਚੰਗੇ ਆਕਾਰ ਦੇ ਗੰਢੇ ਵਾਲੀਆਂ ਕਿਸਮਾਂ ਹੀ ਇਸ ਰੁੱਤ ਦੀ ਕਾਸ਼ਤ ਲਈ ਢੁੱਕਵੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਾਉਣੀ ਵਿੱਚ ਸੁਧਰੀ ਉੱੱਨਤ ਕਿਸਮ ਐਗਰੀਫੋਂਡ ਡਾਰਕ ਰੈੱਡ (ਏ.ਡੀ.ਆਰ.) ਸਿਫ਼ਾਰਸ਼ ਕੀਤੀ ਹੈ। ਇਸ ਕਿਸਮ ਦੇ ਬੂਟੇ ਦਰਮਿਆਨੇ ਕੱਦ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਗੰਢੇ ਇੱਕਸਾਰ ਗੂੜ੍ਹੇ ਲਾਲ, ਦਰਮਿਆਨੇ ਆਕਾਰ ਦੇ (70-80 ਗ੍ਰਾਮ) ਗੋਲ ਅਤੇ ਘੁਟਵੇਂ ਛਿਲਕੇ ਅਤੇ ਦਰਮਿਆਨੀ ਕੁੜੱਤਣ ਵਾਲੇ ਹੁੰਦੇ ਹਨ। ਇਹ ਕਿਸਮ ਫ਼ਸਲ ਸਾਉਣੀ ਦੀ ਫ਼ਸਲ ਲਈ ਢੁੱਕਵੀਂ ਹੈ। ਇਸ ਦਾ ਔਸਤ ਝਾੜ 120 ਕੁਇੰਟਲ ਪ੍ਰਤੀ ਏਕੜ ਹੈ।

ਬੀਜ ਦੀ ਮਾਤਰਾ, ਪਨੀਰੀ ਅਤੇ ਗੰਢੀਆਂ ਪੈਦਾ ਕਰਨ ਦਾ ਢੰਗ: ਸਾਉਣੀ ਦੇ ਪਿਆਜ਼ ਦੀ ਪੈਦਾਵਾਰ ਪਨੀਰੀ ਜਾਂ ਗੰਢੀਆਂ ਦੁਆਰਾ ਕੀਤੀ ਜਾਂਦੀ ਹੈ। ਇਸ ਮਕਸਦ ਲਈ ਬੀਜ਼ ਭਰੋਸੇਯੋਗ ਸੂਤਰਾਂ ਤੋਂ ਹੀ ਖ਼ਰੀਦਣਾ ਚਾਹੀਦਾ ਹੈ ਅਤੇ ਇਸ ਦੀ ਉੱੱਗਣ ਸਕਤੀ 85 ਫ਼ੀਸਦੀ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇੱਕ ਏਕੜ ਦੀ ਪੈਦਾਵਾਰ ਲਈ 5 ਕਿਲੋ ਪਿਆਜ਼ ਦੇ ਬੀਜ ਦੀ ਜ਼ਰੂਰਤ ਪੈਂਦੀ ਹੈ। ਸਿਹਤਮੰਦ ਪਨੀਰੀ ਤਿਆਰ ਕਰਨ ਲਈ ਦੁਪਹਿਰ ਵੇਲੇ ਵਧੇਰੇ ਤਾਪਮਾਨ ਤੋਂ ਬਚਾਅ ਲਈ ਕਿਆਰੀਆਂ ਨੂੰ ਢੱਕ ਦਿਉ। ਡੇਢ ਮੀਟਰ ਚੌੜੀਆਂ ਕਿਆਰੀਆਂ ਨੂੰ ਢੱਕਣ ਲਈ ਹਰੇ ਰੰਗ ਦੀ ਛਾਂ-ਦਾਰ ਜਾਲੀ, ਘਾਹ-ਫੂਸ ਜਾਂ ਕਿਸੇ ਦੂਜੀ ਫ਼ਸਲ ਦੇ ਪੱਤਿਆਂ-ਤਣਿਆਂ ਆਦਿ ਤੋਂ ਪ੍ਰਾਪਤ ਕੀਤੀਆਂ ਛੱਪਰੀਆ 1.5 ਮੀਟਰ ਦੀ ਉਚਾਈ ਤੇ ਉੱਤਰ ਦੱਖਣ ਦਿਸ਼ਾ ਵਿੱਚ ਵਰਤੋ। ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 8 ਤੋਂ 10 ਮਰਲੇ ਰਕਬੇ ਦੀ ਜ਼ਰੂਰਤ ਪੈਂਦੀ ਹੈ। ਪਨੀਰੀ ਬੀਜਣ ਲਈ, ਜ਼ਮੀਨੀ ਪੱਧਰ ਤੋਂ 20 ਸੈਂਟੀਮੀਟਰ ਉੱਚੀਆਂ ਅਤੇ 1 ਤੋਂ 1.5 ਮੀਟਰ ਚੌੜੀਆਂ ਪਟੜੀਆਂ ਬਣਾਉਣੀਆਂ ਚਾਹੀਦੀਆਂ ਹਨ। ਪਨੀਰੀ ਬੀਜਣ ਵਾਲੀ ਜਗ੍ਹਾ ਵਿੱਚ ਤਿਆਰੀ ਤੋਂ ਪਹਿਲਾਂ 10 ਤੋਂ 12 ਕੁਇੰਟਲ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਪਾਉ। ਬੀਜ ਨੂੰ ਕੈਪਟਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਬੀਜ ਨੂੰ 1 ਤੋਂ 2 ਸੈਂਟੀਮੀਟਰ ਡੂੰਘਾ ਅਤੇ 5 ਸੈਂਟੀਮੀਟਰ ਦੇ ਫ਼ਾਸਲੇ ’ਤੇ ਕਤਾਰਾਂ ਵਿੱਚ ਬੀਜੋ। ਕਤਾਰਾਂ ਵਿੱਚ ਬੀਜ ਇੱਕਸਾਰ ਬੀਜੋ ਅਤੇ ਚੰਗੀ ਤਰ੍ਹਾਂ ਗਲੀ-ਸੜੀ ਅਤੇ ਛਾਣੀ ਹੋਈ ਦੇਸੀ ਰੂੜੀ ਦੀ ਹਲਕੀ ਜਿਹੀ ਤਹਿ ਨਾਲ ਢੱਕ ਦਿਉ। ਬਿਜਾਈ ਚੰਗੀ ਵੱਤਰ ਵਿੱਚ ਕਰੋ। ਪਹਿਲੀ ਸਿੰਜਾਈ ਬਿਜਾਈ ਦੇ ਤੁਰੰਤ ਪਿਛੋਂ ਫੁਆਰੇ ਨਾਲ ਕਰੋ। ਪਨੀਰੀ ਦੀਆਂ ਕਿਆਰੀਆਂ ਨੂੰ ਦਿਨ ਵਿੱਚ ਸਵੇਰੇ ਅਤੇ ਸ਼ਾਮ ਦੋ ਵਾਰ ਪਾਣੀ ਦਿਉ। ਜਦੋਂ ਪੌਦੇ 2-3 ਪੱਤੇ ਕੱਢ ਲੈਣ ਤਾਂ ਇਸ ਉਪਰੋਂ ਛਾਂ-ਦਾਰ ਢਾਂਚਾ ਹਟਾ ਦੇਣਾ ਚਾਹੀਦਾ ਹੈ। ਸਾਉਣੀ ਦੇ ਪਿਆਜ਼ ਦੀ ਜੂਨ-ਜੁਲਾਈ ਮਹੀਨੇ ਦੀ ਸਖ਼ਤ ਗਰਮੀ ਅਤੇ ਬਰਸਾਤ ਕਰਕੇ ਇਸ ਦੀ ਪਨੀਰੀ ਪੈਦਾ ਕਰਨਾ ਜ਼ੋਖ਼ਮ ਭਰਿਆ ਕੰਮ ਹੈ ਅਤੇ ਜ਼ਿਆਦਾ ਗਰਮੀ ਕਰਕੇ ਪੌਦੇ ਲਾਉਣ ਸਮੇਂ ਵੀ ਇਨ੍ਹਾਂ ਦੇ ਮਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਦੀ ਸਫ਼ਲ ਪੈਦਾਵਾਰ ਵਾਸਤੇ ਅਤੇ ਜੂਨ ਵਿੱਚ ਬੀਜੀ ਪਨੀਰੀ ਦੀ ਨਾ ਕਾਮਜਾਬੀ ਤੋਂ ਬਚਣ ਲਈ ਸਾਉਣੀ ਰੁੱਤ ਦੀ ਫ਼ਸਲ ਗੰਢੀਆਂ (ਬਲਬ-ਸੈਂਟਸ) ਦੁਆਰਾ ਲੈਣੀ ਲਾਹੇਵੰਦ ਹੈ। ਇਹ ਗੰਢੀਆਂ ਤਿਆਰ ਕਰਨ ਲਈ ਬੀਜ ਉੱਪਰ ਦੱਸੇ ਪਨੀਰੀ ਤਿਆਰ ਕਰਨ ਦੇ ਢੰਗ ਨਾਲ ਮਾਰਚ ਦੇ ਅੱਧ ਵਿੱਚ ਬੀਜੋ। ਪਨੀਰੀ ਨੂੰ ਹਫ਼ਤੇ ਵਿੱਚ ਦੋ ਵਾਰ ਪਾਣੀ ਲਾਉ ਅਤੇ ਗੰਢੀਆਂ ਨੂੰ ਜੂਨ ਦੇ ਅਖੀਰ ਵਿੱਚ ਪੁੱਟ ਕੇ ਛੇਪਰੀਆਂ ਟੋਕਰੀਆਂ ਵਿੱਚ ਆਮ ਕਮਰੇ ਦੇ ਤਾਪਮਾਨ ’ਤੇ ਰੱਖੋ। ਵਿਕਰੀਯੋਗ ਜ਼ਿਆਦਾ ਝਾੜ ਲੈਣ ਲਈ 1.5 ਤੋਂ 2.5 ਸੈਂਟੀਮੀਟਰ ਘੇਰੇ ਵਾਲੀਆਂ ਗੰਢੀਆਂ ਢੁਕਵੀਆਂ ਹਨ। ਇੱਕ ਏਕੜ ਪਿਆਜ਼ ਲਾਉਣ ਲਈ 2.5 ਤੋਂ 3.0 ਕੁਇੰਟਲ ਗੰਢੀਆਂ ਚਾਹੀਦੀਆਂ ਹਨ।

ਕਾਸ਼ਤ ਸਬੰਧੀ ਸਿਫ਼ਾਰਸ਼ਾਂ: ਇਨ੍ਹਾਂ ਗੰਢੀਆਂ ਜਾਂ ਪਨੀਰੀ ਨੂੰ ਅਗਸਤ ਦੇ ਅੱਧ ਤੋਂ ਲੈ ਕੇ ਸਤੰਬਰ ਦੇ ਪਹਿਲੇ ਹਫ਼ਤੇ ਤੱਕ ਖੇਤ ਵਿੱਚ ਲਾ ਦਿਉ। ਫ਼ਸਲ ਨਵੰਬਰ ਦੇ ਅਖੀਰ ਵਿੱਚ ਤਿਆਰ ਹੋ ਜਾਵੇਗੀ। ਸਾਉਣੀ ਦੇ ਪਿਆਜ਼ ਨੂੰ 20 ਟਨ ਗਲੀ ਸੜੀ ਰੂੜੀ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫਾਸਫੋਰਸ (125 ਕਿਲੋ ਸੁਪਰਫਾਸਫੇਟ) ਅਤੇ 20 ਕਿਲੋੋ ਪੋਟਾਸ਼ (35 ਕਿਲੋ ਮਿਊਰੇਟ ਆਫ ਪੋਟਸ਼) ਪ੍ਰਤੀ ਏਕੜ ਪਾਉ। ਸਾਰੀ ਰੂੜੀ, ਫਾਸਫੋਰਸ ਤੇ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਪਨੀਰੀ ਲਾਉਣ ਤੋਂ ਪਹਿਲਾ ਅਤੇ ਬਾਕੀ ਅੱਧੀ ਨਾਈਟ੍ਰੋਜਨ ਪੌਦੇ ਲਾਉਣ ਤੋਂ ਚਾਰ ਹਫ਼ਤੇ ਬਾਅਦ ਛੱਟੇ ਨਾਲ ਪਾਉ। ਚੰਗਾ ਝਾੜ ਲੈਣ ਲਈ ਕਤਾਰਾਂ ਵਿੱਚ 15 ਸੈਂਟੀਮੀਟਰ ਤੇ ਪੌਦਿਆਂ ਵਿਚਕਾਰ 7.5 ਸੈਂਟੀਮੀਟਰ ਦਾ ਅੰਤਰ ਰੱਖੋ। ਪਨੀਰੀ ਹਮੇਸ਼ਾ ਸ਼ਾਮ ਵੇਲੇ ਖੇਤ ਵਿੱਚ ਲਾਉ ਅਤੇ ਤੁਰੰਤ ਪਾਣੀ ਲਾ ਦਿਓ। ਬਾਅਦ ਵਿੱਚ ਪਾਣੀ ਲੋੜ ਅਨੁਸਾਰ ਲਾਓ ਅਤੇ ਖੇਤ ਵਿੱਚ ਪਾਣੀ ਜ਼ਿਆਦਾ ਸਮੇਂ ਲਈ ਨਹੀਂ ਖੜ੍ਹਨਾ ਚਾਹੀਦਾ। ਸਾਉਣੀ ਦੇ ਪਿਆਜ਼ ਨੂੰ ਪੱਟੜਿਆਂ (ਬੈੱਡਾਂ) ਉੱਪਰ ਲਾਉਣ ਨਾਲ ਆਕਾਰ ਵਿੱਚ ਸੁਧਾਰ ਹੁੰਦਾ ਹੈ। ਪਟੜਾ 60 ਸੈਂਟੀਮੀਟਰ ਚੌੜਾ ਅਤੇ 10 ਸੈਂਟੀਮੀਟਰ ਉੱੱਚਾ ਹੋਣਾ ਚਾਹੀਦਾ ਹੈ। ਇਹ ਤਰੀਕਾ ਭਾਰੀਆਂ ਜ਼ਮੀਨਾਂ ਲਈ ਜਿੱਥੇ ਪਾਣੀ ਖੜ੍ਹਨ ਦੀ ਸਮੱਸਿਆ ਹੋਵੇ, ਬਹੁਤ ਢੁਕਵਾਂ ਹੈ। ਪਟੜੇ ਉਪਰ ਗੰਢੀਆਂ ਦੀਆਂ ਤਿੰਨ ਕਤਾਰਾਂ ਲਾਓ।

ਨਦੀਨਾਂ ਦੀ ਰੋਕਥਾਮ ਲਈ 3-4 ਗੋਡੀਆਂ ਜ਼ਰੂਰੀ ਹਨ। ਪਹਿਲੀ ਗੋਡੀ ਪਨੀਰੀ ਲਾਉਣ ਤੋਂ 3-4 ਹਫ਼ਤੇ ਪਿੱਛੋਂ ਕਰੋ। ਬਾਕੀ ਗੋਡੀਆਂ 15 ਦਿਨਾਂ ਦੇ ਵਕਫ਼ੇ ’ਤੇ ਕਰਦੇ ਰਹੋ। ਨਦੀਨਾਂ ਦੀ ਰੋਕਥਾਮ ਨਦੀਨਨਾਸ਼ਕ ਦਵਾਈਆਂ ਨਾਲ ਵੀ ਕੀਤੀ ਜਾ ਸਕਦੀ ਹੈ। ਸਟੌਂਪ 30 ਈ.ਸੀ. (ਪੈਂਡੀਮੈਥਾਲੀਨ) 750 ਮਿਲੀਲਿਟਰ ਜਾਂ ਗੋਲ 23.5 ਈ.ਸੀ. (ਆਕਸੀਫਲੋਰਫਿਨ) 380 ਮਿਲੀਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਗੰਢਿਆਂ ਦੀ ਪਨੀਰੀ ਲਾਉਣ ਤੋਂ ਇੱਕ ਹਫ਼ਤੇ ਦੇ ਅੰਦਰ-ਅੰਦਰ ਛਿੜਕਾਅ ਕਰਨ ਤੇ 60-75 ਦਿਨਾਂ ਬਾਅਦ ਇੱਕ ਗੋਡੀ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਪੁਟਾਈ ਅਤੇ ਮੰਡੀਕਰਨ: ਸਾਉਣੀ ਦੇ ਪਿਆਜ਼ ਦੀ ਪੁਟਾਈ ਸਮੇਂ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਇਸ ਰੁੱਤ ਦੇ ਪਿਆਜ਼ ਦੀ ਕਿਸਮ ਅੱਧ ਨਵੰਬਰ ਤੋਂ ਅੱਧ ਦਸੰਬਰ ਤੱਕ ਮੰਡੀਕਰਨਯੋਗ ਹੋ ਜਾਂਦੀ ਹੈ। ਇਨ੍ਹਾਂ ਮਹੀਨਿਆਂ ਵਿੱਚ ਠੰਢ ਪੈਣ ਕਾਰਨ ਪਿਆਜ਼ ਦੀਆਂ ਭੂਕਾਂ ਹਰੀਆਂ ਰਹਿੰਦੀਆਂ ਹਨ ਤੇ ਧੌਣ ਨਹੀਂ ਸੁੱਟਦੀਆਂ। ਇਸ ਰੁੱਤ ਦੇ ਪਿਆਜ਼ ਦੀ ਪੁਟਾਈ ਗੰਢੇ ਦੇ ਆਕਾਰ ਦੇ ਹਿਸਾਬ ਨਾਲ ਕਰ ਲੈਣੀ ਚਾਹੀਦੀ ਹੈ। ਇਸ ਦੇ ਹਰੇ ਪਿਆਜ਼ ਵੀ ਸਣੇ ਭੂਕਾਂ ਮੰਡੀ ਵਿੱਚ ਵੇਚੇ ਜਾ ਸਕਦੇ ਹਨ। ਫ਼ਸਲ ਪੁੱਟਣ ਤੋਂ ਬਾਅਦ ਗੰਢੇ ਸਣੇ ਭੂਕਾਂ 28-30 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਸਟੋਰ ਵਿੱਚ ਭੰਡਾਰ ਕੀਤੇ ਜਾਣੇ ਚਾਹੀਦੇ ਹਨ ਨਹੀਂ ਤਾਂ ਠੰਢ ਕਾਰਨ ਪਿਆਜ਼ ਨਿਸਰਨੇ ਸ਼ੁਰੂ ਹੋ ਜਾਣਗੇ।