Update Details

120-rog.jpg
Posted by ਆਰ.ਐਸ. ਬੱਲ, ਉਪਾਸਨਾ ਰਾਣੀ ਤੇ ਗੌਰਵ ਤੱਗੜ* *ਸਾਰੇ ਲੇਖਕ ਪੀਏਯੂ, ਲੁਧਿਆਣਾ ਨਾਲ ਸਬੰਧਿਤ ਹਨ।
2018-08-08 04:52:30

ਸਾਉਣੀ ਦੀਆਂ ਦਾਲਾਂ ਨੂੰ ਬਿਮਾਰੀਆਂ ਤੋਂ ਕਿਵੇਂ ਬਚਾਈਏ

ਮਨੁੱਖ ਦੀ ਰੋਜ਼ਾਨਾ ਖ਼ੁਰਾਕ ਵਿੱਚ ਦਾਲਾਂ ਦਾ ਬਹੁਤ ਮਹੱਤਵ ਹੈ। ਚੰਗੀ ਸਿਹਤ ਲਈ ਲੋੜੀਂਦੇ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਪਦਾਰਥ ਆਦਿ ਜ਼ਰੂਰੀ ਤੱਤਾਂ ਦਾ ਦਾਲਾਂ ਇੱਕ ਮਹੱਤਵਪੂਰਨ ਸੋਮਾ ਹਨ। ਪੰਜਾਬ ਵਿੱਚ ਸਾਉਣੀ ਦੌਰਾਨ ਉਗਾਈਆਂ ਜਾਣ ਵਾਲੀਆਂ ਦਾਲਾਂ ਵਿੱਚ ਮੂੰਗੀ ਅਤੇ ਮਾਂਹ ਪ੍ਰਮੁੱਖ ਹਨ। ਕੁਝ ਇਲਾਕਿਆਂ ਵਿੱਚ ਅਰਹਰ ਅਤੇ ਸੋਇਆਬੀਨ ਦੀ ਵੀ ਕਾਸ਼ਤ ਕੀਤੀ ਜਾਂਦੀ ਹੈ। ਦਿਨੋ-ਦਿਨ ਵਧ ਰਹੀ ਆਬਾਦੀ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਦਾਲਾਂ ਦੀ ਪੈਦਾਵਾਰ ਵਧਾਉਣ ਦੀ ਬਹੁਤ ਲੋੜ ਹੈ। ਦਾਲਾਂ ਦੀ ਕਾਸ਼ਤ ਵਿੱਚ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕੀੜੇ-ਮਕੌੜੇ ਇਨ੍ਹਾਂ ਫ਼ਸਲਾਂ ’ਤੇ ਹਮਲਾ ਕਰਦੇ ਹਨ ਜਿਸ ਨਾਲ ਝਾੜ ’ਤੇ ਅਸਰ ਪੈਂਦਾ ਹੈ।

ਬਿਮਾਰੀਆਂ-

ਮੂੰਗੀ ਦਾ ਪੀਲਾ ਚਿਤਕਬਰਾ ਰੋਗ: ਇਹ ਵਿਸ਼ਾਣੂ ਰੋਗ ਹੈ ਜਿਸ ਦਾ ਹਮਲਾ ਮੂੰਗੀ ਦੀ ਫ਼ਸਲ ’ਤੇ ਜ਼ਿਆਦਾ ਹੁੰਦਾ ਹੈ। ਮਾਂਹ ਅਤੇ ਸੋਇਆਬੀਨ ਦੀ ਫ਼ਸਲ ਵੀ ਇਸ ਰੋਗ ਦੀ ਮਾਰ ਹੇਠ ਆ ਜਾਂਦੀ ਹੈ। ਇਸ ਰੋਗ ਦੀਆਂ ਨਿਸ਼ਾਨੀਆਂ ਪੱਤਿਆਂ ’ਤੇ ਬੇਤਰਤੀਬੇ ਪੀਲੇ ਅਤੇ ਹਰੇ ਚਟਾਖਾਂ ਦੀ ਸ਼ਕਲ ਵਿੱਚ ਨਜ਼ਰ ਆਉਂਦੀਆਂ ਹਨ। ਹਮਲੇ ਵਾਲੇ ਬੂਟੇ ਛੋਟੇ ਰਹਿ ਜਾਂਦੇ ਹਨ। ਰੋਗੀ ਬੂਟਿਆਂ ਨੂੰ ਕੋਈ ਫ਼ਲੀ ਨਹੀਂ ਲਗਦੀ ਜਾਂ ਬਹੁਤ ਹੀ ਘੱਟ ਪੀਲੀਆਂ ਫ਼ਲੀਆਂ ਲੱਗਦੀਆਂ ਹਨ। ਇਸ ਨਾਲ਼ ਫ਼ਸਲ ਦੇ ਝਾੜ ’ਤੇ ਬਹੁਤ ਅਸਰ ਪੈਂਦਾ ਹੈ। ਇਸ ਬਿਮਾਰੀ ਦੇ ਵਿਸ਼ਾਣੂ ਚਿੱਟੀ ਮੱਖੀ ਰਾਹੀਂ ਇੱਕ ਬੂਟੇ ਤੋਂ ਦੂਜੇ ਬੂਟੇ ਤੱਕ ਫੈਲਦੇ ਹਨ।

ਰੋਕਥਾਮ: ਵਿਸ਼ਾਣੂੰ ਰੋਗ ਤੋਂ ਬਚਾਅ ਲਈ ਕਿਸਾਨਾਂ ਨੂੰ ਬਿਜਾਈ ਲਈ ਚੰਗਾ ਨਰੋਆ ਬੀਜ ਵਰਤਣਾ ਚਾਹੀਦਾ ਹੈ। ਇਸ ਰੋਗ ਦਾ ਟਾਕਰਾ ਕਰਨ ਵਾਲੀਆਂ ਮੂੰਗੀ ਦੀਆਂ ਕਿਸਮਾਂ ਐਮ ਐਲ 2056, ਐਮ ਐਲ 818, ਮਾਂਹ ਦੀਆਂ ਕਿਸਮਾਂ ਮਾਂਹ 114, ਮਾਂਹ 338 ਅਤੇ ਸੋਇਆਬੀਨ ਦੀਆਂ ਕਿਸਮਾਂ ਐਸ ਐਲ 958, ਐਸ ਐਲ 525, ਐਸ ਐਲ 744 ਨੂੰ ਤਰਜੀਹ ਦੇਣੀ ਚਾਹੀਦੀ ਹੈ। ਬਿਜਾਈ ਤੋਂ ਬਾਅਦ ਜਦੋਂ ਵੀ ਰੋਗੀ ਬੂਟੇ ਨਜ਼ਰ ਆਉਣ ਤਾਂ ਉਨ੍ਹਾਂ ਨੂੰ ਪੁੱੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ। ਫ਼ਸਲ ਨੂੰ ਨਦੀਨਾਂ ਤੋਂ ਮੁਕਤ ਰੱਖਣਾ ਚਾਹੀਦਾ ਹੈ। ਚਿੱਟੀ ਮੱਖੀ ਤੋਂ ਬਚਾਅ ਲਈ 40 ਗ੍ਰਾਮ ਐਕਟਾਰਾ 25 ਡਬਲਯੂ ਜੀ (ਥਾਇਆਮੈਥੌਕਸਮ) ਜਾਂ 600 ਮਿਲੀਲਿਟਰ ਟ੍ਰਾਈਐਜ਼ੋਫ਼ਾਸ 40 ਈ ਸੀ ਜਾਂ 40 ਗ੍ਰਾਮ ਥਾਇਆਮੀਥਾਕਸਮ 25 ਡਬਲਿਯੂ ਜੀ ਜਾਂ 250 ਮਿਲੀਲਿਟਰ ਰੋਗਰ 30 ਈ ਸੀ (ਡਾਈਮੈਥੋਏਟ) ਜਾਂ ਮੈਟਾਸਿਸਟਾਕਸ 25 ਈ ਸੀ (ਔਕਸੀਡੈਮੀਟਾਨ ਮੀਥਾਇਲ) ਜਾਂ 375 ਮਿਲੀਲਿਟਰ ਮੈਲਾਥੀਆਨ 50 ਈ ਸੀ (ਮੈਲਾਥੀਆਨ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।

ਪੱਤਿਆਂ ਦੇ ਧੱਬਿਆਂ ਦਾ ਰੋਗ: ਇਹ ਇੱਕ ਉੱਲੀ ਨਾਲ ਲੱੱਗਣ ਵਾਲਾ ਰੋਗ ਹੈ ਜਿਸ ਦਾ ਹਮਲਾ ਮੂੰਗੀ, ਮਾਂਹ ਅਤੇ ਅਰਹਰ ਦੀ ਫ਼ਸਲ ’ਤੇ ਜ਼ਿਆਦਾ ਹੁੰਦਾ ਹੈ। ਇਸ ਰੋਗ ਨਾਲ ਪੌਦੇ ਦੇ ਪੱਤਿਆਂ ਤੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ। ਬਾਅਦ ਵਿੱੱਚ ਇਹ ਧੱੱਬੇ ਇੱੱਕ ਦੂਜੇ ਨਾਲ ਮਿਲ ਕੇ ਫੈਲ ਜਾਂਦੇ ਹਨ ਅਤੇ ਪੱੱਤੇ ਤੇ ਜ਼ਿਆਦਾ ਥਾਂ ਘੇਰ ਲੈਂਦੇ ਹਨ। ਅਖੀਰ ਵਿੱੱਚ ਅਜਿਹੇ ਪੱਤੇ ਝੜ ਜਾਂਦੇ ਹਨ। ਇਸ ਬਿਮਾਰੀ ਦੇ ਕਿਟਾਣੂ ਬੀਜ ਵਿੱੱਚ ਬਚੇ ਰਹਿੰਦੇ ਹਨ। ਫ਼ਸਲ ਦੇ ਵਾਧੇ ਦੌਰਾਨ ਜੇ ਰੁਕ-ਰੁਕ ਕੇ ਮੀਂਹ ਪਵੇ ਤਾਂ ਇਹ ਬਿਮਾਰੀ ਜ਼ਿਆਦਾ ਫੈਲਦੀ ਹੈ।

ਰੋਕਥਾਮ: ਇਸ ਰੋਗ ਦੀ ਰੋਕਥਾਮ ਲਈ ਰੋਗ ਦਾ ਟਾਕਰਾ ਕਰਨ ਵਾਲੀਆਂ ਮੂੰਗੀ ਦੀਆਂ ਕਿਸਮਾਂ ਐਮ ਐਲ 2056, ਐਮ ਐਲ 818 ਅਤੇ ਮਾਂਹ ਦੀਆਂ ਕਿਸਮਾਂ ਮਾਂਹ 114, ਮਾਂਹ 338 ਹੀ ਬੀਜੋ। ਬਿਜਾਈ ਲਈ ਚੰਗਾ ਅਤੇ ਸਾਫ ਬਿਮਾਰੀ ਰਹਿਤ ਬੀਜ ਹੀ ਵਰਤੋ। ਬਿਜਾਈ ਤੋਂ ਪਹਿਲਾਂ ਬੀਜ ਨੂੰ ਕੈਪਟਾਨ ਜਾਂ ਥੀਰਮ ਨਾਲ ਸੋਧ ਲੈਣਾ ਚਾਹੀਦਾ ਹੈ। ਜਦੋਂ ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ 400 ਗ੍ਰਾਮ ਜ਼ਿਨੇਬ 75 ਡਬਲਯੂ ਪੀ (ਡਾਈਥੇਨ ਜ਼ੈਡ-78) 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਉਸ ਤੋਂ ਬਾਅਦ 10 ਦਿਨਾਂ ਦੇ ਵਕਫ਼ੇ ਨਾਲ ਦੋ ਛਿੜਕਾਅ ਹੋਰ ਕਰੋ।

ਜੜ੍ਹਾਂ ਦਾ ਗਲਣਾ: ਇਹ ਰੋਗ ਪੌਦੇ ਦੇ ਸਾਰੇ ਹਿੱੱਸਿਆਂ ਜਿਵੇਂ ਪੱੱਤੇ, ਟਾਹਣੀਆਂ, ਤਣੇ ਅਤੇ ਜੜ੍ਹਾਂ ਉਤੇ ਹਮਲਾ ਕਰਦਾ ਹੈ। ਰੋਗੀ ਹਿੱੱਸੇ ਤੇ ਕਾਲੇ ਘੇਰੇ ਜਿਹੇ ਪੈ ਜਾਂਦੇ ਹਨ। ਰੋਗੀ ਥਾਵਾਂ ਕਮਜ਼ੋਰ ਪੈ ਜਾਂਦੀਆਂ ਹਨ ਅਤੇ ਝੜ ਜਾਂਦੀਆਂ ਹਨ। ਰੋਗੀ ਥਾਂ ’ਤੇ ਜੰਮੀ ਹੋਈ ਉੱਲੀ ਸਾਫ਼ ਦੇਖੀ ਜਾ ਸਕਦੀ ਹੈ। ਇਸ ਬਿਮਾਰੀ ਦੇ ਕਣ ਮਿੱੱਟੀ ਵਿੱੱਚ ਪਲਦੇ ਹਨ। ਗਰਮ ਅਤੇ ਖੁਸ਼ਕ ਮੌਸਮ ਦੌਰਾਨ ਇਸ ਬਿਮਾਰੀ ਦਾ ਜ਼ਿਆਦਾ ਵਾਧਾ ਹੁੰਦਾ ਹੈ। ਇਸ ਬਿਮਾਰੀ ਤੇ ਕਾਬੂ ਪਾਉਣ ਲਈ ਬੀਜ ਨੂੰ ਬੀਜਣ ਤੋ ਪਹਿਲਾਂ ਕੈਪਟਾਨ ਜਾਂ ਥੀਰਮ ਨਾਲ ਸੋਧ ਲਉ। ਇੱਕ ਕਿਲੋ ਬੀਜ ਪਿੱਛੇ ਤਿੰਨ ਗ੍ਰਾਮ ਜ਼ਹਿਰ ਵਰਤੋ।

ਕੋਹੜ: ਇਸ ਰੋਗ ਦੇ ਕਾਰਨ ਪੱੱਤਿਆਂ ਉੱੱਤੇ ਗੂੜ੍ਹੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ ਜਿਨ੍ਹਾਂ ਦੀ ਸ਼ਕਲ ਘੋੜੇ ਦੀ ਖੁਰੀ ਵਰਗੀ ਹੁੰਦੀ ਹੈ। ਇਹ ਧੱਬੇ ਪੌਦੇ ਦੇ ਤਣੇ, ਟਾਹਣੀਆਂ ਅਤੇ ਹੋਰ ਹਿੱਸਿਆਂ ’ਤੇ ਵੀ ਪੈ ਜਾਂਦੇ ਹਨ। ਬਾਅਦ ਵਿੱੱਚ ਇਹ ਧੱਬੇ ਆਪਸ ਵਿੱਚ ਮਿਲ ਕੇ ਜ਼ਿਆਦਾ ਹਿੱੱਸਿਆਂ ਨੂੰ ਘੇਰ ਲੈਂਦੇ ਹਨ। ਇਸ ਬਿਮਾਰੀ ਦੇ ਕਿਟਾਣੂ ਵੀ ਬੀਜ ਵਿੱੱਚ ਬਚੇ ਰਹਿੰਦੇ ਹਨ ਅਤੇ ਕੁਝ ਜੰਗਲੀ ਪੌਦਿਆਂ ’ਤੇ ਵੀ ਹਮਲਾ ਕਰਦੇ ਹਨ।

ਇਸ ਰੋਗ ’ਤੇ ਕਾਬੂ ਪਾਉਣ ਲਈ ਬਿਜਾਈ ਤੋਂ ਪਹਿਲਾਂ ਬੀਜ ਨੂੰ ਕੈਪਟਾਨ ਜਾਂ ਥੀਰਮ ਨਾਲ ਸੋਧ ਲੈਣਾ ਚਾਹੀਦਾ ਹੈ। ਇੱਕ ਕਿਲੋ ਬੀਜ ਲਈ 3 ਗ੍ਰਾਮ ਜ਼ਹਿਰ ਵਰਤੋ। ਬਿਮਾਰੀ ਨਜ਼ਰ ਆਉਣ ’ਤੇ 400 ਗ੍ਰਾਮ ਜ਼ਿਨੇਬ 75 ਡਬਲਯੂ ਪੀ (ਡਾਈਥੇਨ ਜ਼ੈਡ-78) 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਉਸ ਤੋਂ ਬਾਅਦ 10 ਦਿਨਾਂ ਦੇ ਵਕਫ਼ੇ ਤੇ ਦੋ ਛਿੜਕਾਅ ਹੋਰ ਕਰੋ।

ਬੈਕਟੀਰੀਆ ਦੁਆਰਾ ਪੱਤਿਆਂ ਦੇ ਧੱਬਿਆਂ ਦਾ ਰੋਗ: ਇਹ ਰੋਗ ਇੱੱਕ ਬੈਕਟੀਰੀਆ ਦੁਆਰਾ ਹੁੰਦਾ ਹੈ। ਪੱਤਿਆਂ ਉੱੱਤੇ ਗੋਲ ਜਾਂ ਬੇਤਰਤੀਬੇ ਢੰਗ ਦੇ ਧੱੱਬੇ ਪੈ ਜਾਂਦੇ ਹਨ ਜਿਨ੍ਹਾਂ ਦਾ ਰੰਗ ਭੂਰਾ ਹੁੰਦਾ ਹੈ ਅਤੇ ਉੱਭਰੇ ਹੋਏ ਹੁੰਦੇ ਹਨ। ਇਸ ਕਿਟਾਣੂ ਬੀਜ ਵਿੱੱਚ ਹੀ ਬਚੇ ਰਹਿੰਦੇ ਹਨ। ਗਰਮ ਅਤੇ ਸਲ੍ਹਾਭ ਵਾਲੇ ਮੌਸਮ ਦੌਰਾਨ ਇਸ ਰੋਗ ਦਾ ਫੈਲਾਅ ਜ਼ਿਆਦਾ ਹੁੰਦਾ ਹੈ। ਇਸ ਰੋਗ ’ਤੇ ਕਾਬੂ ਪਾਉਣ ਲਈ ਰੋਗ ਰਹਿਤ ਬੀਜ ਹੀ ਬੀਜਣਾ ਚਾਹੀਦਾ ਹੈ। ਮੂੰਗੀ ਦੀਆਂ ਕਿਸਮਾਂ ਐਮ ਐਲ 2056, ਐਮ ਐਲ 818 ਅਤੇ ਮਾਂਹ ਦੀਆਂ ਕਿਸਮਾਂ ਮਾਂਹ 114, ਮਾਂਹ 338 ਦੀ ਹੀ ਬਿਜਾਈ ਕਰਨੀ ਚਾਹੀਦੀ ਹੈ।

ਝੁਲਸ ਰੋਗ: ਉੱੱਲੀ ਨਾਲ ਲੱੱਗਣ ਵਾਲਾ ਇਹ ਰੋਗ ਮੂੰਗੀ ਅਤੇ ਮਾਂਹ ਦੀ ਫ਼ਸਲ ਦਾ ਨੁਕਸਾਨ ਕਰਦਾ ਹੈ। ਇਸ ਰੋਗ ਦੀਆਂ ਨਿਸ਼ਾਨੀਆਂ ਪੱਤਿਆਂ ਦੇ ਕਿਨਾਰਿਆਂ ਤੋਂ ਸ਼ੁਰੂ ਹੁੰਦੀਆਂ ਹਨ। ਬਾਅਦ ਵਿੱੱਚ ਇਹ ਬਿਮਾਰੀ ਡੰਡੀਆਂ ਅਤੇ ਨਵੀਆਂ ਸ਼ਾਖਾਂ ’ਤੇ ਵੀ ਆ ਜਾਂਦੀ ਹੈ। ਪੱੱਤੇ ਸੁੱੱਕ ਜਾਂਦੇ ਹਨ ਅਤੇ ਫ਼ਸਲ ਧੌੜੀਆਂ ਵਿੱੱਚ ਝੁਲਸ ਜਾਂਦੀ ਹੈ। ਜ਼ਿਆਦਾ ਸਿੱਲ੍ਹੇ ਮੌਸਮ ਵਿੱਚ ਪੱਤਿਆਂ ਅਤੇ ਟਹਿਣੀਆਂ ਉੱੱਤੇ ਉੱਲੀ ਦੇ ਚਿੱਟੇ ਰੰਗ ਦੇ ਜਾਲੇ ਬਣ ਜਾਂਦੇ ਹਨ। ਹਮਲੇ ਵਾਲੇ ਹਿੱੱਸਿਆਂ ਤੇ ਭੂਰੇ ਰੰਗ ਦੀਆਂ ਉੱਲੀ ਦੀਆਂ ਮਘਰੋੜੀਆਂ ਵੀ ਦੇਖੀਆਂ ਜਾ ਸਕਦੀਆਂ ਹਨ। ਜੇ ਮੌਸਮ ਗਰਮ ਅਤੇ ਸਲ੍ਹਾਭ ਵਾਲਾ ਹੋਵੇ ਤਾਂ ਇਸ ਰੋਗ ਦਾ ਵਾਧਾ ਜ਼ਿਆਦਾ ਹੁੰਦਾ ਹੈ। ਮੀਂਹ ਪੈਣ ਨਾਲ ਇਹ ਬਿਮਾਰੀ ਬਹੁਤ ਤੇਜ਼ੀ ਨਾਲ ਵੱਧਦੀ ਹੈ।

ਅਰਹਰ ਤਣੇ ਦਾ ਝੁਲਸ ਰੋਗ: ਉੱੱਲੀ ਨਾਲ ਲੱੱਗਣ ਵਾਲਾ ਇਹ ਰੋਗ ਖ਼ਾਸ ਕਰਕੇ ਅਰਹਰ ’ਤੇ ਆਉਂਦਾ ਹੈ। ਇਸ ਬਿਮਾਰੀ ਦੀਆਂ ਨਿਸ਼ਾਨੀਆਂ ਪੌਦਿਆਂ ਦੇ ਜ਼ਮੀਨ ਨਾਲ ਲਗਦੇ ਹਿੱੱਸੇ ’ਤੇ ਆਉਂਦੀਆਂ ਹਨ ਜਿਸ ਨਾਲ ਪੌਦੇ ਸੁੱਕ ਕੇ ਮਰ ਜਾਂਦੇ ਹਨ। ਇਸ ਦੇ ਹਮਲੇ ਕਰਕੇ ਟਾਹਣੀਆਂ ਉੱੱਤੇ ਭੂਰੇ ਜਾਂ ਕਾਲੇ ਰੰਗ ਦੇ ਲੰਮੇ ਧੱੱਬੇ ਪੈ ਜਾਂਦੇ ਹਨ। ਹਮਲੇ ਵਾਲੇ ਬੂਟਿਆਂ ਦੇ ਪੱੱਤੇ ਪੀਲੇ ਪੈ ਜਾਂਦੇ ਹਨ ਅਤੇ ਝੁਲਸੇ ਹੋਏ ਲਗਦੇ ਹਨ। ਇਸ ਲਈ ਅਰਹਰ ਦੀ ਬਿਜਾਈ ਚੰਗੇ ਨਿਕਾਸ ਵਾਲੇ ਖੇਤਾਂ ਵਿੱੱਚ ਹੀ ਕਰਨੀ ਚਾਹੀਦੀ ਹੈ। ਖੇਤਾਂ ਵਿੱੱਚ ਜ਼ਿਆਦਾ ਪਾਣੀ ਖੜ੍ਹਾ ਨਹੀ ਹੋਣ ਦੇਣਾ ਚਾਹੀਦਾ।