ਡੇਅਰੀ ਪੁਰਾਤਨ ਤੇ ਮਹੱਤਵਪੂਰਨ ਧੰਦਾ ਹੈ। ਅਜੋਕੀ ਸਿਖਲਾਈ, ਨਵੀਂ ਤਕਨੀਕ ਅਤੇ ਖੋਜ-ਕਾਰਜ ਇਸ ਧੰਦੇ ਨੂੰ ਵਧੀਆ ਚਲਾਉਣ ਵਿੱਚ ਸਹਾਈ ਹੁੰਦੇ ਹਨ। ਪੰਜਾਬ ਵਿੱਚ ਪਸ਼ੂਆਂ ਦੀ ਗਿਣਤੀ ਲਗਪਗ 81.18 ਲੱਖ ਹੈ ਜਿਨ੍ਹਾਂ ਵਿੱਚ 75 ਲੱਖ ਵੱਡੇ ਪਸ਼ੂ ਹਨ। ਪਸ਼ੂਆਂ ਨੂੰ ਪੂਰਾ ਤੇ ਚੰਗੀ ਗੁਣਵੱਤਾ ਦਾ ਚਾਰਾ ਦੇਣ ਲਈ ਹਰੇ ਚਾਰੇ ਦੀ ਵਰਤਮਾਨ ਉਪਜ ਵਿੱਚ ਚੋਖੇ ਵਾਧੇ ਦੀ ਲੋੜ ਹੈ। ਇੱਕ ਪਸ਼ੂ ਨੂੰ ਪ੍ਰਤੀ ਦਿਨ ਕੇਵਲ 10-12 ਕਿਲੋ ਚਾਰਾ ਮਿਲਦਾ ਹੈ ਜੋ ਕਿ ਬਹੁਤ ਘੱਟ ਹੈ। ਜੇ ਇੱਕ ਵੱਡੇ ਪਸ਼ੂ ਨੂੰ 40 ਕਿਲੋ ਹਰਾ ਚਾਰਾ ਰੋਜ਼ਾਨਾ ਪਾਇਆ ਜਾਵੇ ਤਾਂ ਕੁੱਲ 911 ਲੱਖ ਟਨ ਹਰੇ ਚਾਰੇ ਦੀ ਸਾਲਾਨਾ ਲੋੜ ਹੈ। ਇਸ ਤੋਂ ਸਪੱਸਟ ਹੈ ਕਿ ਹਰੇ ਚਾਰੇ ਦੀ ਘਾਟ ਡੇਅਰੀ ਦੇ ਵਾਧੇ ਵਿਕਾਸ ਵਿੱਚ ਰੁਕਾਵਟ ਹੈ। ਇਸ ਦੀ ਪੂਰਤੀ ਲਈ ਹਰੇ ਚਾਰੇ ਥੱਲੇ ਰਕਬਾ ਵਧਾਇਆ ਜਾਵੇ ਜਾਂ ਵੱਧ ਝਾੜ ਵਾਲੇ ਹਰੇ ਚਾਰੇ ਦੀ ਕਾਸ਼ਤ ਕੀਤੀ ਜਾਵੇ। ਵਾਧੂ ਹਰੇ ਚਾਰੇ ਤੋਂ ਆਚਾਰ ਬਣਾਇਆ ਜਾਵੇ ਜਿਹੜਾ ਕਿ ਚਾਰੇ ਦੀ ਘਾਟ ਸਮੇਂ ਵਰਤਿਆ ਜਾਵੇ।
ਨਮੀ (ਸਿਲ੍ਹ) ਦੀ ਹਾਲਤ ਵਿੱਚ ਰੱਖੇ ਹਰੇ-ਚਾਰੇ ਨੂੰ ਅਚਾਰ ਆਖਦੇ ਹਨ। ਅਚਾਰ ਬਣਾਉਣ ਲਈ ਸਾਉਣੀ ਦੇ ਚਾਰਿਆਂ ਦੀਆਂ ਗ਼ੈਰ-ਫਲੀਦਾਰ ਫਸਲਾਂ ਜਿਵੇਂ ਕਿ ਮੱਕੀ, ਚਰ੍ਹੀ (ਜਵਾਰ), ਬਾਜਰਾ, ਨੇਪੀਅਰ ਬਾਜਰਾ ਅਤੇ ਗਿੰਨੀ ਖਾਹ ਢੁੱਕਵੀਆਂ ਹਨ। ਇਨ੍ਹਾਂ ਫ਼ਸਲਾਂ ਵਿੱਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਵੱਧ ਅਤੇ ਪ੍ਰੋਟੀਨ ਦੀ ਮਾਤਰਾ ਘੱਟ ਹੁੰਦੀ ਹੈ। ਸਾਲ ਵਿੱਚ ਜੁਲਾਈ ਤੋਂ ਸਤਬੰਰ, ਮਾਰਚ ਅਤੇ ਅਪਰੈਲ ਮਹੀਨਿਆਂ ਵਿੱਚ ਵਾਧੂ ਹਰਾ ਚਾਰਾ ਹੁੰਦਾ ਹੈ। ਨਵੰਬਰ-ਦਸੰਬਰ ਅਤੇ ਮਈ-ਜੂਨ ਦੇ ਮਹੀਨਿਆਂ ਵਿੱਚ ਹਰੇ ਚਾਰੇ ਦੀ ਘਾਟ ਆ ਜਾਂਦੀ ਹੈ। ਇਸ ਸਮੇਂ ਵਾਧੂ ਹਰੇ ਚਾਰੇ ਦਾ ਅਚਾਰ ਬਣਾ ਕੇ ਵਰਤੋਂ ਕੀਤੀ ਜਾ ਸਕਦੀ ਹੈ।
* ਦੁਧਾਰੂ ਜਾਨਵਰਾਂ ਨੂੰ ਹਰੇ ਚਾਰੇ ਦੇ ਘਾਟ ਵਾਲੇ ਮਹੀਨਿਆਂ ਦੌਰਾਨ ਚਾਰੇ ਦੀ ਘਾਟ ਨਹੀਂ ਆਉਂਦੀ।
* ਮਹਿੰਗੇ ਦਾਣੇ ਅਤੇ ਖਲ-ਖ਼ੁਰਾਕ ਦੀ ਬੱਚਤ ਹੋਵੇਗੀ। ਚਾਰੇ ਵਾਲੀ ਫ਼ਸਲ ਜ਼ਿਆਦਾ ਤੋਂ ਜ਼ਿਆਦਾ ਖ਼ੁਰਾਕੀ ਤੱਤਾਂ ਵੇਲੇ ਕੱਟੀ ਜਾਣੀ ਚਾਹੀਦੀ ਹੈ।
* ਹਰ ਰੋਜ਼ ਹਰੇ ਚਾਰੇ ਦੀ ਵਢਾਈ/ਕੁਤਰਾਈ ਦੀ ਮਜ਼ਦੂਰੀ ਦਾ ਖ਼ਰਚ ਅਤੇ ਸਮਾਂ ਬਚੇਗਾ।
ਅਚਾਰ ਬਣਾਉਣ ਲਈ ਚਾਰਾ ਕੱਟਣ ਦਾ ਸਹੀ ਸਮਾਂ: ਅਚਾਰ ਬਣਾਉਣ ਲਈ ਫ਼ਸਲ ਦੀ ਕਟਾਈ ਉਸ ਸਮੇਂ ਕਰੋ ਜਦੋਂ ਫ਼ਸਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਵੇ ਅਤੇ ਸੁੱਕੇ ਮਾਦੇ ਦੀ ਮਾਤਰਾ ਜ਼ਿਆਦਾ ਹੋਵੇ। ਚਾਰੇ ਵਿੱਚ ਸੁੱਕਾ ਮਾਦੇ ਦੀ ਮਾਤਰਾ 30-35 ਫ਼ੀਸਦੀ ਹੋਣੀ ਚਾਹੀਦੀ ਹੈ।
ਮੱਕੀ: ਮੱਕੀ ਦੀ ਫ਼ਸਲ ਨੂੰ ਕੱਟਣ ਦਾ ਸਹੀ ਸਮਾਂ ਛੱਲੀਆਂ ਵਿੱਚ ਸੂਤ ਪੈਣ ਤੋਂ ਦੋਧੇ ਬਣਨ ਤੱਕ। ਬਿਜਾਈ ਤੋਂ ਕਟਾਈ ਦਾ ਸਮਾਂ 50 ਤੋਂ 60 ਦਿਨ ਬਾਅਦ।
ਚਰ੍ਹੀ: ਚਰ੍ਹੀ ਨੂੰ ਕੱਟਣ ਦਾ ਸਹੀ ਸਮਾਂ ਗੋਭ ਵਿੱਚ ਸਿੱਟੇ ਤੋਂ ਦੁੱਧ ਬਣਨ ਤੱਕ। ਬਿਜਾਈ ਤੋਂ ਕਟਾਈ ਦਾ ਸਮਾਂ 60 ਤੋਂ 80 ਦਿਨ ਬਾਅਦ।
ਬਾਜਰਾ: ਬਾਜਰੇ ਨੂੰ ਕੱਟਣ ਦਾ ਸਹੀ ਸਮਾਂ ਸਿੱਟੇ ਨਿਕਲਣ ਤੋਂ ਪਹਿਲਾਂ। ਬਿਜਾਈ ਤੋਂ 45 ਤੋਂ 55 ਦਿਨ ਬਾਅਦ।
ਜਵੀਂ: ਜਵੀਂ ਨੂੰ ਕੱਟਣ ਦਾ ਸਹੀ ਸਮਾਂ ਗੋਭ ਵਾਲੇ ਸਿੱਟੇ ਤੋਂ ਦੁੱਧ ਦਾਣਿਆਂ ਤੱਕ। ਬਿਜਾਈ ਤੋਂ 110 ਤੋਂ 120 ਦਿਨ ਬਾਅਦ।
ਨੇਪੀਅਰ ਬਾਜਰਾ: ਨੇਪੀਅਰ ਬਾਜਰੇ ਨੂੰ ਕੱਟਣ ਦਾ ਸਹੀ ਸਮਾਂ ਇੱਕ ਮੀਟਰ ਉੱਚਾ ਹੋਣ ’ਤੇ। ਬਿਜਾਈ ਤੋਂ ਕਟਾਈ ਦਾ ਸਮਾਂ 50-55 ਦਿਨ ਬਾਅਦ।
ਅਚਾਰ ਬਣਾਉਣ ਲਈ ਚਾਰੇ ਵਿੱਚ ਨਮੀ ਦੀ ਮਾਤਰਾ 65-70 ਫ਼ੀਸਦੀ ਹੋਣੀ ਚਾਹੀਦੀ ਹੈ। ਜੇ ਨਮੀ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਚਾਰੇ ਨੂੰ ਕੱਟਣ ਤੋਂ ਪਿੱਛੋਂ ਇੱਕ ਦਿਨ ਲਈ ਖੇਤ ਵਿੱਚ ਹੀ ਸੁਕਾ ਲਵੋ। ਉੱਪਰ ਦੱਸੇ ਸਮੇਂ ’ਤੇ ਕੱਟੀਆਂ ਫ਼ਸਲਾਂ ਵਿੱਚ ਲੋੜੀਂਦਾ ਸੁੱਕਾ ਮਾਦਾ ਹੁੰਦਾ ਹੈ। ਕੁਤਰੇ ਹੋਏ ਚਾਰੇ ਨੂੰ ਮਰੋੜ ਕੇ ਹੱਥਾਂ ਵਿੱਚ ਘੁੱਟ ਕੇ ਸਿੱਲ੍ਹ ਦੀ ਮਾਤਰਾ ਦੇਖ ਸਕਦੇ ਹਾਂ। ਜੇ ਹੱਥ ਨੂੰ ਸਿੱਲ੍ਹ ਮਹਿਸੂਸ ਹੁੰਦੀ ਹੈ ਤਾਂ ਚਾਰੇ ਵਿੱਚ ਸੁੱਕੇ ਮਾਦੇ ਦੀ ਲੋੜੀਂਦੀ ਮਾਤਰਾ ਹੈ।
ਢੁੱਕਵੀ ਜਗ੍ਹਾ: ਅਚਾਰ ਬਣਾਉਣ ਲਈ ਟੋਆ ਪਸ਼ੂਆਂ ਦੇ ਸ਼ੈੱਡ ਨੇੜੇ ਉੱਚੀ ਅਤੇ ਢਲਾਣ ਵਾਲੀ ਥਾਂ ’ਤੇ ਬਣਾਉਣਾ ਚਾਹੀਦਾ ਹੈ ਜਿਥੇ ਮੀਂਹ ਜਾਂ ਹੋਰ ਪਾਣੀ ਨਾ ਆਵੇ।
ਅਚਾਰ ਤਿਆਰ ਕਰਨ ਲਈ ਟੋਏ ਦੀ ਵਿਉਂਤਬੰਦੀ: ਟੋਏ ਦਾ ਆਕਾਰ ਪਸ਼ੂਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਜਿੰਨੇ ਸਮੇਂ ਲਈ ਚਾਰਨਾ ਹੈ, ਉੱਤੇ ਨਿਰਭਰ ਕਰਦਾ ਹੈ। ਇਹ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ ਕਿ ਟਰੈਂਚ-ਸਾਈਲੋ, ਟਾਵਰ ਸਾਈਲੋ, ਥਿਜਲੀਘਰ-ਸਾਈਲੋ ਤੇ ਸਾਈਲੋਪਿਟ। ਸਭ ਤੋਂ ਵਧੀਆ ਅਤੇ ਸਸਤਾ ਟੋਆ ਖਾਈ ਦੇ ਆਕਾਰ ਦਾ ਹੁੰਦਾ ਹੈ। ਟੋਆ ਵਾਧੂ ਹਰੇ ਚਾਰੇ ਦੀ ਮਾਤਰਾ ’ਤੇ ਨਿਰਭਰ ਕਰਦਾ ਹੈ। ਆਮ ਤੌਰ ’ਤੇ ਇੱਕ ਕਿਉਬਿਕ (ਘਣ) ਮੀਟਰ ਵਿੱਚ 5 ਤੋਂ 6 ਕੁਇੰਟਲ ਚਾਰਾ ਪਾਇਆ ਜਾ ਸਕਦਾ ਹੈ। 10 ਮੀਟਰ ਲੰਬਾਈ, 3 ਮੀਟਰ ਚੌੜਾਈ ਅਤੇ 2 ਮੀਟਰ ਡੂੰਘਾਈ ਵਾਲੇ ਟੋਏ ਵਿੱਚ 325 ਤੋਂ 360 ਕੁਇੰਟਲ ਕੁਤਰਿਆ ਚਾਰਾ ਪੈ ਸਕਦਾ ਹੈ ਜੋ ਕਿ 10 ਮੱਝਾਂ/ਗਾਵਾਂ ਨੂੰ ਚਾਰੇ ਦੀ ਘਾਟ ਵਾਲੇ ਚਾਰ ਮਹੀਨਿਆਂ ਦੌਰਾਨ 20-30 ਕਿਲੋ ਹਰ ਰੋਜ਼ ਦੇ ਹਿਸਾਬ ਨਾਲ ਪਾਉਣ ਲਈ ਕਾਫ਼ੀ ਹੈ। ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਵੱਧ ਘੱਟ ਹੋ ਸਕਦੀ ਹੈ। ਟੋਏ ਦੀ ਡੂੰਘਾਈ ਹਮੇਸ਼ਾਂ ਡੇਢ ਤੋਂ ਦੋ ਮੀਟਰ ਹੋਣੀ ਚਾਹੀਦੀ ਹੈ। ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ’ਤੇ ਬਣਾਉਣਾ ਚਾਹੀਦਾ ਹੈ।
* ਕੱਟੀ ਹੋਈ ਚਾਰੇ ਦੀ ਫ਼ਸਲ ਦਾ 3-5 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿੱਚ ਭਰ ਦਿਓ।
* ਟੋਏ ਨੂੰ ਘੱਟ ਤੋਂ ਘੱਟ ਸਮੇਂ ਵਿੱਚ (ਵੱਧ ਤੋਂ ਵੱਧ 2 ਦਿਨ) ਵਿੱਚ ਭਰ ਦੇਣਾ ਚਾਹੀਦਾ ਹੈ। ਅਚਾਰ ਹਮੇਸ਼ਾਂ ਖੁਸ਼ਕ ਦਿਨਾਂ ਵਿੱਚ ਬਣਾਉਣਾ ਚਾਹੀਦਾ ਹੈ।
* ਟੋਏ ਵਿੱਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ। ਇਸ ਨੂੰ ਜ਼ਮੀਨ ਦੀ ਸਤਹਿ ਤੋਂ ਇੱਕ ਮੀਟਰ ਉੱਚਾ ਰੱਖੋ।
* ਟੋਏ ਨੂੰ ਪੋਲੀਥੀਨ ਸੀਟ ਨਾਲ ਚੰਗੀ ਤਰ੍ਹਾਂ ਉਪਰੋਂ ਢੱਕ ਦਿਓ। ਇਸ ਉਪਰ ਪੂਰੀ ਲਤੜਾਈ ਕਰਨ ਤੋਂ ਬਾਅਦ 2-3 ਇੰਚ ਮੋਟੀ ਮਿੱਟੀ ਦੀ ਤਹਿ ਪਾਓ। ਟੋਏ ਦੇ ਕਿਨਾਰੇ ਗੋਹੇ ਵਾਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ।
* ਇਸ ਨੂੰ ਉਪਰੋਂ ਤੂੜੀ/ਪਰਾਲੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ। ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ। ਟੋਆ ਪੂਰੀ ਤਰ੍ਹਾਂ ਹਵਾ ਬੰਦ ਹੋਣਾ ਚਾਹੀਦਾ ਹੈ।
* ਚਾਰੇ ਦੇ ਲੇਪ ਉੱਪਰ ਕੋਈ ਤ੍ਰੇੜ ਜਾਂ ਖੁੱਡ ਨਹੀਂ ਹੋਣੀ ਚਾਹੀਦੀ ਜੇ ਕੋਈ ਤ੍ਰੇੜ ਜਾਂ ਖੁੱਡ ਹੋਵੇ ਤਾਂ ਇਸ ਨੂੰ ਬੰਦ ਕਰ ਦਿਓ। ਇਸ ਤਰ੍ਹਾਂ ਅਚਾਰ 42-45 ਦਿਨਾਂ ਤੱਕ ਤਿਆਰ ਹੋ ਜਾਂਦਾ ਹੈ।
* ਵਧੀਆ ਕਿਸਮ ਦੇ ਅਚਾਰ ਦਾ ਰੰਗ ਚਮਕਦਾਰ ਹਰਾ ਪੀਲਾ ਹੋਵੇਗਾ। ਜੇ ਕਿਸੇ ਤਰ੍ਹਾਂ ਦੀ ਅਣਗਹਿਲੀ ਰਹਿ ਜਾਂਦੀ ਹੈ ਤਾਂ ਇਸ ਦਾ ਰੰਗ ਭੂਰਾ ਹੋਵੇਗਾ। ਵਧੀਆ ਅਚਾਰ ਵਿੱਚੋਂ ਸਿਰਕੇ ਵਰਗੀ ਖੁਸ਼ਬੂ ਆਉਂਦੀ ਹੈ।
* ਚੰਗੇ ਅਚਾਰ ਦੀ ਪੀਐਚ (ਤੇਜ਼ਾਬੀਪਣ) 4.2 ਹੁੰਦੀ ਹੈ ਅਤੇ ਇਸ ਵਿਚ ਨਾਈਟ੍ਰੋਜਨ ਤੱਤ ਦਾ ਨੁਕਸਾਨ ਵੀ ਘੱਟ ਹੁੰਦਾ ਹੈ। ਚੰਗੇ ਚਾਰੇ ਦੇ ਆਚਾਰ ਦੇ ਖ਼ੁਰਾਕੀ ਤੱਤ ਹਰੇ ਚਾਰੇ ਵਾਲੇ ਹੀ ਹੁੰਦੇ ਹਨ ਪਰ ਇਸ ਵਿੱਚ ਲੈਕਟਿਕ ਐਸਿਡ (ਤੇਜ਼ਾਬ) ਜ਼ਿਆਦਾ ਅਤੇ ਬਿਊਟੇਰਿਕ ਐਸਿਡ ਘੱਟ ਹੁੰਦਾ ਹੈ।
* ਅਚਾਰ ਵਰਤਣ ਸਮੇਂ ਚੌੜਾਈ ਵਾਲੇ ਪਾਸੇ ਤੋਂ ਟੋਏ ਨੂੰ ਇਸ ਤਰ੍ਹਾਂ ਖੋਲ੍ਹੋ ਕਿ ਹਵਾ ਘੱਟ ਤੋਂ ਘੱਟ ਲੱਗੇ। ਅਚਾਰ ਉੱਪਰ ਤੋਂ ਨੀਚੇ ਨੂੰ ਕੱਢੋ।
* ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ। ਇਸ ਤਰ੍ਹਾਂ ਚਾਰਾ ਖ਼ਰਾਬ ਨਹੀਂ ਹੋਵੇਗਾ।
* ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਹੀਂ ਕਰਦੇ। ਇਸ ਲਈ ਪਹਿਲੇ 5-6 ਦਿਨ, 5-10 ਕਿਲੋ ਅਚਾਰ ਹਰੇ ਚਾਰੇ ਵਿੱਚ ਰਲਾ ਕੇ ਪਸ਼ੂਆਂ ਨੂੰ ਪਾਓ। ਬਾਅਦ ਵਿੱਚ ਹਰ ਪਸ਼ੂ ਨੂੰ 20-30 ਕਿਲੋ ਪ੍ਰਤੀ ਦਿਨ ਅਚਾਰ ਦੂਜੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ।
* ਦੁੱਧ ਚੋਣ ਸਮੇਂ ਅਚਾਰ ਨਾ ਪਾਓ ਨਹੀਂ ਤਾਂ ਇਸ ਦੀ ਖੁਸ਼ਬੂ ਦੁੱਧ ਵਿੱਚ ਆ ਜਾਵੇਗੀ। ਅਚਾਰ ਹਮੇਸ਼ਾ ਦੁੱਧ ਚੋਣ ਤੋਂ ਬਾਅਦ ਜਾਂ 5-6 ਘੰਟੇ ਪਹਿਲਾਂ ਪਾਉਣਾ ਚਾਹੀਦਾ ਹੈ।
ਪਸ਼ੂਆਂ ਲਈ ਅਚਾਰ ਦੀ ਮਾਤਰਾ: ਵਹਿੜੀਆਂ/ਝੋਟੀਆਂ ਨੂੰ 10-12 ਕਿਲੋ ਪ੍ਰਤੀ ਦਿਨ। ਦੁਧਾਰੂ ਗਾਵਾਂ ਨੂੰ 20-25 ਕਿਲੋ ਪ੍ਰਤੀ ਦਿਨ। ਦੁਧਾਰੂ ਮੱਝਾਂ ਨੂੰ 25-30 ਕਿਲੋ ਪ੍ਰਤੀ ਦਿਨ। ਗੱਭਣ ਪਸ਼ੂ ਨੂੰ 15-20 ਕਿਲੋ ਪ੍ਰਤੀ ਦਿਨ। ਸ੍ਹਾਨ/ਝੋਟੇ ਨੂੰ 20-25 ਕਿਲੋ ਪ੍ਰਤੀ ਦਿਨ ਪਾਇਆ ਜਾ ਸਕਦਾ ਹੈ।
We do not share your personal details with anyone
Registering to this website, you accept our Terms of Use and our Privacy Policy.
Don't have an account? Create account
Don't have an account? Sign In
Please enable JavaScript to use file uploader.
GET - On the Play Store
GET - On the App Store