ਭਾਰਤ ਵਿੱਚ ਮੱਕੀ, ਝੋਨੇ ਅਤੇ ਕਣਕ ਤੋਂ ਬਾਅਦ ਤੀਜੀ ਪ੍ਰਮੁੱੱਖ ਫ਼ਸਲ ਹੈ। ਜੇ ਇਸ ਦਾ ਮੰਡੀਕਰਨ ਝੋਨੇ ਦੀ ਤਰਜ਼ ’ਤੇ ਹੋਵੇ ਤਾਂ ਪੰਜਾਬ ਵਿੱਚ ਖੇਤੀ ਵਿਭਿੰਨਤਾ ਲਿਆਉਣ ਵਿੱਚ ਮੱਕੀ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ। ਮੱਕੀ ਦੀ ਫ਼ਸਲ ਲਗਪਗ 100 ਦਿਨਾਂ ਵਿੱਚ ਪੱਕ ਜਾਂਦੀ ਹੈ, ਜਿਸ ਕਾਰਨ ਪਾਣੀ ਦੀ ਖੱਪਤ ਘੱਟ ਹੁੰਦੀ ਹੈ। ਮੱਕੀ ਦੀ ਕਾਸ਼ਤ ਨੂੰ ਜ਼ਿਆਦਾ ਲਾਹੇਵੰਦ ਬਣਾਉਣ ਲਈ ਇਸ ਦੀ ਖ਼ਾਸ ਵਰਤੋਂ ਵਾਲੀਆਂ ਕਿਸਮਾਂ ਜਿਵੇਂ ਕਿ ਸਵੀਟ ਕੌਰਨ (ਮਿੱਠੀ ਮੱਕੀ), ਪੌਪ ਕੌਰਨ (ਫੁੱਲਿਆਂ ਵਾਲੀ ਮੱਕੀ) ਅਤੇ ਬੇਬੀ ਕੌਰਨ (ਕੱਚੀ ਮੱਕੀ) ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਇਨ੍ਹਾਂ ਲਈ ਪੀ ਏ ਯੂ ਵੱਲੋਂ ਖਾਸ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਦੀ ਸਿਫ਼ਾਰਸ਼ ਕੀਤੀ ਹੋਈ ਹੈ। ਇਨ੍ਹਾਂ ਦਾ ਮਿਆਰ ਹਰ ਕੁਆਲਿਟੀ ਪੱਧਰ ’ਤੇ ਪੂਰਾ ਹੈ।
ਜਲਵਾਯੂ ਅਤੇ ਜ਼ਮੀਨ: ਮੱਕੀ ਦੀ ਕਾਸ਼ਤ ਲਈ ਚੰਗੇ ਜਲ ਨਿਕਾਸ ਵਾਲੀ, ਮੈਰਾ ਤੋਂ ਭੱਲ ਵਾਲੀ ਜ਼ਮੀਨ ਸਭ ਤੋਂ ਚੰਗੀ ਹੈ। ਮੱਕੀ ਨੂੰ ਉਗਣ ਤੋਂ ਲੈ ਕੇ ਪੂਰੀ ਨਿਸਰਨ ਤੱਕ ਕਾਫ਼ੀ ਸਿੱਲ੍ਹੇ ਤੇ ਗਰਮ ਜਲਵਾਯੂ ਦੀ ਲੋੜ ਹੈ। ਫ਼ਸਲ ਨਿਸਰਨ ਸਮੇਂ, ਘੱਟ ਸਿੱਲ੍ਹ ਤੇ ਬਹੁਤ ਜ਼ਿਆਦਾ ਤਾਪਮਾਨ ਪੱਤਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪਰਾਗ ਕਿਣਕੇ ਸੁੱਕ ਜਾਂਦੇ ਹਨ, ਪਰਾਗਣ ਕਿਰਿਆ ਠੀਕ ਨਹੀਂ ਹੁੰਦੀ ਅਤੇ ਦਾਣੇ ਘੱਟ ਪੈਂਦੇ ਹਨ।
ਮੱਕੀ ਲਈ ਸਿਫ਼ਾਰਸ਼ ਕਿਸਮਾਂ: ਮੱਕੀ ਦੀਆਂ ਦੋਗਲੀਆਂ ਅਤੇ ਕੰਪੋਜ਼ਿਟ ਕਿਸਮਾਂ ਦੀ ਸਿਫ਼ਾਰਸ਼ ਪੀ ਏ ਯੂ ਵੱਲੋਂ ਕੀਤੀ ਗਈ ਹੈ। ਕਿਸਾਨ ਪੀ ਏ ਯੂ ਤੋਂ ਸਿਖਲਾਈ ਪ੍ਰਾਪਤ ਕਰ ਕੇ ਇਨ੍ਹਾਂ ਕਿਸਮਾਂ ਦਾ ਬੀਜ ਖ਼ੁਦ ਤਿਆਰ ਕਰ ਸਕਦੇ ਹਨ।
ਬੀਜ ਦੀ ਮਾਤਰਾ ਅਤੇ ਸੋਧ: ਬਿਜਾਈ ਲਈ 8 ਕਿਲੋ ਬੀਜ ਪ੍ਰਤੀ ਏਕੜ ਵਰਤੋ, ਪਰਲ ਪੌਪ ਕੌਰਨ ਦੇ ਦਾਣਿਆਂ ਦਾ ਆਕਾਰ ਛੋਟਾ ਹੋਣ ਕਰਕੇ 7 ਕਿਲੋ ਬੀਜ ਪ੍ਰਤੀ ਏਕੜ ਦੀ ਸਿਫ਼ਾਰਸ਼ ਹੈ। ਜ਼ਿਆਦਾ ਸੰਘਣੀ ਬੀਜੀ ਫ਼ਸਲ ’ਤੇ ਛੱਲੀਆਂ ਘੱਟ ਲੱਗਦੀਆਂ ਹਨ ਅਤੇ ਝਾੜ ’ਤੇ ਮਾੜਾ ਅਸਰ ਪੈਂਦਾ ਹੈ। ਕਿਸਾਨਾਂ ਦੇ ਖੇਤਾਂ ਵਿੱਚ ਬੂਟਿਆਂ ਦੀ ਘੱਟ ਗਿਣਤੀ ਹੋਣਾ ਝਾੜ ਘੱਟਣ ਦਾ ਮੁੱਖ ਕਾਰਨ ਹੈ।
ਬਿਜਾਈ ਦਾ ਸਮਾਂ: ਸੇਂਜੂ ਹਾਲਤਾਂ ਵਿੱਚ ਮੱਕੀ ਦੀ ਬਿਜਾਈ ਮਈ ਦੇ ਅਖ਼ੀਰਲੇ ਹਫ਼ਤੇ ਤੋਂ ਅਖ਼ੀਰ ਜੂਨ ਤੱਕ ਕਰ ਲੈਣੀ ਚਾਹੀਦੀ ਹੈ।
ਖਾਲੀਆਂ ਵਿੱਚ ਬਿਜਾਈ: ਮਈ ਦੇ ਅਖ਼ੀਰਲੇ ਹਫ਼ਤੇ ਤੋਂ ਅੱਧ ਜੂਨ ਤੱਕ ਮੱਕੀ ਦੀ ਬਿਜਾਈ ਟਰੈਕਟਰ ਵਾਲੀ ਰਿਜਰ ਮਸ਼ੀਨ ਨਾਲ ਬਣਾਈਆਂ ਖਾਲੀਆਂ ਵਿੱਚ ਕੀਤੀ ਜਾ ਸਕਦੀ ਹੈ ਜਿਸ ਨਾਲ ਖੁਸ਼ਕ ਅਤੇ ਗਰਮ ਮੌਸਮ ਵਿੱਚ ਪਾਣੀ ਘੱਟ ਅਤੇ ਸੌਖਾ ਲੱਗਦਾ ਹੈ।
ਬਿਨਾ ਵਹਾਈ ਬਿਜਾਈ: ਬਿਨਾ ਵਹਾਈ ਜਾਂ ਵਾਹ ਕੇ ਬੀਜੀ ਹੋਈ ਕਣਕ ਤੋਂ ਬਾਅਦ ਮੱਕੀ ਬਿਨਾ ਵਾਹੇ ਜ਼ੀਰੋ ਟਿੱਲ ਡਰਿੱਲ ਨਾਲ ਬੀਜੀ ਜਾ ਸਕਦੀ ਹੈ। ਜਿਨ੍ਹਾਂ ਖੇਤਾਂ ਵਿੱਚ ਨਦੀਨ ਜ਼ਿਆਦਾ ਹੋਣ ਉੱਥੇ ਅੱਧਾ ਲਿਟਰ ਗ੍ਰਾਮੈਕਸੋਨ 24 ਐਸ ਐਲ 200 ਲਿਟਰ ਪਾਣੀ ਵਿੱਚ ਮਿਲਾ ਕੇ ਬੀਜਣ ਤੋਂ ਪਹਿਲਾਂ ਛਿੜਕਣ ਨਾਲ ਉਨ੍ਹਾਂ ਦੀ ਰੋਕਥਾਮ ਕਰ ਸਕਦੇ ਹਾਂ।
ਗੋਡੀ ਕਰਨਾ ਅਤੇ ਬੂਟੇ ਵਿਰਲੇ ਕਰਨਾ: ਬਿਜਾਈ ਤੋਂ 15 ਅਤੇ 30 ਦਿਨਾਂ ਬਾਅਦ ਦੋ ਗੋਡੀਆਂ ਕਰਕੇ ਫ਼ਸਲ ਵਿੱਚੋਂ ਘਾਹ-ਫੂਸ ਖ਼ਤਮ ਕੀਤਾ ਜਾ ਸਕਦਾ ਹੈ। ਪਹਿਲੀ ਗੋਡੀ ਖੁਰਪੇ ਜਾਂ ਕਸੌਲੇ ਨਾਲ ਕਰੋ। ਦੂਜੀ ਗੋਡੀ ਲਈ ਇੱਕ ਪਹੀਏ ਵਾਲੀ ਤ੍ਰਿਫਾਲੀ ਵਰਤੋ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਜੇ ਸਹੀ ਸਮੇਂ ’ਤੇ ਨਾ ਕੀਤੀ ਜਾਵੇ ਤਾਂ ਫ਼ਸਲ ਦੇ ਝਾੜ ’ਤੇ ਮਾੜਾ ਅਸਰ ਪੈਂਦਾ ਹੈ। ਨਦੀਨ ਮੱਕੀ ਨਾਲ ਬਿਜਾਈ ਤੋਂ ਲੈ ਕੇ ਵੱਢਣ ਤੱਕ ਨਮੀਂ, ਪੌਸ਼ਟਿਕ ਤੱਤ, ਧੁੱਪ ਤੇ ਜਗ੍ਹਾ ਆਦਿ ਲਈ ਮੁਕਾਬਲਾ ਕਰਦੇ ਹਨ। ਚੌੜੇ ਪੱਤੇ ਵਾਲੇ ਨਦੀਨਾਂ ਲਈ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿੱਚ ਐਟਰਾਟਾਫ਼ 50 ਡਬਲਯੂ ਪੀ 800 ਗ੍ਰਾਮ ਪ੍ਰਤੀ ਏਕੜ ਅਤੇ ਹਲਕੀਆਂ ਜ਼ਮੀਨਾਂ ਲਈ 500 ਗ੍ਰਾਮ ਪ੍ਰਤੀ ਏਕੜ ਦਸ ਦਿਨਾਂ ਦੇ ਅੰਦਰ-ਅੰਦਰ 200 ਲਿਟਰ ਪਾਣੀ ਵਿੱਚ ਘੋਲ ਕੇ ਵਰਤੋ ਜਾਂ 250 ਗ੍ਰਾਮ ਫ਼ਸਲ ਦੀਆਂ ਕਤਾਰਾਂ ’ਤੇ 20 ਸੈਂਟੀਮੀਟਰ ਚੌੜੀ ਪੱਟੀ ਵਿੱਚ ਛਿੜਕਾਅ ਕਰੋ ਅਤੇ ਕਤਾਰਾਂ ਵਿੱਚ ਬਾਕੀ ਰਹਿੰਦੀ ਜਗ੍ਹਾ ਦੀ 15-30 ਦਿਨਾਂ ਬਾਅਦ ਗੋਡੀ ਕਰ ਦਿਉ। ਸਖ਼ਤ ਜਾਨ ਨਦੀਨ ਜਿਵੇਂ ਕਿ ਬਾਂਸ ਪੱਤਾ, ਘਾਹ, ਕਾਂ ਮੱਕੀ ਦੀ ਰੋਕਥਾਮ ਲਈ 600 ਗ੍ਰਾਮ ਐਟਰਾਜੀਨ ਨੂੰ ਇਕ ਲਿਟਰ ਲਾਸੋ 50 ਈ ਸੀ ਜਾਂ ਇੱਕ ਲਿਟਰ ਸਟੌਂਪ 30 ਈ ਸੀ ਨੂੰ ਪ੍ਰਤੀ ਏਕੜ 200 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ ਛਿੜਕਾਅ ਕਰੋ। ਖੜ੍ਹੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ 105 ਮਿਲੀਲਿਟਰ ਪ੍ਰਤੀ ਏਕੜ ਲੌਡਿਸ 420 ਐਸ ਸੀ ਦਾ ਛਿੜਕਾਅ 150 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 20 ਦਿਨਾਂ ਬਾਅਦ ਕਰੋ। ਡੀਲੇ-ਮੋਥੇ ਦੀ ਰੋਕਥਾਮ ਲਈ 2, 4-ਡੀ ਅਮਾਈਨ ਸਾਲਟ 58 ਪ੍ਰਤੀਸ਼ਤ 400 ਮਿਲੀਲਿਟਰ ਪ੍ਰਤੀ ਏਕੜ ਬਿਜਾਈ ਤੋਂ 20-25 ਦਿਨਾਂ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
ਸਿੰਜਾਈ: ਆਮ ਤੌਰ ’ਤੇ ਮੱਕੀ ਨੂੰ 4-6 ਪਾਣੀਆਂ ਦੀ ਲੋੜ ਹੁੰਦੀ ਹੈ, ਪਰ ਪਾਣੀਆਂ ਦੀ ਗਿਣਤੀ ਵਰਖਾ ਤੇ ਨਿਰਭਰ ਕਰਦੀ ਹੈ। ਫ਼ਸਲ ਨੂੰ ਕਿਸੇ ਸਮੇਂ ਵੀ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ, ਖ਼ਾਸ ਕਰਕੇ ਨਿਸਰਨ ਅਤੇ ਸੂਤ ਕੱਤਣ ਸਮੇਂ। ਛੋਟੀ ਉਮਰ ਦੀ ਮੱਕੀ ਵਿੱਚ ਪਾਣੀ ਖੜ੍ਹਾ ਹੋਣ ਨਾਲ ਫ਼ਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਜੇ ਜ਼ਿਆਦਾ ਪਾਣੀ ਖੜ੍ਹਨ ਨਾਲ ਨੁਕਸਾਨ ਹੋ ਜਾਵੇ ਤਾਂ 6 ਕਿਲੋ ਯੂਰੀਆ ਨੂੰ 200 ਲਿਟਰ ਵਿੱਚ ਘੋਲ ਬਣਾ ਕੇ (3 ਫ਼ੀਸਦੀ) ਦੋ ਵਾਰ ਹਫ਼ਤੇ ਦੇ ਫ਼ਰਕ ’ਤੇ ਛਿੜਕੋ। ਜੇ ਨੁਕਸਾਨ ਦਰਮਿਆਨੇ ਤੋਂ ਭਾਰੀ ਹੋ ਜਾਵੇ ਤਾਂ ਫ਼ਸਲ ਵਿੱਚੋਂ ਪਾਣੀ ਕੱਢਣ ਮਗਰੋਂ 12-24 ਕਿਲੋ ਨਾਈਟ੍ਰੋਜਨ (25-50 ਕਿਲੋ ਯੂਰੀਆ) ਪ੍ਰਤੀ ਏਕੜ ਹੋਰ ਪਾਉ।
ਖਾਦਾਂ: ਮੱਕੀ ਦੀ ਫ਼ਸਲ ਖੁਰਾਕੀ ਤੱਤਾਂ ਨੂੰ ਬਹੁਤ ਮੰਨਦੀ ਹੈ। ਪਰ ਫ਼ਸਲ ਵਿੱਚ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ ਅਤੇ ਫ਼ਸਲੀ ਚੱਕਰ ਨੂੰ ਮੱਦੇਨਜ਼ਰ ਰੱਖ ਕੇ ਕਰੋ। ਮੱਕੀ ਦੀ ਫ਼ਸਲ ਵਿੱਚ ਰੂੜੀ ਦੀ ਗਲੀ-ਸੜੀ ਅਤੇ ਹਰੀ ਖਾਦ ਪਾਉਣੀ ਚਾਹੀਦੀ ਹੈ। ਹਰੀ ਖਾਦ ਲਈ ਰਵਾਂਹ ਜਾਂ ਸਣ ਜਾਂ ਜੰਤਰ ਕ੍ਰਮਵਾਰ 12, 20 ਅਤੇ 20 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਪਾ ਕੇ ਬਿਜਾਈ ਅਪਰੈਲ ਦੇ ਦੂਜੇ ਪੰਦਰਵਾੜੇ ਵਿੱਚ ਕਰੋ। ਫ਼ਸਲ ਜਦੋਂ 50 ਦਿਨਾਂ ਦੀ ਹੋ ਜਾਵੇ ਤਾਂ ਇਸ ਨੂੰ ਮੱਕੀ ਬੀਜਣ ਤੋਂ ਤਕਰੀਬਨ 10 ਦਿਨ ਪਹਿਲਾਂ ਮਿੱਟੀ ਵਿੱਚ ਦਬਾਅ ਦਿਓ ਤੇ ਗਲਣ ਦਿਓ।
ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਐਮ ਐਚ 2, ਕੇਸਰੀ ਅਤੇ ਪਰਲ ਪੌਪ ਕੌਰਨ ਨੂੰ 65 ਕਿਲੋ ਯੂਰੀਆ, 27 ਕਿਲੋ ਡੀਏਪੀ ਅਤੇ 15 ਕਿਲੋ ਮਿਊਰੇਟ ਆਫ ਪੋਟਾਸ਼ ਦੀ ਵਰਤੋਂ ਕਰੋ। ਜੇ ਖੇਤ ਵਿੱਚ ਜ਼ਿੰਕ ਦੀ ਘਾਟ ਹੋਵੇ ਤਾਂ 10 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਸਾਰੀ ਫਾਸਫੋਰਸ, ਪੋਟਾਸ਼ ਅਤੇ ਤੀਜਾ ਹਿੱਸਾ ਨਾਈਟ੍ਰੋਜਨ ਵਾਲੀ ਖਾਦ ਬਿਜਾਈ ਸਮੇਂ ਪਾਉ। ਬਾਕੀ ਦੀ ਰਹਿੰਦੀ ਨਾਈਟ੍ਰੋਜਨ ਵਾਲੀ ਖਾਦ ਦੋ ਹਿੱੱਸਿਆਂ ਵਿੱਚ ਪਾਉ। ਇੱੱਕ ਹਿੱਸਾ ਉਸ ਵੇਲੇ ਜਦੋਂ ਫ਼ਸਲ ਗੋਡੇ-ਗੋਡੇ ਹੋ ਜਾਵੇ ਅਤੇ ਦੂਜਾ ਹਿੱਸਾ ਬੂਰ ਪੈਣ ਤੋਂ ਪਹਿਲਾਂ ਪਾ ਦਿਉ।
ਪੱਤਾ ਰੰਗ ਚਾਰਟ: ਨਾਈਟ੍ਰੋਜਨ ਖਾਦ ਦੀ ਲੋੜ ਅਨੁਸਾਰ ਵਰਤੋਂ ਲਈ ਪੱਤਾ ਰੰਗ ਚਾਰਟ ਵਿਧੀ ਅਪਣਾਓ। ਮੱਕੀ ਦੀ ਬਿਜਾਈ ਸਮੇਂ 25 ਕਿਲੋ ਯੂਰੀਆ ਪ੍ਰਤੀ ਏਕੜ ਪਾਓ। ਬਿਜਾਈ ਤੋਂ 21 ਦਿਨ ਬਾਅਦ 10-10 ਦਿਨ ਦੇ ਵਕਫ਼ੇ ਤੇ ਪੱੱਤਿਆਂ ਦਾ ਰੰਗ ਪੱਤਾ ਰੰਗ ਚਾਰਟ ਨਾਲ ਮਿਲਾਉਣਾ ਸ਼ੁਰੂ ਕਰੋ। ਹਰ ਵਾਰ ਖੇਤ ਵਿੱਚ 10 ਪੌਦਿਆਂ ਦੇ ਉੱਪਰੋਂ ਪੂਰੇ ਖੁੱਲ੍ਹੇ ਪਹਿਲੇ ਪੱਤੇ ਦਾ ਰੰਗ ਪੌਦੇ ਨਾਲੋਂ ਤੋੜੇ ਬਿਨਾਂ ਚਾਰਟ ਨਾਲ ਮਿਲਾਓ। ਜਦੋਂ ਦਸ ਵਿੱਚੋਂ ਛੇ ਜਾਂ ਵੱਧ ਪੱੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 5 ਤੋਂ ਫਿੱਕਾ ਹੋਵੇ ਤਾਂ 25 ਕਿਲੋ ਯੂਰੀਆ ਪ੍ਰਤੀ ਏਕੜ ਦਾ ਛੱਟਾ ਦਿਓ।
ਜੇ ਪੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 5 ਦੇ ਬਰਾਬਰ ਜਾਂ ਗੂੜਾ ਹੋਵੇ ਹੋਰ ਯੂਰੀਆ ਖਾਦ ਦੀ ਵਰਤੋਂ ਨਾ ਕਰੋ। ਮੱਕੀ ਦੇ ਸੂਤ ਕੱਤਣ ਤੋਂ ਬਾਅਦ ਪੱਤਾ ਰੰਗ ਚਾਰਟ ਦੀ ਵਰਤੋਂ ਦੀ ਲੋੜ ਨਹੀਂ ਅਤੇ ਹੋਰ ਖਾਦ ਨਹੀਂ ਪਾਉਣੀ ਚਾਹੀਦੀ।
ਖ਼ਾਸ ਵਰਤੋਂ ਵਾਲੀ ਮੱਕੀ: ਪੀਏਯੂ ਵੱਲੋਂ ਸਵੀਟ ਕੌਰਨ, ਬੇਬੀ ਕੌਰਨ ਅਤੇ ਫੁੱਲਿਆਂ ਵਾਲੀ ਮੱਕੀ ਦੀ ਢੁੱਕਵੀਆਂ ਕਿਸਮਾਂ ਦੇ ਉਤਪਾਦਨ ਤਕਨੀਕਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਕਿਸਾਨ ਇਸ ਸਬੰਧੀ ਤਕਨੀਕੀ ਸਿਖਲਾਈ ਹਾਸਲ ਕਰ ਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਬੇਬੀ ਕੌਰਨ ਦੀ ਕਨਟ੍ਰੈਕਟ ਫਾਰਮਿੰਗ ਵੀ ਪ੍ਰੱਚਲਿਤ ਹੈ।
ਕੀੜੇ ਮਕੌੜੇ ਅਤੇ ਬਿਮਾਰੀਆਂ: ਮੱਕੀ ਦਾ ਗੜੂੰਆਂ ਸਾਉਣੀ ਰੁੱਤ ਦਾ ਮੁੱਖ ਕੀੜਾ ਹੈ। ਇਹ ਫ਼ਸਲ ਦਾ 15 ਪ੍ਰਤੀਸ਼ਤ ਤੱਕ ਨੁਕਸਾਨ ਕਰ ਸਕਦਾ ਹੈ। ਇਸ ਦੀ ਰੋਕਥਾਮ ਲਈ ਕੋਰਾਜ਼ਨ 18.5 ਐਸ ਸੀ 30 ਮਿਲੀਲਿਟਰ ਜਾਂ ਡੈਸਿਸ 2.8 ਈ ਸੀ 80 ਮਿਲੀਲਿਟਰ ਨੂੰ 60 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ 10-15 ਦਿਨ ਦੀ ਫ਼ਸਲ ਤੇ ਛਿੜਕੋ। ਮਿੱਤਰ ਕੀੜੇ ਟ੍ਰਾਈਕੋਗ੍ਰਾਮਾ ਨੂੰ ਵੀ 10 ਅਤੇ ਫਿਰ 17 ਦਿਨ ਦੀ ਫ਼ਸਲ ਤੇ ਛੱਡ ਕੇ ਗੜੂੰਏਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ 40,000 ਪਰਜੀਵੀ ਕਿਰਿਆ ਕੀਤੇ ਆਂਡਿਆਂ ਦੀ ਸਿਫ਼ਾਰਸ਼ ਕੀਤੀ ਗਈ ਹੈ।
ਮੱਕੀ ਦੀ ਕਟਾਈ ਅਤੇ ਛੜਾਈ: ਮੱਕੀ ਦੀ ਕਟਾਈ ਉਸ ਸਮੇਂ ਕਰ ਲਉ ਜਦੋਂ ਛੱਲੀਆਂ ਦੇ ਖੱਗੇ ਸੁੱਕ ਕੇ ਭੂਰੇ ਹੋ ਜਾਣ। ਇਸ ਸਮੇਂ ਟਾਂਡੇ ਅਤੇ ਪੱਤੇ ਕੁਝ ਹਰੇ ਹੀ ਹੁੰਦੇ ਹਨ। ਪਛੇਤੀ ਬੀਜੀ ਜਾਂ ਗਰਮੀ ਰੁੱਤ ਦੀ ਮੱਕੀ ਤੋਂ ਬਾਅਦ ਜੇ ਖੇਤ ਜਲਦੀ ਖਾਲੀ ਕਰਨਾ ਹੋਵੇ ਤਾਂ ਉਥੋਂ ਟਾਂਡੇ ਛੱਲੀਆਂ ਸਣੇ ਕੱਟ ਲਉ। ਮੱਕੀ ਦੇ ਦਾਣੇ ਸੁਕਾ ਕੇ ਹੀ ਮੰਡੀ ਵਿੱਚ ਵੇਚੋ। ਦਾਣਿਆਂ ਵਿੱਚ ਸਿੱਲ੍ਹ ਦੀ ਮਾਤਰਾ 15 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ। ਮੱਕੀ ਨੂੰ ਸੁਕਾਉਣ ਲਈ ਡ੍ਰਾਇਰ ਕਈ ਮੰਡੀਆਂ ਵਿੱਚ ਉਪਲੱਬਧ ਹਨ। ਇਸ ਤੋਂ ਇਲਾਵਾ ਪੀਏਯੂ ਵੱਲੋਂ ਤਿਆਰ ਕੀਤੇ ਮੱਕੀ ਦੇ ਡ੍ਰਾਇਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
We do not share your personal details with anyone
Registering to this website, you accept our Terms of Use and our Privacy Policy.
Don't have an account? Create account
Don't have an account? Sign In
Please enable JavaScript to use file uploader.
GET - On the Play Store
GET - On the App Store