Update Details

5196-urd.jpg
Posted by ਜ਼ਿਲ੍ਹਾ ਪਸਾਰ ਮਾਹਿਰ, ਫਾਰਮ ਸਲਾਹਕਾਰ ਸੇਵਾ ਕੇਂਦਰ ਸਹਾਇਕ ਭੂਮੀ ਵਿਗਿਆਨੀ, ਖੇਤਰੀ ਖੋਜ ਕੇਂਦਰ, ਕਪੂਰਥਲਾ।
2018-03-24 04:26:30

ਗਰਮ ਰੁੱਤ ਦੇ ਮਾਂਹ ਦੀ ਕਾਸ਼ਤ

ਮਾਂਹ ਦੀ ਦਾਲ ਸਾਡੇ ਸੱਭਿਆਚਾਰ ਅਤੇ ਖੁਰਾਕ ਦਾ ਅਨਿੱਖੜਵਾਂ ਅੰਗ ਹੈ। ਇਸ ਵਿੱਚ ਸਰੀਰਕ ਵਿਕਾਸ ਲਈ ਲੋੜੀਂਦੇ ਪ੍ਰੋਟੀਨ, ਖਣਿਜ ਅਤੇ ਹੋਰ ਖੁਰਾਕੀ ਤੱਤ ਹੁੰਦੇ ਹਨ। ਪੰਜਾਬ ਦੇ ਲੋਕ ਦਿਨ ਵਿੱਚ ਜਿੰਨਾ ਮਰਜ਼ੀ ਭਾਰੀ ਭੋਜਨ ਖਾ ਲੈਣ, ਪਰ ਰਾਤ ਨੂੰ ਰੋਟੀ ਨਾਲ ਦਾਲ ਖਾਣਾ ਹੀ ਪਸੰਦ ਕਰਦੇ ਹਨ। ਪੰਜਾਬ ਵਿੱਚ ਗਰਮ ਰੁੱਤ ਦੇ ਮਾਂਹ ਦੀ ਕਾਸ਼ਤ ਤਕਰੀਬਨ ਸਵਾ ਛੇ ਹਜ਼ਾਰ ਏਕੜ ਵਿੱਚ ਕੀਤੀ ਜਾਂਦੀ ਹੈ। ਘੱਟ ਸਮੇਂ ਵਿੱਚ ਪੱਕਣ ਵਾਲੀਆਂ (70 ਤੋਂ 75 ਦਿਨ) ਮਾਂਹ ਦੀ ਫ਼ਸਲ ਦੀਆਂ ਕਿਸਮਾਂ ਗਰਮੀ ਦੇ ਮੌਸਮ ਦੌਰਾਨ ਮਾਰਚ ਤੋਂ ਜੂਨ ਵਿਚਾਲੇ ਬੀਜੀਆਂ ਜਾ ਸਕਦੀਆਂ ਹਨ। ਮਾਂਹ ਦੀ ਖੇਤੀ ਲੂਣੀਆਂ-ਖਾਰੀਆਂ, ਕਲਰਾਠੀਆਂ ਜਾਂ ਸੇਮ ਵਾਲੀਆਂ ਜ਼ਮੀਨਾਂ ਨੂੰ ਛੱਡ ਕੇ ਹਰ ਤਰਾਂ੍ਹ ਦੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ।

ਮਾਂਹ ਫਲੀਦਾਰ ਫ਼ਸਲ ਹੈ ਜਿਸ ਦੀਆਂ ਜੜ੍ਹਾਂ ਵਿੱਚ ਗੰਢਾਂ ਹੁੰਦੀਆਂ ਹਨ। ਇਨਾਂ੍ਹ ਗੰਢਾਂ ਵਿੱਚ ਨਿੱਕੇ ਜੀਵਾਣੂ (ਰਾਈਜ਼ੋਬੀਅਮ) ਹੁੰਦੇ ਹਨ ਜਿਹੜੇ ਹਵਾ ਦੀ ਨਾਈਟ੍ਰੋਜਨ ਨੂੰ ਖਿੱਚ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦੇ ਹਨ। ਇਸੇ ਲਈ ਮਾਂਹ ਦੀ ਫ਼ਸਲ ਕੁਦਰਤੀ ਖਾਦ ਵਾਂਗ ਵੀ ਕੰਮ ਕਰਦੀ ਹੈ। ਇਸ ਲਈ ਕਿਸਾਨ ਵੀਰਾਂ ਨੂੰ ਇਸ ਫ਼ਸਲ ਨੂੰ ਕਣਕ ਦੀ ਵਾਢੀ ਤੋਂ ਬਾਅਦ ਅਤੇ ਝੋਨੇ ਦੀ ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਥੋੜ੍ਹੇ ਬਹੁਤੇ ਰਕਬੇ ਵਿੱਚ ਘਰ ਜੋਗੀ ਮਾਂਹ ਦੀ ਫ਼ਸਲ ਜ਼ਰੂਰ ਬੀਜਣੀ ਚਾਹੀਦੀ ਹੈ ਤਾਂ ਕਿ ਪਰਿਵਾਰ ਦੀਆਂ ਖੁਰਾਕੀ ਲੋੜਾਂ ਦੀ ਪੂਰਤੀ ਕੀਤੀ ਜਾ ਸਕੇ ਅਤੇ ਮਹਿੰਗੇ ਭਾਅ ਦੀਆਂ ਦਾਲਾਂ ਬਜ਼ਾਰ ਵਿੱਚ ਖਰੀਦਣ ਤੋਂ ਵੀ ਬਚਿਆ ਜਾ ਸਕੇ। ਕਿਸਾਨ ਵੀਰਾਂ ਤੋਂ ਪਿੰਡ ਦੀ ਸਹਿਕਾਰੀ ਸਭਾ ਵੀ ਦਾਲਾਂ ਦੀ ਖਰੀਦ ਕਰ ਸਕਦੀ ਹੈ ਜਿਹੜੀਆਂ ਕਿੱਲੋ ਕਿੱਲੋ ਦੀ ਪੈਕਿੰਗ ਵਿੱਚ ਸਹਿਕਾਰੀ ਸਭਾ ਦੇ ਮੈਂਬਰਾਂ ਨੂੰ ਵੇਚੀਆਂ ਜਾ ਸਕਦੀਆਂ ਹਨ। ਕਿਸਾਨ ਹੇਠ ਲਿਖੀਆਂ ਉੱਨਤ ਕਿਸਮਾਂ ਵਿੱਚੋਂ ਕੋਈ ਵੀ ਬਿਜਾਈ ਹਿੱਤ ਚੁਣ ਸਕਦੇ ਹਨ:

ਮਾਂਹ 1008: ਇਸ ਕਿਸਮ ਦੇ ਬੂਟੇ ਖੜ੍ਹਵੇਂ, ਗੁੰਦਵੇਂ ਅਤੇ ਛੋਟੇ ਕੱਦ ਦੇ ਹੁੰਦੇ ਹਨ। ਇਹ ਕਿਸਮ ਤਕਰੀਬਨ 72 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ ਨੂੰ ਕਾਫੀ ਫਲੀਆਂ ਲਗਦੀਆਂ ਹਨ ਅਤੇ ਹਰ ਫਲੀ ਵਿੱਚ 6-7 ਦਾਣੇ ਹੁੰਦੇ ਹਨ। ਇਸ ਕਿਸਮ ਨੂੰ ਪੀਲੀ ਚਿਤਕਬਰੀ ਅਤੇ ਪੱਤਿਆਂ ਦਾ ਝੁਰੜ-ਮੁਰੜ ਵਿਸ਼ਾਣੂ ਰੋਗ ਘੱਟ ਲਗਦੇ ਹਨ। ਔਸਤ ਝਾੜ ਤਕਰੀਬਨ 4æ5 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਦਾਣੇ ਮੋਟੇ ਅਤੇ ਕਾਲੇ ਰੰਗ ਦੇ ਹੁੰਦੇ ਹਨ ਜਿਨਾਂ੍ਹ ਵਿੱਚ 24 ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ।

ਮਾਂਹ 218: ਇਸ ਕਿਸਮ ਦੇ ਬੂਟੇ ਖੜ੍ਹਵੇਂ, ਗੁੰਦਵੇਂ ਅਤੇ ਛੋਟੇ ਕੱਦ ਦੇ (30 ਸੈਂਟੀਮੀਟਰ) ਹੁੰਦੇ ਹਨ। ਇਹ ਕਿਸਮ ਤਕਰੀਬਨ 75 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ ਨੂੰ ਭਰਪੂਰ ਫਲੀਆਂ ਲਗਦੀਆਂ ਹਨ ਅਤੇ ਹਰ ਫਲੀ ਵਿੱਚ ਤਕਰੀਬਨ 6-7 ਦਾਣੇ ਹੁੰਦੇ ਹਨ। ਔਸਤ ਝਾੜ ਤਕਰੀਬਨ 4 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਦਾਣੇ ਮੋਟੇ ਅਤੇ ਭੱਦੇ ਕਾਲੇ ਰੰਗ ਦੇ ਹੁੰਦੇ ਹਨ ਜਿਨਾਂ੍ਹ ਵਿੱਚ 23 ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ।

ਜ਼ਮੀਨ ਦੀ ਵਹਾਈ 2-3 ਵਾਰ ਕਰ ਕੇ ਖੇਤ ਨਦੀਨਾਂ ਤੋਂ ਰਹਿਤ ਹੋ ਜਾਂਦਾ ਹੈ। ਇਸ ਤੋਂ ਪਿਛੋਂ ਸੁਹਾਗਾ ਮਾਰ ਕੇ ਮਾਂਹ ਦੀ ਬਿਜਾਈ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਸਿਆੜਾਂ ਵਿਚਾਲੇ ਫਾਸਲਾ 9 ਇੰਚ ਅਤੇ ਬੂਟਿਆਂ ਵਿਚਾਲੇ 5 ਸੈਂਟੀਮੀਟਰ ਹੋਣਾ ਚਾਹੀਦਾ ਹੈ। ਬੀਜ 2 ਇੰਚ ਦੀ ਡੂੰਘਾਈ ਤੇ ਡਰਿਲ/ਕੇਰੇ/ਪੋਰੇ ਨਾਲ ਬੀਜਿਆ ਜਾ ਸਕਦਾ ਹੈ। ਬਿਜਾਈ ਵੇਲੇ 11 ਕਿੱਲੋ ਯੂਰੀਆ ਅਤੇ 60 ਕਿੱਲੋ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਡਰਿਲ ਕਰਨਾ ਚਾਹੀਦਾ ਹੈ। ਸ਼ੁਰੂ ਵਿੱਚ ਯੂਰੀਆ (ਨਾਈਟ੍ਰੋਜਨ ਦਾ ਸਰੋਤ) ਪਾਉਣ ਦੀ ਲੋੜ ਇਸ ਲਈ ਪੈਂਦੀ ਹੈ ਕਿਉਂਕਿ ਮਾਂਹ ਦੀ ਫ਼ਸਲ ਦੀ ਮੁਢਲੀ ਅਵਸਥਾ ਵਿੱਚ ਰਾਈਜ਼ੋਬਿਅਮ ਦੇ ਜੀਵਾਣੂ ਨੂੰ ਸਹਾਰਾ ਦੇਣ ਵਾਲੀਆਂ ਗੰਢਾਂ ਵਿਕਸਤ ਨਹੀਂ ਹੋਈਆਂ ਹੁੰਦੀਆਂ। ਇਸ ਕਰ ਕੇ ਬੂਟਾ ਸ਼ੁਰੂ ਵਿੱਚ ਹਵਾ ਵਿੱਚੋਂ ਨਾਈਟ੍ਰੋਜਨ ਖਿੱਚ ਕੇ ਜਮ੍ਹਾਂ ਨਹੀਂ ਕਰ ਸਕਦਾ।

ਬਿਜਾਈ ਤੋਂ ਮਹੀਨੇ ਬਾਅਦ ਗੋਡੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਫ਼ਸਲ ਵੱਡੀ ਹੋ ਕੇ ਨਦੀਨਾਂ ਨੂੰ ਦਬਾਅ ਲੈਂਦੀ ਹੈ ਅਤੇ ਗੋਡੀ ਕਰਨ ਦੀ ਲੋੜ ਨਹੀਂ ਪੈਂਦੀ। ਨਦੀਨਾਂ ਦੀ ਰਸਾਇਣਕ ਰੋਕਥਾਮ ਲਈ ਸਟੌਂਪ 30 ਈ ਸੀ, ਪੈਂਡੀਮੈਥਾਲਿਨ 600 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਣੀ ਚਾਹੀਦੀ ਹੈ ਅਤੇ ਮਹੀਨੇ ਪਿੱਛੋਂ ਇੱਕ ਗੋਡੀ ਕੀਤੀ ਜਾਵੇ ਜਾਂ ਸਟੌਂਪ 30 ਈ ਸੀ ਇੱਕ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ। ਦਵਾਈ ਤਿਆਰ ਕਰਨ ਲਈ 200 ਲੀਟਰ ਪਾਣੀ, ਕੱਟ ਵਾਲੀ ਨੋਜ਼ਲ, ਪਿੱਠੂ ਪੰਪ ਵਰਤਣਾ ਚਾਹੀਦਾ ਹੈ। ਇਹ ਦਵਾਈ ਮੌਸਮੀ ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਨੂੰ ਉੱਗਣ ਤੋਂ ਪਹਿਲਾਂ ਮਾਰਦੀ ਹੈ ਪਰ ਲੰਬੀ ਉਮਰ ਦੇ ਨਦੀਨਾਂ ਦੀ ਰੋਕਥਾਮ ਨਹੀਂ ਕਰਦੀ। ਛਿੜਕਾਅ ਬਿਜਾਈ ਤੋਂ 48 ਘੰਟਿਆਂ ਦੇ ਅੰਦਰ ਕਰਨਾ ਚਾਹੀਦਾ ਹੈ। ਮਾਂਹ ਦੀ ਫ਼ਸਲ ਨੂੰ 3-4 ਪਾਣੀਆਂ ਦੀ ਲੋੜ ਪੈਂਦੀ ਹੈ। ਆਖਰੀ ਪਾਣੀ ਬਿਜਾਈ ਤੋਂ ਤਕਰੀਬਨ 2 ਮਹੀਨੇ ਬਾਅਦ ਲਾਇਆ ਜਾਵੇ ਤਾਂ ਝਾੜ ਵਧਦਾ ਹੈ ਅਤੇ ਫ਼ਲੀਆਂ ਇੱਕਸਾਰ ਪੱਕਦੀਆਂ ਹਨ। ਫ਼ਸਲ ਦੀ ਵਾਢੀ 80 ਫੀਸਦੀ ਫਲੀਆਂ ਪੱਕ ਜਾਣ ਤੇ ਕਰਨੀ ਚਾਹੀਦੀ ਹੈ। ਫ਼ਸਲ ਦੇ ਬੂਟੇ ਜੜ੍ਹਾਂ ਤੋਂ ਪੁੱਟਣ ਦੀ ਲੋੜ ਨਹੀਂ। ਫ਼ਲੀਆਂ ਤੋੜ ਕੇ ਫ਼ਸਲ ਦੇ ਬਾਕੀ ਹਿੱਸਿਆਂ ਨੂੰ ਖੇਤ ਵਿੱਚ ਹੀ ਵਾਹ ਦੇਣਾ ਚਾਹੀਦਾ ਹੈ। ਇਹ ਰਹਿੰਦ-ਖੂੰਹਦ ਗਲ ਸੜ ਕੇ ਅਗਲੇਰੀ ਫ਼ਸਲ ਲਈ ਕਾਰਬਨਿਕ ਮਾਦਾ ਅਤੇ ਨਾਈਟ੍ਰੋਜਨ ਦੇ ਵਧੀਆ ਸਰੋਤ ਦਾ ਕੰਮ ਕਰੇਗੀ ਅਤੇ ਅਗਲੇਰੀ ਫ਼ਸਲ ਲਈ ਖੇਤ ਦੀ ਉਪਜਾਊ ਸ਼ਕਤੀ ਵਧਾਏਗੀ।

ਡਾ ਪ੍ਰਦੀਪ ਕੁਮਾਰ* ਡਾ ਰਾਜਨ ਭੱਟ