Update Details

2310-lesar.jpg
Posted by *ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ, ਪੀਏਯੂ, ਲੁਧਿਆਣਾ। ਸੰਪਰਕ: 94173-83464
2018-04-23 04:15:27

ਪਾਣੀ ਦੀ ਬੱਚਤ ਤੇ ਝਾੜ ’ਚ ਵਾਧੇ ਵਾਲੀ ਤਕਨੀਕ ਲੇਜ਼ਰ ਕਰਾਹਾ

ਜ਼ਮੀਨ ਵਿੱਚੋਂ ਜ਼ਿਆਦਾ ਮਾਤਰਾ ਵਿੱਚ ਪਾਣੀ ਕੱਢਣ ਨਾਲ ਪਾਣੀ ਦਾ ਪੱਧਰ ਹਰ ਸਾਲ ਹੇਠਾਂ ਜਾ ਰਿਹਾ ਹੈ। ਪੰਜਾਬ ਵਿੱਚ 1960 ਦੇ ਦੌਰ ਵਿੱਚ ਹਰੀ ਕ੍ਰਾਂਤੀ ਦੇ ਆਉਣ ਨਾਲ ਅਤੇ ਕਣਕ-ਝੋਨੇ ਦੇ ਫ਼ਸਲੀ ਚੱਕਰ ਕਾਰਨ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। 145 ਬਲਾਕਾਂ ਵਿੱਚੋਂ  100 ਬਲਾਕਾਂ ’ਚੋਂ ਪਾਣੀ ਜ਼ਰੂਰਤ ਤੋਂ ਵੱਧ ਖਿੱਚਿਆ ਜਾ ਰਿਹਾ ਹੈ। ਸੈਂਟਰੀਫਿਊਗਲ ਪੰਪਾਂ ਦੀ ਥਾਂ ’ਤੇ ਸਬਮਰਸੀਬਲ ਪੰਪ ਲਗਾਉਣੇ ਪੈ ਰਹੇ ਹਨ। ਘਟਦੇ ਪਾਣੀ ਦੇ ਪੱਧਰ ਨੂੰ ਰੋਕਣ ਲਈ, ਪਾਣੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਸਮਤਲ ਕਰਨ ਨਾਲ 15-20 ਫ਼ੀਸਦੀ ਪਾਣੀ ਦੀ ਅਤੇ ਸਮੇਂ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਸਮੇਂ ਪੰਜਾਬ ਵਿੱਚ ਲਗਪਗ  8200 ਲੇਜ਼ਰ ਕਰਾਹੇ ਚੱਲ ਰਹੇ ਹਨ ਅਤੇ ਪੰਜਾਬ ਦਾ ਤੀਜਾ ਹਿੱਸਾ ਲੇਜ਼ਰ ਕਰਾਹੇ ਨਾਲ ਸਮਤਲ ਕੀਤਾ ਗਿਆ ਹੈ। ਜ਼ਿਆਦਾਤਰ ਲੇਜਰ ਕਰਾਹੇ ਕਿਰਾਏ ’ਤੇ ਚੱਲ ਰਹੇ ਹਨ। 800-1000 ਰੁਪਏ ਨਾਲ ਇੱਕ ਏਕੜ ਨੂੰ ਲੇਜ਼ਰ ਲਾਲ ਪੱਧਰਾ ਕਰਨ ਦਾ ਕਿਰਾਇਆ ਹੈ। ਇਸ ਤਕਨੀਕ ਨਾਲ 5 ਤੋਂ 10 ਫ਼ੀਸਦੀ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਖਾਦਾਂ ਤੇ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਹੁੰਦੀ ਹੈ। ਕਿਰਾਏ ’ਤੇ ਮਸ਼ੀਨਾਂ ਚਲਾਉਣ ਨਾਲ ਨੌਜਵਾਨਾਂ ਨੂੰ ਪਿੰਡ ਪੱਧਰ ’ਤੇ ਰੁਜ਼ਗਾਰ ਮਿਲਦਾ ਹੈ। ਖੇਤ ਦੇ ਬਿਲਕੁਲ  ਪੱਧਰ ਹੋ ਜਾਣ ਕਾਰਨ ਖੇਤ ਵਿੱਚ ਵੱਟਾਂ ਦੀ ਗਿਣਤੀ ਘਟ ਜਾਂਦੀ ਹੈ। ਇਸ ਨਾਲ ਪੱਧਰੀ ਬਿਜਾਈ ਵਾਲੇ ਖੇਤਾਂ ਵਿੱਚ 2 ਤੋਂ 3 ਫ਼ੀਸਦੀ ਅਤੇ ਵੱਟਾਂ ’ਤੇ ਬਿਜਾਈ ਵਾਲੇ ਖੇਤਾਂ ਵਿੱਚ 6 ਤੋਂ 8 ਫ਼ੀਸਦੀ ਰਕਬਾ ਫ਼ਸਲ ਹੇਠ ਵਧ ਜਾਂਦਾ ਹੈ।

ਲੇਜ਼ਰ ਕਰਾਹਾ: ਲੇਜ਼ਰ ਕਰਾਹਾ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਹੈ। ਇਸ ਨਾਲ ਲੌੜੀਂਦੀ ਢਲਾਣ ਮੁਤਾਬਕ ਬਹੁਤ ਹੀ ਵਧੀਆ ਤਰੀਕੇ ਨਾਲ ਖੇਤ ਨੂੰ ਪੱਧਰ ਕੀਤਾ ਜਾ ਸਕਦਾ ਹੈ। ਇਸ ਨੂੰ 50 ਹਾਰਸ ਪਾਵਰ ਦੇ ਟਰੈਕਟਰ ਨਾਲ ਚਲਾਇਆ ਜਾਂਦਾ ਹੈ।

ਲੇਜ਼ਰ ਕਰਾਹਾ ਸਿਸਟਮ ਦੇ ਮੁੱਖ ਭਾਗ: ਇਸ ਦੇ ਮੁੱਖ ਭਾਗ ਟਰਾਂਸਮੀਟਰ, ਰਿਸੀਵਰ, ਕੰਟਰੋਲ ਬਾਕਸ, ਹਾਈਡ੍ਰੌਲਿਕ ਵਾਲਵ ਅਸੈਂਬਲੀ, ਸਕਰੇਪਰ ਤੇ ਲੇਜ਼ਰ ਅੱਖ ਹੁੰਦੇ ਹਨ।

ਵਿਧੀ: ਟਰਾਂਸਮੀਟਰ ਲਗਾਤਾਰ ਇੱਕ ਲੇਜ਼ਰ ਬੀਮ ਛੱਡਦੀ ਹੈ, ਜਿਸ ਨੂੰ ਕਿਸੇ ਵੀ ਦਿਸ਼ਾ ਵਿੱਚ ਰਿਸੀਵਰ ਫੜਦੀ ਹੈ ਅਤੇ ਅੱਗੋਂ ਇਹ  ਕੰਟਰੋਲ ਬਾਕਸ ਨੂੰ ਸਿਗਨਲ ਦਿੰਦੀ ਹੈ। ਕੰਟਰੋਲ ਬਾਕਸ ਇਸ ਤੋਂ ਬਾਅਦ ਹਾਈਡ੍ਰੌਲਿਕ ਵਾਲਵ, ਅਸੈਂਬਲੀ ਦੁਆਰਾ ਸਕਰੇਪਰ ਨੂੰ ਉੱਪਰ ਜਾਂ ਹੇਠਾਂ ਕਰਦੀ ਹੈ ਤਾਂ ਕਿ ਜ਼ਮੀਨ ਨੂੰ ਪੱਧਰਾ ਕੀਤਾ ਜਾ ਸਕੇ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਪਾਣੀ ਦੀ ਸੁਚੱਜੀ ਵਰਤੋਂ ਲਈ ਵੱਖ ਵੱਖ ਜ਼ਮੀਨਾਂ- ਹਲਕੀਆਂ, ਦਰਮਿਆਨੀਆਂ ਅਤੇ ਭਾਰੀਆਂ ਲਈ ਲੋੜੀਂਦੀ ਢਲਾਣ ਕ੍ਰਮਵਾਰ 0.4ਫ਼ੀਸਦੀ, 0.30 ਫ਼ੀਸਦੀ ਅਤੇ 0.15 ਫ਼ੀਸਦੀ ਦੀ ਸਿਫ਼ਾਰਸ਼ ਕੀਤੀ  ਹੈ। ਇਸ ਮਸ਼ੀਨ ਦੁਆਰਾ ਅਸੀਂ ਖੇਤ ਵਿੱਚ ਢਲਾਣ ਵੀ ਦੇ ਸਕਦੇ ਹਾਂ।

ਤ੍ਰਿਪਾਈ ਸਟੈਂਡ ਤੇ ਟਰਾਂਸਮੀਟਰ ਨੂੰ ਫਿੱਟ ਕਰੋ ਅਤੇ ਬਟਨ ਦਬਾ ਕੇ ਇਸ ਨੂੰ ਚਾਲੂ ਕਰੋ। ਇਸ ਨੂੰ ਉਸ ਜਗ੍ਹਾ ’ਤੇ ਰੱਖੋ ਜਿੱਥੇ ਕਿ ਰਿਸੀਵਰ ਅਤੇ ਟਰਾਂਸਮੀਟਰ ਵਿੱਚ ਕੋਈ ਰੋਕ (ਜਿਵੇਂ ਕਿ ਦਰੱਖਤ, ਖੰਭੇ ਜਾਂ ਟਰੈੱਕਟਰ ਦਾ ਕੈਬਿਨ ਆਦਿ) ਨਾ ਹੋਵੇ। ਲੇਜ਼ਰ ਕਰਾਹੇ ਨੂੰ ਖੇਤ ਵਿੱਚ ਚਲਾਉਣ ਤੋਂ ਪਹਿਲਾਂ ਖੇਤ ਦਾ ਲੇਜ਼ਰ ਅੱਖ ਦੀ ਸਹਾਇਤਾ ਨਾਲ ਨਿਰੀਖਣ ਕੀਤਾ ਜਾਂਦਾ ਹੈ ਅਤੇ ਖੱਤੇ ਦੇ ਵੱਖ ਵੱਖ ਥਾਵਾਂ ’ਤੇ ਉਸ ਦਾ ਪੱਧਰ ਨੋਟ ਕੀਤਾ ਜਾਂਦਾ ਹੈ। ਫਿਰ ਇਨ੍ਹਾਂ ਸਾਰੀਆਂ ਪੱਧਰਾਂ ਦਾ ਔਸਤ ਕੱਢ ਲਿਆ ਜਾਂਦਾ ਹੈ। ਇਸ ਤੋਂ ਬਾਅਦ ਸਕਰੇਪਰ ਅਤੇ ਲੇਜ਼ਰ ਬੀਮ ਰਿਸੀਵਰ ਨੂੰ ਔਸਤ ਪੱਧਰ ਦੇ ਨੇੜੇ ਵਾਲੀ ਥਾਂ ’ਤੇ ਰੱਖਿਆ ਜਾਂਦਾ ਹੈ। ਸਕਰੇਪਰ ਨੂੰ ਕੰਟਰੋਲ ਬਾਕਸ ਨਾਲ ਉੱਪਰ ਜਾਂ ਹੇਠਾਂ ਕਰਨ ਤੋਂ ਬਾਅਦ ਸੈੱਟ ਕਰੋ। ਜਦੋਂ ਕੰਟਰੋਲ ਬਾਕਸ ਤੇ ਹਰੀ ਬੱਤੀ ਜਗੇ ਤਾਂ ਇਸ ਦਾ ਮਤਲਬ ਰਿਸੀਵਰ ਅਤੇ ਟਰਾਂਸਮੀਟਰ ਇੱਕ ਲਾਈਨ ਵਿੱਚ ਹਨ। ਕੰਟਰੋਲ ਬਾਕਸ ਵਿੱਚ ਸਵਿੱਚ ਨੂੰ ਮੈਨੂਅਲ ਤੋਂ ਆਟੋਮੈਟਿਕ ’ਤੇ ਕਰੋ। ਟਰੈਕਟਰ ਨੂੰ ਚਲਾਓ ਅਤੇ ਜ਼ਮੀਨ ਨੂੰ ਸਮਤਲ ਕਰੋ। ਜੇ ਖੇਤ ਦੇ ਪੱਧਰ ਵਿੱਚ  3 ਤੋਂ 4  ਇੰਚ  ਦਾ ਫ਼ਰਕ ਹੈ ਤਾਂ ਆਮ ਤੌਰ ’ਤੇ ਇਸ ਨੂੰ ਬਿਲਕੁਲ ਪੱਧਰਾ ਕਰਨ ਲਈ ਅੰਦਾਜ਼ਨ ਔਸਤ ਸਮਾਂ ਡੇਢ ਤੋਂ ਪੌਣੇ ਦੋ ਘੰਟੇ ਪ੍ਰਤੀ ਏਕੜ ਲਗਦੇ ਹਨ। ਇਸ ਮਸ਼ੀਨ ਨਾਲ ਇੱਕ ਵਾਰ ਪੱਧਰੇ ਹੋਏ ਖੇਤ ਨੂੰ ਤਿੰਨ ਸਾਲ ਤੱਕ ਦੁਬਾਰਾ ਪੱਧਰਾ ਕਰਨ ਦੀ ਲੋੜ ਨਹੀਂ ਪੈਂਦੀ।

ਲੇਜ਼ਰ ਕਰਾਹੇ ਦੀ ਵਰਤੋਂ ਵਿੱਚ ਰੁਕਾਵਟਾਂ:

* ਲੇਜ਼ਰ ਕਰਾਹੇ ਅਤੇ ਟਰੈਕਟਰ ਚਲਾਉਣ ਲਈ ਚਾਲਕ ਦਾ ਨਿਪੁੰਨ    ਨਾ ਹੋਣਾ।

* ਜ਼ਿਆਦਾ ਹਵਾ ਦੇ ਦੌਰਾਨ ਠੀਕ ਕੰਮ ਨਾ ਕਰਨਾ।

* ਲੇਜ਼ਰ ਕਰਾਹੇ ਦੀ ਸਾਂਭ-ਸੰਭਾਲ ਨਾ ਕਰਨਾ।

* ਖੇਤ ਵਿੱਚ ਲੇਜ਼ਰ ਕਰਾਹਾ ਵਰਤਣ ਤੋਂ ਬਾਅਦ ਟਰਾਂਸਮੀਟਰ, ਰਿਸੀਵਰ ਅਤੇ ਲੇਜ਼ਰ ਅੱਖ ਨੂੰ ਉਨ੍ਹਾਂ ਦੇ ਡੱਬਿਆ ਵਿੱਚ ਪਾ ਕੇ ਰੱਖੋ।

* ਸੜਕ ’ਤੇ ਚਲਦੇ ਸਮੇਂ ਰਿਸੀਵਰ ਨੂੰ ਮਾਸਟ ਤੋਂ ਉਤਾਰ ਕੇ ਡੱਬੇ ਵਿੱਚ ਲੈ ਕੇ ਜਾਓ। ਝਟਕਿਆਂ ਕਾਰਨ ਰਿਸੀਵਰ ਦੀ ਸੈਟਿੰਗ ਖ਼ਰਾਬ ਹੋ ਸਕਦੀ ਹੈ।

* ਟਰੈਕਟਰ ਦੇ ਹਾਈਡ੍ਰੌਲਿਕ ਸਿਸਟਮ ਵਿੱਚ ਤੇਲ ਦਾ ਪੱਧਰ ਚੈੱਕ ਕਰੋ, ਜੇ ਘੱਟ ਹੋਵੇ ਤਾਂ ਉਸ ਨੂੰ ਪੂਰਾ ਕਰੋ।

* ਕਰਾਹਾ ਉੱਪਰ ਜਾਂ ਨੀਵਾਂ ਨਾ ਹੋ ਹੋਣਾ: ਅਜਿਹਾ ਹੋਣ ’ਤੇ ਟਰਾਂਸਮੀਟਰ ਚੈੱਕ ਕਰੋ। ਹਾਈਡ੍ਰੌਲਿਕ ਕੁਨੈਕਸ਼ਨ ਨੂੰ ਚੈੱਕ ਕਰੋ। ਕੰਟਰੋਲ ਵਾਲਵ ਤੇ ਪ੍ਰੈਸ਼ਰ ਰਿਲੀਫ ਵਾਲਵ ਚੈੱਕ ਕਰੋ।

ਕਰਾਹੇ ਦਾ ਖੇਤ ਵਿੱਚ ਕਿਸੇ ਥਾਂ ’ਤੇ ਕੰਮ ਨਾ ਕਰਨਾ: ਟਰਾਂਸਮੀਟਰ ਅਤੇ ਰਿਸੀਵਰ ਦੇ ਵਿੱਚ ਕਿਸੇ ਚੀਜ਼ ਦਾ ਆਉਣਾ। ਰਿਸੀਵਰ ਦਾ ਟਰੈਕਟਰ ਕੈਬਿਨ ਦੀ ਉਚਾਈ ਦੇ ਬਰਾਬਰ ਹੋਣਾ।

ਕਰਾਹੇ ਦਾ ਇੱਕ ਦਿਸ਼ਾ ਵਿੱਚ ਚੱਲਣਾ: ਹਾਈਡ੍ਰੌਲਿਕ ਕੁਨੈਕਸ਼ਨ ਚੈੱਕ ਕਰੋ। ਸੋਲੋਨਾਈਡ ਦੇ ਇਲੈਕਟ੍ਰਿਕ ਕੁਨੈਕਸ਼ਨ ਚੈਕ ਕਰੋ। ਕੰਲਰੋਲ ਵਾਲਵ ਤੇ ਪ੍ਰੈਸ਼ਰ ਰਿਲੀਫ਼ ਵਾਲਵ ਚੈੱਕ ਕਰੋ।

ਕਰਾਹੇ ਦਾ ਆਪਣੇ-ਆਪ ਉੱਠਣਾ: ਹਾਈਡ੍ਰੌਲਿਕ ਸਿਸਟਮ ਵਿੱਚ ਤੇਲ ਦਾ ਪੱਧਰ ਚੈੱਕ ਕਰੋ। ਸੋਲੋਨਾਈਡ ਦੇ ਇਲੈਕਟਿ੍ਕ ਕੁਨੈਕਸ਼ਨ ਚੈੱਕ ਕਰੋ।

ਕਰਾਹੇ ਵਿੱਚੋਂ ਮਿੱੱਟੀ ਦਾ ਨਾ ਡਿੱਗਣਾ: ਮਿੱਟੀ ਦਾ ਬਹੁਤਾ ਗਿੱਲਾ ਹੋਣਾ। ਜ਼ਮੀਨ ਦਾ ਸਖ਼ਤ ਹੋਣਾ।

ਕਰਾਹੇ ਵਿੱਚ ਮਿੱਟੀ ਦਾ ਨਾ ਚੜ੍ਹਨਾ: ਜ਼ਮੀਨ ਦਾ ਬਹੁਤਾ ਸਖ਼ਤ ਹੋਣਾ। ਜ਼ਮੀਨ ਤੇ ਨਦੀਨਾਂ ਦਾ ਜ਼ਿਆਦਾ ਹੋਣਾ।

ਕਿਸਾਨ ਲੇਜ਼ਰ ਕਰਾਹੇ ਚਲਾਉਣ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਤੋਂ ਸਿਖਲਾਈ ਵੀ ਲੈ ਸਕਦੇ ਹਨ।