
ਬਾਸਮਤੀ: ਜੀ.ਆਈ. ਟੈਗ ਦੀ ਕਿਉਂ ਹੈ ਅਹਿਮੀਅਤ

ਭਾਰਤੀ ਸੱਭਿਅਤਾ ਵੱਖ-ਵੱਖ ਖੇਤਰਾਂ ਵਿੱਚ ਸਮੋਈ ਵਿਲੱਖਣ ਕਲਾ ਅਤੇ ਅਦਭੁੱਤ ਪਦਾਰਥਾਂ ਨਾਲ ਭਰਪੂਰ ਹੈ। ਇਨ੍ਹਾਂ ਨਿਵੇਕਲੀਆਂ ਵਸਤੂਆਂ ਅਤੇ ਕਲਾਵਾਂ ਦੀ ਵਿਲੱਖਣਤਾ ਦੀ ਰਾਖੀ ਲਈ ਜੌਗਰੈਫੀਕਲ ਇੰਡੀਕੇਸ਼ਨ (ਜੀ.ਆਈ.) ਦਾ ਪ੍ਰਬੰਧ ਕੀਤਾ ਗਿਆ ਹੈ। ਜੀ.ਆਈ. ਟੈਗ ਇੱਕ ਅਜਿਹਾ ਚਿੰਨ੍ਹ ਹੈ, ਜੋ ਉਨ੍ਹਾਂ ਪਦਾਰਥਾਂ ਜਾਂ ਕਲਾਵਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਜੋ ਕਿ ਕਿਸੇ ਖ਼ਾਸ ਖੇਤਰ ਨਾਲ ਸਬੰਧਤ ਹੋਣ ਅਤੇ ਉਨ੍ਹਾਂ ਵਿੱਚ ਮੌਜੂਦ ਵਿਲੱਖਣ ਗੁਣ ਉਸ ਖ਼ਾਸ ਖਿੱਤੇ ਕਾਰਨ ਹੋਣ। ਇਹ ਗੁਣ ਉਸ ਖਾਸ ਪਦਾਰਥ ਜਾਂ ਕਲਾਂ ਦੀ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਪਛਾਣ ਹੁੰਦੇ ਹਨ। ਅਜਿਹੇ ਸੂਖਮ ਪਦਾਰਥ ਅਤੇ ਕਲਾਵਾਂ ਸੂਝਵਾਨ ਉਪਭੋਗਤਾਵਾਂ ਲਈ ਇੱਕ ਵੱਖਰਾ ਰੁੱਤਬਾ ਰੱਖਦੇ ਹਨ ਅਤੇ ਜੀ.ਆਈ. ਟੈਗ ਇਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਇੱਕ ਢਾਲ ਦਾ ਕੰਮ ਕਰਦਾ ਹੈ।
ਜੀ.ਆਈ. ਰਜਿਸਟਰੀ ਦਫ਼ਤਰ, ਚੇਨੱਈ ਨੂੰ ਅਜਿਹੇ ਜੀ.ਆਈ. ਟੈਗ ਪ੍ਰਦਾਨ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਜੋ ਕਿ ਇਸ ਦੁਆਰਾ ਲੋੜੀਂਦੇ ਪੂਰਨ ਤੱਥਾਂ ਦੀ ਘੋਖ ਤੋਂ ਬਾਅਦ ਹੀ ਦਿੱਤਾ ਜਾਂਦਾ ਹੈ। ਇਸ ਅਦਾਰੇ ਵੱਲੋਂ ਹੁਣ ਤੱਕ 320 ਜੀ.ਆਈ. ਟੈਗ ਦਿੱਤੇ ਜਾ ਚੁੱਕੇ ਹਨ ਜਿਸ ਵਿੱਚ ਖੇਤੀਬਾੜੀ ਨਾਲ ਸਬੰਧਤ ਪਦਾਰਥਾਂ, ਹਸਤਕਾਰੀ, ਖਾਣੇ ਵਾਲੇ ਪਦਾਰਥ ਆਦਿ ਸ਼ਾਮਿਲ ਹਨ। ਖੇਤੀ ਪਦਾਰਥਾਂ ਨਾਲ ਸਬੰਧਤ 90 ਜੀ.ਆਈ. ਟੈਗ ਵਿੱਚੋਂ 14 ਜੀ.ਆਈ. ਟੈਗ ਵੱਖ-ਵੱਖ ਤਰ੍ਹਾਂ ਦੇ ਚੌਲਾਂ ਨਾਲ ਸਬੰਧ ਰੱਖਦੇ ਹਨ।
ਕੌਮਾਂਤਰੀ ਪੱਧਰ ਦੇ ਪਦਾਰਥਾਂ ਵਿੱਚ ਜੀ.ਆਈ. ਟੈਗ ਦੀਆਂ ਪ੍ਰਮੁੱਖ ਉਦਾਹਰਨਾਂ ਵਿੱਚ ਫਰਾਂਸ ਦੀ ‘ਸੈਂਪੇਨ’, ਯੂ.ਕੇ. ਦੀ ‘ਸਕੌਚ ਵਿਸਕੀ’ ਆਦਿ ਸ਼ਾਮਿਲ ਹਨ। ਕੌਮੀ ਪਦਾਰਥਾਂ ਵਿੱਚ ਦਾਰਜੀਲਿੰਗ ਚਾਹ (ਦੱਖਣੀ ਬੰਗਾਲ), ਮਾਈਸੂਰ ਸਿਲਕ (ਕਰਨਾਟਕਾ), ਕਾਂਗੜਾ ਚਾਹ (ਹਿਮਾਚਲ ਪ੍ਰਦੇਸ਼), ਨਿਵਾਰਾ ਚਾਵਲ (ਕੇਰਲਾ), ਪੋਕਾਲੀ ਚਾਵਲ (ਕੇਰਲਾ), ਨਾਗਪੁਰ ਸੰਤਰਾ, ਨਾਸਿਕ ਅੰਗੂਰ (ਮਹਾਰਾਸ਼ਟਰਾ), ਭਲੀਆ ਕਣਕ (ਗੁਜਰਾਤ), ਕਾਲਾ ਨਮਕ ਚਾਵਲ (ਯੂ.ਪੀ.), ਗੋਬਿੰਦਭੋਗ ਚਾਵਲ ਪੱਛਮੀ ਬੰਗਾਲ, ਬੰਗਾਲੀ ਰਸਗੁੱਲਾ (ਪੱਛਮੀ ਬੰਗਾਲ) ਆਦਿ ਸ਼ਾਮਿਲ ਹਨ।
ਬਾਸਮਤੀ ਚੌਲ ਭਾਰਤ ਦੇ ਅਦਭੁੱਤ ਵਿਰਸੇ ਦੀ ਇੱਕ ਨਿਵੇਕਲੀ ਵਸਤੂ ਹੈ ਜੋ ਕਿ ਇੰਡੋ-ਗੰਗੈਟਿਕ ਪਲੇਨ ਦੇ ਇੱਕ ਵਿਸ਼ੇਸ਼ ਖੇਤਰ ਨਾਲ ਸਬੰਧ ਰੱਖਦੀ ਹੈ। ਚੌਲਾਂ ਦੀ ਸ਼੍ਰੇਣੀ ਵਿੱਚ ‘ਰਾਣੀ’ ਦਾ ਖਿਤਾਬ ਰੱਖਣ ਵਾਲਾ ਬਾਸਮਤੀ ਚੌਲ ਇਸ ਖਿੱਤੇ ਵਿੱਚ ਪ੍ਰਾਚੀਨ ਸਮੇਂ ਤੋਂ ਕਾਸ਼ਤ ਅਧੀਨ ਹੈ।
ਬਾਸਮਤੀ ਨਾਮ ਸੰਸਕ੍ਰਿਤੀ ਦੇ ਦੋ ਅੱਖਰਾਂ ‘ਬਾਸ’ ਭਾਵ ਖੁਸ਼ਬੂ ਅਤੇ ‘ਮਤੀ’ ਭਾਵ ਸੰਜਮਿਤ ਤੋਂ ਬਣਿਆ ਹੈ। ਪੁਰਾਤਨ ਸਾਹਿਤ ਵਿੱਚ ਇਸ ਦੇ ਜ਼ਿਕਰ ਦੀ ਗੱਲ ਕਰੀਏ ਤਾਂ ਵਾਰਿਸ-ਸ਼ਾਹ ਵੱਲੋਂ 1766 ਵਿੱਚ ਲਿਖੀ ਹੀਰ ਰਾਂਝਾ ਵਿੱਚ ਇਸ ਦਾ ਜ਼ਿਕਰ ਹੈ। ਹੀਰ ਦੇ ਵਿਆਹ ਦੀ ਤਿਆਰੀ ਵੇਲੇ ਬਣ ਰਹੇ ਪਕਵਾਨਾਂ ਵਿੱਚ ਵਾਰਿਸ-ਸ਼ਾਹ ਵੱਲੋਂ ਬਾਸਮਤੀ ਦਾ ਜ਼ਿਕਰ ਕੀਤਾ ਗਿਆ ਹੈ।
ਵਿਸ਼ਵ ਪੱਧਰ ਉੱਤੇ 100 ਤੋਂ ਵੱਧ ਖ਼ੁਸ਼ਬੂਦਾਰ ਕਿਸਮਾਂ ਦੇ ਚੌਲਾਂ ਦੀ ਕਾਸ਼ਤ ਹੋ ਰਹੀ ਹੈ। ਭਾਰਤ ਵਿੱਚ ਵੀ ਕਾਫ਼ੀ ਸਾਰੇ ਖ਼ੁਸ਼ਬੂਦਾਰ ਚੌਲ ਜੋ ਕਿ ਛੋਟੇ ਜਾਂ ਲੰਮੇ ਦਾਣਿਆਂ ਵਾਲੇ ਹਨ ਪ੍ਰਚੱਲਿਤ ਹਨ। ਪਰ ਇਨ੍ਹਾਂ ਸਾਰਿਆਂ ਵਿੱਚ ‘ਬਾਸਮਤੀ’ ਚਾਵਲ ਜੋ ਕਿ ਕੁਝ ਨਿਰਧਾਰਿਤ ਪੈਮਾਨੇ ਪੂਰੇ ਕਰਨ ਤੋਂ ਬਾਅਦ ਹੀ ਇਸ ਸ਼੍ਰੇਣੀ ਵਿੱਚ ਸ਼ਾਮਿਲ ਹੁੰਦੇ ਹਨ, ਨੂੰ ਅੰਤਰਰਾਸ਼ਟਰੀ ਪੱਧਰ ਤੇ ਇੱਕ ਵੱਖਰਾ ਰੁਤਬਾ ਹਾਸਲ ਹੈ। ਖਾਣ ਵਿੱਚ ਵੱਖਰਾ ਸਵਾਦ, ਲੰਮੇ ਪਤਲੇ ਚੌਲ, ਪੱਕਣ ਉਪਰੰਤ ਦਾਣੇ ਦਾ ਦੁਗਣਾ ਲੰਮਾ ਹੋ ਜਾਣਾ ਅਤੇ ਇੱਕ ਖਾਸ ਕਿਸਮ ਦੀ ਖੁਸ਼ਬੂ ਇਸ ਨੂੰ ਵਿੱਲਖਣ ਬਣਾਉਂਦੇ ਹਨ। ਇਹ ਗੁਣ ਇੱਕ ਖਾਸ ਭੂਗੋਲਿਕ ਖੇਤਰ ਵਿੱਚ ਕਾਸ਼ਤ ਨਾਲ ਸਬੰਧ ਰੱਖਦੇ ਹਨ।
ਪੁਰਾਤਨ ਤੌਰ ’ਤੇ ਬਾਸਮਤੀ ਦੀ ਕਾਸ਼ਤ ਵਿੱਚ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਕੁਝ ਹਿੱਸੇ ਯੂ.ਪੀ ਅਤੇ ਜੰਮੂ ਕਸ਼ਮੀਰ ਦੇ ਸ਼ਾਮਿਲ ਹਨ। ਇੱਕ ਕਿਸਮ ਵਿੱਚ ਮੌਜੂਦ ਗੁਣਾਂ ਤੋਂ ਇਲਾਵਾਂ ਇਸ ਖਾਸ ਭੂਗੋਲਿਕ ਖੇਤਰ ਦੀ ਮਿੱਟੀ, ਪਾਣੀ, ਤਾਪਮਾਨ ਆਦਿ ਦਾ ਸੁਮੇਲ ਹੀ ਇਸ ਦੇ ਨਿਵੇਕਲੇ ਗੁਣਾਂ ਦੇ ਪ੍ਰਗਟਾਅ ਵਿੱਚ ਸਹਾਈ ਹੁੰਦਾ ਹੈ। ਪੱਕਣ ਸਮੇਂ ਥੋੜ੍ਹਾ ਠੰਢਾ ਵਾਤਾਵਰਨ ਇਸ ਦੇ ਨਿਵੇਕਲੇ ਗੁਣ ਪੈਦਾ ਹੋਣ ਲਈ ਵਧੀਆ ਹੈ।
ਇਸ ਸਮੇਂ ਬਾਸਮਤੀ ਇੱਕ ਪ੍ਰਮੁੱਖ ਨਿਰਯਾਤ ਵਾਲੀ ਵਸਤੂ ਹੈ ਅਤੇ ਦੇਸ਼ ਦੀ ਆਰਥਿਕਤਾ ਵਿੱਚ ਇਸ ਦਾ ਚੌਖਾ ਪ੍ਰਭਾਵ ਹੈ। ਸਾਲ 2017-18 ਦੌਰਾਨ 40.52 ਲੱਖ ਮੀਟਰਿਕ ਟਨ ਬਾਸਮਤੀ ਦਾ ਨਿਰਯਾਤ ਹੋਇਆ ਜਿਸ ਦੀ ਕੀਮਤ 26,841 ਕਰੋੜ ਬਣਦੀ ਹੈ। ਭਾਰਤ ਦੇ ਇਸ ਅਣਮੁੱਲੇ ਅਤੇ ਅਦਭੁੱਤ ਪਦਾਰਥ ਦੀ ਵਿਲੱਖਣਤਾ ਨੂੰ ਸਾਭਣ ਦੀ ਲੋੜ ਹੈ।
‘ਐਗਰੀਕਲਚਰਲ ਅਤੇ ਪ੍ਰੋਸੈਸਿੰਗ ਫੂਡ ਪਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ’ ਭਾਰਤ ਸਰਕਾਰ ਦੀ ਮਨਿਸਟਰੀ ਆਫ ਕਮਰਸ ਅਧੀਨ ਕੰਮ ਕਰਦਾ ਇੱਕ ਅਦਾਰਾ ਹੈ। ਇਹ ਵੱਖ-ਵੱਖ ਖੇਤੀਬਾੜੀ ਪਦਾਰਥ ਅਤੇ ਖਾਣ ਵਾਲੀਆਂ ਵਸਤੂਆਂ ਨੂੰ ਵਿਕਸਿਤ ਕਰਨ ਅਤੇ ਨਿਰਯਾਤ ਕਰਨ ਦੀ ਜ਼ਿੰਮੇਵਾਰੀ ਰੱਖਦਾ ਹੈ। 6 ਮਈ 2009 ਨੂੰ ਇਸ ਅਦਾਰੇ ਨੂੰ ਨਿਵੇਕਲੇ ਪਦਾਰਥਾਂ ਦੀ ਰਾਖੀਕਰਨ ਲਈ ਇਨ੍ਹਾਂ ਦੀ ਰਜਿਸਟਰੇਸ਼ਨ ਕਰਵਾਉਣ ਦਾ ਅਧਿਕਾਰ ਦਿੱਤਾ ਗਿਆ ਹੈ, ਇਨ੍ਹਾਂ ਪਦਾਰਥਾਂ ਵਿੱਚ ਬਾਸਮਤੀ ਵੀ ਸ਼ਾਮਿਲ ਹੈ।
ਬਾਸਮਤੀ ਦੀ ਵਿਲੱਖਣਤਾ ਕਾਇਮ ਰੱਖਣ ਲਈ ਇਸ ਅਦਾਰੇ ਵੱਲੋਂ 26 ਨਵੰਬਰ 2008 ਨੂੰ ਜੀ.ਆਈ. ਰਜਿਸਟਰੀ ਆਫਿਸ, ਚੇਨੱਈ ਵਿੱਚ ਇਸ ਨੂੰ ਜੀ.ਆਈ. ਦਾ ਦਰਜਾ ਦੇਣ ਲਈ ਅਰਜ਼ੀ ਦਾਇਰ ਕੀਤੀ ਗਈ। ਇਸ ਅਰਜ਼ੀ ਵਿੱਚ ਬਾਸਮਤੀ ਦੀ ਕਾਸ਼ਤ ਵਾਲੇ ਪੁਰਾਤਨ ਇਲਾਕੇ ਭਾਵ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਉੇਤਰਾਖੰਡ, ਦੱਖਣੀ ਯੂ.ਪੀ. ਅਤੇ ਜੰਮੂ-ਕਸ਼ਮੀਰ ਦੇ ਦੋ ਜ਼ਲ੍ਹਿੇ ਸ਼ਾਮਿਲ ਸਨ। ਅਦਾਰੇ ਦੀ ਇਸ ਅਰਜ਼ੀ ਵਿੱਚ ਠੋਸ ਵਿਗਿਆਨਿਕ ਤੱਥ ਅਤੇ ਸਾਰੇ ਲੋੜੀਦੇ ਢੁੱਕਵੇਂ ਸਬੂਤ ਮੌਜੂਦ ਸਨ।
ਲੰਮੀ ਜੱੱਦੋ-ਜਹਿਦ ਅਤੇ ਵੱਖ-ਵੱਖ ਪਲੇਟਫਾਰਮਾਂ ’ਤੇ ਇਹ ਤੱਥ ਰੱਖਣ ਤੋਂ ਬਾਅਦ, ਅਦਾਰੇ ਨੂੰ ਬਾਸਮਤੀ ਲਈ ਜੀ.ਆਈ. ਦਾ ਦਰਜਾ ਦਿਵਾਉਣ ਵਿੱਚ ਕਾਮਯਾਬੀ ਮਿਲੀ ਹੈ। ਇਹ ਜੀ.ਆਈ. ਦਰਜਾ ਉਪਰ ਦਰਸਾਏ ਖੇਤਰਾਂ ਵਿੱਚ ਬਾਸਮਤੀ ਦੀ ਕਾਸ਼ਤ ਨਾਲ ਸਬੰਧ ਰੱਖਦਾ ਹੈ।
ਭਵਿੱਖ ਵਿੱਚ ਵੀ ਬਾਸਮਤੀ ਦੀ ਇਸ ਵਿਲੱਖਣਤਾ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ। ਇਸ ਜੀ.ਆਈ. ਟੈਗ ਨਾਲ ਕਿਸੇ ਵੀ ਤਰ੍ਹਾਂ ਦੀ ਛੇੜ-ਛਾੜ ਬਾਸਮਤੀ ਦੀ ਕੌਮਾਂਤਰੀ ਪੱਧਰ ’ਤੇ ਵਿਲੱਖਣ ਪਛਾਣ ਨੂੰ ਫਿੱਕਾ ਪਾ ਦੇਵੇਗਾ ਕਿਉਂਕਿ ਬਾਸਮਤੀ ਦੀ ਅੰਤਰਰਾਸ਼ਟਰੀ ਪਛਾਣ ਉਪਰੋਕਤ ਖਿੱਤਿਆਂ ਨਾਲ ਜੁੜੀ ਹੋਈ ਹੈ। ਜੇ ਬਾਸਮਤੀ ਖੇਤਰੀ ਪਛਾਣ ਗੁਆ ਲੈਂਦੀ ਹੈ ਤਾਂ ਸਾਡੇ ਗੁਆਢੀ ਮੁਲਕਾਂ ਨੂੰ ਇਸ ਨਿਰਯਾਤ ਵਿੱਚ ਪ੍ਰਵੇਸ਼ ਕਰਨ ਦਾ ਮੌਕਾ ਮਿਲ ਜਾਵੇਗਾ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.