Update Details

7537-tar.jpg
Posted by ਪੀਏਯੂ
2018-11-16 05:08:04

ਛੱਤ ਉੱਪਰ ਕਿਵੇਂ ਉਗਾਈਏ ਸਬਜ਼ੀਆਂ ਪੀਏਯੂ ਨੇ ਦਿੱਤਾ ਮਾਡਲ

ਪੀਏਯੂ ਨੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਘਰ ਦੀ ਛੱਤ ਉੱਪਰ ਪੌਸ਼ਟਿਕ ਸਬਜ਼ੀਆਂ ਪੈਦਾ ਕਰਨ ਲਈ ਰਸੋਈ ਬਗੀਚੀ ਦਾ ਮਿੱਟੀ ਰਹਿਤ ਮਾਡਲ ਤਿਆਰ ਕੀਤਾ ਹੈ । ਇਹ ਮਾਡਲ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਪੀਏਯੂ ਵੱਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਸਕੀਮ ਆਲ ਇੰਡੀਆ ਕੁਆਰਡੀਨੇਸ਼ਨ ਰਿਸਰਚ ਪ੍ਰੋਜੈਕਟ ਤਹਿਤ ਵਿਕਸਿਤ ਕੀਤਾ ਗਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਡਾ. ਕੇ ਜੀ ਸਿੰਘ ਨੇ ਦੱਸਿਆ ਕਿ

ਇਹ ਮਾਡਲ 20 ਵਰਗ ਮੀਟਰ ਦੇ ਕੁੱਲ ਰਕਬੇ ਵਿੱਚ ਲਗਾਇਆ ਜਾ ਸਕਦਾ ਹੈ । 

ਪਰਿਵਾਰ ਦੇ ਆਕਾਰ ਜਾਂ ਲੋੜ ਮੁਤਾਬਕ ਇਹ ਰਕਬਾ ਵਧਾਇਆ ਜਾ ਘਟਾਇਆ ਵੀ ਜਾ ਸਕਦਾ ਹੈ । ਇਸ ਵਿੱਚ ਸਜਾਵਟੀ ਅਤੇ ਦਵਾਈਆਂ ਵਾਲੇ ਪੌਦੇ ਵੀ ਲਗਾਏ ਜਾ ਸਕਦੇ ਹਨ । ਮਿੱਟੀ ਵਿੱਚ ਸਬਜ਼ੀਆਂ ਦੀ ਖੇਤੀ ਦੇ ਮੁਕਾਬਲੇ ਘੱਟ ਜਗ੍ਹਾ ਵਿੱਚ ਲਗਾਏ ਜਾਣ ਦੇ ਬਾਵਜੂਦ ਇਹ ਮਾਡਲ ਵਾਧੂ ਝਾੜ ਪੈਦਾ ਕਰਨ ਦੀ ਯੋਗਤਾ ਰੱਖਦਾ ਹੈ । ਦੋ ਤੋਂ ਚਾਰ ਮੈਂਬਰਾਂ ਦੇ ਪਰਿਵਾਰ ਲਈ ਇਸ ਮਾਡਲ ਤੋਂ ਲੋੜ ਮੁਤਾਬਕ ਤਾਜ਼ੀਆਂ ਅਤੇ ਪੌਸ਼ਟਿਕ ਸਬਜ਼ੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ । ਡਾ. ਕੇ ਜੀ ਸਿੰਘ ਨੇ ਦੱਸਿਆ ਕਿ

ਹੁਣ ਤੱਕ ਯੂਨੀਵਰਸਿਟੀ ਵੱਲੋਂ 10 ਸਬਜ਼ੀਆਂ ਇਸ ਮਾਡਲ ਤਹਿਤ ਸਫ਼ਲਤਾ ਨਾਲ ਪੈਦਾ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਟਮਾਟਰ, ਸ਼ਿਮਲਾ ਮਿਰਚ, ਖੀਰਾ, ਬਰੌਕਲੀ, ਮਟਰ, ਚੀਨੀ ਸਰ੍ਹੋਂ ਪ੍ਰਮੁੱਖ ਹਨ । ਇਸ ਮਾਡਲ ਦੀ ਇਹ ਖਾਸੀਅਤ ਹੈ ਕਿ ਤਾਜ਼ਾ ਸਬਜ਼ੀਆਂ ਸਾਰਾ ਸਾਲ ਆਸਾਨੀ ਨਾਲ ਮਿਲ ਜਾਂਦੀਆਂ ਹਨ ।

ਪੀਏਯੂ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਵਿੱਚ ਇਸ ਮਾਡਲ ਦੀ ਪ੍ਰਦਰਸ਼ਨੀ ਲਗਾਤਾਰ ਦਿਲਚਸਪੀ ਲੈਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ । ਇਸ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਡਾ. ਕੇ ਜੀ ਸਿੰਘ (97795-14520) ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਕਿਸੇ ਵੀ ਕੰਮ ਵਾਲੇ ਦਿਨ ਇਸ ਪ੍ਰਦਰਸ਼ਨੀ ਨੂੰ ਦੇਖਿਆ ਜਾ ਸਕਦਾ ਹੈ ।