Update Details

4877-jhona.jpg
Posted by *ਜ਼ਿਲ੍ਹਾ ਪਸਾਰ ਮਾਹਿਰ, ਫਾਰਮ ਸਲਾਹਕਾਰ ਸੇਵਾ ਕੇਂਦਰ, ਜੇਜੇ ਫਾਰਮ, ਕਪੂਰਥਲਾ। ਸੰਪਰਕ: 95010-23334
2018-04-23 05:00:41

ਝੋਨੇ ਤੇ ਬਾਸਮਤੀ ਦੀ ਪਨੀਰੀ ਤਿਆਰ ਕਰਨ ਦੇ ਨੁਕਤੇ

ਝੋਨਾ ਪੰਜਾਬ ਦੀ ਸਾਉਣੀ ਰੁੱਤ ਦੀ ਮੁੱਖ ਫ਼ਸਲ ਹੈ। ਪੰਜਾਬ ਵਿੱਚ ਪਿਛਲੇ ਸਾਲ ਦੌਰਾਨ ਝੋਨੇ ਹੇਠ ਕੁੱਲ ਰਕਬਾ 29.75 ਲੱਖ ਹੈਕਟੇਅਰ ਸੀ ਜਿਸ ਵਿੱਚੋਂ ਝੋਨੇ ਦੀ ਕੁੱਲ ਉਪਜ 177.34 ਲੱਖ ਟਨ (118.23 ਲੱਖ ਟਨ ਚੌਲ) ਹੋਈ। ਔਸਤਨ ਝਾੜ 59.61 ਕੁਇੰਟਲ ਪ੍ਰਤੀ ਹੈਕਟੇਅਰ (23.84 ਕੁਇੰਟਲ ਪ੍ਰਤੀ ਏਕੜ) ਰਿਹਾ। ਪੰਜਾਬ ਵਿੱਚ ਕੁਝ ਰਕਬਾ ਬਾਸਮਤੀ ਦੀ ਫ਼ਸਲ ਅਧੀਨ ਵੀ ਹੁੰਦਾ ਹੈ ਜੋ ਕਿ ਮਾਰਕੀਟ ਦੀ ਮੰਗ ਅਨੁਸਾਰ ਘਟਦਾ-ਵਧਦਾ ਰਹਿੰਦਾ ਹੈ। ਪੰਜਾਬ ਵਿੱਚ ਬਾਸਮਤੀ ਦੀਆਂ ਉਗਾਈਆਂ ਜਾਣ ਵਾਲੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵੱਲੋਂ ਸਿਫ਼ਾਰਸ਼ ਕਿਸਮਾਂ ਵਿੱਚੋਂ ਪੂਸਾ ਬਾਸਮਤੀ 1121 (79.53 ਫ਼ੀਸਦੀ ਰਕਬਾ) ਅਤੇ ਪੂਸਾ ਬਾਸਮਤੀ 1509 (12 ਫ਼ੀਸਦੀ ਰਕਬਾ) ਨੇ ਤਕਰੀਬਨ 95 ਫ਼ੀਸਦੀ ਰਕਬਾ ਮੱਲਿਆ ਹੋਇਆ ਹੈ। ਸਾਉਣੀ 2017 ਦੌਰਾਨ 68 ਫ਼ੀਸਦੀ ਰਕਬੇ ਵਿੱਚ ਪੀਏਯੂ ਲੁਧਿਆਣਾ ਦੁਆਰਾ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਬਿਜਾਂਦ ਕੀਤੀ ਗਈ, ਜਿਨ੍ਹਾਂ ਵਿੱਚੋਂ ਪੀਆਰ 121 ਕਿਸਮ ਵੱਧ ਝਾੜ ਅਤੇ ਘੱਟ ਖ਼ਰਚੇ ਕਾਰਨ ਕਿਸਾਨਾਂ ਵਿੱਚ ਸਭ ਤੋਂ ਵੱਧ ਮਕਬੂਲ ਹੋਈ ਸੀ। ਇਸ ਕਿਸਮ ਨੇ ਝੁਲਸ ਰੋਗ ਦਾ ਵਧੀਆ ਤਰੀਕੇ ਨਾਲ ਟਾਕਰਾ ਕੀਤਾ ਅਤੇ ਦੂਜਾ ਇਸ ਕਿਸਮ ਨੇ ਬਿਜਾਈ ਤੋਂ 140 ਦਿਨਾਂ ਵਿੱਚ ਪੱਕਣ ਉਪਰੰਤ ਅੱਧ ਅਕਤੂਬਰ ਕਿਸਾਨਾਂ ਦੇ ਖੇਤ ਅਗਲੀ ਫ਼ਸਲ ਦੀ ਬਿਜਾਈ ਲਈ ਵਿਹਲੇ ਕਰ ਦਿੱਤੇ ਸਨ।

ਝੋਨੇ ਦੀ ਪੂਸਾ 44 ਕਿਸਮ (ਪੀਏਯੂ ਵੱਲੋਂ ਗ਼ੈਰ-ਪ੍ਰਮਾਣਿਤ) ਤਕਰੀਬਨ 18 ਫ਼ੀਸਦੀ ਰਕਬੇ ਵਿੱਚ ਬੀਜੀ ਗਈ ਸੀ। ਇਹ ਕਿਸਮ ਤਕਰੀਬਨ 160 ਦਿਨਾਂ ਵਿੱਚ ਪਕਦੀ ਹੈ ਅਤੇ ਝੁਲਸ ਰੋਗ ਦਾ ਸ਼ਿਕਾਰ ਹੋ ਸਕਦੀ ਹੈ। ਲੰਬਾ ਸਮਾਂ ਲੈਣ ਕਾਰਨ ਇਸ ਦੀ ਪਰਾਲੀ ਦੀ ਸਾਂਭ-ਸੰਭਾਲ ਵਿੱਚ ਵੀ ਦਿੱਕਤ ਆਉਂਦੀ ਹੈ ਅਤੇ ਕਣਕ ਦੀ ਬਿਜਾਂਦ ਵੀ ਲੇਟ ਹੋ ਸਕਦੀ ਹੈ। ਪੂਸਾ 44/ਪੀਲੀ ਪੂਸਾ ਕਿਸਮਾਂ ਪੀਆਰ ਕਿਸਮਾਂ ਨਾਲੋਂ 15-20 ਫ਼ੀਸਦੀ ਜ਼ਿਆਦਾ ਪਾਣੀ ਅਤੇ 2-3 ਸਪਰੇਆਂ ਵੱਧ ਮੰਗਦੀਆਂ ਹਨ। ਇਨ੍ਹਾਂ ਦੀ ਪਰਾਲੀ ਵੀ ਵੱਧ ਹੁੰਦੀ ਹੈ ਜਿਸ ਨਾਲ ਮੁਨਾਫ਼ਾ ਘਟਦਾ ਹੈ। ਐਚਕੇਆਰ 147 ਅਤੇ ਐਚਕੇਆਰ 127 ਕਿਸਮਾਂ ਝੁਲਸ ਰੋਗ ਦਾ ਟਾਕਰਾ ਨਹੀਂ ਕਰ ਸਕਦੀਆਂ।

ਸਾਉਣੀ 2018 ਦੀ ਮੌਜੂਦਾ ਰੁੱਤ ਦੌਰਾਨ ਪੀਏਯੂ ਵੱਲੋਂ ਝੋਨੇ ਦੀਆਂ ਪੀਆਰ 114, ਪੀਆਰ 121, ਪੀਆਰ 122, ਪੀਆਰ 123, ਪੀਆਰ 124, ਪੀਆਰ 126 ਅਤੇ ਪੀਆਰ 127 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਕਿਸਮਾਂ ਵਿੱਚੋਂ ਪੀਆਰ 121, ਪੀਆਰ 122, ਪੀਆਰ 123, ਪੀ ਆਰ 124 ਅਤੇ *ਪੀ ਆਰ 127 (*ਨਵੀਂ ਕਿਸਮ) ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਸਾਰੀਆਂ ਦੱਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹਨ। ਇਨ੍ਹਾਂ ਵਿੱਚ ਕੁੱਲ ਅਤੇ ਸਾਬਤ ਚੌਲਾਂ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ। ਇਨ੍ਹਾਂ ਕਿਸਮਾਂ ਦਾ ਬੀਜ ਪੀਏਯੂ ਦੇ ਲੁਧਿਆਣਾ ਅਤੇ ਪੰਜਾਬ ਵਿੱਚ ਸਥਿਤ ਖੇਤਰੀ ਖੋਜ ਕੇਂਦਰ, ਫਾਰਮ ਸਲਾਹਕਾਰ ਸੇਵਾ ਕੇਂਦਰ, ਕੇਵੀਕੇ ਤੋਂ ਮਿਲਦਾ ਹੈ। ਝੋਨੇ ਦੀਆਂ ਉਪਰੋਕਤ ਪਰਮਲ ਕਿਸਮਾਂ ਦੇ ਬੀਜ ਦਾ ਭਾਅ 37.50 ਰੁਪਏ ਪ੍ਰਤੀ ਕਿੱਲੋ ਅਤੇ ਪੀਆਰ 127 ਕਿਸਮ ਦਾ ਭਾਅ 50 ਰੁਪਏ ਕਿਲੋ ਹੈ।

ਬਾਸਮਤੀ ਦੀਆਂ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਵਿੱਚ ਪੰਜਾਬ ਬਾਸਮਤੀ-2, ਪੰਜਾਬ ਬਾਸਮਤੀ-3, ਪੰਜਾਬ ਬਾਸਮਤੀ-4, ਪੰਜਾਬ ਬਾਸਮਤੀ-5, ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਸ਼ਾਮਲ ਹਨ। ਇਨ੍ਹਾਂ ਦਾ ਬੀਜ 50 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦਾ ਹੈ।

ਝੋਨੇ ਅਤੇ ਬਾਸਮਤੀ ਦੀਆਂ ਕਿਸਮਾਂ ਤੋਂ ਵੱਧ ਝਾੜ ਹਾਸਲ ਕਰਨ ਲਈ ਕਿਸਾਨਾਂ ਨੂੰ ਕਈ ਨੁਕਤਿਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕੱਦੂ ਕਰਨ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰ ਕਰ ਲੈਣਾ ਚਾਹੀਦਾ ਹੈ। ਝੋਨੇ ਦੀ ਨਵੀਂ ਕਿਸਮ ਪੀਆਰ 127 ਦੀ ਕਾਸ਼ਤ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀ ਵਾਲੇ ਇਲਾਕਿਆਂ ਵਿੱਚ ਨਹੀਂ ਕਰਨੀ ਚਾਹੀਦੀ। ਬੀਜ ਨੂੰ ਬੀਜਣ ਤੋਂ ਪਹਿਲਾਂ ਸਿਫ਼ਾਰਸ਼ ਮੁਤਾਬਕ 20 ਗ੍ਰਾਮ ਬਵਿਸਟਨ ਅਤੇ 1 ਗ੍ਰਾਮ ਸਟ੍ਰੈਪਟੋਸਾਈਕਲਿਨ ਪ੍ਰਤੀ 8 ਕਿੱਲੋ ਬੀਜ ਦੇ ਹਿਸਾਬ ਨਾਲ 10 ਲੀਟਰ ਪਾਣੀ ਵਿੱਚ 10 ਘੰਟੇ ਲਈ ਡੁਬੋ ਕੇ ਰੱਖਣਾ ਚਾਹੀਦਾ ਹੈ। ਜ਼ਿਆਦਾ ਝਾੜ ਅਤੇ ਚੰਗੀ ਗੁਣਵੱਤਾ ਲਈ ਪੀਆਰ 124 ਅਤੇ ਪੀਆਰ 126 ਕਿਸਮਾਂ ਦੀ 30 ਦਿਨਾਂ ਦੀ ਪਨੀਰੀ ਖੇਤ ਵਿੱਚ ਇੱਕ ਇੰਚ ਡੂੰਘੀ ਲਗਾਉਣੀ ਚਾਹੀਦੀ ਹੈ ਕਿਉਂਕਿ ਸਾਉਣੀ 2017 ਦੌਰਾਨ ਪੀ ਆਰ 126 ਕਿਸਮ ਦੀ 40-50 ਦਿਨਾਂ ਦੀ ਪਨੀਰੀ ਕਿਸਾਨਾਂ ਵੱਲੋਂ ਖੇਤਾਂ ਵਿੱਚ 3-4 ਇੰਚ ਡੂੰਘੀ ਲਗਾਉਣ ਕਾਰਨ ਅਗੇਤੇ ਨਿਸਾਰੇ ਅਤੇ ਘੱਟ ਜਾੜ ਮਾਰਨ ਦੀ ਸਮੱਸਿਆ ਆਈ ਸੀ। ਅਜਿਹਾ ਡੂੰਘਾਈ ’ਤੇ ਬੀਜੇ ਬੀਜ ਦਾ ਜ਼ਿਆਦਾ ਜ਼ੋਰ ਲੱਗਣ ਅਤੇ ਸਿਆਣੀ ਉਮਰ ਦੀ ਪਨੀਰੀ ਲਗਾਉਣ ਕਾਰਨ ਵਾਪਰਿਆ ਸੀ। ਪਨੀਰੀ ਬੀਜਣ ਦਾ ਢੁੱਕਵਾਂ ਸਮਾਂ 15 ਤੋਂ 30 ਮਈ ਹੈ। ਪਰਮਲ ਝੋਨੇ ਦੀ ਪੀ ਆਰ 124 ਅਤੇ ਪੀ ਆਰ 126 ਕਿਸਮ ਦੀ ਪਨੀਰੀ 25 ਤੋਂ 30 ਮਈ ਦੇ ਦੌਰਾਨ ਅਤੇ ਬਾਕੀ ਕਿਸਮਾਂ ਦੀ ਪਨੀਰੀ ਮਈ ਦੇ ਤੀਜੇ ਹਫ਼ਤੇ ਲਗਾਉਣੀ ਚਾਹੀਦੀ ਹੈ।

ਪੰਜਾਬ ਬਾਸਮਤੀ 3, 4 ਅਤੇ 5 ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹਨ। ਹਰੀ ਖਾਦ ਤੋਂ ਬਾਅਦ ਬੀਜੀ ਬਾਸਮਤੀ ਵਿੱਚ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ। ਪੈਰਾਂ ਦੇ ਗਾਲੇ/ਝੰਡਾ ਰੋਗ ਦੀ ਰੋਕਥਾਮ ਲਈ ਬੀਜ ਅਤੇ ਪਨੀਰੀ ਦੀ ਸੋਧ ਉਪਰੋਕਤ ਢੰਗ ਮੁਤਾਬਿਕ ਕਰ ਲੈਣੀ ਚਾਹੀਦੀ ਹੈ। ਪਨੀਰੀ ਬੀਜਣ ਤੋਂ ਪਹਿਲਾਂ ਟ੍ਰਾਈਕੋਡਰਮਾ ਹਰਜੀਐਨਮ 15 ਗ੍ਰਾਮ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸੋਧ ਕੇ ਅਤੇ ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਇਹ ਦਵਾਈ 15 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ 6 ਘੰਟੇ ਲਈ ਜੜ੍ਹਾਂ ਨੂੰ ਡੁਬੋ ਕੇ ਰੱਖਣਾ ਚਾਹੀਦਾ ਹੈ। ਬਾਸਮਤੀ ਦੀ ਪਨੀਰੀ 25-30 ਦਿਨ ਦੀ ਖੇਤ ਵਿੱਚ ਲਾ ਦੇਣੀ ਚਾਹੀਦੀ ਹੈ। ਜ਼ਿਆਦਾ ਵੱਡੀ ਉਮਰ ਦੀ ਪਨੀਰੀ ਨੂੰ ਗੰਢਾਂ ਪੈ ਜਾਂਦੀਆਂ ਹਨ, ਸ਼ਾਖਾਵਾਂ ਘੱਟ ਫੁੱਟਦੀਆਂ ਹਨ ਅਤੇ ਝਾੜ ਘਟ ਜਾਂਦਾ ਹੈ। ਪੰਜਾਬ ਬਾਸਮਤੀ 2, 3, 4, 5 ਅਤੇ ਪੂਸਾ ਬਾਸਮਤੀ 1121 ਦੀ ਲਵਾਈ ਜੁਲਾਈ ਦੇ ਪਹਿਲੇ ਪੰਦਰਵਾੜੇ ਅਤੇ ਪੂਸਾ ਬਾਸਮਤੀ 1509 ਦੀ ਲਵਾਈ ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ ਕਰਨੀ ਚਾਹੀਦੀ ਹੈ।

ਸੋਧੇ ਹੋਏ ਬੀਜ ਨੂੰ ਗਿੱਲੀਆਂ ਬੋਰੀਆਂ ਉੱਪਰ ਮੋਟੀ ਤਹਿ ਵਿੱਚ ਖਿਲਾਰ ਕੇ ਗਿੱਲੀਆਂ ਬੋਰੀਆਂ ਨਾਲ ਢੱਕ ਦੇਣਾ ਚਾਹੀਦਾ ਹੈ। ਇਸ ਤਰ੍ਹਾਂ 24 ਤੋਂ 36 ਘੰਟੇ ਅੰਦਰ ਬੀਜ ਪੁੰਗਰ ਪਵੇਗਾ। ਇੱਕ ਏਕੜ ਖੇਤ ਲਈ ਪਨੀਰੀ ਤਿਆਰ ਕਰਨ ਵਾਸਤੇ 8 ਕਿੱਲੋ ਸੋਧੇ ਹੋਏ ਪੁੰਗਰੇ ਬੀਜ ਨੂੰ ਪਨੀਰੀ ਵਾਲੀ ਥਾਂ ਇੱਕਸਾਰ ਛਿੱਟਾ ਦੇ ਕੇ ਬੀਜ ਦੇਣਾ ਚਾਹੀਦਾ ਹੈ। ਪਨੀਰੀ ਬੀਜਣ ਤੋਂ 3 ਦਿਨਾਂ ਦੇ ਅੰਦਰ ਨਦੀਨਾਂ ਦੀ ਰੋਕਥਾਮ ਲਈ ਸੋਫਿਟ 37.5 ਈ ਸੀ (ਸੇਫਨਰ ਸਹਿਤ) (ਪ੍ਰੈਟੀਲਾਕਲੋਰ) ਤਾਕਤ ਵਾਲੀ ਨਦੀਨਨਾਸ਼ਕ ਦਵਾਈ 4 ਮਿਲੀਲਿਟਰ ਪ੍ਰਤੀ ਮਰਲੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿੱਲੋ ਯੂਰੀਆ ਪ੍ਰਤੀ ਏਕੜ ਪਾਉਣ ਨਾਲ ਪਨੀਰੀ ਦਾ ਵਾਧਾ ਸਹੀ ਹੁੰਦਾ ਹੈ। ਜਦੋਂ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ। ਜੇ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ 1 ਫ਼ੀਸਦੀ ਫੈਰਸ ਸਲਫੇਟ (100 ਲੀਟਰ ਪਾਣੀ ਵਿੱਚ 1 ਕਿੱਲੋ) ਪਾ ਕੇ ਕੱਟ ਵਾਲੀ ਨੋਜ਼ਲ ਨਾਲ ਛਿੜਕਾਅ ਕਰਨਾ  ਚਾਹੀਦਾ ਹੈ। ਜੇ ਪਨੀਰੀ ਦੇ ਪੁਰਾਣੇ ਪੱਤੇ ਜੰਗਾਲੇ ਜਾਣ ਤਾਂ ਇਹ ਜ਼ਿੰਕ ਦੀ ਘਾਟ ਹੁੰਦੀ ਹੈ।

ਇਸ ਨੂੰ ਠੀਕ ਕਰਨ ਲਈ 0.5 ਫ਼ੀਸਦੀ ਜ਼ਿੰਕ ਸਲਫੇਟ ਹੈਪਟਾਹਾਈਡਰੇਟ (ਅੱਧਾ ਕਿੱਲੋ ਜ਼ਿੰਕ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ)। ਝੋਨੇ ਤੇ ਬਾਸਮਤੀ ਦੀ ਪਨੀਰੀ ਤਿਆਰ ਕਰਦੇ ਸਮੇਂ ਕੋਈ ਵੀ ਸਮੱਸਿਆ ਆਉਣ ’ਤੇ ਕਿਸਾਨ ਨੇੜੇ ਦੇ ਪੀਏਯੂ ਕੇਂਦਰ (ਫਾਰਮ ਸਲਾਹਕਾਰ ਸੇਵਾ ਕੇਂਦਰ/ਕੇ ਵੀ ਕੇ/ ਖੇਤਰੀ ਖੋਜ ਕੇਂਦਰ) ਵਿੱਚ ਜਾ ਕੇ ਸਲਾਹ ਮਸ਼ਵਰਾ ਕਰ  ਸਕਦੇ ਹਨ।