Update Details

1002-ras.jpg
Posted by PAU, Ludhiana
2018-08-09 06:25:56

ਨਰਮੇ ਦੇ ਰਸ ਚੂਸਣ ਵਾਲੇ ਕੀੜਿਆਂ ਤੋਂ ਬਚਾਅ ਲਈ ਲਗਾਤਾਰ ਸਰਵੇਖਣ ਕਰਦੇ ਰਹੋ-ਖੇਤੀ ਮਾਹਿਰ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਅਤੇ ਖੇਤੀਬਾੜੀ ਵਿਭਾਗ ਵੱਲੋਂ ਨਰਮਾ ਪੱਟੀ ਦਾ ਲਗਾਤਾਰ ਸਰਵੇਖਣ ਕੀਤਾ ਜਾ ਰਿਹਾ ਹੈ। ਸਰਵੇਖਣ ਦੌਰਾਨ ਮਾਨਸਾ, ਬਠਿੰਡਾ, ਫਰੀਦਕੋਟ, ਮੁਕਤਸਰ ਜ਼ਿਲ੍ਹਿਆਂ ਵਿੱਚ ਚਿੱਟੀ ਮੱਖੀ ਦਾ ਹਮਲਾ ਇਕਨਾਮਿਕ ਥਰੈਸ਼ਹੋਲਡ ਲੈਵਲ (6 ਮੱਖੀ ਪ੍ਰਤੀ ਪੱਤਾ) ਤੋਂ ਬਹੁਤ ਘੱਟ ਪਾਇਆ ਗਿਆ ਪਰ ਫਾਜ਼ਿਲਕਾ ਜ਼ਿਲ੍ਹੇ ਵਿੱਚ ਖੂਹੀਆਂ ਸਰਵਰ ਬਲਾਕ ਦੇ 12 ਪਿੰਡਾਂ ਦੇ 335 ਖੇਤਾਂ ਵਿੱਚੋਂ 19 ਖੇਤਾਂ ਵਿੱਚ ਇਸ ਦਾ ਹਮਲਾ ਇਕਨਾਮਿਕ ਥਰੈਸ਼ਹੋਲਡ ਲੈਵਲ ਤੋਂ ਉਪਰ ਹੈ। ਨਰਮਾ ਪੱਟੀ ਦੇ ਕੁੱਝ ਖੇਤਾਂ ਵਿੱਚ ਹਰੇ ਤੇਲੇ ਅਤੇ ਭੂਰੀ ਜੂੰ (ਥਰਿਪ) ਦਾ ਹਮਲਾ ਵੀ ਦਿਖਾਈ ਦਿੱਤਾ ਹੈ। ਭਾਵੇਂ ਅੱਜਕੱਲ੍ਹ ਦਾ ਚੱਲ ਰਿਹਾ ਮੌਸਮ ਇਨ੍ਹਾਂ ਕੀੜਿਆਂ ਦੇ ਵੱਧਣ-ਫੁੱਲਣ ਵਿੱਚ ਕਾਫੀ ਅਨੁਕੂਲ ਹੈ ਪਰ ਕੁਝ ਥਾਂਵਾਂ ਤੇ ਹੀ ਇਨ੍ਹਾਂ ਕੀੜਿਆਂ ਦਾ ਹਮਲਾ ਦੇਖਣ ਵਿੱਚ ਆਇਆ ਹੈ।

ਇਸ ਸੰਬੰਧੀ ਗੱਲ ਕਰਦਿਆਂ ਪੀਏਯੂ ਦੇ ਕੀਟ ਵਿਗਿਆਨੀ ਡਾ. ਵਿਜੈ ਕੁਮਾਰ ਨੇ ਕਿਹਾ ਕਿ ਕਿਸਾਨ ਵੀਰਾਂ ਨੂੰ ਇਸ ਸਮੇਂ ਘਬਰਾਉਣ ਦੀ ਲੋੜ ਨਹੀਂ ਸਗੋਂ ਉਹ ਚਿੱਟੀ ਮੱਖੀ, ਹਰੇ ਤੇਲੇ ਅਤੇ ਭੂਰੀ ਜੂੰ ਵਾਸਤੇ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ। ਨਰਮੇ ਦੀ ਫਸਲ ਨੂੰ ਸੋਕਾ ਨਾ ਲੱਗਣ ਦਿਓ ਕਿਉਂਕਿ ਔੜ ਵਿੱਚ ਚਿੱਟੀ ਮੱਖੀ ਅਤੇ ਭੂਰੀ ਜੂੰ ਦੇ ਹਮਲੇ ਵਿੱਚ ਵਾਧਾ ਹੁੰਦਾ ਹੈ। ਹਰੇ ਤੇਲੇ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਕਰੋ ਜਦੋਂ 50 ਪ੍ਰਤੀਸ਼ਤ ਬੂਟਿਆਂ ਦੇ ਉਪਰਲੇ ਹਿੱਸੇ ਦੇ ਪੂਰੇ ਬਣ ਚੁੱਕੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ। ਇਸ ਦੀ ਰੋਕਥਾਮ ਲਈ 60 ਗ੍ਰਾਮ ਔਸ਼ੀਨ 20 ਐਸ ਜੀ (ਡਾਇਨੋਟੈਫੂਰਾਨ) ਜਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਭੂਰੀ ਜੂੰ ਦੇ ਬੱਚੇ ਅਤੇ ਬਾਲਗ ਪਹਿਲਾਂ ਪੱਤੇ ਦੀ ਉਪਰਲੀ ਸਤਿਹ ਨੂੰ ਖਰੋਚਦੇ ਹਨ ਅਤੇ ਬਾਅਦ ਵਿੱਚ ਪੱਤੇ ਵਿੱਚੋਂ ਨਿਕਲ ਰਹੇ ਪਾਣੀ ਨੂੰ ਚੂਸਦੇ ਹਨ। ਸ਼ੁਰੂਆਤੀ ਅਵਸਥਾ ਵਿੱਚ ਪੱਤੇ ਦੀ ਵਿੱਚਕਾਰਲੀ ਨਾੜ ਅਤੇ ਬਾਕੀ ਨਾੜਾਂ ਦੁਆਲੇ ਚਮਕੀਲੀ ਧਾਰੀਆਂ ਦਿਖਾਈ ਦਿੰਦੀਆਂ ਹਨ। ਜ਼ਿਆਦਾ ਹਮਲਾ ਹੋਣ ਦੀ ਸੂਰਤ ਵਿੱਚ ਪੱਤੇ ਦੂਰੋਂ ਹੀ ਖਾਕੀ ਅਤੇ ਝੁਰੜ-ਮੁਰੜ ਜਾਪਦੇ ਹਨ। ਜੇਕਰ ਥਰਿਪ ਦਾ ਹਮਲਾ ਨਜ਼ਰ ਆਵੇ ਤਾਂ ਤੁਰੰਤ ਖੇਤ ਨੂੰ ਪਾਣੀ ਲਾ ਦਿਓ। ਜੇਕਰ ਇਸ ਦਾ ਹਮਲਾ ਜ਼ਿਆਦਾ ਨਜ਼ਰ ਆਵੇ ਤਾਂ 500 ਮਿਲੀਲਿਟਰ ਕਿਊਰਾਕਰਾਨ 50 ਈ ਸੀ (ਪ੍ਰੋਫੈਨੋਫਾਸ) ਦਾ ਛਿੜਕਾਅ ਕਰੋ। ਜੇਕਰ ਚਿੱਟੀ ਮੱਖੀ ਅਤੇ ਭੂਰੀ ਜੂੰ ਦੋਵਾਂ ਦਾ ਹਮਲਾ ਨਜ਼ਰ ਆਵੇ ਤਾਂ 200 ਗ੍ਰਾਮ ਪੋਲੋ 50 ਡਬਲਯੂ ਪੀ (ਡਾਇਫੈਨੀਥੂਯੂਰਾਨ) ਜਾਂ ਫੋਸਮਾਈਟ 50 ਈ ਸੀ (ਈਥੀਆਨ) ਦਾ ਛਿੜਕਾਅ ਕਰੋ। ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਿਟਰ ਲੈਨੋ 10 ਈ ਸੀ (ਪਾਇਰੀਪ੍ਰੋਕਸੀਫਿਨ) ਜਾਂ 200 ਮਿਲੀਲਿਟਰ ਓਬਰੇਨ/ਵੋਲਟੇਜ਼ 22.9 ਐਸ ਸੀ (ਸਾਈਪਰੋਮੈਸੀਫਿਨ) ਦਾ ਛਿੜਕਾਅ ਕਰੋ।