ਝੋਨਾ ਪੰਜਾਬ ਵਿੱਚ ਸਾਉਣੀ ਰੁੱਤ ਦੀ ਮਹੱਤਵਪੂਰਨ ਫ਼ਸਲ ਹੈ ਅਤੇ ਇਸ ਦੀ ਕਾਸ਼ਤ ਲਗਪਗ 30 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ। ਝੋਨੇ ਦੀ ਕਾਸ਼ਤ ਮੁੱਖ ਤੌਰ ’ਤੇ ਕੱਦੂ ਕੀਤੇ ਖੇਤਾਂ ਵਿੱਚ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ। ਪਿਛਲੇ ਲੰਬੇ ਸਮੇਂ ਤੋਂ ਝੋਨੇ ਦੀ ਲੁਆਈ ਮਜ਼ਦੂਰਾਂ ਵੱਲੋਂ ਕੀਤੀ ਜਾਂਦੀ ਹੈ ਪਰ ਮੌਜੂਦਾ ਸਮੇਂ ਵਿੱਚ ਮਜ਼ਦੂਰਾਂ ਦੀ ਘਾਟ ਅਤੇ ਸਮੇਂ ਦੀ ਘਾਟ ਦੇ ਮੱਦੇਨਜ਼ਰ, ਮਸ਼ੀਨਾਂ ਨਾਲ ਝੋਨਾ ਲਾਉਣ ਦੀ ਲੋੜ ਮਹਿਸੂਸ ਹੋ ਰਹੀ ਹੈ। ਝੋਨਾ ਲਾਉਣ ਵਾਲੀਆਂ ਮਸ਼ੀਨਾਂ ਦੇ ਕੁਝ ਫ਼ਾਇਦੇ ਵੀ ਹਨ ਜਿਵੇਂ ਕਿ ਮਜ਼ਦੂਰਾਂ ਨਾਲ ਝੋਨੇ ਦੀ ਲੁਆਈ ਦੇ ਮੁਕਾਬਲੇ ਸਮੇਂ ਸਿਰ ਲੁਆਈ ਅਤੇ ਪ੍ਰਤੀ ਵਰਗ ਮੀਟਰ ਵਿੱਚ ਬੂਟਿਆਂ ਦੀ ਜ਼ਿਆਦਾ ਗਿਣਤੀ, ਜੋ ਕਿ ਚੋਖੇ ਝਾੜ ਲਈ ਲਾਭਦਾਇਕ ਹੈ। ਸਿਹਤਮੰਦ, ਰੋਗ ਰਹਿਤ ਅਤੇ ਨਦੀਨ-ਮੁਕਤ ਪਨੀਰੀ ਚੰਗੀ ਫ਼ਸਲ ਦੀ ਬੁਨਿਆਦ ਹੈ। ਝੋਨੇ ਦੀ ਸਿਹਤਮੰਦ ਪਨੀਰੀ ਤਿਆਰ ਕਰਨ ਲਈ ਢੁੱਕਵੀਆਂ ਕਿਸਮਾਂ ਦੀ ਚੋਣ, ਖੇਤ ਦੀ ਚੋਣ, ਬਿਜਾਈ ਦਾ ਸਹੀ ਸਮਾਂ ਅਤੇ ਢੰਗ, ਲੁਆਈ ਵੇਲੇ ਪਨੀਰੀ ਦੀ ਉਮਰ, ਖਾਦਾਂ ਦੀ ਸੁਚੱਜੀ ਵਰਤੋਂ ਅਤੇ ਨਦੀਨਾਂ ਦੀ ਰੋਕਥਾਮ ਅਹਿਮ ਯੋਗਦਾਨ ਪਾਉਂਦੇ ਹਨ।
ਸਿਫ਼ਾਰਸ਼ ਕਿਸਮਾਂ ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਇਸ ਦੇ ਕ੍ਰਿਸ਼ੀ ਵਿਗਿਆਨ ਕੇਂਦਰ/ਫਾਰਮ ਸਲਾਹਕਾਰ ਸੇਵਾ ਕੇਂਦਰ/ਬੀਜ ਫਾਰਮ, ਪਨਸੀਡ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਜਾਂ ਕਿਸੇ ਹੋਰ ਭਰੋਸੇਯੋਗ ਵਸੀਲਿਆਂ ਤੋਂ ਖ਼ਰੀਦਿਆ ਜਾਵੇ। ਬੀਜ ਦੀ ਖ਼ਰੀਦ ਉਪਰੰਤ ਬਿੱਲ ਜ਼ਰੂਰ ਲਿਆ ਜਾਵੇ।
ਖੇਤ ਦੀ ਚੋਣ: ਕਿਸਮਾਂ ਦੇ ਰਲਾਅ ਤੋਂ ਬਚਾਅ ਲਈ ਪਨੀਰੀ ਬੀਜਣ ਵਾਸਤੇ ਉਸ ਖੇਤ ਦੀ ਚੋਣ ਨਾ ਕੀਤੀ ਜਾਵੇ ਜਿੱਥੇ ਪਿਛਲੇ ਸਾਲ ਝੋਨਾ ਝਾੜਿਆ ਗਿਆ ਹੋਵੇ। ਇਸ ਤੋਂ ਇਲਾਵਾ ਝੁਲਸ ਰੋਗ ਤੋਂ ਬਚਾਅ ਲਈ ਪਨੀਰੀ ਦੀ ਕਾਸ਼ਤ ਤੂੜੀ ਦੇ ਕੁੱਪਾਂ ਨੇੜੇ ਜਾਂ ਛਾਂ ਵਾਲੀ ਜਗ੍ਹਾ ਨਾ ਕੀਤੀ ਜਾਵੇ। ਪਨੀਰੀ ਵਾਲੀ ਜਗ੍ਹਾ ਪਾਣੀ ਦੇ ਸਰੋਤ ਦੇ ਨੇੜੇ ਹੋਵੇ ਅਤੇ ਕੰਕਰਾਂ/ਰੋੜਾਂ ਅਤੇ ਨਦੀਨਾਂ ਤੋਂ ਰਹਿਤ ਹੋਵੇ। ਇਸ ਤੋਂ ਇਲਾਵਾ ਮਸ਼ੀਨ ਨਾਲ ਝੋਨਾ ਲਾਉਣ ਲਈ ਮੈਟ ਉੱਪਰ ਪਨੀਰੀ ਤਿਆਰ ਕਰਨ ਵਾਲੀ ਜਗ੍ਹਾ ਦਰੱਖਤਾਂ ਅਤੇ ਟਿਊਬਵੈਲ ਤੋਂ ਘੱਟੋ-ਘੱਟ 20 ਮੀਟਰ ਦੀ ਦੂਰੀ ਤੇ ਹੋਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਮੈਟ ਵਾਲੀ ਪਨੀਰੀ ਉਨ੍ਹਾਂ ਖੇਤਾਂ ਦੇ ਨੇੜੇ ਹੋਵੇ ਜਿੱਥੇ ਇਸ ਦੀ ਲੁਆਈ ਕਰਨੀ ਹੋਵੇ।
ਪਨੀਰੀ ਦੀ ਬਿਜਾਈ ਲਈ ਢੁੱਕਵਾਂ ਸਮਾਂ ਤੇ ਲੁਆਈ ਵੇਲੇ ਪਨੀਰੀ ਦੀ ਉਮਰ: ਝੋਨੇ ਦੀ ਪਨੀਰੀ ਦੀ ਬਿਜਾਈ ਦਾ ਢੁੱਕਵਾਂ ਸਮਾਂ ਮਈ ਦਾ ਦੂਜਾ ਪੰਦਰਵਾੜ੍ਹਾ ਹੈ। ਪਿਛੇਤੀਆਂ ਹਾਲਤਾਂ ਵਿੱਚ ਪੀ.ਆਰ.126 ਕਿਸਮ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਪੀ ਆਰ 126 ਅਤੇ ਪੀ ਆਰ 124 ਕਿਸਮਾਂ ਦਾ ਅਗੇਤਾ ਵਾਧਾ-ਵਿਕਾਸ ਜ਼ਿਆਦਾ ਹੋਣ ਕਰਕੇ, ਇਨ੍ਹਾਂ ਕਿਸਮਾਂ ਦੀ ਪਨੀਰੀ 25 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਨ੍ਹਾਂ ਕਿਸਮਾਂ ਦੀ ਵੱਡੀ ਉਮਰ ਦੀ ਪਨੀਰੀ ਦੀ ਲੁਆਈ ਨਾਲ ਝੋਨੇ ਦੇ ਝਾੜ ਅਤੇ ਗੁਣਵੱਤਾ ਉਪਰ ਮਾੜਾ ਅਸਰ ਪੈਂਦਾ ਹੈ। ਪੀ ਆਰ 126 ਦੀ ਪਨੀਰੀ ਦੀ ਬਿਜਾਈ 5 ਜੂਨ ਤੱਕ ਕਰਨ ਨਾਲ ਵੀ ਚੰਗਾ ਝਾੜ ਲਿਆ ਜਾ ਸਕਦਾ ਹੈ।
ਖੇਤ ਦੀ ਤਿਆਰੀ ਅਤੇ ਖਾਦਾਂ ਦੀ ਵਰਤੋਂ: ਪਨੀਰੀ ਵਾਲੇ ਖੇਤ ਵਿੱਚ 12-15 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਚੰਗੀ ਤਰ੍ਹਾਂ ਗਲੀਸੜੀ ਰੂੜੀ ਦੀ ਖਾਦ ਪਾਉਣ ਉਪਰੰਤ ਵਾਹ ਕੇ ਖੇਤ ਵਿੱਚ ਰਲਾ ਦਿਓ। ਇਸ ਉਪਰੰਤ ਖੇਤ ਨੂੰ ਪਾਣੀ ਲਗਾ ਦਿਓ ਤਾਂ ਜੋ ਰੂੜੀ ਅਤੇ ਖੇਤ ਵਿਚਲੇ ਨਦੀਨਾਂ ਦੇ ਬੀਜ ਜੰਮ੍ਹ ਪੈਣ। ਨਦੀਨ ਜੰਮ੍ਹਣ ਉਪਰੰਤ ਖੇਤ ਨੂੰ ਹਫ਼ਤੇ ਦੀ ਵਿੱਥ ’ਤੇ ਦੋ ਵਾਰ ਕੇ ਨਦੀਨ ਮਾਰ ਦਿਓ। ਇਸ ਤਰ੍ਹਾਂ ਕਰਨ ਨਾਲ ਨਦੀਨਾਂ ਦਾ ਕਾਫ਼ੀ ਹੱਦ ਤਕ ਬੀਜ ਖ਼ਤਮ ਹੋ ਜਾਂਦਾ ਹੈ ਅਤੇ ਪਨੀਰੀ ਵਿੱਚ ਨਦੀਨ ਘੱਟ ਹੁੰਦੇ ਹਨ।
ਬੀਜ ਦੀ ਸੋਧ ਤੇ ਬਿਜਾਈ: ਇੱਕ ਏਕੜ ਝੋਨਾ ਲਾਉਣ ਲਈ ਪਨੀਰੀ ਦੀ ਬਿਜਾਈ ਕਰਨ ਵਾਸਤੇ 8 ਕਿਲੋ ਬੀਜ ਦੀ ਵਰਤੋਂ ਕਾਫ਼ੀ ਹੈ ਪਰ ਮਸ਼ੀਨ ਨਾਲ ਝੋਨਾ ਲਾਉਣ ਵਾਸਤੇ ਮੈਟ ਵਾਲੀ ਪਨੀਰੀ ਲਈ ਇੱਕ ਏਕੜ ਵਾਸਤੇ 10-12 ਕਿਲੋ ਬੀਜ ਨਾਲ ਤਕਰੀਬਨ 150 ਮੈਟ ਦੀ ਬਿਜਾਈ ਕਰੋ। ਤੰਦਰੁਸਤ ਅਤੇ ਨਰੋਈ ਪਨੀਰੀ ਤਿਆਰ ਕਰਨ ਵਾਸਤੇ ਬੀਜ ਨੂੰ ਕਿਸੇ ਬਾਲਟੀ/ਟੱਬ ਜਾਂ ਹੋਰ ਬਰਤਨ ਵਿੱਚ ਭਿਉਂ ਦਿਓ ਅਤੇ ਉਸ ਨੂੰ ਕਿਸੇ ਸੋਟੀ ਨਾਲ ਹਿਲਾਓ। ਇਸ ਤਰ੍ਹਾਂ ਕਰਨ ਨਾਲ ਹਲਕਾ ਬੀਜ ਉੱਪਰ ਤੈਰ ਆਵੇਗਾ। ਹਲਕਾ ਬੀਜ ਨਿਤਾਰ ਕੇ ਕੱਢ ਦਿਓ ਅਤੇ ਨਰੋਆ ਬੀਜ ਬਿਜਾਈ ਵਾਸਤੇ ਰੱਖ ਲਉ। ਇਸ ਤਰ੍ਹਾਂ ਕਰਨ ਨਾਲ ਪਨੀਰੀ ਦੇ ਬੂਟੇ ਇਕਸਾਰ ਅਤੇ ਨਰੋਏ ਹੋਣਗੇ। 10 ਲਿਟਰ ਪਾਣੀ ਵਿੱਚ 20 ਗ੍ਰਾਮ ਬਵਿਸਟਨ ਅਤੇ 1 ਗ੍ਰਾਮ ਸਟਰੈਪਟੋਸਾਈਕਲੀਨ ਘੋਲ ਕੇ ਉਸ ਵਿੱਚ 8 ਕਿਲੋ ਬੀਜ ਨੂੰ 8-10 ਘੰਟੇ ਵਾਸਤੇ ਭਿਉਂ ਕੇ ਰੱਖੋ। ਸੋਧੇ ਹੋਏ ਬੀਜ ਨੂੰ ਜੂਟ ਦੀਆਂ ਬੋਰੀਆਂ ਉੱਪਰ ਖਿਲਾਰ ਕੇ ਉੱਪਰੋਂ ਗਿਲੀਆਂ ਬੋਰੀਆਂ ਨਾਲ ਢੱਕ ਦਿਓ। ਬੋਰੀਆਂ ਉੱਪਰ ਪਾਣੀ ਛਿੜਕ ਕੇ ਬੀਜ ਨੂੰ ਲਗਾਤਾਰ ਗਿੱਲਾ ਰੱਖੋ। 24-36 ਘੰਟੇ ਵਿੱਚ ਬੀਜ ਪੁੰਗਰ ਆਵੇਗਾ। ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਤਕਰੀਬਨ 160 ਵਰਗ ਮੀਟਰ (6.5 ਮਰਲੇ) ਥਾਂ ਵਿੱਚ 8 ਕਿਲੋ ਬੀਜ ਦਾ ਛਿੱਟਾ ਦਿਓ। ਪੰਛੀਆਂ ਤੋਂ ਨੁਕਸਾਨ ਦੇ ਬਚਾਅ ਲਈ ਬੀਜ ਉਪਰ ਚੰਗੀ ਤਰ੍ਹਾਂ ਗਲੀਸੜੀ ਰੂੜੀ ਦੀ ਹਲਕੀ ਤਹਿ ਵਿਛਾ ਦਿਓ। ਬਿਜਾਈ ਉਪਰੰਤ ਖੇਤ ਨੂੰ ਪਾਣੀ ਲਗਾ ਕੇ ਗਿੱਲਾ ਰੱਖੋ ਪਰ ਇਸ ਗੱਲ ਦਾ ਧਿਆਨ ਰਹੇ ਕਿ ਬੀਜ ਦੇ ਪੁੰਗਰਨ ਤੱਕ ਖੇਤ ਵਿੱਚ ਜ਼ਿਆਦਾ ਪਾਣੀ ਨਾ ਖੜ੍ਹੇ।
ਮੈਟ ਵਾਲੀ ਪਨੀਰੀ ਤਿਆਰ ਕਰਨ ਦਾ ਤਰੀਕਾ: ਖੇਤ ਨੂੰ ਵੱਤਰ ਆਉਣ ’ਤੇ ਚੰਗੀ ਤਰ੍ਹਾਂ ਵਾਹੀ ਕਰਕੇ ਸੁਹਾਗਾ ਮਾਰ ਦਿਓ। ਤਿਆਰ ਕੀਤੀ ਥਾਂ ਉਤੇ 50-60 ਗੇਜ਼ ਦੀ ਪਤਲੀ ਅਤੇ 90-100 ਸੈਂਟੀਮੀਟਰ ਚੌੜੀ ਪਲਾਸਟਿਕ ਦੀ ਸ਼ੀਟ ਜਿਸ ਵਿੱਚ 12 ਮਿਲੀਲਿਟਰ ਸਾਈਜ਼ ਦੇ ਸੁਰਾਖ ਹੋਣ, ਵਿਛਾ ਦਿਓ। ਇੱਕ ਏਕੜ ਦੀ ਪਨੀਰੀ ਲਈ 270 ਗ੍ਰਾਮ ਸ਼ੀਟ ਦੀ ਜ਼ਰੂਰਤ ਪੈਂਦੀ ਹੈ। ਵਿਛਾਈ ਹੋਈ ਸ਼ੀਟ ਉੱਤੇ ਇੱਕ ਜਾਂ ਵੱਧ ਫਰੇਮ ਜਿਸ ਦਾ ਇੱਕ ਖਾਨੇ ਦਾ ਮਾਪ ਮਸ਼ੀਨ ਦੇ ਖਾਨੇ ਦੇ ਸਾਈਜ਼ ਦੇ ਮੁਤਾਬਕ ਹੋਣਾ ਚਾਹੀਦਾ ਹੈ, ਤਿਆਰ ਕੀਤੇ ਜਾ ਸਕਦੇ ਹਨ। ਫਰੇਮ ਦੇ ਦੋਵੇਂ ਪਾਸਿਆਂ ਤੋਂ ਇੱਕਸਾਰ ਮਿੱਟੀ ਚੁੱਕ ਕੇ ਫਰੇਮ ਵਿੱਚ ਪਾ ਕੇ ਪੱਧਰਾ ਕਰ ਦਿਓ। ਫਰੇਮ ਵਾਲੀ ਮਿੱਟੀ ਨੂੰ ਅਲੱਗ ਵੀ ਚੌਥਾਈ ਹਿੱਸਾ ਰੂੜੀ ਮਿਲਾ ਕੇ ਤਿਆਰ ਕੀਤਾ ਜਾ ਸਕਦਾ ਹੈ। ਹਰ ਖਾਨੇ ਉੱਤੇ 50-60 ਗ੍ਰਾਮ ਪੁੰਗਰਿਆ ਹੋਇਆ ਬੀਜ ਇਸ ਤਰ੍ਹਾਂ ਖਿਲਾਰੋ ਕਿ ਇੱਕ ਸੈਂਟੀਮੀਟਰ ਦੇ ਖੇਤਰਫਲ ਵਿੱਚ 2 ਤੋਂ 3 ਦਾਣੇ ਆਉਣ। ਬੀਜ ਨੂੰ ਇਕਸਾਰ ਖਿਲਾਰਨ ਲਈ ਬੀਜ ਖਿਲਾਰਨ ਵਾਲਾ ਰੋਲਰ ਵਰਤ ਸਕਦੇ ਹਾਂ। ਇੱਕ ਏਕੜ ਪਨੀਰੀ ਲਈ 10-12 ਕਿਲੋ ਬੀਜ (ਉਪਰ ਦੱਸੇ ਮੁਤਾਬਕ ਸੋਧ ਕੇ) ਜਿਸ ਤੋਂ ਤਕਰੀਬਨ 150 ਮੈਟ ਤਿਆਰ ਹੋ ਸਕਦੇ ਹਨ, ਲੋੜੀਂਦਾ ਹੈ। ਬੀਜ ਨੂੰ ਪਾਣੀ ਵਿੱਚੋਂ ਕੱਢ ਕੇ ਛਾਂ ਦਾਰ ਥਾਂ ਉੱਤੇ ਪੱਲੀ ਉੱਪਰ ਪੁੰਗਾਰ ਲਵੋ।
ਬੀਜ ਨੂੰ ਮਿੱਟੀ ਦੀ ਬਾਰੀਕ ਪਰਤ ਨਾਲ ਢਕਣ ਉਪਰੰਤ ਹੱਥ ਵਾਲੇ ਫੁਆਰੇ ਨਾਲ ਪਾਣੀ ਛਿੜਕ ਦਿਓ ਤਾਂ ਕਿ ਮਿੱਟੀ ਜੰਮ੍ਹ ਜਾਵੇ। ਫਰੇਮ ਨੂੰ ਹੌਲੀ ਜਿਹੀ ਚੁੱਕ ਲਵੋ ਅਤੇ ਵਿਛਾਈ ਹੋਈ ਪਾਲਸਟਿਕ ਸ਼ੀਟ ਉੱਤੇ ਰੱਖ ਦਿਓ। ਉਪਰੋਕਤ ਵਿਧੀ ਲੋੜ ਮੁਤਾਬਕ ਦੁਹਰਾਓ। ਦੋ ਵਿਅਕਤੀ ਇੱਕ ਦਿਨ ਵਿੱਚ 3-4 ਏਕੜ ਦੀ ਪਨੀਰੀ ਬੀਜ ਸਕਦੇ ਹਨ। ਪਨੀਰੀ ਦੀ ਬਿਜਾਈ ਤੋਂ ਬਾਅਦ ਖੇਤ ਨੂੰ ਪਾਣੀ ਦਿਓ। ਪਹਿਲੇ ਦੋ-ਤਿੰਨ ਪਾਣੀ ਧਿਆਨ ਨਾਲ ਦਿਓ ਕਿ ਪਾਣੀ ਦਾ ਵਹਾਅ ਘੱਟ ਹੋਵੇ ਅਤੇ ਪਾਣੀ ਇਕਸਾਰ ਹੋਵੇ ਤਾਂ ਕਿ ਨਵੇਂ ਬਣੇ ਮੈਟ ਖ਼ਰਾਬ ਨਾ ਹੋਣ। ਹਰ ਰੋਜ਼ ਪਾਣੀ ਲਗਾਉਣਾ ਜ਼ਰੂਰੀ ਹੈ ਤਾਂ ਕਿ ਮੈਟ ਹਮੇਸ਼ਾਂ ਗਿੱਲੇ ਰਹਿਣ। ਇੱਕ ਏਕੜ ਦੀ ਪਨੀਰੀ ਲਈ 10 ਦਿਨਾਂ ਦੇ ਵਕਫ਼ੇ ਮਗਰੋਂ 200 ਗ੍ਰਾਮ ਯੂਰੀਆ 15 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਪਨੀਰੀ ਦੇ ਮੈਟ 25-30 ਦਿਨਾਂ ਪਿੱਛੋਂ ਲਵਾਈ ਲਈ ਤਿਆਰ ਹੋ ਜਾਂਦੇ ਹਨ। ਪਨੀਰੀ ਪੁੱਟਣ ਤੋਂ ਕੁਝ ਘੰਟੇ ਪਹਿਲਾਂ ਪਾਣੀ ਨੂੰ ਕੱਢ ਦਿਓ। ਇਸ ਤਰ੍ਹਾਂ ਤਿਆਰ ਕੀਤੇ ਮੈਟ ਅਸਾਨੀ ਨਾਲ ਕਿਸੇ ਤੇਜ਼ ਬਲੇਡ ਜਾਂ ਦਾਤੀ ਨਾਲ ਫਰੇਮ ਦੇ ਪਏ ਚਿੰਨ੍ਹਾਂ ਮੁਤਾਬਿਕ ਕੱਟ ਕੇ ਉਖਾੜੇ ਜਾ ਸਕਦੇ ਹਨ। ਇਹ ਉਖਾੜੇ ਹੋਏ ਮੈਟ, ਝੋਨਾ ਲਗਾਉਣ ਵਾਲੇ ਖੇਤ ਤਕ ਟਰਾਲੀ ਜਾਂ ਰੇੜੇ ਦੀ ਮਦਦ ਨਾਲ ਪਹੁੰਚਾਏ ਜਾ ਸਕਦੇ ਹਨ। ਇੱਕ ਵਿਅਕਤੀ ਇੱਕ ਦਿਨ ਵਿੱਚ 5-6 ਏਕੜ ਦੀ ਪਨੀਰੀ ਦੇ ਮੈਟ ਉਖਾੜ ਸਕਦਾ ਹੈ।
ਨਦੀਨ ਪ੍ਰਬੰਧ: ਹੱਥੀਂ ਲਾਉਣ ਵਾਲੀ ਪਨੀਰੀ ਵਿੱਚੋਂ ਨਦੀਨਾਂ ਦੀ ਰੋਕਥਾਮ ਲਈ 1200 ਮਿਲੀਲਿਟਰ ਪ੍ਰਤੀ ਏਕੜ ਬੂਟਾਕਲੋਰ 50 ਈ ਸੀ ਜਾਂ ਥਾਇਓਬਿਨਕਾਰਬ 50 ਈ ਸੀ ਨੂੰ 60 ਕਿਲੋ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ 7 ਦਿਨ ਬਾਅਦ ਛਿੱਟਾ ਦਿਓ ਜਾਂ ਇਸ ਦੇ ਬਦਲ ਵਿੱਚ 500 ਮਿਲੀਲਿਟਰ ਪ੍ਰਤੀ ਏਕੜ ਸੌਫਿਟ 37.5 ਈ ਸੀ (ਪ੍ਰੈਟੀਲਾਕਲੋਰ + ਸੇਫਨਰ) ਨੂੰ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ 3 ਦਿਨ ਬਾਅਦ ਵਰਤੋ। ਜੇ ਪਨੀਰੀ ਦੀ ਬਿਜਾਈ ਸਮੇਂ ਨਦੀਨਨਾਸ਼ਕ ਨਾ ਪਾਈ ਜਾ ਸਕੇ ਅਤੇ ਪਨੀਰੀ ਵਿੱਚ ਨਦੀਨ ਹੋਣ ਤਾਂ ਪਨੀਰੀ ਦੀ ਬਿਜਾਈ ਤੋਂ 15-20 ਦਿਨਾਂ ਬਾਅਦ 100 ਮਿਲੀਲਿਟਰ ਪ੍ਰਤੀ ਏਕੜ ਨੌਮਨੀਗੋਲਡ/ ਤਾਰਕ/ ਵਾਸ਼ਆਊਟ/ ਮਾਚੋ 10 ਐਸ.ਸੀ. ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
ਮੈਟ ਵਿਧੀ ਪਨੀਰੀ ਤਿਆਰ ਕਰਨ ਲਈ ਕਿਸਾਨ ਵਧੇਰੇ ਤਕਨੀਕੀ ਜਾਣਕਾਰੀ ਲਈ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ, ਪੀ.ਏ.ਯੂ., ਲੁਧਿਆਣਾ, ਵੱਖ-ਵੱਖ ਜਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰ/ਫਾਰਮ ਸਲਾਹਕਾਰ ਸੇਵਾ ਕੇਂਦਰ ਜਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਖੇਤੀ ਇੰਜਨੀਅਰ ਨਾਲ ਸੰਪਰਕ ਕਰ ਸਕਦੇ ਹਨ।
We do not share your personal details with anyone
Registering to this website, you accept our Terms of Use and our Privacy Policy.
Don't have an account? Create account
Don't have an account? Sign In
Please enable JavaScript to use file uploader.
GET - On the Play Store
GET - On the App Store