
ਝੋਨੇ ਤੇ ਬਾਸਮਤੀ ਵਿੱਚ ਖਾਦਾਂ ਤੇ ਸਿੰਜਾਈ ਦੇ ਨੁਕਤੇ

ਝੋਨਾ ਪੰਜਾਬ ਵਿੱਚ ਸਾਉਣੀ ਦੀ ਮੁੱਖ ਫ਼ਸਲ ਹੈ। ਖੋਜਾਂ ਮੁਤਾਬਕ ਫ਼ਸਲੀ ਵਾਧੇ ਵਾਸਤੇ ਕੇਵਲ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਨਾਲ ਹੀ ਗੱਲ ਨਹੀਂ ਬਣਦੀ ਸਗੋਂ ਸੰਤੁਲਿਤ ਵਿਕਾਸ ਲਈ ਘੱਟੋ-ਘੱਟ 17 ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿੱਚੋਂ ਹਰੇਕ ਖ਼ੁਰਾਕੀ ਤੱਤ ਦੀ ਫ਼ਸਲ ਦੇ ਵਾਧੇ ਲਈ ਆਪਣੀ ਅਹਿਮੀਅਤ ਹੁੰਦੀ ਹੈ। ਬੂਟਿਆਂ ਦੇ ਵਾਧੇ ਲਈ ਨਾਈਟ੍ਰੋਜਨ (ਐਨ), ਜੜ੍ਹਾਂ ਦੇ ਵਿਕਾਸ ਲਈ ਫਾਸਫੋਰਸ (ਪੀ), ਫੁੱਲ ਪੈਣ ਲਈ ਅਤੇ ਬਿਮਾਰੀ ਦੇ ਟਾਕਰੇ ਵਾਸਤੇ ਪੋਟਾਸ਼ੀਅਮ (ਕੇ) ਤੱਤ ਸਹਾਈ ਹੁੰਦਾ ਹੈ। ਇਸ ਤੋਂ ਬਿਨਾਂ ਵੱਡੇ ਤੱਤਾਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ ਅਤੇ ਛੋਟੇ ਤੱਤਾਂ ਵਿੱਚ ਜ਼ਿੰਕ, ਲੋਹਾ, ਮੈਂਗਨੀਜ਼, ਤਾਂਬਾ, ਬੋਰੋਨ ਆਦਿ ਫ਼ਸਲੀ ਵਿਕਾਸ ਲਈ ਅਹਿਮ ਰੋਲ ਅਦਾ ਕਰਦੇ ਹਨ। ਵੱਡੇ ਅਤੇ ਛੋਟੇ ਤੱਤਾਂ ਦੀ ਅਹਿਮੀਅਤ ਬਰਾਬਰ ਹੁੰਦੀ ਹੈ। ਇਸ ਲਈ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਨੂੰ ਖਾਦ ਮਿੱਟੀ ਪਰਖ ਦੇ ਆਧਾਰ ’ਤੇ ਪਾਉਣੀ ਚਾਹੀਦੀ ਹੈ। ਖੋਜ ਤਜਰਬਿਆਂ ਮੁਤਾਬਕ, ਐਨ, ਪੀ, ਕੇ ਵਰਗੇ ਖ਼ੁਰਾਕੀ ਤੱਤ 2 : 1 : 0.5 ਅਨੁਪਾਤ ਦੇ ਹਿਸਾਬ ਨਾਲ ਪਾਉਣੇ ਚਾਹੀਦੇ ਹਨ।
ਝੋਨੇ ਦੀ ਲਵਾਈ ਲਈ ਖੇਤ ਤਿਆਰ ਕਰਨ ਤੋਂ ਪਹਿਲਾਂ ਜੈਵਿਕ ਖਾਦਾਂ ਵਿੱਚੋਂ ਰੂੜੀ ਦੀ ਖਾਦ 6 ਟਨ ਪ੍ਰਤੀ ਏਕੜ ਜਾਂ 2.5 ਟਨ ਮੁਰਗੀਆਂ ਦੀ ਖਾਦ ਜਾਂ 2.4 ਟਨ ਸੁੱਕੀ ਗੋਬਰ ਗੈਸ ਪਲਾਂਟ ਵਿੱਚੋਂ ਨਿਕਲੀ ਹੋਈ ਸਲੱਰੀ ਜਾਂ 2 ਟਨ ਝੋਨੇ ਦੀ ਪਰਾਲੀ ਤੋਂ ਬਣਿਆ ਪਰਾਲੀਚਾਰ ਪਾਉਣਾ ਚਾਹੀਦਾ ਹੈ। ਜੈਵਿਕ ਖਾਦਾਂ ਪਾਉਣ ਨਾਲ ਮਿੱਟੀ ਵਿੱਚ ਜੈਵਿਕ ਕਾਰਬਨ/ਮਾਦੇ ਦੀ ਮਾਤਰਾ ਵਧਦੀ ਹੈ ਜਿਸ ਨੂੰ ਮਿੱਟੀ ਵਿੱਚ ਮੌਜੂਦ ਸੂਖਮ ਜੀਵ ਆਪਣੇ ਭੋਜਨ ਵਜੋਂ ਵਰਤਦੇ ਹਨ ਅਤੇ ਲੋੜੀਂਦੇ ਖ਼ੁਰਾਕੀ ਤੱਤ ਉਪਲਬਧ ਹੋ ਕੇ ਫ਼ਸਲਾਂ ਦੀਆਂ ਜੜ੍ਹਾਂ ਨੂੰ ਮਿਲਦੇ ਹਨ ਕਿਉਂਕਿ ਦੇਸੀ ਖਾਦਾਂ ਸਾਰੇ ਕਿਸਾਨਾਂ ਨੂੰ ਪ੍ਰਾਪਤ ਨਹੀਂ ਹੁੰਦੀਆਂ, ਇਸ ਲਈ ਝੋਨਾ ਲਗਾਉਣ ਤੋਂ ਪਹਿਲਾਂ ਜੰਤਰ/ਢੈਂਚਾ/ਰਵਾਂਹ ਜਾਂ ਸਣ ਦੀ ਹਰੀ ਖਾਦ ਕੀਤੀ ਜਾਵੇ। ਝੋਨੇ ਦੀ ਵਾਢੀ ਕਰਕੇ ਖੇਤਾਂ ਨੂੰ ਪਾਣੀ ਲਾਉਣ ਤੋਂ ਬਾਅਦ 20 ਕਿੱਲੋ ਢੈਂਚਾ/ਸਣ/ਰਵਾਂਹ ਦਾ ਬੀਜ ਬੀਜ ਕੇ ਖੇਤਾਂ ਵਿੱਚ ਝੋਨੇ ਦੀ ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ ਹਰੀ ਖਾਦ ਦੀ ਫ਼ਸਲ ਨੂੰ ਵਿੱਚ ਦੱਬ ਦਿਓ। ਇਸ ਤਰ੍ਹਾਂ ਕਰਨ ਨਾਲ 55 ਕਿੱਲੋ ਯੂਰੀਆ ਪ੍ਰਤੀ ਏਕੜ ਦੀ ਬੱਚਤ ਹੋ ਜਾਂਦੀ ਹੈ। ਘੱਟ ਫਾਸਫੋਰਸ ਵਾਲੇ ਖੇਤਾਂ ਵਿੱਚ ਹਰੀ ਖਾਦ ਦੀ ਫ਼ਸਲ ਨੂੰ ਸੁਪਰਫਾਸਫੇਟ 75 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਨਾਲ ਝੋਨੇ ਦੀ ਫ਼ਸਲ ਨੂੰ ਫਾਸਫੋਰਸ ਪਾਉਣ ਦੀ ਲੋੜ ਨਹੀਂ ਰਹਿੰਦੀ। ਮੂੰਗੀ ਦੀ ਫ਼ਸਲ ਫਲੀਆਂ ਤੋੜ ਕੇ ਖੇਤ ਵਿੱਚ ਦਬਾਉਣ ਨਾਲ ਯੂਰੀਆ ਦੀ ਲੋੜ ਇੱਕ ਤਿਹਾਈ ਘਟ ਜਾਂਦੀ ਹੈ। ਕਲਰਾਠੀਆਂ ਅਤੇ ਨਵੀਆਂ ਵਾਹੀਯੋਗ ਜ਼ਮੀਨਾਂ ਵਿੱਚ ਹਰੀ ਖਾਦ ਮਿਲਾਉਣ ਨਾਲ ਝੋਨੇ ਦੀ ਫ਼ਸਲ ਵਿੱਚ ਲੋਹੇ ਦੀ ਘਾਟ ਨਹੀਂ ਆਉਂਦੀ।
ਕੱਦੂ ਕਰਨ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਵਾਲੇ ਕਰਾਹੇ ਨਾਲ ਵਧੀਆ ਤਰੀਕੇ ਨਾਲ ਪੱਧਰ ਕਰ ਲੈਣਾ ਚਾਹੀਦਾ ਹੈ ਤਾਂ ਕਿ ਝੋਨੇ ਦੀ ਫ਼ਸਲ ਨੂੰ ਪਾਣੀ ਤੇ ਖੁਰਾਕੀ ਤੱਤ ਇੱਕਸਾਰ ਮਿਲ ਸਕਣ। ਸਾਰੇ ਵੱਟਾਂ-ਬੰਨੇ ਠੀਕ ਕਰਨ ਤੋਂ ਬਾਅਦ ਖੇਤ ਨੂੰ ਚੰਗੀ ਤਰ੍ਹਾਂ ਨਾਲ ਕੱਦੂ ਕਰਨਾ ਚਾਹੀਦਾ ਹੈ। ਇਸ ਨਾਲ ਛੋਟੇ ਪੌਦੇ ਚੰਗੀ ਤਰ੍ਹਾਂ ਲੱਗ ਸਕਣਗੇ। ਖੜ੍ਹੇ ਪਾਣੀ ਵਿੱਚ ਨਦੀਨ ਘੱਟ ਉੱਗਣਗੇ ਅਤੇ ਚੰਗਾ ਕੱਦੂ ਕਰਨ ਨਾਲ ਪਾਣੀ ਦੀ ਬੱਚਤ ਵੀ ਹੋਵੇਗੀ ਕਿਉਂਕਿ ਮਿੱਟੀ ਦੇ ਮੁਸਾਮ ਬੰਦ ਹੋਣ ਨਾਲ ਪਾਣੀ ਜ਼ਮੀਨ ਵਿੱਚ ਬਹੁਤ ਘੱਟ ਰਿਸੇਗਾ। ਪੀਏਯੂ ਲੁਧਿਆਣਾ ਵੱਲੋਂ ਸਾਉਣੀ 2018 ਦੌਰਾਨ ਝੋਨੇ ਦੀ ਫ਼ਸਲ ਵਾਸਤੇ 90 ਕਿੱਲੋ ਯੂਰੀਆ (46 ਫੀਸਦੀ ਨਾਈਟ੍ਰੋਜਨ), 27 ਕਿਲੋ ਡੀ ਏ ਪੀ (18 ਫੀਸਦੀ ਨਾਈਟ੍ਰੋਜਨ ਅਤੇ 46 ਫੀਸਦੀ ਫਾਸਫੋਰਸ) ਜਾਂ 75 ਕਿੱਲੋ ਸਿੰਗਲ ਸੁਪਰ ਫਾਸਫੇਟ (16 ਫੀਸਦੀ ਫਾਸਫੋਰਸ) ਅਤੇ 20 ਕਿੱਲੋ ਪੋਟਾਸ਼ ਦੀ ਸਿਫਾਰਸ਼ ਕੀਤੀ ਗਈ ਹੈ। ਫਾਸਫੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਉਦੋਂ ਹੀ ਕਰਨੀ ਚਾਹੀਦੀ ਹੈ ਜਦੋਂ ਮਿੱਟੀ ਪਰਖ ਦੇ ਆਧਾਰ ’ਤੇ ਇਨ੍ਹਾਂ ਦੀ ਘਾਟ ਆਈ ਹੋਵੇ। ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫਾਸਫੋਰਸ ਦੀ ਖਾਦ ਪਾਈ ਹੋਵੇ, ਉੱਥੇ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ। ਝੋਨੇ ਨੂੰ ਫਾਸਫੋਰਸ ਅਤੇ ਪੋਟਾਸ਼ ਖਾਦ ਦੀ ਸਾਰੀ ਮਾਤਰਾ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦੇਣੀ ਚਾਹੀਦੀ ਹੈ। ਇੱਕ ਤਿਹਾਈ ਯੂਰੀਆ ਆਖ਼ਰੀ ਵਾਰ ਕੱਦੂ ਕਰਨ ਤੋਂ ਪਹਿਲਾਂ ਜਾਂ ਪਨੀਰੀ ਲਾਉਣ ਤੋਂ 15 ਦਿਨ ਤੱਕ ਲਾ ਦਿਓ। ਬਾਕੀ ਬਚੀ ਦੋ ਤਿਹਾਈ ਯੂਰੀਆ ਖਾਦ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਪਨੀਰੀ ਲਾਉਣ ਤੋਂ 21 ਦਿਨ ਅਤੇ 42 ਦਿਨ ਬਾਅਦ ਛੱਟੇ ਨਾਲ ਪਾਓ। ਫਾਸਫੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 21 ਦਿਨ ਬਾਅਦ ਤੱਕ ਲਾਈ ਜਾ ਸਕਦੀ ਹੈ। ਯੂਰੀਆ ਖਾਦ ਦੀ ਦੂਜੀ ਅਤੇ ਤੀਜੀ ਕਿਸ਼ਤ ਉਦੋਂ ਪਾਉਣੀ ਚਾਹੀਦੀ ਹੈ ਜਦੋਂ ਖੇਤ ਵਿੱਚੋਂ ਪਾਣੀ ਜ਼ਮੀਨ ਵਿੱਚ ਜੀਰ ਗਿਆ ਹੋਵੇ।
ਬਾਸਮਤੀ ਦੀ ਲੁਆਈ ਤੋਂ ਪਹਿਲਾਂ ਹਰੀ ਖਾਦ (ਢੈਂਚਾ/ਸਣ/ਸੱਠੀ ਮੂੰਗੀ ਦਾ ਟਾਂਗਰ) ਖੇਤ ਵਿੱਚ ਦਬਾਉਣ ਨਾਲ ਬਾਸਮਤੀ ਦੀ ਫ਼ਸਲ ਨੂੰ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਫਾਸਫੋਰਸ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਆਖ਼ਰੀ ਕੱਦੂ ਕਰਨ ਤੋਂ ਪਹਿਲਾਂ 75 ਕਿੱਲੋ ਸੁਪਰਫਾਸਫੇਟ ਜਾਂ 25 ਕਿੱਲੋ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਨਾਈਟ੍ਰੋਜਨ ਤੱਤ ਦੀ ਪੂਰਤੀ ਲਈ ਅੱਡੋ-ਅੱਡ ਬਾਸਮਤੀ ਦੀਆਂ ਕਿਸਮਾਂ ਲਈ ਯੂਰੀਆ ਦੀ ਮਾਤਰਾ ਹੇਠ ਲਿਖੇ ਅਨੁਸਾਰ ਪਾਉਣੀ ਚਾਹੀਦੀ ਹੈ:
* ਸੀ ਐਸ ਆਰ 30, ਬਾਸਮਤੀ 386 ਅਤੇ ਬਾਸਮਤੀ 370 ਨੂੰ 18 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ।
* ਬਾਸਮਤੀ 2, 3, 4, 5, ਪੂਸਾ ਬਾਸਮਤੀ 1121 ਅਤੇ 1637 ਨੂੰ 36 ਕਿੱਲੋ ਯੂਰੀਆ ਪ੍ਰਤੀ ਏਕੜ।
* ਪੂਸਾ ਬਾਸਮਤੀ 1509 ਨੂੰ 54 ਕਿਲੋ ਯੂਰੀਆ ਪ੍ਰਤੀ ਏਕੜ ਪਾਓ।
ਬਾਸਮਤੀ ਨੂੰ ਵਧੇਰੇ ਯੂਰੀਆ ਪਾਉਣ ਨਾਲ ਪੌਦੇ ਦਾ ਕੱਦ ਵਧ ਜਾਂਦਾ ਹੈ ਜਿਸ ਨਾਲ ਫ਼ਸਲ ਡਿੱਗ ਪੈਂਦੀ ਹੈ ਅਤੇ ਝਾੜ ਘਟ ਜਾਂਦਾ ਹੈ। ਯੂਰੀਆ ਖਾਦ ਦੀ ਮਾਤਰਾ ਦੋ ਬਰਾਬਰ ਕਿਸ਼ਤਾਂ ਵਿੱਚ ਖੇਤ ਵਿੱਚ ਪਨੀਰੀ ਲਾਉਣ ਤੋਂ 3 ਹਫ਼ਤੇ ਅਤੇ 6 ਹਫ਼ਤੇ ਪਿੱਛੋਂ ਪਾਉਣੀ ਚਾਹੀਦੀ ਹੈ। ਯੂਰੀਆ ਖਾਦ ਖੜ੍ਹੇ ਪਾਣੀ ਵਿੱਚ ਪਾਉਣ ਨਾਲ ਨਾਈਟਰੇਟ ਬਣ ਕੇ ਜ਼ਮੀਨ ਵਿੱਚ ਬਹੁਤ ਥੱਲੇ ਜੀਰ ਕੇ ਜ਼ਾਇਆ ਹੋ ਜਾਂਦੀ ਹੈ। ਖਾਦ ਪਾਉਣ ਤੋਂ 3 ਦਿਨ ਬਾਅਦ ਪਾਣੀ ਲਾਉਣਾ ਚਾਹੀਦਾ ਹੈ। ਜੇਕਰ ਝੋਨੇ ਜਾਂ ਬਾਸਮਤੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ 1 ਫ਼ੀਸਦੀ ਫੈਰਸ ਸਲਫੇਟ (100 ਲੀਟਰ ਪਾਣੀ ਵਿੱਚ 1 ਕਿੱਲੋ) ਪਾ ਕੇ ਕੱਟ ਵਾਲੀ ਨੋਜ਼ਲ ਨਾਲ ਹਫ਼ਤੇ-ਹਫ਼ਤੇ ਦੇ ਵਕਫ਼ੇ ਤੇ ਤਿੰਨ ਛਿੜਕਾਅ ਕਰਨੇ ਚਾਹੀਦੇ ਹਨ। ਜੇ ਝੋਨੇ/ਬਾਸਮਤੀ ਦੇ ਪੁਰਾਣੇ ਪੱਤੇ ਜੰਗਾਲੇ ਜਾਣ ਤਾਂ ਇਹ ਜ਼ਿੰਕ ਦੀ ਘਾਟ ਹੁੰਦੀ ਹੈ। ਇਸ ਨੂੰ ਠੀਕ ਕਰਨ ਲਈ 0.5 ਫ਼ੀਸਦੀ ਜ਼ਿੰਕ ਸਲਫੇਟ ਹੈਪਟਾਹਾਈਡਰੇਟ (ਅੱਧਾ ਕਿੱਲੋ ਜ਼ਿੰਕ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਫ਼ਤੇ-ਹਫ਼ਤੇ ਦੇ ਵਕਫ਼ੇ ’ਤੇ ਤਿੰਨ ਛਿੜਕਾਅ ਕਰੋ)।
ਝੋਨੇ/ਬਾਸਮਤੀ ਦੇ ਖੇਤ ਵਿੱਚ ਲਗਾਤਾਰ ਪਾਣੀ ਖੜ੍ਹਾ ਕਰਨਾ ਜ਼ਰੂਰੀ ਨਹੀਂ ਹੁੰਦਾ। ਪਨੀਰੀ ਲਾਉਣ ਤੋਂ ਬਾਅਦ 15 ਦਿਨ ਤੱਕ ਪਾਣੀ ਖੇਤ ਵਿੱਚ ਖੜ੍ਹਾ ਰੱਖਣਾ ਜ਼ਰੂਰੀ ਹੈ ਤਾਂ ਕਿ ਝੋਨੇ ਦੇ ਬੂਟਿਆਂ ਦੀਆਂ ਜੜ੍ਹਾਂ ਚੰਗੀ ਤਰ੍ਹਾਂ ਜ਼ਮੀਨ ਵਿੱਚ ਲੱਗ ਜਾਣ। ਪੰਦਰਾਂ ਦਿਨ ਦੇ ਵਕਫ਼ੇ ਪਿੱਛੋਂ ਝੋਨੇ/ਬਾਸਮਤੀ ਨੂੰ ਪਾਣੀ ਉਸ ਵੇਲੇ ਦੇਣਾ ਚਾਹੀਦਾ ਹੈ ਜਦੋਂ ਖੇਤ ਵਿੱਚੋਂ ਪਾਣੀ ਜਜ਼ਬ ਹੋਏ ਨੂੰ ਦੋ ਦਿਨ ਹੋ ਗਏ ਹੋਣ ਪਰ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜ਼ਮੀਨ ਵਿੱਚ ਤਰੇੜਾਂ ਨਾ ਪਾਟਣ। ਫ਼ਸਲ ਪੱਕਣ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਵਾਢੀ ਸੌਖੀ ਕੀਤੀ ਜਾ ਸਕੇ। ਇਸ ਤਰ੍ਹਾਂ ਕਰਨ ਨਾਲ ਝੋਨੇ ਪਿੱਛੋਂ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਵੀ ਸਮੇਂ ਸਿਰ ਕੀਤੀ ਜਾ ਸਕੇਗੀ। ਸੇਮ ਵਾਲੇ ਖੇਤਾਂ ਵਿੱਚ ਕਣਕ ਦੀ ਬਿਜਾਈ ਲੇਟ ਹੋਣ ਤੋਂ ਬਚਾਉਣ ਲਈ ਕਣਕ ਦੀ ਰੌਣੀ ਝੋਨੇ ਦੀ ਵਾਢੀ ਤੋਂ 15 ਦਿਨ ਪਹਿਲਾਂ ਕਰਨੀ ਚਾਹੀਦੀ ਹੈ।
ਪੰਜਾਬ ਦੇ 138 ਬਲਾਕਾਂ ਵਿੱਚ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤੱਕ ਥੱਲੇ ਡਿੱਗਣ ਨਾਲ ਇਹ ਬਲਾਕ ‘ਡਾਰਕ ਜ਼ੋਨ’ ਬਣ ਗਏ ਹਨ। ਪੰਜਾਬ ਅਤੇ ਪੰਜਾਬੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਝੋਨੇ ਦੀ ਪਨੀਰੀ ਦੀ ਬਿਜਾਈ 20 ਮਈ ਅਤੇ ਝੋਨੇ ਦੇ ਲਵਾਈ 20 ਜੂਨ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਖਾਦ ਪਾਣੀ ਵਰਗੇ ਸੀਮਿਤ ਸਾਧਨਾਂ ਦੀ ਸੁਚੱਜੀ ਵਰਤੋਂ ਕਰਦੇ ਹੋਏ ਘੱਟ ਖ਼ਰਚੇ ਨਾਲ ਝੋਨੇ/ਬਾਸਮਤੀ ਤੋਂ ਵਧੀਆ ਝਾੜ ਲਿਆ ਜਾ ਸਕੇ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.