ਲਾਹੇਵੰਦ ਡੇਅਰੀ ਧੰਦੇ ਲਈ ਇਹ ਗੱਲ ਲਾਜ਼ਮੀ ਹੈ ਕਿ ਪਸ਼ੂ ਪਾਲਣ ’ਤੇ ਖ਼ਰਚਾ ਘੱਟ ਤੋਂ ਘੱਟ ਅਤੇ ਮੁਨਾਫ਼ਾ ਵੱਧ ਤੋਂ ਵੱਧ ਹੋਵੇ। ਪਸ਼ੂ ਪਾਲਣ ਦੇ ਧੰਦੇ ’ਤੇ 70 ਫ਼ੀਸਦੀ ਖ਼ਰਚਾ ਤਾਂ ਖ਼ੁਰਾਕ ’ਤੇ ਆਉਂਦਾ ਹੈ। ਇਸ ਲਈ ਇਹ ਗੱਲ ਜਰੂਰੀ ਬਣ ਜਾਂਦੀ ਹੈ ਕਿ ਲਵੇਰਿਆਂ ਲਈ ਵੱਧ ਤੋਂ ਵੱਧ ਖ਼ੁਰਾਕੀ ਤੱਤ ਹਰੇ-ਚਾਰੇ ਤੋਂ ਲਏ ਜਾਣ ਤਾਂ ਜੋ ਵੰਡ ਦੀ ਲੋੜ ਘੱਟ ਤੋਂ ਘੱਟ ਪਵੇ। ਖ਼ੁਰਾਕ ਵਿੱਚ ਹਰੇ ਚਾਰੇ ਦੀ ਘਾਟ ਹੋਣ ਕਰਕੇ ਦੁੱਧ ਦੀ ਪੈਦਾਵਰ ’ਤੇ ਮਾੜੇ ਅਸਰ ਦੇ ਨਾਲ ਨਾਲ ਲਵੇਰਿਆਂ ਵਿੱਚ ਖ਼ੁਰਾਕੀ ਤੱਤਾਂ ਦੀ ਘਾਟ ਆ ਜਾਂਦੀ ਹੈ। ਇਨ੍ਹਾਂ ਖ਼ੁਰਾਕੀ ਤੱਤਾਂ ਦੀ ਘਾਟ ਹੋਣ ਕਰਕੇ ਲਵੇਰਿਆਂ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ (ਜਿਵੇਂ ਕਿ ਵਾਰ ਵਾਰ ਫਿਰ ਜਾਣਾ, ਹੇਹੇ ਵਿੱਚ ਨਾ ਆਉਣਾ ਅਤੇ ਸੂਆ ਭੰਨ੍ਹਣਾ) ਆ ਸਕਦੀਆਂ ਹਨ। ਨਤੀਜੇ ਵਜੋਂ, ਪਸ਼ੂ ਪਾਲਕਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ। ਦੁੱਧ ਦੇਣ ਵਾਲੇ ਪਸ਼ੂਆਂ ਦੀ ਖ਼ੁਰਾਕ ਵਿੱਚ ਹਰੇ ਚਾਰੇ ਦਾ ਅਹਿਮ ਯੋਗਦਾਨ ਹੈ। ਪਸ਼ੂਆਂ ਦੀ ਖ਼ੁਰਾਕ ਵਿੱਚ ਵੰਡ ਦੇ ਨਾਲ ਚੰਗੀ ਕਿਸਮ ਦਾ ਚਾਰਾ ਸ਼ਾਮਲ ਕਰਕੇ ਪਸ਼ੂਆਂ ਦੀ ਖ਼ੁਰਾਕ ਦੇ ਖ਼ਰਚ ਵਿੱਚ ਕਮੀ ਕੀਤੀ ਜਾ ਸਕਦੀ ਹੈ ਅਤੇ ਦੁੱਧ ਦੀ ਪੈਦਾਵਾਰ ਵਧਾਈ ਜਾ ਸਕਦੀ ਹੈ।
ਪੰਜਾਬ ਵਿੱਚ ਇਸ ਵੇਲੇ ਪਸ਼ੂਆਂ ਦੀ ਗਿਣਤੀ ਲਗਪਗ 81.2 ਲੱਖ ਹੈ। ਪੰਜਾਬ ਵਿੱਚ ਇਸ ਵੇਲੇ 8.95 ਲੱਖ ਹੈਕਟੇਅਰ ਰਕਬਾ ਹੀ ਚਾਰੇ ਦੀਆਂ ਫ਼ਸਲਾਂ ਦੇ ਹੇਠ ਹੈ, ਜਿਸ ਤੋਂ 719 ਲੱਖ ਟਨ ਚਾਰਾ ਪੈਦਾ ਕੀਤਾ ਜਾਂਦਾ ਹੈ। ਇਸ ਮੁਤਾਬਕ ਇੱਕ ਪਸ਼ੂ ਨੂੰ ਪ੍ਰਤੀ ਦਿਨ ਕੇਵਲ 31.58 ਕਿਲੋਗਰਾਮ ਹਰਾ ਚਾਰਾ ਮਿਲਦਾ ਹੈ, ਜਦਕਿ ਇਕ ਵੱਡੇ ਪਸ਼ੂ ਨੂੰ ਘੱਟੋ-ਘੱਟ ਰੋਜ਼ਾਨਾਂ 40-45 ਕਿਲੋਗ੍ਰਾਮ ਸੰਤੁਲਿਤ ਹਰਾ ਚਾਰਾ ਚਾਹੀਦਾ ਹੈ। ਜੇ ਇੱਕ ਵੱਡੇ ਪਸ਼ੂ ਨੂੰ 40 ਕਿਲੋ ਹਰਾ ਚਾਰਾ ਰੋਜ਼ਾਨਾ ਪਾਇਆ ਜਾਵੇ ਤਾਂ 911 ਲੱਖ ਟਨ ਹਰੇ ਚਾਰੇ ਦੀ ਸਾਲਾਨਾ ਲੋੜ ਹੈ। ਇਸ ਵੇਲੇ ਸੂਬੇ ਵਿੱਚ ਚਾਰੇ ਦੀਆਂ ਫ਼ਸਲਾਂ ਹੇਠ ਰਕਬਾ ਵਧਣ ਦੀ ਕੋਈ ਆਸ ਨਹੀਂ ਹੈ। ਇਸ ਲਈ ਚਾਰੇ ਦੀ ਹੋਰ ਪੈਦਾਵਾਰ ਵਧਾਉਣ ਦਾ ਤਰੀਕਾ ਪ੍ਰਤੀ ਏਕੜ ਹਰੇ ਚਾਰੇ ਦੇ ਝਾੜ ਨੂੰ ਵਧਾਉਣਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਹਰੇ ਚਾਰੇ ਦੀਆਂ ਸੁਧਰੀਆਂ ਕਿਸਮਾਂ ਬੀਜੀਏ ਅਤੇ ਉਨ੍ਹਾਂ ਦੀ ਕਾਸ਼ਤ ਸੁਚੱਜੇ ਤਰੀਕੇ ਨਾਲ ਕਰੀਏ ਤਾਂ ਜੋ ਉਨ੍ਹਾਂ ਦਾ ਝਾੜ ਵਧਾਇਆ ਜਾ ਸਕੇ।
ਮੱਕੀ, ਚਰ੍ਹੀ, ਬਾਜਰਾ, ਗੁਆਰਾ ਅਤੇ ਰਵਾਂਹ ਸਾਉਣੀ ਵਿੱਚ ਹੋਣ ਵਾਲੇ ਪ੍ਰਮੁੱਖ ਚਾਰੇ ਹਨ। ਗੁਆਰਾ ਅਤੇ ਰਵਾਂਹ ਵਿੱਚ ਪ੍ਰੋਟੀਨ ਦੀ ਕਾਫ਼ੀ ਮਾਤਰਾ ਹੁੰਦੀ ਹੈ। ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਫ਼ਲੀਦਾਰ ਅਤੇ ਗ਼ੈਰ-ਫ਼ਲੀਦਾਰ ਚਾਰੇ ਰਲ੍ਹਾ ਕੇ ਪਸ਼ੂਆਂ ਨੂੰ ਖੁਆਏ ਜਾਣ। ਜਿਵੇਂ ਕਿ ਮੱਕੀ ਨੂੰ ਰਵਾਂਹ ਅਤੇ ਚਰ੍ਹੀ ਨੂੰ ਗੁਆਰੇ ਨਾਲ ਰਲਾ ਕੇ ਬੀਜਿਆ ਜਾਵੇ। ਵੱਧ ਪੈਦਾਵਾਰ ਅਤੇ ਪੌਸ਼ਟਿਕ ਚਾਰਾ ਲੈਣ ਲਈ ਮੱਕੀ ਦੇ 15 ਕਿੱਲੋ ਬੀਜ ਵਿੱਚ 12 ਕਿੱਲੋ ਰਵਾਂਹ 88 ਜਾਂ 6 ਕਿਲੋ ਰਵਾਂਹ ਸੀ ਐਲ 367 ਦਾ ਬੀਜ ਰਲਾ ਕੇ ਬੀਜੋ। ਇਹ ਇੱਕ ਬਹੁਤ ਗੁਣਕਾਰੀ ਮਿਸ਼ਰਤ ਚਾਰਾ ਬਣ ਜਾਂਦਾ ਹੈ। ਇਸ ਤਰ੍ਹਾਂ ਅਸੀਂ ਪਸ਼ੂਆਂ ਨੂੰ ਸੰਤੁਲਿਤ ਚਾਰਾ ਦੇ ਕੇ ਪਸ਼ੂਆਂ ਦੀ ਖ਼ੁਰਾਕ ਦੇ ਆਉਂਦੇ ਖ਼ਰਚੇ ਘਟਾ ਸਕਦੇ ਹਾਂ।
ਮੱਕੀ: ਮੱਕੀ ਦੀ ਜੇ 1006 ਉਨਤ ਕਿਸਮ ਹੈ। ਇਸ ਨੂੰ ਮਾਰਚ ਦੇ ਪਹਿਲੇ ਹਫ਼ਤੇ ਤੋਂ ਅੱਧ ਸਤੰਬਰ ਤੱਕ 30 ਕਿੱਲੋ ਬੀਜ ਪ੍ਰਤੀ ਕੇਰੇ ਨਾਲ ਸਿਆੜਾਂ ਵਿੱਚ 30 ਸੈਂਟੀਮੀਟਰ ਫਾਸਲਾ ਰੱਖ ਕੇ ਬੀਜਿਆ ਜਾ ਸਕਦਾ ਹੈ। ਨਦੀਨਾਂ ਦੀ ਰੋਕਥਾਮ ਲਈ ਐਟਰਾਜੀਨ 500 ਗ੍ਰਾਮ ਰੇਤਲੀ ਅਤੇ 800 ਗ੍ਰਾਮ ਪ੍ਰਤੀ ਏਕੜ ਭਾਰੀ ਜ਼ਮੀਨ ਵਿੱਚ ਬਿਜਾਈ ਤੋਂ ਬਾਅਦ ਦੋ ਦਿਨਾਂ ਦੇ ਵਿੱਚ-ਵਿੱਚ 200 ਲੀਟਰ ਪਾਣੀ ਨਾਲ ਛਿੜਕੋ। ਜਿਨ੍ਹਾਂ ਖੇਤਾਂ ਵਿੱਚ ਮੱਕੀ ਅਤੇ ਰਵਾਂਹ ਰਲਾ ਕੇ ਬੀਜੇ ਹੋਣ ਤਾਂ ਸਟੌਂਪ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। 10 ਟਨ ਰੂੜੀ ਖੇਤ ਨੂੰ ਤਿਆਰ ਕਰਨ ਤੋਂ ਪਹਿਲਾਂ ਪਾਓ, 30 ਕਿੱਲੋ ਯੂਰੀਆ ਅਤੇ 55 ਕਿੱਲੋ ਡੀਏਪੀ ਬਿਜਾਈ ਸਮੇਂ ਵਰਤੋ ਅਤੇ 30 ਕਿਲੋ ਯੂਰੀਆ ਜਦੋਂ ਫ਼ਸਲ ਗੋਡੇ ਗੋਡੇ ਹੋ ਜਾਵੇ ਅਤੇ 30 ਕਿਲੋ ਬੂਰ ਪੈਣ ਤੋਂ ਪਹਿਲਾਂ ਪਾ ਦਿਓ। ਜਦੋਂ ਫ਼ਸਲ ਦੋਧੇ ’ਤੇ ਹੋਵੇ ਤਾਂ ਕਟਾਈ ਕਰ ਲਵੋ। (ਬਿਜਾਈ ਤੋਂ 55 ਤੋਂ 60 ਦਿਨਾਂ ਬਾਅਦ)
ਚਰ੍ਹੀ: ਚਰ੍ਹੀ ਦੀ ਐਸਐਲ 44 ਉਨਤ ਕਿਸਮ ਹੈ। 0000ਇਸ ਨੂੰ ਅੱਧ ਜੂਨ ਤੋਂ ਅੱਧ ਜੁਲਾਈ ਤੱਕ 20-25 ਕਿਲੋ ਬੀਤ ਪ੍ਰਤੀ ਏਕੜ ਦੇ ਹਿਸਾਬ ਨਾਲ ਡਰਿਲ ਨਾਲ ਸਿਆੜਾਂ ਵਿੱਚ 22.5 ਸੈਂਟੀਮੀਟਰ ਫ਼ਾਸਲਾ ਰੱਖ ਕੇ ਬੀਜਿਆ ਜਾ ਸਕਦਾ ਹੈ। ਨਦੀਨਾਂ ਦੀ ਰੋਕਥਾਮ ਲਈ ਐਟਰਾਜੀਨ 400 ਗ੍ਰਾਮ ਪ੍ਰਤੀ ਏਕੜ ਬਿਜਾਈ ਤੋਂ ਬਾਅਦ ਦੋ ਦਿਨਾਂ ਦੇ ਵਿੱਚ-ਵਿੱਚ 200 ਲੀਟਰ ਪਾਣੀ ਨਾਲ ਛਿੜਕੋ। ਜਿਨ੍ਹਾਂ ਖੇਤਾਂ ਵਿੱਚ ਚਰ੍ਹੀ ਅਤੇ ਗੁਆਰਾ ਰਲਾ ਕੇ ਬੀਜੇ ਹੋਣ ਤਾਂ ਸਟੌਂਪ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। 10 ਟਨ ਰੂੜੀ ਖੇਤ ਨੂੰ ਤਿਆਰ ਕਰਨ ਤੋਂ ਪਹਿਲਾਂ ਪਾਓ। 44 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫਾਸਫੇਟ ਬਿਜਾਈ ਸਮੇਂ ਵਰਤੋ ਅਤੇ 44 ਕਿਲੋ ਯੂਰੀਆ ਬਿਜਾਈ ਤੋਂ ਇੱਕ ਮਹੀਨੇ ਬਾਅਦ ਪਾ ਦਿਓ। ਜਦੋਂ ਫ਼ਸਲ ਦੋਧੇ ’ਤੇ ਹੋਵੇ ਤਾਂ ਕਟਾਈ ਸ਼ੁਰੂ ਕਰ ਦੇਵੋ (ਬਿਜਾਈ ਤੋਂ 70 ਤੋਂ 80 ਦਿਨਾਂ ਬਾਅਦ)
ਬਾਜਰਾ: ਬਾਜਰੇ ਦੀਆਂ ਪੀਐਚਬੀਐਫ-1, ਪੀਸੀਬੀ-164, ਐਫਬੀਚੀ-16 ਉਨਤ ਕਿਸਮਾਂ ਹਨ। ਇਨ੍ਹਾਂ ਦੀ ਮਾਰਚ ਤੋਂ ਅਗਸਤ ਤੱਕ 6 ਤੋਂ 8 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟੇ ਨਾਲ ਬਿਜਾਈ ਕੀਤੀ ਜਾ ਸਕਦੀ ਹੈ। ਨਦੀਨਾਂ ਤੋਂ ਰੋਕਥਾਮ ਲਈ ਐਟਰਾਜੀਨ 200 ਗ੍ਰਾਮ ਪ੍ਰਤੀ ਏਕੜ ਬਿਜਾਈ ਤੋਂ ਬਾਅਦ ਦੋ ਦਿਨਾਂ ਦੇ ਵਿੱਚ-ਵਿੱਚ 200 ਲੀਟਰ ਪਾਣੀ ਨਾਲ ਛਿੜਕੋ। 10 ਟਨ ਰੂੜੀ ਖੇਤ ਨੂੰ ਤਿਆਰ ਕਰਨ ਤੋਂ ਪਹਿਲਾਂ ਪਾਉ। 22 ਕਿੱਲੋ ਯੂਰੀਆ ਬਿਜਾਈ ਸਮੇਂ ਵਰਤੋ ਅਤੇ 22 ਕਿਲੋ ਯੂਰੀਆ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਪਾ ਦਿਓ। ਸਿੱਟੇ ਨਿਕਲਣ ਸਮੇਂ ਕਟਾਈ ਸ਼ੁਰੂ ਕਰ ਦਿਓ ਅਤੇ 50 ਫ਼ੀਸਦੀ ਸਿੱਟੇ ਨਿਕਲਣ ਤੋਂ ਪਹਿਲਾਂ ਕਟਾਈ ਪੂਰੀ ਕਰ ਦਿਓ।
ਗੁਆਰਾ: ਗੁਆਰਾ 80 ਇਸ ਦੀ ਉਨਤ ਕਿਸਮ ਹੈ। ਇਸ ਦੀ ਬਿਜਾਈ ਮਈ ਤੋਂ ਅੱਧ ਅਗਸਤ ਤੱਕ ਕੀਤੀ ਜਾ ਸਕਦੀ ਹੈ। 18-20 ਕਿਲੋ ਬੀਜ ਪ੍ਰਤੀ ਏਕੜ ਡਰਿੱਲ ਨਾਲ ਜਾਂ ਕੇਰੇ/ਪੋਰੇ ਨਾਲ ਸਿਆੜਾਂ ਵਿੱਚ 30 ਸੈਂਟੀਮੀਟਰ ਫਾਸਲਾ ਰੱਖ ਕੇ ਕਰੋ। ਨਦੀਨਾਂ ਦੀ ਰੋਕਥਾਮ ਲਈ ਸਟੌਂਪ 750 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਬਾਅਦ ਦੋ ਦਿਨਾਂ ਦੇ ਵਿੱਚ-ਵਿੱਚ 200 ਲੀਟਰ ਪਾਣੀ ਨਾਲ ਛਿੜਕੋ। 20 ਕਿਲੋ ਯੂਰੀਆ ਅਤੇ 24 ਕਿਲੋ ਸਿੰਗਲ ਸੂਪਰਫਾਸਫੇਟ ਬੀਜਣ ਸਮੇਂ ਪਾਓ। ਕਟਾਈ ਬਿਜਾਈ ਤੋਂ 90-100 ਦਿਨਾਂ ਬਾਅਦ, ਜਦੋਂ ਸਾਰੇ ਫੁੱਲ ਨਿਕਲ ਜਾਣ ਅਤੇ ਫਲੀਆਂ ਲੱਗਣੀਆਂ ਸ਼ੁਰੂ ਹੋ ਜਾਣ ’ਤੇ ਕਰ ਲਵੋ।
ਰਵਾਂਹ: ਰਵਾਂਹ ਦੀਆਂ ਸੀ ਐਲ 367 ਅਤੇ ਰਵਾਂਹ 88 ਉੱਨਤ ਕਿਸਮਾਂ ਹਨ। ਇਨ੍ਹਾਂ ਦੀ ਬਿਜਾਈ ਮਾਰਚ ਤੋਂ ਅੱਧ ਜੁਲਾਈ ਤੱਕ ਕੀਤੀ ਜਾ ਸਕਦੀ ਹੈ। ਰਵਾਂਹ 88 ਦਾ 20 ਤੋਂ 25 ਕਿਲੋ ਅਤੇ ਸੀਐਲ 367 ਦਾ 12 ਕਿਲੋ ਬੀਜ ਪ੍ਰਤੀ ਏਕੜ ਵਰਤੋ। ਬਿਜਾਈ ਡਰਿੱਲ ਨਾਲ ਜਾਂ ਕੇਰੇ/ਪੋਰੇ ਨਾਲ ਸਿਆੜਾਂ ਵਿੱਚ 30 ਸੈਂਟੀਮੀਟਰ ਫ਼ਾਸਲਾ ਰੱਖ ਕੇ ਕਰੋ। ਨਦੀਨਾਂ ਦੀ ਰੋਕਥਾਮ ਲਈ ਸਟੌਂਪ 750 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਤੋਂ ਬਾਅਦ ਦੋ ਦਿਨਾਂ ਦੇ ਵਿੱਚ-ਵਿੱਚ 200 ਲੀਟਰ ਪਾਣੀ ਨਾਲ ਛਿੜਕੋ। 16.5 ਕਿਲੋ ਯੂਰੀਆ ਅਤੇ 140 ਕਿਲੋ ਸਿੰਗਲ ਸੁਪਰਫਾਸਫੇਟ ਬੀਜਣ ਸਮੇਂ ਪਾਓ। ਕਟਾਈ ਬਿਜਾਈ ਤੋਂ 55-65 ਦਿਨਾਂ ਬਾਅਦ ਕਰ ਲਵੋ।
ਇਨ੍ਹਾਂ ਫ਼ਸਲਾਂ ਦੀ ਬਿਜਾਈ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਕਦੇ ਵੀ ਸਾਰੇ ਰਕਬੇ ਦੀ ਬਿਜਾਈ ਇੱਕ ਸਮੇਂ ’ਤੇ ਨਾ ਕਰੋ ਕਿਉਂਕਿ ਇਨ੍ਹਾਂ ਫ਼ਸਲਾਂ ਲਈ ਕੋਈ 10 ਦਿਨ ਦਾ ਸਮਾਂ ਹੁੰਦਾ ਹੈ, ਜਦੋਂ ਪੌਸ਼ਟਿਕ ਤੱਤ ਸਭ ਤੋਂ ਵੱਧ ਹੁੰਦੇ ਹਨ। ਜਦੋਂ ਸਾਰੀ ਬਿਜਾਈ ਇੱਕ ਸਮੇਂ ’ਤੇ ਹੋ ਜਾਂਦੀ ਹੈ ਤਾਂ ਕਟਾਈ ਕਰਦੇ-ਕਰਦੇ ਇਹ ਚਾਰੇ ਪੱਕ ਜਾਂਦੇ ਹਨ ਤੇ ਇਨ੍ਹਾਂ ਵਿੱਚ ਰੇਸ਼ੇ ਦੀ ਮਾਤਰਾ ਵਧ ਜਾਂਦੀ ਹੈ। ਇਸ ਨਾਲ ਇਸ ਨੂੰ ਹਜ਼ਮ ਕਰਨ ਲਈ ਪਸ਼ੂਆਂ ਦੀ ਵੱਧ ਊਰਜਾ ਲੱਗਦੀ ਹੈ। ਸਾਰੇ ਰਕਬੇ ਨੂੰ 3-4 ਹਿੱਸਿਆਂ ਵਿੱਚ ਵੰਡ ਕੇ 10-15 ਦਿਨਾਂ ਦੇ ਵਖਫ਼ੇ ’ਤੇ ਬਿਜਾਈ ਕਰੋ ਤਾਂ ਜੋ ਜਦੋਂ ਇੱਕ ਹਿੱਸੇ ਦੀ ਕਟਾਈ ਹੋ ਜਾਵੇ ਤਾਂ ਅਗਲਾ ਹਿੱਸਾ ਕਟਾਈ ਲਈ ਤਿਆਰ ਹੋ ਜਾਵੇ ਅਤੇ ਚਾਰਾ ਪੱਕੇ ਨਾ।
We do not share your personal details with anyone
Registering to this website, you accept our Terms of Use and our Privacy Policy.
Don't have an account? Create account
Don't have an account? Sign In
Please enable JavaScript to use file uploader.
GET - On the Play Store
GET - On the App Store