Update Details

7172-Maize-Plantation.jpg
Posted by ਨਵਜੋਤ ਸਿੰਘ ਬਰਾੜ ਤੇ ਬਲਵਿੰਦਰ ਕੁਮਾਰ
2018-02-21 11:01:41

ਪਸ਼ੂਆਂ ਵਾਸਤੇ ਅਚਾਰ ਬਣਾਉਣ ਲਈ ਮੱਕੀ ਦੀ ਕਾਸ਼ਤ

ਹਰਾ ਚਾਰਾ ਦੁਧਾਰੂ ਪਸ਼ੂ ਪਾਲਣ/ਡੇਅਰੀ ਦੇ ਧੰਦੇ ਲਈ ਰੀੜ੍ਹ ਦੀ ਹੱਡੀ ਦਾ ਕੰਮ ਕਰਦਾ ਹੈ ਕਿਉਂਕਿ ਤਾਜ਼ੇ ਹਰੇ ਚਾਰੇ ਵਿੱਚ ਕਾਫੀ ਮਾਤਰਾ ਵਿੱਚ ਪ੍ਰੋਟੀਨ, ਪਾਣੀ, ਵਿਟਾਮਿਨ ਏ ਤੇ ਡੀ, ਖਣਿਜ ਪਦਾਰਥ ਅਤੇ ਹੋਰ ਹਜ਼ਮ ਹੋਣ ਵਾਲੇ ਤੱਤ ਹੁੰਦੇ ਹਨ। ਇਹ ਖੁਰਾਕੀ ਤੱਤ ਪਸ਼ੂਆਂ ਦੀਆਂ ਸਰੀਰਕ ਕਿਰਿਆਵਾਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਅਤੇ ਦੁੱਧ ਦੀ ਪੈਦਾਵਰ ਲਈ ਲਾਜ਼ਮੀ ਹਨ। ਪਸ਼ੂ ਪਾਲਣ ਦੇ ਧੰਦੇ ਤੇ 70 ਫ਼ੀਸਦੀ ਖਰਚਾ ਤਾਂ ਪਸ਼ੂਆਂ ਦੀ ਖੁਰਾਕ ‘ਤੇ ਆਉਂਦਾ ਹੈ। ਇਸ ਲਈ ਇਹ ਗੱਲ ਜ਼ਰੂਰੀ ਬਣ ਜਾਂਦੀ ਹੈ ਕਿ ਲਵੇਰਿਆਂ ਲਈ ਵੱਧ ਤੋਂ ਵੱਧ ਖੁਰਾਕੀ ਤੱਤ ਹਰੇ ਚਾਰੇ ਤੋਂ ਲਏ ਜਾਣ ਤਾਂ ਜੋ ਵੰਡ ਦੀ ਲੋੜ ਘੱਟ ਤੋਂ ਘੱਟ ਪਵੇ। ਖੁਰਾਕ ਵਿੱਚ ਹਰੇ ਚਾਰੇ ਦੀ ਘਾਟ ਹੋਣ ਕਰਕੇ ਦੁੱਧ ਦੀ ਪੈਦਾਵਰ ‘ਤੇ ਮਾੜੇ ਅਸਰ ਦੇ ਨਾਲ ਨਾਲ ਲਵੇਰਿਆਂ ਵਿੱਚ ਖੁਰਾਕੀ ਤੱਤਾਂ ਦੀ ਘਾਟ ਆ ਜਾਂਦੀ ਹੈ। ਇਨ੍ਹਾਂ ਖੁਰਾਕੀ ਤੱਤਾਂ ਦੀ ਘਾਟ ਹੋਣ ਕਰਕੇ ਲਵੇਰਿਆਂ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ (ਜਿਵੇਂ ਵਾਰ ਵਾਰ ਫਿਰ ਜਾਣਾ, ਹੇਹੇ ਵਿੱਚ ਨਾ ਆਉਣਾ ਅਤੇ ਸੂਆ ਭੰਨਣਾ) ਆ ਸਕਦੀਆਂ ਹਨ। ਨਤੀਜੇ ਵਜੋਂ, ਪਸ਼ੂ ਪਾਲਕ ਵੀਰਾਂ ਦਾ ਕਾਫੀ ਆਰਥਿਕ ਨੁਕਸਾਨ ਹੁੰਦਾ ਹੈ।

ਗਾਂ/ਮੱਝ ਨੂੰ ਆਪਣੇ ਸਰੀਰ ਲਈ ਦੁੱਧ ਪੈਦਾ ਕਰਨ ਅਤੇ ਅਣਜੰਮੇ ਕੱਟੜੂ/ਵੱਛੜੂ ਲਈ ਖ਼ੁਰਾਕ ਚਾਹੀਦੀ ਹੈ। ਇਹ ਕਾਫ਼ੀ ਹੱਦ ਤੱਕ ਹਰੇ ਚਾਰਿਆਂ ਤੋਂ ਪੂਰੀ ਕੀਤੀ ਜਾਂਦੀ ਹੈ ਕਿਉਂਕਿ ਤਾਜ਼ੇ ਹਰੇ ਚਾਰਿਆਂ ਵਿੱਚ ਕਾਫ਼ੀ ਮਾਤਰਾ ਵਿੱਚ ਪ੍ਰੋਟੀਨ, ਵਿਟਾਮਿਨ, ਖਣਿਜ, ਅਤੇ ਲਘੂ ਤੱਤ ਕਾਫੀ ਮਾਤਰਾ ਵਿੱਚ ਹੁੰਦੇ ਹਨ, ਜੋ ਪਸ਼ੂਆਂ ਦੇ ਵਾਧੇ, ਸਾਂਭ ਸੰਭਾਲ ਤੇ ਦੁੱਧ ਉਤਪਾਦਨ ਵਿੱਚ ਸਹਾਈ ਹੁੰਦੇ ਹਨ। ਹਰੇ ਚਾਰਿਆਂ ਵਿਚਲੇ ਖੁਰਾਕੀ ਤੱਤ ਵੰਡ ਦਾਣੇ ਵਿਚਲੇ ਖੁਰਾਕੀ ਤੱਤਾਂ ਨਾਲੋਂ ਸਸਤੇ ਹੁੰਦੇ ਹਨ ਅਤੇ ਪਚਦੇ ਵੀ ਜਲਦੀ ਹਨ। ਹਰੇ ਚਾਰੇ ਨਰਮ ਹੁੰਦੇ ਹਨ, ਇਸ ਲਈ ਪਸ਼ੂ ਖੁਸ਼ ਹੋ ਕੇ ਖਾਂਦੇ ਹਨ।

ਬਹਾਰ ਰੁੱਤ ਵਿੱਚ ਮੱਕੀ ਦੀ ਕਾਸ਼ਤ ਹਰੇ ਚਾਰੇ, ਚਾਰੇ ਦਾ ਅਚਾਰ ਬਣਾਉਣ, ਦਾਣਿਆਂ ਤੋਂ ਫੀਡ ਤਿਆਰ ਕਰਨ ਲਈ ਅਤੇ ਪਕਾਵੀਂ ਫਸਲ ਦੀਆਂ ਛੱਲੀਆਂ ਤੋੜ ਕੇ ਬਚੀ ਹੋਈ ਕੜਬ ਨੂੰ ਵੀ ਪਸ਼ੂ ਚਾਰੇ ਲਈ ਵਰਤਿਆ ਜਾਂਦਾ ਹੈ। ਮੱਕੀ ਅਚਾਰ ਬਣਾਉਣ ਲਈ 75-90 ਦਿਨਾਂ ਵਿੱਚ (ਕਿਸਮ ਦੇ ਹਿਸਾਬ ਨਾਲ) ਤਿਆਰ ਹੋ ਜਾਦੀਂ ਹੈ।

ਪਸ਼ੂਆਂ ਲਈ ਮੱਕੀ ਦਾ ਅਚਾਰ ਬਣਾਉਣ ਲਈ ਜ਼ਰੂਰੀ ਨੁਕਤੇ ਇਸ ਤਰ੍ਹਾਂ ਹਨ:

ਕਿਸਮ ਦੀ ਚੋਣ: ਚਾਰੇ ਦਾ ਅਚਾਰ ਬਣਾਉਣ ਲਈ ਮੱਕੀ ਦੀਆਂ ਉੱਨਤ ਕਿਸਮਾਂ, ਜਿਨ੍ਹਾਂ ਵਿੱਚ ਪ੍ਰਮਾਣਿਤ ਕਿਸਮਾਂ ਪੀਐੱਮਐੱਚ 1, ਪੀਐੱਮਐੱਚ 10, ਡੀਕੇਸੀ 9108 ਅਤੇ ਗੈਰ ਪ੍ਰਮਾਣਿਤ ਕਿਸਮਾਂ ਪੀ 1844, ਪੀ 31 ਵਾਈ 45, ਪੀ 3396 ਆਦਿ ਮੱਕੀ ਦਾ ਅਚਾਰ ਬਣਾਉਨ ਲਈ ਢੁਕਵੀਆਂ ਹਨ। ਅੱਧ ਫਰਵਰੀ ਤੋਂ ਬਾਅਦ ਅਤੇ ਮਾਰਚ ਮਹੀਨੇ ਜੇ 1006 ਕਿਸਮ ਦੀ ਵੀ ਚਾਰੇ ਅਤੇ ਆਚਾਰ ਵਜੋਂ ਬੀਜਾਈ ਕੀਤੀ ਜਾ ਸਕਦੀ ਹੈ।

ਬੀਜ ਦੀ ਮਾਤਰਾ: ਚਾਰੇ ਦਾ ਅਚਾਰ ਬਣਾਉਣਾ ਹੋਵੇ ਤਾਂ 8-10 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਕਿਉਂਕਿ ਅਚਾਰ ਬਣਾਉਣ ਲਈ ਫਸਲ ਦੇ ਕੁੱਲ ਭਾਰ ‘ਚੋਂ 25% ਭਾਰ ਛੱਲੀਆਂ ਦਾ ਹੋਣਾ ਜ਼ਰੂਰੀ ਹੈ।

ਬਿਜਾਈ ਦਾ ਸਮਾਂ: ਬਹਾਰ ਰੁੱਤ ਵਿੱਚ ਮੱਕੀ ਦੀ ਬਿਜਾਈ ਫਰਵਰੀ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ।

ਬਿਜਾਈ ਦਾ ਢੰਗ: ਬਿਜਾਈ 60 ਸੈਂਟੀਮੀਟਰ ਦੂਰੀ ਤੇ ਪੂਰਬ-ਪੱਛਮ ਵੱਲ ਵੱਟਾਂ ਬਣਾ ਕੇ, ਵੱਟ ਦੇ ਦੱਖਣ ਵਾਲੇ ਪਾਸੇ ਤੇ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਰੱਖ ਕੇ ਕਰੋ।

ਖਾਦਾਂ ਦੀ ਵਰਤੋਂ: ਬਿਜਾਈ ਸਮੇ 55 ਕਿੱਲੋ ਡੀਏਪੀ ਅਤੇ 30 ਕਿੱਲੋ ਯੂਰੀਆ ਪਾਓ। 30 ਕਿੱਲੋ ਯੂਰੀਆ ਜਦ ਮੱਕੀ ਗੋਡੇ ਗੋਡੇ ਹੋ ਜਾਵੇ ਅਤੇ 30 ਕਿੱਲੋ ਫਸਲ ਨੂੰ ਬੂਰ ਪੈਣ ਤੋਂ ਪਹਿਲਾਂ ਪਾ ਦਿਉ।

ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨ ਦੇ ਅੰਦਰ ਅੰਦਰ ਫ਼ਸਲ ਵਿੱਚ ਐਟਰਾਟਾਫ਼/ਐਟਰਾਗੋਲਡ 50 ਡਬਲਿਊ ਪੀ (ਅੇਟਰਾਜ਼ੀਨ) 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਅਤੇ 500 ਗ੍ਰਾਮ ਪ੍ਰਤੀ ਏਕੜ ਹਲਕੀਆਂ ਜ਼ਮੀਨਾਂ ਵਿੱਚ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਇਹ ਨਦੀਨ ਨਾਸ਼ਕ ਦਵਾਈ ਚੌੜੇ ਪੱਤਿਆਂ ਵਾਲੇ ਨਦੀਨ, ਇਟਸਿਟ ਅਤੇ ਘਾਹ ਦੀ ਰੋਕਥਾਮ ਕਰ ਦਿੰਦੀ ਹੈ। ਜੇ ਇਟਸਿਟ ਦੀ ਸਮੱਸਿਆ ਨਾਂ ਹੋਵੇ ਤਾਂ ਲਾਸੋ 50 ਈਸੀ (ਏਲਾਕਲੋਰ) 2 ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਦੋ ਦਿਨ ਦੇ ਅੰਦਰ ਅੰਦਰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

ਸਖ਼ਤ ਜਾਨ ਨਦੀਨ ਜਿਵੇਂ ਕਿ ਅਰੈਕਨੀ ਘਾਹ, ਬਾਂਸ ਪੱਤਾ, ਕਾਂ ਮੱਕੀ ਆਦਿ ਦੀ ਰੋਕਥਾਮ ਲਈ 600 ਗ੍ਰਾਮ ਐਟਰਾਜ਼ੀਨ ਨੂੰ ਇੱਕ ਲਿਟਰ ਲਾਸੋ 50 ਈਸੀ (ਏਲਾਕਲੋਰ) ਜਾਂ ਇੱਕ ਲਿਟਰ ਸਟੌਂਪ 30 ਈਸੀ (ਪੈਂਡੀਮੈਥਾਲੀਨ) ਵਿੱਚ ਰਲਾ ਕੇ 200 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ ਦੋ ਦਿਨ ਦੇ ਅੰਦਰ ਅੰਦਰ ਛਿੜਕਾਓ ਕਰੋ ਜਾਂ ਨਦੀਨਾਂ ਦੀ ਰੋਕਥਾਮ ਲਈ 105 ਮਿਲੀਲਿਟਰ ਲੌਡਿਸ 420 ਐੱਸਸੀ (ਟੈਂਬੋਟਰਾਇਨ) 150 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 20 ਦਿਨਾਂ ਬਾਅਦ ਛਿੜਕਾਓ ਕਰੋ।

ਡੀਲੇ/ਮੋਥੇ ਦੀ ਰੋਕਥਾਮ ਲਈ 2,4-ਡੀ ਅਮਾਈਨ ਸਾਲਟ 58 ਫ਼ੀਸਦੀ 400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕ ਬਿਜਾਈ ਤੋਂ 20-25 ਦਿਨਾਂ ਬਾਅਦ ਛਿੜਕਾਓ ਕਰੋ।

ਮੱਕੀ ਦਾ ਅਚਾਰ ਬਣਾਉਣਾ

ਕਟਾਈ: ਜਦੋਂ ਮੱਕੀ ਦੋਧੇ ਦੀ ਅਵਸਥਾ ਵਿੱਚ ਹੋਵੇ ਤਾਂ ਇਸ ਨੂੰ ਅਚਾਰ ਬਣਾਉਣ ਲਈ ਕੱਟ ਲੈਣਾ ਚਾਹੀਦਾ ਹੈ। ਜੇ ਫਸਲ ਜ਼ਿਆਦਾ ਪੱਕ ਜਾਵੇ ਤਾਂ ਇਸ ਵਿੱਚ ਰੇਸ਼ੇ ਦੀ ਮਾਤਰਾ ਵਧ ਜਾਂਦੀ ਹੈ ਤੇ ਇਸ ਤੋਂ ਵਧੀਆ ਅਚਾਰ ਨਹੀਂ ਬਣਦਾ ਅਤੇ ਰੇਸ਼ੇ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਹਜ਼ਮ ਵੀ ਔਖਾ ਹੁੰਦਾ ਹੈ। ਅਚਾਰ ਤਿਆਰ ਕਰਨ ਲਈ ਮੱਕੀ ਦੀ ਕਟਾਈ ਗੰਢਾਂ ਬਣਨ ਤੋਂ ਦੋਧੇ ਦਾਣਿਆਂ ਤੱਕ ਕਰ ਲਓ।

ਅਚਾਰ ਬਣਾਉਣ ਲਈ ਟੋਏ ਭਰਨ ਦਾ ਤਰੀਕਾ: ਫ਼ਸਲ ਨੂੰ ਸਹੀਂ ਸਮੇਂ ‘ਤੇ ਕੱਟ ਲਓ, ਜਦੋਂ ਇਸ ਵਿੱਚ ਨਮੀ ਦੀ ਮਾਤਰਾ 65-70 ਫ਼ੀਸਦੀ ਹੋਵੇ। ਧਿਆਨ ਰੱਖੋ ਕਿ ਸਾਇਲੇਜ ਬਰਸਾਤ ਦੇ ਦਿਨਾ ਵਿੱਚ ਨਾ ਬਣਾਇਆ ਜਾਵੇ ਜਾਂ ਫਸਲ ਨੂੰ ਸਾਇਲੇਜ ਬਣਾਉਣ ਲਈ ਕੱਟਣ ਸਮੇਂ ਫਸਲ ਤੇ ਤ੍ਰੇਲ ਨਾ ਪਈ ਹੋਵੇ ਕਿਉਂਕਿ ਇਨ੍ਹਾਂ ਹਾਲਾਤ ਵਿੱਚ ਚਾਰੇ ਵਿੱਚ ਨਮੀ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਅਚਾਰ ਨੂੰ ਉੱਲੀ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਚਾਰੇ ਨੂੰ ਟੋਏ ਵਿੱਚ ਭਰਨ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ:

ਟੋਏ ਸਾਫ ਅਤੇ ਸੁੱਕੇ ਹਾਏ ਹੋਣ। ਕੱਚੇ ਟੋਏ ਦੇ ਸਾਰੇ ਪਾਸਿਆਂ ਨੂੰ ਤਿਰਪਾਲ ਨਾਲ ਢੱਕ ਲਓ। ਟੋਏ ਨੂੰ ਹੇਠਾਂ ਤੋਂ ਕੱਚਾ ਰੱਖੋ ਅਤੇ ਤੂੜੀ ਵਿਛਾ ਲਓ। 30 ਫੁੱਟ ਲੰਮੇ, 12-15 ਫੁੱਟ ਚੌੜੇ ਅਤੇ 5-6 ਫੁੱਟ ਡੂੰਘੇ ਟੋਏ ਵਿੱਚ 400-450 ਕੁਇੰਟਲ ਹਰਾ ਚਾਰਾ (ਲਗਪਗ 2 ਤੋਂ ਤਿੰਨ ਕਿੱਲੇ ਦਾ) ਸੰਭਾਲਿਆ ਜਾ ਸਕਦਾ ਹੈ, ਟੋਏ ਦੀ ਲੰਬਾਈ ਪਸ਼ੂਆਂ ਦੀ ਗਿਣਤੀ ਅਤੇ ਜ਼ਰੂਰਤ ਅਨੁਸਾਰ ਘੱਟ-ਵੱਧ ਹੋ ਸਕਦੀ ਹੈ ਪਰ ਡੂੰਘਾਈ ਹਮੇਸ਼ਾ 5-6 ਫੁੱਟ ਹੋਣੀ ਚਾਹੀਦੀ ਹੈ। ਅਚਾਰ ਬਣਾਉਣ ਲਈ ਚਾਰੇ ਦਾ 2 ਤੋਂ 3 ਇੰਚ ਮੋਟਾ ਕੁਤਰਾ ਕਰ ਲਓ ਅਤੇ ਇਸ ਨੂੰ ਟੋਏ ਵਿੱਚ ਭਰਨਾ ਸ਼ੁਰੂ ਕਰ ਦਿਓ। ਟੋਏ ਵਿੱਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਦੀ ਸਹਾਇਤਾ ਨਾਲ ਚੰਗੀ ਤਰ੍ਹਾ ਦਬਾ ਲਓ ਅਤੇ ਜ਼ਮੀਨ ਦੀ ਸਤਹਿ ਤੋਂ 2-2ਥ5 ਫੁੱਟ ਉਚਾਈ ਤਕ ਭਰ ਲਓ। ਵਧੀਆ ਅਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ 1-1ਥ5 ਫੁੱਟ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ। ਇਸ ਤੋਂ ਬਾਅਦ ਇਸ ਨੂੰ ਪਲਾਸਟਿਕ ਦੀ ਸ਼ੀਟ ਨਾਲ ਢੱਕ ਦਿਓ ਅਤੇ ਸ਼ੀਟ ਨੂੰ ਉੱਤੋਂ ਤੂੜੀ ਜਾਂ ਕੜਬ ਨਾਲ ਢੱਕ ਕੇ ਮਿੱਟੀ ਨਾਲ ਲਿਪ ਦਿਉੁ ਤਾਂ ਕਿ ਸ਼ੀਟ ਧੁੱਪ ਨਾਲ ਨਾ ਪਾਟੇ ਅਤੇ ਮੀਂਹ ਦਾ ਪਾਣੀ ਵੀ ਇਸ ਵਿੱਚ ਨਾ ਵੜੇ। ਇਸ ਤਰੀਕੇ ਨਾਲ ਭੰਡਾਰ ਕੀਤੇ ਚਾਰੇ ਦਾ ਅਚਾਰ 45 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ।

ਪਸ਼ੂਆਂ ਨੂੰ ਅਚਾਰ ਖੁਆਉਣ ਦਾ ਢੰਗ: 45 ਦਿਨ ਬਾਅਦ ਟੋਏ ਨੂੰ ਇੱਕ ਪਾਸੇ ਤੋਂ ਖੋਲ੍ਹ ਕੇ ਅਚਾਰ ਨੂੰ ਵਰਤਣਾ ਸ਼ੁਰੂ ਕਰਨਾ ਚਾਹੀਦਾ ਹੈ। ਜਦੋਂ ਅਚਾਰ ਨਾ ਵਰਤਣਾ ਹੋਵੇ ਤਾਂ ਟੋਏ ਨੂੰ ਫਿਰ ਤਰਪਾਲ ਨਾਲ ਢੱਕ ਦਿਓ ਤਾਂ ਜੋ ਹਵਾ ਜਾਂ ਪਾਣੀ ਇਸ ਦੇ ਅੰਦਰ ਨਾ ਜਾਵੇ।

ਸ਼ੁਰੂ ਵਿੱਚ ਪਸ਼ੂਆਂ ਨੂੰ ਇਸ ਦਾ ਸੁਆਦ ਪਾਉਣ ਲਈ 5-6 ਕਿਲੋ ਅਚਾਰ ਨੂੰ ਹਰੇ ਪੱਠਿਆਂ ਵਿੱਚ ਰਲਾ ਕੇ ਪਾਓ ਤੇ ਜਦੋਂ ਪਸ਼ੂਆਂ ਨੂੰ ਇਸ ਦਾ ਸੁਆਦ ਪੈ ਜਾਵੇ ਤਾਂ ਹਰ ਪਸ਼ੂ ਨੂੰ ਰੋਜ਼ 25-30 ਕਿੱਲੋ ਅਚਾਰ ਪਾਓ।

ਇਸ ਤਰੀਕੇ ਨਾਲ ਜਿੱਥੇ ਪਸ਼ੂ ਖੁਰਾਕ ਤੇ ਆਉਂਦੇ ਖਰਚੇ ਨੂੰ ਘਟਾਇਆ ਜਾ ਸਕਦਾ ਹੈ, ਉੱਥੇ ਪਸ਼ੂਆਂ ਨੂੰ ਵਧੀਆ ਕਿਸਮ ਦੀ ਪੌਸ਼ਟਿਕ ਖੁਰਾਕ ਸਾਰਾ ਸਾਲ ਮੁਹੱਈਆ ਕਰਵਾਈ ਜਾ ਸਕਦੀ ਹੈ, ਜਿਸ ਨਾਲ ਦੁੱਧ ਦੀ ਪੈਦਾਵਾਰ ਤਾਂ ਵਧੇਗੀ ਹੀ, ਨਾਲ ਨਾਲ ਪਸ਼ੂਆਂ ਦੀ ਸਿਹਤ ਵੀ ਤੰਦਰੁਸਤ ਰਹੇਗੀ।

ਸੰਪਰਕ: 94177-02021