
ਕਿਵੇਂ ਬਚਾਈਏ ਗਰਮੀਆਂ ਦੀਆਂ ਸਬਜ਼ੀਆਂ ਨੂੰ ਵਿਸ਼ਾਣੂੰਆਂ ਤੋਂ

ਪੰਜਾਬ ਵਿੱਚ ਸਬਜ਼ੀਆਂ ਦੀ ਕਾਸ਼ਤ ਘਰੇਲੂ ਬਗ਼ੀਚੀ ਤੋਂ ਲੈ ਕੇ ਵਪਾਰਕ ਪੱਧਰ ਤੱਕ ਕੀਤੀ ਜਾਂਦੀ ਹੈ। ਸਬਜ਼ੀਆਂ ਤੋਂ ਚੰਗਾ ਝਾੜ ਲੈਣ ਲਈ ਇਨ੍ਹਾਂ ਨੂੰ ਨਾ ਕੇਵਲ ਵਿਸ਼ਾਣੂੰ ਰੋਗਾਂ ਤੋਂ ਬਲਕਿ ਸਾਰੇ ਰੋਗਾਂ ਤੋਂ ਹੀ ਬਚਾ ਕੇ ਰੱਖਿਆ ਜਾਣਾ ਚਾਹੀਦਾ ਹੈ। ਪਰ ਵਿਸ਼ਾਣੂੰ ਰੋਗਾਂ ਦਾ ਡਰ ਇਸ ਕਰਕੇ ਵਧ ਜਾਂਦਾ ਹੈ ਕਿਉਂਕਿ ਜੇ ਖੇਤ ਵਿੱਚ ਇੱਕ ਵਾਰ ਵਿਸ਼ਾਣੂੰ ਰੋਗ ਦਾ ਹਮਲਾ ਹੋ ਜਾਵੇ ਤਾਂ ਇਸ ਦਾ ਇਲਾਜ ਔਖਾ ਹੀ ਨਹੀਂ, ਸਗੋਂ ਅਸੰਭਵ ਹੋ ਜਾਂਦਾ ਹੈ। ਗਰਮੀ ਰੁੱਤ ਦੀਆਂ ਮੁੱਖ ਫ਼ਸਲਾਂ ਵਿੱਚ ਭਿੰਡੀ, ਬੈਂਗਣ, ਮਿਰਚਾਂ, ਕੱਦੂ ਜਾਤੀ ਜਿਵੇਂ ਕਿ ਖੀਰਾ, ਤੋਰੀ, ਚੱਪਣ ਅਤੇ ਘੀਆ ਕੱਦੂ ਆਦਿ ਸ਼ਾਮਿਲ ਹਨ। ਇਨ੍ਹਾਂ ਸਬਜ਼ੀਆਂ ਵਿੱਚ ਵਿਸ਼ਾਣੂੰ ਰੋਗ, ਜਿਵੇਂ ਕਿ ਠੂਠੀ ਰੋਗ, ਚਿੱਤਕਬਰਾ ਰੋਗ ਅਤੇ ਪੀਲੀਆ ਰੋਗ ਆਦਿ ਦਾ ਹਮਲਾ ਜ਼ਿਆਦਾ ਹੁੰਦਾ ਹੈ। ਇਸ ਨਾਲ ਸਬਜ਼ੀ ਉਤਪਾਦਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ।
ਠੂਠੀ ਰੋਗ ਜਾਂ ਗੁੱਛਾ ਮੁੱਛਾ ਰੋਗ (ਲੀਫ ਕਰਲ): ਮਿਰਚ, ਸ਼ਿਮਲਾ ਮਿਰਚ ਅਤੇ ਟਮਾਟਰਾਂ ਦੀ ਬਰਸਾਤ ਵਾਲੀ ਫ਼ਸਲ ਤੇ ਇਹ ਰੋਗ ਆਮ ਵੇਖਣ ਨੂੰ ਮਿਲਦਾ ਹੈ। ਜੇ ਇਸ ਦਾ ਹਮਲਾ ਅਗੇਤਾ ਹੋ ਜਾਵੇ ਤਾਂ ਫ਼ਸਲ ਦਾ ਬਹੁਤ ਨੁਕਸਾਨ ਹੁੰਦਾ ਹੈ। ਇਸ ਰੋਗ ਤੋਂ ਪ੍ਰਭਾਵਿਤ ਬੂਟਿਆਂ ਦੇ ਪੱਤੇ ਆਕਾਰ ਵਿੱਚ ਛੋਟੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਦੀ ਸ਼ਕਲ ਵਿਗੜ ਜਾਂਦੀ ਹੈ। ਬਾਅਦ ਵਿੱਚ ਪੱਤੇ ਪੀਲੇ ਤੇ ਬੇਰੰਗੇ ਹੋ ਜਾਂਦੇ ਹਨ। ਰੋਗੀ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਮਧਰੇ ਕੱਦ ਦੇ ਰਹਿ ਜਾਂਦੇ ਹਨ ਅਤੇ ਝਾੜੀ ਦੀ ਸ਼ਕਲ ਧਾਰਨ ਕਰ ਲੈਂਦੇ ਹਨ। ਰੋਗੀ ਬੂਟਿਆਂ ਨੂੰ ਫਲ ਬਹੁਤ ਘੱਟ ਲੱਗਦਾ ਹੈ ਅਤੇ ਜੇ ਫਲ ਲੱਗਦੇ ਹਨ ਤਾਂ ਉਹ ਛੋਟਾ ਅਤੇ ਬੇਢੱਬਾ ਹੁੰਦਾ ਹੈ ਜਾਂ ਕਈ ਵਾਰ ਅਜਿਹੇ ਬੂਟਿਆਂ ਨੂੰ ਫਲ ਲੱਗਦਾ ਹੀ ਨਹੀਂ।
ਬਿਮਾਰੀ ਕਿਵੇਂ ਫੈਲਦੀ ਹੈ: ਇਹ ਬਿਮਾਰੀ ਚਿੱਟੀ ਮੱਖੀ ਰਾਹੀਂ ਬਿਮਾਰ ਬੂਟਿਆਂ ਤੋਂ ਨਰੋਏ ਬੂਟਿਆਂ ’ਤੇ ਫੈਲਦੀ ਹੈ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਮੱਛਰ ਮਲੇਰੀਆਂ ਫੈਲਾਉਂਦਾ ਹੈ। ਜਦੋਂ ਚਿੱਟੀ ਮੱਖੀ ਬਿਮਾਰ ਬੂਟੇ ਤੋਂ ਰਸ ਚੂਸਦੀ ਹੈ ਤਾਂ ਵਿਸ਼ਾਣੂੰ ਦੇ ਕਣ ਚਿੱਟੀ ਮੱਖੀ ਦੇ ਅੰਦਰ ਚਲੇ ਜਾਂਦੇ ਹਨ ਅਤੇ ਜਦੋਂ ਇਹ ਮੱਖੀ ਦੂਜੇ ਨਰੋਏ ਬੂਟੇ ਤੋਂ ਰਸ ਚੂਸਦੀ ਹੈ ਤਾਂ ਉੱਥੇ ਵਿਸ਼ਾਣੂੰ ਦੇ ਕਣ ਨਰੋਏ ਬੂਟੇ ਵਿੱਚ ਦਾਖ਼ਲ ਹੋ ਜਾਂਦੇ ਹਨ। ਇਸ ਤਰ੍ਹਾਂ ਇਹ ਰੋਗ ਚਿੱਟੀ ਮੱਖੀ ਰਾਹੀਂ ਸਾਰੇ ਖੇਤ ਵਿੱਚ ਫੈਲ ਜਾਂਦਾ ਹੈ। ਵਿਸ਼ਾਣੂੰ ਦੇ ਕਣ ਚਿੱਟੀ ਮੱਖੀ ਦੇ ਅੰਦਰ ਕਈ ਦਿਨ੍ਹਾਂ ਤੱਕ ਜਿਊਂਦੇ ਰਹਿ ਸਕਦੇ ਹਨ।
ਰੋਕਥਾਮ: ਬੀਜ ਹਮੇਸ਼ਾ ਰੋਗ ਰਹਿਤ ਬੂਟਿਆ ਤੋਂ ਲਵੋ। ਖੇਤ ਵਿੱਚ ਨਜ਼ਰ ਆਉਣ ’ਤੇ ਰੋਗੀ ਬੂਟੇ ਪੁੱਟ ਕੇ ਨਸ਼ਟ ਕਰ ਦਿਓ। ਆਮ ਤੌਰ ’ਤੇ ਇਹ ਵੇਖਣ ਵਿੱਚ ਆਇਆ ਹੈ ਕਿ ਕਈ ਵਾਰ ਕਿਸਾਨ ਰੋਗੀ ਬੂਟੇ ਨੂੰ ਖੇਤ ਵਿੱਚੋਂ ਤਾਂ ਕੱਢ ਦਿੰਦੇ ਹਨ ਪਰ ਉਸ ਨੂੰ ਚੰਗੀ ਤਰ੍ਹਾਂ ਨਸ਼ਟ ਨਹੀਂ ਕਰਦੇ ਜਾਂ ਖੇਤ ਵਿੱਚ ਹੀ ਛੱਡ ਦਿੰਦੇ ਹਨ। ਅਜਿਹਾ ਨਹੀਂ ਕਰਨਾ ਚਾਹੀਦਾ, ਸਗੋਂ ਇਸ ਰੋਗੀ ਬੂਟੇ ਨੂੰ ਮਿੱਟੀ ਵਿੱਚ ਦੱਬ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਮੱਖੀ ਇਸ ਤੋਂ ਰਸ ਨਾ ਚੂਸ ਸਕੇ।
ਪਨੀਰੀ ਅਤੇ ਖੇਤ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਰੋਗਰ ਜਾਂ ਮੈਟਾਸਿਸਟਾਕਸ 1 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ 10 ਦਿਨਾਂ ਦੇ ਵਕਫ਼ੇ ’ਤੇ ਛਿੜਕਾਅ ਕਰੋ। ਮਿਰਚਾਂ ਵਿੱਚ 400 ਮਿਲੀਲਿਟਰ ਮੈਲਾਥਿਆਨ ਨੂੰ 100-125 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
ਿਚਤਕਬਰਾ ਰੋਗ (ਮੋਜ਼ੇਕ): ਪੰਜਾਬ ਵਿੱਚ ਇਹ ਬਿਮਾਰੀ ਟਮਾਟਰ, ਮਿਰਚਾਂ, ਬੈਂਗਣ, ਲੋਬੀਆ, ਘੀਆ, ਕੱਦੂ, ਖੀਰਾ ਅਤੇ ਚੱਪਚ ਕੱਦੂ ਦਾ ਜ਼ਿਆਦਾ ਨੁਕਸਾਨ ਕਰਦੀ ਹੈ। ਇਸ ਵਿਸ਼ਾਣੂੰ ਰੋਗ ਦੀਆਂ ਕਈ ਕਿਸਮਾਂ ਮਿਲਦੀਆਂ ਹਨ। ਇਨ੍ਹਾਂ ਦੀ ਵੱਖ-ਵੱਖ ਨਿਸ਼ਾਨੀਆਂ ਹਨ। ਆਮ ਤੌਰ ’ਤੇ ਰੋਗੀ ਬੂਟਿਆਂ ਦੇ ਪੱਤੇ ਚਿੱਤਕਬਰੇ ਜਿਹੇ ਹੋ ਜਾਂਦੇ ਹਨ ਜਿਨ੍ਹਾਂ ਤੇ ਗੂੜ੍ਹੇ ਹਰੇ ਅਤੇ ਹਲਕੇ ਹਰੇ ਪੀਲੇ ਰੰਗ ਦੇ ਧੱਬੇ ਪੈ ਜਾਂਦੇ ਹਨ। ਪੱਤੇ ਛੋਟੇ ਅਤੇ ਬੇਢੱਬੇ ਹੋ ਜਾਂਦੇ ਹਨ। ਕਈ ਵਾਰ ਰੋਗੀ ਪੱਤਿਆਂ ਤੇ ਬੇਢੱਬੇ ਉਭਰਵੇਂ ਜਿਹੇ ਧੱਬੇ ਵੀ ਬਣ ਜਾਂਦੇ ਹਨ। ਅਜਿਹੇ ਧੱਬੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਪੱਤਿਆਂ ਅਤੇ ਫਲਾਂ ਤੇ ਆਮ ਹੀ ਵੇਖੇ ਜਾ ਸਕਦੇ ਹਨ। ਕਈ ਵਾਰ ਫਲਾਂ ਦੀ ਸ਼ਕਲ ਵੀ ਵਿਗੜ ਜਾਂਦੀ ਹੈ। ਇਸ ਰੋਗ ਹੇਠਾਂ ਆਏ ਪੱਤੇ ਕਈ ਵਾਰ ਬਾਂਦਰ ਦੇ ਪੰਜੇ ਵਰਗੀ ਸ਼ਕਲ ਅਖਤਿਆਰ ਕਰ ਲੈਂਦੇ ਹਨ। ਬਿਮਾਰੀ ਵਾਲੇ ਬੂਟੇ ਮਧਰੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਨੂੰ ਫਲ ਘੱਟ ਲਗਦਾ ਹੈ।
ਬਿਮਾਰੀ ਕਿਵੇਂ ਫੈਲਦੀ ਹੈ: ਆਮ ਤੌਰ ’ਤੇ ਬਿਮਾਰੀ ਬੀਜ ਰਾਹੀਂ ਆਉਂਦੀ ਹੈ। ਤੇਲਾ ਇਸ ਬਿਮਾਰੀ ਨੂੰ ਅੱਗੇ ਫੈਲਾਉਣ ਦਾ ਕੰਮ ਕਰਦਾ ਹੈ। ਇਹ ਰੋਗ ਖੇਤ ਵਿੱਚ ਕੰਮ ਕਰਨ ਵਾਲੇ ਆਦਮੀ ਅਤੇ ਕੰਮ ਲਈ ਵਰਤੇ ਜਾਣ ਵਾਲੇ ਸੰਦਾਂ ਰਾਹੀਂ ਵੀ ਇੱਕ ਬੂਟੇ ਤੋਂ ਦੂਜੇ ਬੂਟੇ ’ਤੇ ਫੈਲ ਜਾਂਦਾ ਹੈ।
ਰੋਕਥਾਮ: ਹਮੇਸ਼ਾ ਰੋਗ ਰਹਿਤ ਤਸਦੀਕਸ਼ੁਦਾ ਬੀਜ ਹੀ ਵਰਤੋ। ਰੋਗੀ ਬੂਟੇ ਪੁੱਟ ਕੇ ਚੰਗੀ ਤਰ੍ਹਾਂ ਨਸ਼ਟ ਕਰੋ। ਬਿਮਾਰ ਬੂਟਿਆਂ ਨੂੰ ਐਵੇਂ ਨਾ ਛੂਹੋ। ਖੇਤ ਦੁਆਲੇ ਉੱਗੇ ਨਦੀਨਾਂ ਨੂੰ ਨਸ਼ਟ ਕਰੋ। ਤੇਲੇ ਦੀ ਰੋਕਥਾਮ ਲਈ ਪਨੀਰੀ ਤੋਂ ਸ਼ੁਰੂ ਕਰਕੇ 10 ਦਿਨਾਂ ਦੇ ਵਕਫ਼ੇ ’ਤੇ ਰੋਗਰ ਜਾਂ ਮੈਟਾਸਿਸਟਾਕਸ 1 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਮਿਰਚਾਂ ਵਿੱਚ 400 ਮਿਲੀਲਿਟਰ ਮੈਲਾਥਿਆਨ ਨੂੰ 100-125 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
ਪੀਲੀਆ ਰੋਗ (ਯੈਲੋ ਵੇਨ ਮੋਜ਼ੇਕ): ਪੰਜਾਬ ਵਿੱਚ ਜਿੱਥੇ ਭਿੰਡੀ ਉਗਾਈ ਜਾਂਦੀ ਹੈ, ਉਨ੍ਹਾਂ ਸਾਰੇ ਥਾਵਾਂ ’ਤੇ ਇਹ ਬਿਮਾਰੀ ਆਮ ਵੇਖਣ ਨੂੰ ਮਿਲਦੀ ਹੈ। ਇਹ ਬਿਮਾਰੀ ਬਰਸਾਤੀ ਭਿੰਡੀ ਦਾ ਬਹੁਤ ਨੁਕਸਾਨ ਕਰਦੀ ਹੈ। ਜੇ ਬਿਮਾਰੀ ਅਗੇਤੀ ਲੱਗ ਜਾਵੇ ਤਾਂ ਝਾੜ ’ਤੇ ਕਾਫ਼ੀ ਮਾੜਾ ਅਸਰ ਪਾਉਂਦੀ ਹੈ। ਬਿਮਾਰੀ ਵਾਲੇ ਬੂਟੇ ਦੇ ਪੱਤਿਆਂ ਦੀਆਂ ਨਾੜੀਆਂ ਪੀਲੀਆਂ ਅਤੇ ਮੋਟੀਆਂ ਹੋ ਜਾਂਦੀਆਂ ਹਨ। ਬਿਮਾਰੀ ਦੇ ਜ਼ਿਆਦਾ ਹਮਲੇ ਨਾਲ ਭਿੰਡੀ ਦੇ ਜ਼ਿਆਦਾਤਰ ਪੱਤੇ ਪੀਲੇ ਪੈ ਜਾਂਦੇ ਹਨ, ਜੋ ਬਾਅਦ ਵਿੱਚ ਭੂਰੇ ਹੋ ਕੇ ਸੁੱਕ ਜਾਂਦੇ ਹਨ ਅਤੇ ਬੂਟੇ ਤੋਂ ਹੇਠਾਂ ਡਿੱਗ ਜਾਂਦੇ ਹਨ। ਅਜਿਹੇ ਬਿਮਾਰ ਬੂਟਿਆਂ ਨੂੰ ਫਲ ਨਹੀਂ ਪੈਂਦਾ, ਜੇ ਬਿਮਾਰੀ ਦਾ ਹਮਲਾ ਲੇਟ ਸ਼ੁਰੂ ਹੋਵੇ ਤਾਂ ਉਪਰਲੇ ਪੱਤੇ ਪੀਲੇ ਪੈ ਜਾਂਦੇ ਹਨ, ਪਰ ਤਣਾ ਹਰਾ ਰਹਿੰਦਾ ਹੈ। ਬਿਮਾਰੀ ਵਾਲੇ ਬੂਟੇ ਦੇ ਫਲ ਪੀਲੇ, ਬੇਸ਼ਕਲ ਅਤੇ ਸਖ਼ਤ ਹੁੰਦੇ ਹਨ, ਜਿਨ੍ਹਾਂ ਨੂੰ ਮੰਡੀ ਵਿੱਚ ਭਾਅ ਨਹੀਂ ਮਿਲਦਾ।
ਬਿਮਾਰੀ ਕਿਵੇਂ ਫੈਲਦੀ ਹੈ: ਚਿੱਟੀ ਮੱਖੀ ਇਸ ਰੋਗ ਨੂੰ ਬਿਮਾਰ ਬੂਟੇ ਤੋਂ ਦੂਜੇ ਬੂਟਿਆਂ ਤੱਕ ਫੈਲਾਉਂਦੀ ਹੈ। ਇਹ ਬਿਮਾਰੀ ਕਈ ਨਦੀਨਾਂ ਜਿਵੇਂ ਕਿ ਜੰਗਲੀ ਪੁਦੀਨੇ ’ਤੇ ਵੀ ਪਲਦੀ ਰਹਿੰਦੀ ਹੈ।
ਰੋਕਥਾਮ: ਇਸ ਦੀ ਰੋਕਥਾਮ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਬੀਜ ਰੋਗ ਰਹਿਤ ਫ਼ਸਲ ਤੋਂ ਹੀ ਲੈਣਾ ਚਾਹੀਦਾ ਹੈ। ਬਿਮਾਰੀ ਵਾਲੇ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰਨਾ ਚਾਹੀਦਾ ਹੈ। ਬਰਸਾਤੀ ਭਿੰਡੀ ’ਤੇ ਇਸ ਵਿਸ਼ਾਣੂੰ ਦਾ ਹਮਲਾ ਜ਼ਿਆਦਾ ਹੁੰਦਾ ਹੈ। ਇਸ ਕਰਕੇ ਬਰਸਾਤੀ ਭਿੰਡੀ ਬੀਜਣ ਲਈ ਰੋਗ ਰਹਿਤ ਕਿਸਮਾਂ ਜਿਵੇਂ ਕਿ ਪੰਜਾਬ-7, ਪੰਜਾਬ-8 ਅਤੇ ਪੰਜਾਬ ਪਦਮਨੀ ਦੀ ਕਾਸ਼ਤ ਕਰੋ। ਚਿੱਟੀ ਮੱਖੀ ਦੀ ਰੋਕਥਾਮ ਵਾਸਤੇ 560 ਮਿਲੀਲਿਟਰ ਮੈਲਾਥਿਆਨ ਦਾ 100-125 ਲਿਟਰ ਦਾ ਘੋਲ ਬਣਾ ਕੇ ਛਿੜਕਾਅ ਕਰੋ। ਜੰਗਲੀ ਪੁਦੀਨੇ ਦੇ ਬੂਟਿਆਂ ਨੂੰ ਖੇਤ ਦੇ ਆਲੇ-ਦੁਆਲੇ ਨਾ ਰਹਿਣ ਦਿਓ।
ਛੋਟੇ ਪੱਤਿਆਂ ਦਾ ਰੋਗ (ਲਿਟਲ ਲੀਫ): ਇਹ ਮਾਈਕੋਪਲਾਜ਼ਮਾ ਦਾ ਰੋਗ ਹੈ। ਜੋ ਬੈਂਗਣਾਂ ਦੀ ਫ਼ਸਲ ਦਾ ਕਾਫੀ ਨੁਕਸਾਨ ਕਰਦਾ ਹੈ। ਇਸ ਰੋਗ ਦਾ ਬਹੁਤਾ ਪਤਾ ਬੂਟੇ ਦੇ ਫੁੱਲ ਕੱਢਣ ਸਮੇਂ ਲੱਗਦਾ ਹੈ ਅਤੇ ਇਹ ਰੋਗ ਮੁੱਢੀ ਫਸਲ ਤੋਂ ਵਧੇਰੇ ਹੁੰਦਾ ਹੈ। ਪੱਤੇ ਬਹੁਤ ਛੋਟੇ ਨਿਕਲਦੇ ਹਨ। ਤਣੇ ਵਿੱਚ ਵਧੇਰੇ ਗੱਠਾਂ ਅਤੇ ਟਾਹਣੀਆਂ ਦੀ ਬਜਾਏ ਫੁਟਾਰਾ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਰਕੇ ਬੂਟੇ ਝਾੜੀਨੁਮਾ ਸ਼ਕਲ ਅਖਤਿਆਰ ਕਰ ਲੈਂਦੇ ਹਨ। ਅਜਿਹੇ ਬੂਟੇ ਨੂੰ ਫੁੱਲ ਅਤੇ ਫਲ ਨਹੀਂ ਲੱਗਦੇ, ਜੇ ਲੱਗਦੇ ਹਨ ਤਾਂ ਹਰੇ ਅਤੇ ਛੋਟੇ ਆਕਾਰ ਦੇ ਹੁੰਦੇ ਹਨ। ਜੇਕਰ ਬਿਮਾਰੀ ਅਗੇਤੀ ਆ ਜਾਵੇ ਤਾਂ ਫਸਲ ਦਾ ਝਾੜ ਬਹੁਤ ਘਟ ਜਾਂਦਾ ਹੈ।
ਬਿਮਾਰੀ ਕਿਵੇਂ ਫੈਲਦੀ ਹੈ: ਬਿਮਾਰੀ ਕਈ ਪ੍ਰਕਾਰ ਦੇ ਬੂਟਿਆਂ ਜਿਵੇਂ ਧਤੂਰਾ ਆਦਿ ’ਤੇ ਪੱਲਦੀ ਰਹਿੰਦੀ ਹੈ। ਪੱਤਿਆਂ ਦੇ ਟਿੱਡੇ (ਹੌਪਰ), ਰੋਗੀ ਤੋਂ ਨਰੋਏ ਬੂਟੇ ਤੇ ਜਾ ਕੇ ਇਸ ਬਿਮਾਰੀ ਨੂੰ ਅੱਗੇ ਫੈਲਾਉਂਦੇ ਹਨ।
ਰੋਕਥਾਮ: ਇਸ ਬਿਮਾਰੀ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਬਿਮਾਰ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰ ਦਿਓ। ਟਿੱਡੇ ਦੀ ਰੋਕਥਾਮ ਵਾਸਤੇ ਫ਼ਸਲ ਤੇ ਮੈਲਾਥਿਆਨ/ ਮੈਟਾਸਿਸਟਾਕਸ 250 ਮਿਲੀਲਿਟਰ 100-125 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
ਵਿਸ਼ਾਣੂੰ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਬੀਜ ਹਮੇਸ਼ਾ ਰੋਗ ਰਹਿਤ ਫ਼ਸਲ ਤੋਂ ਹੀ ਤਿਆਰ ਕਰੋ। ਬੂਟੇ ਜੰਮਣ ਤੋਂ ਬਾਅਦ ਲਗਪਗ ਹਰ ਰੋਜ਼ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹੋ ਅਤੇ ਬਿਮਾਰੀ ਵਾਲੇ ਬੂਟੇ ਪੁੱਟ ਕੇ ਨਸ਼ਟ ਕਰੋ ਕਿਉਂਕਿ ਵਿਸ਼ਾਣੂੰ ਜਿਉਂਦੇ ਸੈੱਲਾਂ ਵਿੱਚ ਹੀ ਵਧਦਾ-ਫੁਲਦਾ ਅਤੇ ਜਾਨਦਾਰ ਹੁੰਦਾ ਹੈ। ਜੇ ਸੰਭਵ ਹੋ ਸਕੇ ਤਾਂ ਪਨੀਰੀ ਨੂੰ ਰਸ ਚੂਸਣ ਵਾਲੇ ਕੀੜਿਆਂ ਤੋਂ ਮੁਕਤ ਰੱਖਣ ਲਈ ਜਾਲੀ ਦਾ ਉਪਯੋਗ ਕੀਤਾ ਜਾ ਸਕਦਾ ਹੈ। ਜੇ ਤੁਸੀਂ ਸ਼ੁਰੂ ਵਿੱਚ ਇਹ ਰੋਗੀ ਬੂਟੇ ਪੁੱਟਣ ਤੋਂ ਖੁੰਝ ਗਏ ਤਾਂ ਕੀੜੇ ਇਨ੍ਹਾਂ ਰੋਗਾਂ ਨੂੰ ਸਾਰੇ ਖੇਤਾਂ ਵਿੱਚ ਫੈਲਾਅ ਕੇ ਤੁਹਾਡੀਆਂ ਆਸਾਂ ’ਤੇ ਪਾਣੀ ਫੇਰ ਦੇਣਗੇ ਕਿਉਂਕਿ ਬਿਮਾਰੀ ਵਾਲੀ ਫ਼ਸਲ ਨੂੰ ਫਲ ਬਹੁਤ ਥੋੜ੍ਹਾ ਅਤੇ ਘਟੀਆ ਮਿਆਰ ਦਾ ਲੱਗਦਾ ਹੈ। ਇਸ ਦਾ ਮੰਡੀ ਵਿੱਚ ਪੂਰਾ ਮੁੱਲ ਵੀ ਨਹੀਂ ਮਿਲਦਾ। ਜ਼ਿਆਦਾਤਰ ਵਿਸ਼ਾਣੂੰ ਰੋਗ ਰਸ ਚੂਸਣ ਵਾਲੇ ਕੀੜਿਆਂ ਰਾਹੀਂ ਅੱਗੇ ਫੈਲਦੇ ਹਨ। ਇਸ ਲਈ ਖੇਤ ਵਿੱਚ ਅਜਿਹੇ ਕੀੜਿਆਂ ਦੀ ਗਿਣਤੀ ’ਤੇ ਕਾਬੂ ਰੱਖੋ। ਇਨ੍ਹਾਂ ਕੀੜਿਆਂ ਦੀ ਰੋਕਥਾਮ ਵਾਸਤੇ ਸਿਫ਼ਾਰਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰੋ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.