Update Details

2423-kii.jpg
Posted by ਆਰ.ਐਸ. ਬੱਲ, ਉਪਾਸਨਾ ਰਾਣੀ ਤੇ ਗੌਰਵ ਤੱਗੜ *ਸਾਰੇ ਲੇਖਕ ਪੀਏਯੂ, ਲੁਧਿਆਣਾ ਨਾਲ ਸਬੰਧਿਤ ਹਨ।
2018-08-16 06:43:40

ਸਾਉਣੀ ਦੀਆਂ ਦਾਲਾਂ ਨੂੰ ਕੀੜਿਆਂ ਤੋਂ ਕਿਵੇਂ ਬਚਾਈਏ

ਪਿਛਲੇ ਸ਼ਨਿਚਰਵਾਰ ਨੂੰ ਦਾਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਬਾਰੇ ਜਾਣਕਾਰੀ ਇਨ੍ਹਾਂ ਕਾਲਮਾਂ ਵਿੱਚ ਦਿੱਤੀ ਗਈ ਸੀ। ਅੱਜ ਕੀੜਿਆਂ ਤੋਂ ਬਚਾਅ ਬਾਰੇ ਜਾਣਕਾਰੀ ਪੇਸ਼ ਹੈ:

ਹਰਾ ਤੇਲਾ, ਚੇਪਾ ਅਤੇ ਚਿੱਟੀ ਮੱਖੀ: ਇਹ ਕੀੜੇ ਮਾਂਹ ਅਤੇ ਮੂੰਗੀ ਦੀ ਫ਼ਸਲ ਦਾ ਬਹੁਤ ਨੁਕਸਾਨ ਕਰਦੇ ਹਨ। ਕਈ ਵਾਰੀ ਇਨ੍ਹਾਂ ਦਾ ਹਮਲਾ ਸੋਇਆਬੀਨ ਤੇ ਵੀ ਹੋ ਜਾਂਦਾ ਹੈ। ਇਨ੍ਹਾਂ ਕੀੜਿਆਂ ਦੇ ਬੱੱਚੇ ਅਤੇ ਜਵਾਨ ਦੋਵੇਂ ਹੀ ਫ਼ਸਲ ਦੇ ਪੱਤੇ, ਫੁੱਲਾਂ ਅਤੇ ਫਲੀਆਂ ਦਾ ਰਸ ਚੂਸਦੇ ਹਨ ਜਿਸ ਨਾਲ ਬੂਟੇ ਕਮਜ਼ੋਰ ਪੈ ਜਾਂਦੇ ਹਨ। ਇਨ੍ਹਾਂ ਕੀੜਿਆਂ ਦੇ ਸਰੀਰ ਵਿੱੱਚੋਂ ਚਿਪਚਿਪਾ ਮਲ-ਮੂਤਰ ਨਿਕਲਦਾ ਹੈ। ਇਸ ਨਾਲ ਹਮਲੇ ਵਾਲੇ ਬੂਟਿਆਂ ਦੇ ਪੱੱਤਿਆਂ ਤੇ ਕਾਲੇ ਰੰਗ ਦੀ ਉੱੱਲੀ ਜੰਮ੍ਹ ਜਾਂਦੀ ਹੈ ਅਤੇ ਪੱਤੇ ਝੜ ਜਾਂਦੇ ਹਨ। ਕਈ ਵਾਰੀ ਫੁੱੱਲ ਅਤੇ ਫਲ ਵੀ ਝੜ ਜਾਂਦੇ ਹਨ। ਫ਼ਸਲ ਦੀ ਗੁਣਵੱੱਤਾ ’ਤੇ ਵੀ ਮਾੜਾ ਅਸਰ ਪੈਂਦਾ ਹੈ।

ਤੇਲੇ ਅਤੇ ਚੇਪੇ ਦੀ ਰੋਕਥਾਮ ਲਈ 375 ਮਿਲੀਲਿਟਰ ਮੈਲਾਥੀਅਨ 50 ਈ ਸੀ (ਮੈਲਾਥੀਆਨ) ਜਾਂ 250 ਮਿਲੀਲਿਟਰ ਰੋਗਰ 30 ਈ ਸੀ (ਡਾਈਮੈਥੋਏਟ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਪ੍ਰਤੀ ਏਕੜ ਦੇ ਹਿਸਾਬ ਛਿੜਕੋ। ਚਿੱਟੀ ਮੱਖੀ ਦੀ ਰੋਕਥਾਮ ਲਈ ਕੀੜੇ ਦਾ ਹਮਲਾ ਸ਼ੁਰੂ ਹੋਣ ਤੇ 40 ਗ੍ਰਾਮ ਐਕਟਾਰਾ 25 ਡਬਲਯੂ ਜੀ (ਥਾਇਆਮੈਥੌਕਸਮ) ਜਾਂ 600 ਮਿਲੀਲਿਟਰ ਟ੍ਰਾਈਐਜ਼ੋਫ਼ਾਸ 40 ਈ ਸੀ ਜਾਂ 40 ਗ੍ਰਾਮ ਥਾਇਆਮੀਥਾਕਸਮ 25 ਡਬਲਿਯੂ ਜੀ ਜਾਂ 250 ਮਿਲੀ ਲਿਟਰ ਰੋਗਰ 30 ਈ ਸੀ (ਡਾਈਮੈਥੋਏਟ) ਜਾਂ ਮੈਟਾਸਿਸਟਾਕਸ 25 ਈ ਸੀ (ਔਕਸੀਡੈਮੀਟਾਨ ਮੀਥਾਇਲ) ਜਾਂ 375 ਮਿਲੀ ਲਿਟਰ ਮੈਲਾਥੀਆਨ 50 ਈ ਸੀ (ਮੈਲਾਥੀਆਨ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਜੇ ਲੋੜ ਪਵੇ ਤਾਂ 10 ਦਿਨਾਂ ਦੇ ਫ਼ਰਕ ਤੇ ਦੁਬਾਰਾ ਛਿੜਕਾਅ ਕਰੋ।

ਭੱਬੂ ਕੁੱਤਾ: ਇਸ ਸੁੰਡੀ ਦਾ ਸਰੀਰ ਵਾਲਾਂ ਨਾਲ ਢੱਕਿਆ ਹੁੰਦਾ ਹੈ ਜਿਸ ਕਰਕੇ ਇਸ ਨੂੰ ਵਾਲਾਂ ਵਾਲੀ ਸੁੰਡੀ ਵੀ ਕਿਹਾ ਜਾਂਦਾ ਹੈ। ਮੂੰਗੀ ਅਤੇ ਮਾਂਹ ਤੋਂ ਇਲਾਵਾ ਸੋਇਆਬੀਨ ਦੀ ਫ਼ਸਲ ਵਿੱੱਚ ਵੀ ਇਸ ਦਾ ਨੁਕਸਾਨ ਦੇਖਿਆ ਗਿਆ ਹੈ। ਇਸ ਦੇ ਮਾਦਾ ਪਤੰਗੇ ਪੱੱਤਿਆਂ ਦੇ ਹੇਠਲੇ ਪਾਸੇ ਗੁੱੱਛਿਆਂ ਵਿੱੱਚ ਆਂਡੇ ਦਿੰਦੇ ਹਨ। ਇਨ੍ਹਾਂ ਆਂਡਿਆਂ ਵਿੱੱਚੋਂ ਸੁੰਡੀਆਂ ਨਿਕਲਦੀਆਂ ਹਨ ਜੋ ਕਿ ਝੁੰਡਾਂ ਦੇ ਰੂਪ ਵਿੱੱਚ ਪੱਤਿਆਂ ਦਾ ਹਰਾ ਮਾਦਾ ਖਾਂਦੀਆਂ ਹਨ। ਸਿਰਫ਼ ਪੱਤੇ ਦੀ ਵਿਚਕਾਰਲੀ ਨਾੜੀ ਹੀ ਬਚਦੀ ਹੈ। ਛੇਤੀ ਹੀ ਇਹ ਸੁੰਡੀਆਂ ਸਾਰੇ ਖੇਤ ਵਿੱੱਚ ਫੈਲ ਜਾਂਦੀਆਂ ਹਨ। ਜੇ ਹਮਲਾ ਜ਼ਿਆਦਾ ਹੋਵੇ ਤਾਂ ਸਾਰੀ ਫ਼ਸਲ ਹੀ ਨਸ਼ਟ ਹੋ ਸਕਦੀ ਹੈ। ਕਈ ਵਾਰੀ ਇਹ ਕੀੜਾ ਡੋਡੀਆਂ, ਫੁੱੱਲਾਂ ਅਤੇ ਫਲੀਆਂ ਦਾ ਵੀ ਨੁਕਸਾਨ ਕਰਦਾ ਹੈ।

ਇਸ ਕੀੜੇ ਦੀ ਰੋਕਥਾਮ ਲਈ ਸਭ ਤੋਂ ਪਹਿਲਾਂ ਹਮਲੇ ਵਾਲੇ ਬੂਟਿਆਂ ਨੂੰ ਸੁੰਡੀਆਂ ਸਮੇਤ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ। ਜੇ ਸੁੰਡੀਆਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ 500 ਮਿਲੀਲਿਟਰ ਏਕਾਲਕਸ 25 ਈ ਸੀ (ਕੁਇਨਲਫਾਸ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਛਿੜਕਾ ਕਰਨਾ ਚਾਹੀਦਾ ਹੈ।

ਹਰੀ ਸੁੰਡੀ: ਇਸ ਕੀੜੇ ਦੀਆਂ ਸੁੰਡੀਆਂ ਹਰੇ ਰੰਗ ਦੀਆਂ ਹੁੰਦੀਆਂ ਹਨ। ਜੇ ਇਸ ਸੁੰਡੀ ਨੂੰ ਹੱੱਥ ਨਾਲ ਛੂਹਿਆ ਜਾਵੇ ਤਾਂ ਇਹ ਕੁੰਡਲੀ ਜਾਂ ਕੁੱਬ ਮਾਰ ਲੈਂਦੀ ਹੈ ਜਿਸ ਕਰਕੇ ਇਸ ਨੂੰ ਕੁੱਬ ਮਾਰ ਸੁੰਡੀ ਵੀ ਕਿਹਾ ਜਾਂਦਾ ਹੈ। ਇਹ ਸੁੰਡੀਆਂ ਬੂਟਿਆਂ ਦੇ ਪੱਤੇ ਖਾਂਦੀਆਂ ਹਨ। ਜ਼ਿਆਦਾ ਹਮਲੇ ਦੀ ਸੂਰਤ ਵਿੱਚ ਇਹ ਕੀੜਾ ਪੌਦੇ ਦੇ ਸਾਰੇ ਪੱੱਤੇ ਹੀ ਖਾ ਜਾਂਦਾ ਹੈ ਅਤੇ ਬੂਟੇ ਪੱਤੇ ਰਹਿਤ ਹੋ ਜਾਂਦੇ ਹਨ। ਇਸ ਦੀ ਰੋਕਥਾਮ ਲਈ 500 ਮਿਲੀਲਿਟਰ ਏਕਾਲਕਸ 25 ਈ ਸੀ (ਕੁਇਨਲਫਾਸ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾ ਕਰਨਾ ਚਾਹੀਦਾ ਹੈ।

ਤੰਬਾਕੂ ਸੁੰਡੀ: ਇਹ ਇੱੱਕ ਬਹੁਪੱਖੀ ਕੀੜਾ ਹੈ ਅਤੇ ਕਈ ਫ਼ਸਲਾਂ ’ਤੇ ਹਮਲਾ ਕਰਦਾ ਹੈ। ਦਾਲਾਂ ਵਿੱੱਚ ਇਸ ਦਾ ਜ਼ਿਆਦਾ ਹਮਲਾ ਮੂੰਗੀ, ਮਾਂਹ ਅਤੇ ਸੋਇਆਬੀਨ ਦੀ ਫ਼ਸਲ ’ਤੇ ਹੁੰਦਾ ਹੈ। ਇਸ ਦੀਆਂ ਛੋਟੀਆਂ ਸੁੰਡੀਆਂ ਕਾਲੇ ਰੰਗ ਦੀਆਂ ਹੁੰਦੀਆਂ ਹਨ। ਵੱਡੀਆਂ ਸੁੰਡੀਆਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ ਅਤੇ ਉਨ੍ਹਾਂ ਉੱੱਤੇ ਕਾਲੇ ਰੰਗ ਦੇ ਤਿਕੋਣੇ ਧੱਬੇ ਵੀ ਹੁੰਦੇ ਹਨ। ਇਸ ਦੇ ਮਾਦਾ ਪਤੰਗੇ ਪੱਤਿਆਂ ਦੇ ਹੇਠਲੇ ਪਾਸੇ ਝੁੰਡਾਂ ਵਿੱਚ ਆਂਡੇ ਦਿੰਦੇ ਹਨ ਜਿਹੜੇ ਕਿ ਭੂਰੇ ਵਾਲਾਂ ਨਾਲ ਢੱਕੇ ਹੁੰਦੇ ਹਨ। ਆਂਡਿਆਂ ਵਿੱਚੋਂ ਨਿਕਲਣ ਤੋਂ ਬਾਅਦ ਛੋਟੀਆਂ ਸੁੰਡੀਆਂ ਝੁੰਡਾਂ ਦੇ ਰੂਪ ਵਿੱਚ ਪੱਤਿਆਂ ਦਾ ਹਰਾ ਮਾਦਾ ਖਾਂਦੀਆਂ ਹਨ ਅਤੇ ਪੱਤਿਆਂ ਨੂੰ ਛਾਨਣੀ ਕਰ ਦਿੰਦੀਆਂ ਹਨ। ਜਦੋਂ ਇਹ ਸੁੰਡੀਆਂ ਵੱੱਡੀਆਂ ਹੋ ਜਾਂਦੀਆਂ ਹਨ ਤਾਂ ਇਹ ਸਾਰੇ ਖੇਤ ਵਿੱਚ ਖਿੱਲਰ ਜਾਂਦੀਆਂ ਹਨ। ਪੱਤਿਆਂ ਨੂੰ ਖਾਣ ਦੇ ਨਾਲ-ਨਾਲ ਇਹ ਸੁੰਡੀਆਂ ਡੋਡੀਆਂ, ਫੁੱਲਾਂ ਅਤੇ ਫ਼ਲੀਆਂ ਦਾ ਨੁਕਸਾਨ ਵੀ ਕਰਦੀਆਂ ਹਨ।

ਇਸ ਦੀ ਰੋਕਥਾਮ ਲਈ ਚਾਹੀਦਾ ਹੈ ਕਿ ਛੋਟੀਆਂ ਸੁੰਡੀਆਂ ਦੇ ਝੁੰਡਾਂ ਸਮੇਤ ਹਮਲੇ ਵਾਲੇ ਬੂਟਿਆਂ ਨੂੰ ਨਸ਼ਟ ਕਰ ਦਿਉ। ਨਾਲ਼ ਹੀ 150 ਮਿਲੀਲਿਟਰ ਰਿਮੌਨ 10 ਈ ਸੀ (ਨੂਵਾਲੋਰਾਨ) ਜਾਂ 800 ਗ੍ਰਾਮ ਐਸਾਟਾਫ 75 ਐਸ ਪੀ (ਐਸੀਫੇਟ) ਜਾਂ 1500 ਮਿਲੀਲਿਟਰ ਡਰਸਬਾਨ 20 ਈ ਸੀ (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾ ਕਰੋ। ਜੇ ਲੋੜ ਪਵੇ ਤਾਂ 10 ਦਿਨਾਂ ਬਾਅਦ ਦੁਬਾਰਾ ਛਿੜਕਾਅ ਕਰੋ।

ਬਲਿਸਟਰ ਬੀਟਲ: ਇਹ ਕੀੜਾ ਮੂੰਗੀ, ਮਾਂਹ ਅਤੇ ਅਰਹਰ ਦੀ ਫ਼ਸਲ ਦਾ ਵੀ ਕਾਫ਼ੀ ਨੁਕਸਾਨ ਕਰਦਾ ਹੈ। ਇਸ ਕੀੜੇ ਦੀਆਂ ਵੱਡੀਆਂ ਭੂੰਡੀਆਂ ਦਾ ਸਰੀਰ ਕਾਫ਼ੀ ਨਰੋਆ ਹੁੰਦਾ ਹੈ। ਇਨ੍ਹਾਂ ਭੂੰਡੀਆਂ ਦਾ ਰੰਗ ਕਾਲਾ ਹੁੰਦਾ ਹੈ ਅਤੇ ਖੰਭਾਂ ਉਤੇ ਚਮਕੀਲੇ ਲਾਲ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਜੇ ਇਸ ਭੂੰਡੀ ਨੂੰ ਛੇੜਿਆ ਜਾਵੇ ਤਾਂ ਇਹ ਆਪਣੇ ਅੰਦਰੋਂ ਇੱਕ ਤਰਲ ਪਦਾਰਥ ਕੱਢਦੀ ਹੈ, ਜਿਸ ਕਾਰਨ ਸਰੀਰ ’ਤੇ ਛਾਲੇ ਪੈ ਜਾਂਦੇ ਹਨ। ਇਸ ਕੀੜੇ ਦਾ ਹਮਲਾ ਮੁੱਖ ਤੌਰ ’ਤੇ ਫ਼ਸਲ ਦੇ ਫੁੱਲ ਪੈਣ ਸਮੇਂ ਹੁੰਦਾ ਹੈ। ਇਹ ਕੀੜਾ ਫ਼ਸਲ ਦੀਆਂ ਨਰਮ ਡੋਡੀਆਂ ਅਤੇ ਫੁੱਲਾਂ ਨੂੰ ਖਾਂਦਾ ਹੈ, ਜਿਸ ਕਾਰਨ ਫ਼ਲੀਆਂ ਵਿੱਚ ਦਾਣੇ ਨਹੀਂ ਬਣਦੇ ਅਤੇ ਫ਼ਸਲ ਦਾ ਝਾੜ ਕਾਫ਼ੀ ਘਟ ਜਾਂਦਾ ਹੈ।

ਇਸ ਕੀੜੇ ਦੀ ਰੋਕਥਾਮ ਲਈ ਹਮਲਾ ਨਜ਼ਰ ਆਉਣ ਤੇ 200 ਮਿਲੀਲਿਟਰ ਕਿੰਗਡੌਕਸਾ 14.5 ਐਸ ਸੀ (ਇੰਡੌਕਸਾਕਾਰਬ) ਜਾਂ 200 ਮਿਲੀਲਿਟਰ ਡੈਸਿਸ 2.8 ਈ ਸੀ (ਡੈਲਟਾਮੈਥਰਿਨ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਧਿਆਨ ਰੱੱਖੋ ਕਿ ਛਿੜਕਾਅ ਸ਼ਾਮ ਦੇ ਸਮੇਂ ਕਰੋ। ਜੇ ਲੋੜ ਪਵੇ ਤਾਂ 10 ਦਿਨਾਂ ਬਾਅਦ ਦੁਬਾਰਾ ਛਿੜਕਾਅ ਕਰੋ।

ਫਲੀ ਛੇਦਕ ਸੁੰਡੀ: ਇਸ ਕੀੜੇ ਦਾ ਹਮਲਾ ਮੂੰਗੀ, ਮਾਂਹ ਅਤੇ ਅਰਹਰ ’ਤੇ ਹੁੰਦਾ ਹੈ। ਇਸ ਸੁੰਡੀ ਦਾ ਰੰਗ ਹਰਾ, ਪੀਲਾ, ਭੂਰਾ ਜਾਂ ਕਾਲਾ ਹੁੰਦਾ ਹੈ। ਪੂਰੀ ਪਲ਼ੀ ਹੋਈ ਸੁੰਡੀ 3 ਤੋਂ 5 ਸੈਂਟੀਮੀਟਰ ਲੰਮੀ ਹੁੰਦੀ ਹੈ ਅਤੇ ਇਸ ਦੇ ਸਰੀਰ ਦੀਆਂ ਵੱੱਖੀਆਂ ਤੇ ਲੰਮੀਆਂ ਧਾਰੀਆਂ ਹੁੰਦੀਆਂ ਹਨ। ਇਸ ਦੀਆਂ ਸੁੰਡੀਆਂ ਪੌਦਿਆਂ ਦੇ ਪੱਤੇ ਖਾਂਦੀਆਂ ਹਨ। ਡੋਡੀਆਂ ਅਤੇ ਫੁੱਲਾਂ ਨੂੰ ਖਾ ਕੇ ਇਹ ਸੁੰਡੀ ਫ਼ਸਲ ਦਾ ਭਾਰੀ ਨੁਕਸਾਨ ਕਰਦੀ ਹੈ।

ਇਸ ਕੀੜੇ ਦੀ ਰੋਕਥਾਮ ਲਈ 60 ਮਿਲੀਲਿਟਰ ਟਰੇਸਰ 45 ਐਸ ਸੀ (ਸਪਾਈਨੋਸੈਡ) ਜਾਂ 200 ਮਿਲੀਲਿਟਰ ਕਿੰਗਡੌਕਸਾ 14.5 ਐਸ ਸੀ (ਇੰਡੌਕਸਾਕਾਰਬ) ਜਾਂ 800 ਗ੍ਰਾਮ ਐਸਾਟਾਫ 75 ਐਸ ਪੀ (ਐਸੀਫ਼ੇਟ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਪਹਿਲਾ ਛਿੜਕਾਅ ਫਸਲ ਨੂੰ ਫੁੱੱਲ ਪੈਂਦੇ ਸਾਰ ਹੀ ਕਰੋ।

ਫਲੀ ਛੇਦਕ ਚਿਤਕਬਰੀ ਸੁੰਡੀ: ਇਸ ਕੀੜੇ ਦਾ ਮੁੱੱਖ ਹਮਲਾ ਅਰਹਰ ਦੀ ਫ਼ਸਲ ’ਤੇ ਹੁੰਦਾ ਹੈ। ਇਸ ਸੁੰਡੀ ਦਾ ਰੰਗ ਹਲਕਾ ਪੀਲਾ ਜਿਹਾ ਹੁੰਦਾ ਹੈ ਅਤੇ ਇਸ ਦੇ ਸਰੀਰ ਦੇ ਉਪਰ ਕਾਲੇ ਜਾਂ ਭੂਰੇ ਧੱੱਬਿਆਂ ਦੀਆਂ ਧਾਰੀਆਂ ਹੁੰਦੀਆਂ ਹਨ। ਇਸ ਦਾ ਹਮਲਾ ਫੁੱੱਲ ਪੈਣ ’ਤੇ ਸ਼ੁਰੂ ਹੁੰਦਾ ਹੈ। ਇਹ ਸੁੰਡੀ ਪੱੱਤਿਆਂ, ਡੋਡੀਆਂ, ਫੁੱੱਲਾਂ ਅਤੇ ਫਲੀਆਂ ਨੂੰ ਜਾਲਾ ਬਣਾ ਕੇ ਜੋੜ ਲੈਂਦੀ ਹੈ। ਇਸ ਜਾਲੇ ਵਿੱੱਚ ਇਹ ਸੁੰਡੀ ਅੰਦਰੋ-ਅੰਦਰੀ ਹੀ ਫੁੱੱਲਾਂ ਅਤੇ ਫਲੀਆਂ ਵਿੱੱਚ ਬਣ ਰਹੇ ਦਾਣਿਆਂ ਨੂੰ ਖਾ ਲੈਂਦੀ ਹੈ।

ਇਸ ਕੀੜੇ ਦੀ ਰੋਕਥਾਮ ਲਈ 60 ਮਿਲੀਲਿਟਰ ਟਰੇਸਰ 45 ਐਸ ਸੀ (ਸਪਾਈਨੋਸੈਡ) ਜਾਂ 200 ਮਿਲੀਲਿਟਰ ਕਿੰਗਡੌਕਸਾ 14.5 ਐਸ ਸੀ (ਇੰਡੌਕਸਾਕਾਰਬ) ਜਾਂ 800 ਗ੍ਰਾਮ ਐਸਾਟਾਫ 75 ਐਸ ਪੀ (ਐਸੀਫ਼ੇਟ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਪਹਿਲਾ ਛਿੜਕਾਅ ਸੁੰਡੀ ਦਾ ਹਮਲਾ ਸ਼ੁਰੂ ਹੋਣ ਤੇ ਕਰੋ ਅਤੇ ਜੇ ਲੋੜ ਪਵੇ ਤਾਂ ਦੋ ਹਫ਼ਤਿਆਂ ਬਾਅਦ ਇੱੱਕ ਛਿੜਕਾਅ ਫਿਰ ਕਰੋ। ਪਰ-ਪ੍ਰਾਗਣ ਕਰਨ ਵਾਲੇ ਮਿੱੱਤਰ ਕੀੜਿਆਂ ਨੂੰ ਬਚਾਉਣ ਲਈ ਕੀਟਨਾਸ਼ਕਾਂ ਦਾ ਛਿੜਕਾਅ ਸ਼ਾਮ ਵੇਲੇ ਹੀ ਕਰਨਾ ਚਾਹੀਦਾ ਹੈ।

ਜੂੰ (ਮਾਈਟ): ਇਹ ਕੀੜਾ ਵੀ ਕਈ ਵਾਰੀ ਦਾਲਾਂ ਦੀ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ। ਇਸ ਕੀੜੇ ਦੀ ਰੋਕਥਾਮ ਲਈ 150 ਮਿਲੀਲਿਟਰ ਰੋਗਰ 30 ਈ ਸੀ (ਡਾਈਮੈਥੋਏਟ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ।