Update Details

6881-4.jpg
Posted by ਸੋਹਣ ਸਿੰਘ ਕੇਸਰਵਾਲੀਆ ਸੰਪਰਕ: 98769-53218
2018-05-05 13:14:03

ਕੇਸਰ ਦੀ ਖੇਤੀ ਦਾ ਕੱਚ-ਸੱਚ

ਪੰਜਾਬ ਦੀ ਖੇਤੀ ਦਾ ਸੰਕਟ ਮਾੜੀਆਂ ਨੀਤੀਆਂ, ਕੁਦਰਤੀ ਕਹਿਰ ਆਦਿ ਕਾਰਨਾਂ ਕਰਕੇ ਦਿਨੋ-ਦਿਨ ਗਹਿਰਾਉਂਦਾ ਜਾ ਰਿਹਾ ਹੈ। ਪਰ ਵਿੱਚ ਵਿੱਚ ਖੇਤੀ ਸਬੰਧੀ ਸ਼ੋਸ਼ੇ ਬਾਜ਼ੀਆਂ ਨੇ ਵੀ ਹਨੇਰ ਗਰਦੀ ਮਚਾਈ ਹੈ। ਜੇ ਪਿਛਲੇ ਦਹਾਕੇ ’ਤੇ ਨਜ਼ਰ ਮਾਰੀਏ ਤਾਂ ਕਈ ਤਰ੍ਹਾਂ ਦੇ ਕੂੜ ਪ੍ਰਚਾਰ ਨੇ ਕਿਸਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੁੱਟਿਆ ਹੈ। ਕੁਝ ਕੁ ਸਮਾਂ ਪਹਿਲਾਂ ਕੁਝ ਕੰਪਨੀਆਂ ਤੇ ਸਰਕਾਰੀ ਵਿਭਾਗ ਨੇ ਡੀਜ਼ਲ ਪੈਦਾ ਕਰਨ ਵਾਲੇ ਪੌਦੇ ਰਤਨਜੋਤ ਦਾ ਰੱਜ ਕੇ ਪ੍ਰਚਾਰ ਕੀਤਾ। ਇਸ ਦਾ ਇੱਕ ਇੱਕ ਪੌਦਾ ਕਿਸਾਨ ਨੂੰ 50-50 ਰੁਪਏ ਦਾ ਵੇਚਿਆ ਗਿਆ। ਇਨ੍ਹਾਂ ਵਿੱਚੋਂ ਤੇਲ ਤਾਂ ਕੀ ਨਿਕਲਣਾ ਸੀ, ਉਲਟਾ ਕਈ ਥਾਈਂ ਬੱਚੇ ਇਸ ਦਾ ਫਲ ਖਾ ਕੇ ਬਿਮਾਰ ਜ਼ਰੂਰ ਹੋ ਗਏ ਸਨ।

 

ਫਿਰ ਇੱਕ ਹੋਰ ਸ਼ੋਸ਼ਾ ਛੱਡਿਆ ਜਾਂ ਕਹੋ ਨਵਾਂ ਜਾਲ ਵਿਛਾਇਆ ਗਿਆ। ਬੰਗਲੌਰ ਅਤੇ ਹੈਦਰਾਬਾਦ ਦੀਆਂ ਕੰਪਨੀਆਂ ਨੇ ਆਸਟਰੇਲੀਅਨ ਪੰਛੀ ਈਮੂ ਪਾਲਣ ਦੇ ਧੰਦੇ ਦਾ ਪ੍ਰਚਾਰ ਕੀਤਾ। ਇਸ ਦਾ ਅੰਡਾ 1000 ਰੁਪਏ ਖ਼ਰੀਦਣ ਦਾ ਵਾਅਦਾ ਕੀਤਾ ਗਿਆ ਤੇ ਏਜੰਟ ਪੈਦਾ ਕੀਤੇ ਗਏ। ਇਸ ਤਰ੍ਹਾਂ ਦਾ ਕੂੜ ਪ੍ਰਚਾਰ ਕਰਕੇ ਇੱਕ ਨਰ-ਮਾਦਾ ਜੋੜੇ ਨੂੰ 15 ਹਜ਼ਾਰ ਤੋਂ 30 ਜਾਂ 35 ਹਜ਼ਾਰ ਰੁਪਏ ਵਿੱਚ ਵੇਚਿਆ ਗਿਆ। ਸਾਲ ਦੇ ਵਿੱਚ ਇਨ੍ਹਾਂ ਪੰਛੀਆਂ ਨੇ 12 ਤੋਂ 15 ਅੰਡੇ ਦਿੱਤੇ ਪਰ ਕੋਈ ਖ਼ਰੀਦਦਾਰ ਨਾ ਬਹੁੜਿਆ। ਆਖ਼ਰ ਇਨ੍ਹਾਂ ’ਚੋ ਬੱਚੇ ਨਿਕਲ ਆਏ। ਇੱਸ ਕਿੱਤੇ ’ਚ ਫਸੇ ਕਿਸਾਨਾਂ ਨੇ ਪੰਛੀ ਨੂੰ ਮੀਟ ਦੇ ਰੂਪ ਵਿੱਚ ਵੇਚਣਾ ਚਾਹਿਆ ਪਰ ਇੱਥੇ ਵੀ ਗੱਲ ਨਾ ਬਣੀ। ਇਸ ਤੋਂ ਅੱਕੇ ਕਿਸਾਨਾਂ ਨੂੰ ਆਖਰ ਈਮੂ ਨੂੰ ਜੰਗਲਾਂ ’ਚ ਆਵਾਰਾ ਛੱਡਣਾ ਪਿਆ।

 

ਇਸ ਤਰ੍ਹਾਂ ਦੀ ਇੱਕ ਸ਼ੋਸ਼ੇਬਾਜ਼ੀ ਅੱਜ ਕੱਲ੍ਹ ਪੂਰੇ ਜੋਬਨ ’ਤੇ ਹੈ। ਇਨ੍ਹੀਂ ਦਿਨੀਂ ਪੰਜਾਬ ਵਿੱਚ ਕੇਸਰ ਦੀ ਖੇਤੀ ਨੂੰ ਪ੍ਰਚਾਰਿਆ ਜਾ ਰਿਹਾ ਹੈ। ਮੀਡੀਆ ’ਚ ਕੀਤੇ ਪ੍ਰਚਾਰ ਨੇ ਇਸ ਅੱਗ ਨੂੰ ਕਾਫ਼ੀ ਹਵਾ ਦਿੱਤੀ। ਬਰਨਾਲਾ, ਬਠਿੰਡਾ ਅਤੇ ਕੋਟਕਪੂਰੇ ਦੇ ਕਿਸਾਨਾਂ ਵੱਲੋਂ ਇਸ ਅਖੌਤੀ ਫ਼ਸਲ ਨੂੰ ਅਮਰੀਕਨ ਕੇਸਰ ਉਗਾਉਣ ਦੇ ਵਾਅਦੇ ਕੀਤੇ ਜਾ ਰਹੇ ਹਨ। ਇਸ ਫ਼ਸਲ ਤੋਂ 15 ਕਿਲੋ ਬੀਜ ਪੈਦਾ ਹੋਣ ਦੀ ਦੱਸ ਪਾਈ ਜਾ ਰਹੀ ਹੈ ਤੇ 40 ਹਜ਼ਾਰ ਤੋਂ 1 ਲੱਖ ਪ੍ਰਤੀ ਕਿੱਲੋ ਬੀਜ ਕਿਸਾਨਾਂ ਵੱਲੋਂ ਅਗਾਊਂ ਪੇਸ਼ਗੀ ਦੇ ਕੇ ਬੁੱਕ ਕਰਨ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਇਸ ਗੱਲ ਦੇ ਲਿਖਤੀ ਸਬੂਤ ਮੌਜੂਦ ਹਨ ਕਿ ਇੱਕ ਖੇਤ ਨੂੰ ਵਣ ਵਿਸਥਾਰ ਮੰਡਲ ਦੇ ਵਣ ਮੰਡਲ ਅਫ਼ਸਰ ਤੇ ਪੰਜਾਬ ਐਗਰੋ ਦੀ ਟੀਮ ਵੱਲੋਂ ਵਾਚਿਆ ਗਿਆ। ਉਨ੍ਹਾਂ ਵੱਲੋਂ ਅੱਗੇ ਖ਼ਰੀਦ ਏਜੰਸੀਆਂ ਨਾਲ ਗੱਲ ਕਰਨ ਦਾ ਵਾਅਦਾ ਕੀਤਾ ਗਿਆ ਹੈ।

 

ਅਸਲ ਵਿੱਚ ਇਹ ਪੌਦਾ ਪਿਛਲੇ ਸਾਲ ਮੈਂ ਆਪਣੀ ਘਰੇਲੂ ਬਗ਼ੀਚੀ ’ਚ ਉਗਾਇਆ ਸੀ, ਮੈਂ ਵੀ ਇਸ ਤੋਂ ਅਣਜਾਣ ਸੀ। ਇਸ ਪੌਦੇ ਦੀ ਪਰਖ ਲਈ ਖੇਤੀ ਯੂਨੀਵਰਸਿਟੀ ਦੇ ਮਾਰਚ 2017 ਦੇ ਕਿਸਾਨ ਮੇਲੇ ’ਚ ਕਾਫ਼ੀ ਪੁੱਛ ਪੜਤਾਲ ਕੀਤੀ। ਖੇਤੀ ਮਾਹਿਰਾਂ ਨੇ ਦੱਸਿਆ ਕਿ ਇਹ ਤੇਲ ਬੀਜ ਫ਼ਸਲ ਕਸੁੰਭੜਾ ਹੈ। ਇਸ ਨੂੰ ਅੰਗਰੇਜ਼ੀ ਵਿੱਚ ਸੈਫਲਾਵਰ ਅਤੇ ਹਿੰਦੀ ਵਿੱਚ ਕੁਸੁਮ ਕਿਹਾ ਜਾਂਦਾ ਹੈ। ਇਹ ਹਲਕੀ ਜ਼ਮੀਨ ਵਿੱਚ ਆਸਾਨੀ ਨਾਲ ਹੋ ਜਾਂਦਾ ਹੈ। ਇਸ ਦੇ ਬਾਰੇ ਵਿਸਥਾਰ ਨਾਲ ਇੱਕ ਪਾਠ ਖੇਤੀ ਯੂਨੀਵਰਸਟੀ ਦੀ ਕਿਸਾਨਾਂ ਲਈ ਸਾਲਾਨਾ ਛਪਣ ਵਾਲੀ ਕਿਤਾਬ, ਹਾੜ੍ਹੀ ਦੀਆਂ ਫ਼ਸਲਾਂ ਲਈ ਸਿਫ਼ਾਰਸ਼ ’ਚ ਦਿੱਤਾ ਹੋਇਆ ਹੈ। ਇਸ ਦੀ ਸਰਕਾਰੀ ਖ਼ਰੀਦ 25 ਰੁਪਏ ਪ੍ਰਤੀ    ਕਿਲੋ ਹੈ।

 

ਇਸ ਦੀਆਂ ਬੀਜ ਬਣਨ ਉਪਰੰਤ ਉਪਰ ਰਹਿ ਗਈਆਂ ਫੁੱਲ ਦੀਆਂ ਸੁੱਕੀਆਂ ਤੁਰੀਆਂ ਕੇਸਰ ਦੀਆਂ ਤੁਰੀਆਂ ਨਾਲ ਮੇਲ ਜ਼ਰੂਰ ਖਾਂਦੀਆਂ ਹਨ, ਪਰ ਗੁਣਾਂ ਦੇ ਪੱਖੋਂ ਇਸ ਦਾ ਕਸ਼ਮੀਰ ਵਾਲੇ ਕੇਸਰ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ।

 

ਇਸ ਲਈ ਜੋ ਕਿਸਾਨ ਇਸ ਫ਼ਸਲ ਦਾ ਬੀਜ ਲੈਣ ਲਈ ਲੱਖਾਂ ਰੁਪਏ ਬਰਬਾਦ ਨਾ ਕਰਨ। ਦੂਜੇ ਪਾਸੇ ਸਰਕਾਰੀ ਤੰਤਰ, ਖ਼ਾਸ ਤੌਰ ’ਤੇ ਖੇਤੀਬਾੜੀ ਵਿਭਾਗ ਪੰਜਾਬ ਨੂੰ ਵੀ ਗੂੜੀ ਨੀਂਦ ’ਚੋਂ ਜਾਗਣਾ ਚਾਹੀਦਾ ਹੈ। ਟੀਵੀ ਚੈਨਲਾਂ ਨੂੰ ਗ਼ਲਤ ਪ੍ਰਚਾਰ ਬੰਦ ਕਰਨਾ ਚਾਹੀਦਾ ਹੈ। ਕਿਸਾਨ ਹਿਤੈਸ਼ੀ ਕਿਸਾਨ ਯੂਨੀਅਨਾਂ ਨੂੰ ਚਾਹੀਦਾ ਹੈ ਕਿ ਉਹ ਇਸ ਕੂੜ ਪ੍ਰਚਾਰ ’ਚ ਕਿਸਾਨਾਂ ਨੂੰ ਬਰਬਾਦ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਜਾਗਰੂਕ ਕਰਨ।