Update Details

6581-sab.jpg
Posted by ਬ੍ਰਿਸ਼ ਭਾਨ ਬੁਜਰਕ
2018-02-26 06:54:52

ਘਰੇਲੂ ਬਗੀਚੀ ’ਚ ਉਗਾਓ ਤਾਜ਼ੀਆਂ ਸਬਜ਼ੀਆਂ

ਕਿਸੇ ਵੇਲੇ ਪੰਜਾਬ ਦੇ ਕਿਸਾਨਾਂ ਨੂੰ ਬਾਜ਼ਾਰ ਵਿੱਚੋਂ ਸਿਰਫ ਲੂਣ ਹੀ ਮੁੱਲ ਲੈਣਾ ਪੈਂਦਾ ਸੀ, ਬਾਕੀ ਖਾਣ ਪੀਣ ਤੋਂ ਲੈ ਕੇ ਪਹਿਨਣ ਤੱਕ ਦੀਆਂ ਵਸਤਾਂ ਉਸ ਦੇ ਆਪਣੇ ਖੇਤਾਂ ਵਿੱਚੋਂ ਤਿਆਰ ਹੋ ਜਾਂਦੀਆਂ ਸਨ। ਸਰਦੀ ਲਈ ਰਜਾਈਆਂ, ਦਰੀਆਂ, ਖੇਸ ਆਦਿ ਤੋਂ ਲੈ ਕੇ ਮੰਜੇ ਭਰਨ ਵਾਲਾ ਬਾਣ ਵੀ ਖੇਤਾਂ ਵਿੱਚੋਂ ਪੈਦਾ ਹੁੰਦਾ ਸੀ। ਪਰ ਹੁਣ ਇਹ ਸਾਰਾ ਕੁਝ ਕਿਸਾਨਾਂ ਨੂੰ ਬਾਜ਼ਾਰ ’ਚੋਂ ਖ਼ਰੀਦਣਾ ਪੈ ਰਿਹਾ ਹੈ ਕਿਉਂਕਿ ਇਹ ਸਾਰਾ ਸਾਮਾਨ ਕਿਸਾਨ ਦੇ ਖੇਤ ਵਿੱਚ ਪੈਦਾ ਨਹੀਂ ਹੋ ਰਿਹਾ। ਕਈ ਕਿਸਾਨ ਪਰਿਵਾਰ ਸਰ੍ਹੋਂ ਦਾ ਸਾਗ, ਮੂਲੀ, ਪਾਲਕ, ਛੱਲੀਆਂ ਆਦਿ ਵੀ ਬਾਜ਼ਾਰ ਵਿੱਚੋਂ ਖ਼ਰੀਦ ਰਹੇ ਹਨ। ਖੇਤੀ ਮਾਹਿਰ ਕਿਸਾਨਾਂ ਨੂੰ ਸਲਾਹ ਦਿੰਦੇ ਹਨ ਕਿ ਖੇਤ ਵਿੱਚ ਘਰੇਲੂ ਵਰਤੋਂ ਜੋਗੀ ਸਬਜ਼ੀ ਤੇ ਫਲ ਬਿਨਾਂ ਜ਼ਹਿਰਾਂ ਤੋਂ ਜ਼ਰੂਰ ਪੈਦਾ ਕੀਤੇ ਜਾਣ, ਕਿਉਂਕਿ ਇਸ ਨਾਲ ਕਿਸਾਨ ਵਿਹਲੇ ਸਮੇਂ ਦੀ ਬੱਚਤ ਵੀ ਕਰ ਸਕਦਾ ਹੈ ਅਤੇ ਬਿਨਾਂ ਜ਼ਹਿਰ ਤੋਂ ਸਸਤੀਆਂ ਸਬਜ਼ੀਆਂ ਵੀ ਖਾ ਸਕਦਾ ਹੈ।

ਛੋਟੇ ਪਰਿਵਾਰ ਲੋੜੀਂਦੀ ਗਰਮੀ/ਸਰਦੀ ਰੁੱਤ ਦੀ ਸਬਜ਼ੀ ਘਰੇਲੂ ਬਗ਼ੀਚੀ ਵਿੱਚ ਪੈਦਾ ਕਰ ਸਕਦੇ ਹਨ। ਜੇ ਕਿਸੇ ਪਰਿਵਾਰ ਕੋਲ ਘਰ ਦੇ ਬਾਹਰ ਜਾਂ ਨੇੜੇ ਖਾਲੀ ਜਗ੍ਹਾ ਹੋਵੇ ਤਾਂ ਉਸ ਨੂੰ ਘਰੇਲੂ ਬਗ਼ੀਚੀ ਲਈ ਵਰਤਿਆ ਜਾ ਸਕਦਾ ਹੈ। ਡੇਢ ਫੁੱਟ ਚੌੜਾਈ ਤੇ ਦੋ ਕੁ ਫੁੱਟ ਉਚਾਈ, 5 ਤੋਂ 8 ਫੁੱਟ ਲੰਬਾਈ ਵਾਲੀਆਂ ਕਿਆਰੀਆਂ ਬਣਾ ਕੇ ਇਨ੍ਹਾਂ ਵਿੱਚ ਪਾਲਕ, ਮੇਥੀ, ਮੇਥੇ, ਧਨੀਆ, ਬੈਂਗਣ, ਪੁਦੀਨਾ, ਕੁਆਰ ਗੰਦਲ, ਸ਼ਿਮਲਾ ਮਿਰਚ, ਢੀਂਗਰੀ ਖੁੰਬ, ਘੀਆ, ਕੱਦੂ, ਬਾੜ ਕਰੇਲੇ ਆਦਿ ਸਮੇਤ ਬਹੁਤ ਸਾਰੀਆਂ ਸਬਜ਼ੀਆਂ ਦੀ ਕਾਸ਼ਤ ਬਿਨ੍ਹਾਂ ਕਿਸੇ ਜ਼ਹਿਰੀਲੇ ਪਦਾਰਥ ਅਤੇ ਰਸਾਇਣਿਕ ਖਾਦਾਂ ਤੋਂ ਕੀਤੀ ਜਾ ਸਕਦੀ ਹੈ।

ਘਰੇਲੂ ਪੱਧਰ ’ਤੇ ਨਵੰਬਰ ਤੋਂ ਲੈ ਕੇ ਮਾਰਚ ਮਹੀਨੇ ਤਕ ਢੀਂਗਰੀ ਖੁੰਬ ਦੀ ਕਾਸ਼ਤ ਕੀਤੀ ਜਾ ਸਕਦੀ ਹੈ। 25 ਕੁ ਰੁਪਏ ਖ਼ਰਚ ਕਰ ਕੇ ਖੁੰਬ ਦੀ ਫ਼ਸਲ ਤਕਰੀਬਨ ਡੇਢ ਮਹੀਨੇ ਤਕ ਚਲਦੀ ਹੈ। ਬਾਗ਼ਬਾਨੀ ਵਿਭਾਗ ਕੋਲੋਂ ਅੱਧਾ ਕਿੱਲੋ ਖੁੰਬ ਦਾ ਬੀਜ ਲਿਆ ਕੇ 10 ਤੋਂ 15 ਲਿਫਾਫੇ ਤੂੜੀ ਨਾਲ ਭਰ ਕੇ ਖੁੰਬਾਂ ਬੀਜੀਆਂ ਜਾ ਸਕਦੀਆਂ ਹਨ। ਕਿਆਰੀ ਬਣਾਉਣ ਲਈ ਮਿੱਟੀ ਅਤੇ ਰੂੜੀ ਦੀ ਖਾਦ ਬਰਾਬਰ ਮਾਤਰਾ ਵਿੱਚ ਪਾ ਕੇ ਪਾਲਕ, ਮੇਥੀ, ਧਨੀਆ, ਮੇਥੇ ਆਦਿ ਬੀਜੇ ਜਾ ਸਕਦੇ ਹਨ। ਇਹ ਸਬਜ਼ੀਆਂ ਤਾਜ਼ੀਆਂ ਤੋੜ ਕੇ ਬਣਾਈਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਬੈਂਗਣ, ਟਮਾਟਰ ਆਦਿ ਦੇ ਪੰਜ ਤੋਂ ਸੱਤ ਬੂਟੇ ਘਰੇਲੂ ਬਗ਼ੀਚੀ ਵਿੱਚ ਲਾਏ ਜਾ ਸਕਦੇ ਹਨ, ਜਿਹੜੇ ਛੋਟੇ ਪਰਿਵਾਰ ਲਈ ਵਧੀਆ ਫਲ ਦੇ ਸਕਦੇ ਹਨ। ਬੈਂਗਣਾਂ ਦੇ ਬੂਟਿਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਜ਼ਹਿਰੀਲੇ ਪਦਾਰਥ ਵਰਤਣ ਦੀ ਬਜਾਏ ਚੁੱਲ੍ਹੇ ਦੀ ਸੁਆਹ ਅਤੇ ਸਾਈਕਲ ਦੇ ਪੁਰਾਣੇ ਟਾਇਰ ਨੂੰ ਅੱਗ ਲਾ ਕੇ ਉਸ ਦੀ ਧੂਣੀ ਦੇਣ ਨਾਲ ਬੂਟੇ ਨੂੰ ਕੋਈ ਕੀੜਾ/ਮਕੌੜਾ ਨਹੀਂ ਲੱਗਦਾ।

ਗਰਮੀਆਂ ਦੇ ਮੌਸਮ ਵਿੱਚ ਠੰਢਕ ਪੈਦਾ ਕਰਨ ਵਾਲਾ ਪੁਦੀਨਾ ਵੀ ਘਰੇਲੂ ਬਗ਼ੀਚੀ ਵਿੱਚ ਬੀਜਿਆ ਜਾ ਸਕਦਾ ਹੈ। ਇਸ ਨੂੰ ਕਿਸੇ ਤਰ੍ਹਾਂ ਦੇ ਰਸਾਇਣਾਂ ਦੀ ਜ਼ਰੂਰਤ ਨਹੀਂ ਹੁੰਦੀ। ਪੁਦੀਨੇ ਦੀ ਚਟਨੀ ਅਤੇ ਪਾਣੀ ਲੋਕ ਆਮ ਹੀ ਵਰਤਦੇ ਹਨ। ਕੁਆਰ ਗੰਦਲ (ਐਲੋਵੇਰਾ) ਨੂੰ ਗਮਲਿਆਂ ਵਿੱਚ ਵੀ ਬੀਜਿਆ ਜਾ ਸਕਦਾ ਹੈ। ਸਰਦੀ ਦੇ ਮੌਸਮ ਵਿੱਚ ਲੋਕ ਇਸ ਦਾ ਅਚਾਰ ਵੀ ਪਾਉਂਦੇ ਹਨ ਅਤੇ ਕਈ ਲੋਕ ਖੋਆ ਬਣਾ ਕੇ ਵੀ ਖਾਂਦੇ ਹਨ। ਘਰੇਲੂ ਬਗ਼ੀਚੀ ’ਚ ਕਈ ਬਿਮਾਰੀਆਂ ਦੂੂਰ ਕਰਨ ਵਾਲੀ ਤੁਲਸੀ ਦਾ ਪੌਦਾ ਵੀ ਲਾਇਆ ਜਾ ਸਕਦਾ ਹੈ।

ਇਸ ਤਰ੍ਹਾਂ ਘਰੇਲੂ ਬਗ਼ੀਚੀ ਵਿੱਚ ਕਈ ਕਿਸਮ ਦੀਆਂ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ। ਸਬਜ਼ੀਆਂ ਅਜਿਹੀਆਂ ਉਗਾਉਣੀਆਂ ਚਾਹੀਦੀਆਂ ਹਨ, ਜਿਸ ਦੇ ਬੂਟੇ ਵੱਧ ਸਮੇਂ ਤੱਕ ਵੱਧ ਝਾੜ ਦਿੰਦੇ ਹੋਣ। ਧਿਆਨ ਰੱਖਣ ਯੋਗ ਗੱਲ ਹੈ ਕਿ ਘਰੇਲੂ ਬਗ਼ੀਚੀ, ਖ਼ਾਸ ਕਰਕੇ ਘਰ ਦੀ ਛੱਤ ’ਤੇ ਬੀਜੀਆਂ ਸਬਜ਼ੀਆਂ ਨੂੰ ਪਾਣੀ ਬਹੁਤ ਘੱਟ ਅਤੇ ਮੌਸਮ ਦੇ ਹਿਸਾਬ ਨਾਲ ਹਰ ਦੂਜੇ ਤੀਜੇ ਦਿਨ ਪਾਣੀ ਦੇਣਾ ਪੈਂਦਾ ਹੈ। ਜ਼ਿਆਦਾ ਪਾਣੀ ਦੇਣ ਨਾਲ ਸਬਜ਼ੀਆਂ ਦੀਆਂ ਜੜ੍ਹਾਂ ਗਲ ਜਾਂਦੀਆਂ ਹਨ, ਕਿਉਂਕਿ ਛੱਤ ਹੇਠੋਂ ਪੱਕੀ ਹੋਣ ਕਰਕੇ ਪਾਣੀ ਧਰਤੀ ਵਿੱਚ ਨਹੀਂ ਜਾ ਸਕਦਾ।

ਸੰਪਰਕ: 98761-01698