ਕਣਕ ਵਿਚ ਗੁੱਲੀ-ਡੰਡੇ ਦੀ ਰੋਕਥਾਮ ਲਈ ਨੁਕਤੇ
ਗੁੱਲੀ ਡੰਡਾ ਕਣਕ ਦੀ ਫ਼ਸਲ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਕਰਨ ਵਾਲਾ ਨਦੀਨ ਹੈ। ਇਹ ਨਦੀਨ ਜ਼ਿਆਦਾਤਰ ਕਣਕ-ਝੋਨੇ ਫ਼ਸਲੀ ਚੱਕਰ ਵਾਲੇ ਖੇਤਾਂ ਵਿੱਚ ਹੁੰਦਾ ਹੈ। ਪਿਛਲੇ ਸਾਲ (2017-18) ਵਿੱਚ ਇਸ ਦੀ ਸਮੱਸਿਆ ਸਿਖਰ ’ਤੇ ਪੁੱਜ ਗਈ ਜਿਸ ਦੇ ਮੁੱਖ ਕਾਰਨ ਕਣਕ ਦੀ ਪਛੇਤੀ ਬਿਜਾਈ, ਨਵੰਬਰ ਵਿੱਚ ਪਿਆ ਮੀਂਹ, ਨਦੀਨਨਾਸ਼ਕਾਂ ਪ੍ਰਤੀ ਰੋਧਕ ਸ਼ਕਤੀ ਅਤੇ ਸਪਰੇਅ ਦੇ ਗ਼ਲਤ ਢੰਗ ਹਨ। ਇਸ ਸਮੱਸਿਆ ਦੇ ਹੱਲ ਲਈ ਇਕੱਲੇ ਨਦੀਨਨਾਸ਼ਕਾਂ ’ਤੇ ਨਿਰਭਰ ਨਹੀਂ ਹੋਇਆ ਜਾ ਸਕਦਾ। ਇਸ ਲਈ ਨਦੀਨਨਾਸ਼ਕਾਂ ਦੇ ਨਾਲ ਕਾਸ਼ਤਕਾਰੀ ਢੰਗਾਂ ਦੀ ਵਰਤੋਂ ਵੀ ਅਪਨਾਉਣੀ ਪਵੇਗੀ।
ਗੁੱਲੀ ਡੰਡੇ ਦੇ ਪਹਿਲੇ ਲੌਅ ਤੋਂ ਬਚਾਅ: ਗੁੱਲੀ ਡੰਡੇ ਦਾ ਪਹਿਲਾ ਲੌਅ ਜਿਹੜਾ ਕਿ ਕਣਕ ਦੇ ਨਾਲ ਹੀ ਜੰਮਦਾ ਹੈ, ਸਭ ਤੋਂ ਜ਼ਿਆਦਾ ਨੁਕਸਾਨ ਕਰਦਾ ਹੈ। ਇਸ ਕਰਕੇ ਪਹਿਲੇ ਲੌਅ ਨੂੰ ਰੋਕਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਅਕਤੂਬਰ ਦੇ ਅਖੀਰਲੇ ਹਫ਼ਤੇ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਦੌਰਾਨ ਬੀਜੀ ਕਣਕ ਦੀ ਫ਼ਸਲ ਗੁਲੀ ਡੰਡੇ ਦੇ ਪਹਿਲੇ ਲੌਅ ਤੋਂ ਬਚ ਜਾਂਦੀ ਹੈ। ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ (ਪੀ ਆਰ 121, ਪੀ ਆਰ 122, ਪੀ ਆਰ 126, ਪੀ ਆਰ 127) ਦੀ ਕਾਸ਼ਤ ਕਰਨ ਨਾਲ ਇਸ ਸਮੇਂ ਵਿਚ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਗੁੱਲੀ ਡੰਡੇ ਨੂੰ ਉੱਗਣ ਲਈ ਜ਼ਿਆਦਾ ਸਲਾਬ ਵਾਲੇ ਖੇਤਾਂ ਦੀ ਲੋੜ ਹੁੰਦੀ ਹੈ ਅਤੇ ਇਸ ਦੇ ਬੀਜ ਜ਼ਿਆਦਾਤਰ ਜ਼ਮੀਨ ਦੀ ਉਪਰਲੀ ਸਤ੍ਹਾ ਤੋਂ ਉੁੱਗਦੇ ਹਨ। ਇਸ ਕਰਕੇ ਜੇ ਕਣਕ ਦੀ ਬਿਜਾਈ ਵੱਤਰ ਚੜ੍ਹਾ ਕੇ (ਜ਼ਮੀਨ ਦੀ ਉਪਰਲੀ ਪਰਤ ਸੁਕਾ ਕੇ) ਕੀਤੀ ਜਾਵੇ ਤਾਂ ਵੀ ਗੁੱਲੀ ਡੰਡੇ ਦੇ ਪਹਿਲੇ ਲੌਅ ਤੋਂ ਬਚਾਅ ਹੋ ਜਾਂਦਾ ਹੈ।
ਜੇ ਕਣਕ ਦੀ ਬਿਜਾਈ ਚੰਗੇ ਵੱਤਰ ਵਿਚ ਕੀਤੀ ਜਾਵੇ ਤਾਂ ਬਿਜਾਈ ਵੇਲੇ ਸਟੌਂਪ 30 ਈ.ਸੀ. (ਪੈਂਡੀਮੈਥਾਲਿਨ) 1.5 ਲਿਟਰ ਪ੍ਰਤੀ ਏਕੜ ਦਾ ਛਿੜਕਾਅ ਜ਼ਰੂਰ ਕਰਨਾ ਚਾਹੀਦਾ ਹੈ। ਇਹ ਨਦੀਨ ਨਾਸ਼ਕ ਗੁੱਲੀ ਡੰਡੇ ਦੇ ਸਾਰੇ ਲੌਆਂ ਨੂੰ ਉੱਗਣ ਤੋਂ ਰੋਕਦਾ ਹੈ।
ਫ਼ਸਲਾਂ ਦਾ ਹੇਰ-ਫੇਰ: ਗੁੱਲੀ ਡੰਡੇ ਦੀ ਜ਼ਿਆਦਾ ਸਮੱਸਿਆ ਝੋਨਾ-ਕਣਕ ਫ਼ਸਲੀ ਚੱਕਰ ਵਾਲੇ ਖੇਤਾਂ ਵਿੱਚ ਆਉਂਦੀ ਹੈ। ਇਸ ਕਰਕੇ ਖੇਤ ਵਿੱਚ ਫ਼ਸਲ ਦੇ ਹੇਰ-ਫੇਰ ਨਾਲ ਇਸ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਹੈਪੀ ਸੀਡਰ ਨਾਲ ਕਣਕ ਦੀ ਬਿਜਾਈ: ਖੜ੍ਹੀ ਪਰਾਲੀ ਵਿੱਚ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਨ ਨਾਲ ਵੀ ਗੁੱਲੀ-ਡੰਡੇ ਦੀ ਸਮੱਸਿਆ ਘਟ ਜਾਂਦੀ ਹੈ। ਝੋਨੇ ਦੀ ਕਟਾਈ ਸੁਪਰ ਐਸ ਐਮ ਐਸ ਕੰਬਾਈਨ ਨਾਲ ਕਰਨ ਨਾਲ ਅਤੇ ਝੋਨੇ ਦੀ ਖੜ੍ਹੀ ਪਰਾਲੀ ਨੂੰ ਪਹਿਲਾਂ ਚੌਪਰ ਨਾਲ ਛੋਟਾ-ਛੋਟਾ ਕੁਤਰ ਕੇ ਹੈਪੀ ਸੀਡਰ ਨਾਲ ਵੀ ਬਿਜਾਈ ਕੀਤੀ ਜਾ ਸਕਦੀ ਹੈ।
ਕਣਕ ਦੀ ਬੈਡਾਂ ਉਪਰ ਬਿਜਾਈ: ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ ਕਣਕ ਦੀ ਉਭਰਵੇਂ ਬੈਡਾਂ ਉਪਰ ਬਿਜਾਈ ਕਰਨ ਨਾਲ ਵੀ ਗੁੱਲੀਡੰਡੇ ਅਤੇ ਹੋਰ ਨਦੀਨਾਂ ਦੀ ਚੰਗੀ ਰੋਕਥਾਮ ਕੀਤੀ ਜਾ ਸਕਦੀ ਹੈ। ਕਣਕ ਦੇ ਬੈਡ ਜਿੱਥੇ ਕਣਕ ਬੀਜੀ ਹੁੰਦੀ ਹੈ, ਜਲਦੀ ਸੁੱਕ ਜਾਂਦੇ ਹਨ। ਇਸ ਕਾਰਨ ਇਥੇ ਨਦੀਨ ਨਹੀਂ ਉਗਦੇ। ਇਸ ਤਰੀਕੇ ਨਾਲ ਬੀਜੇ ਖੇਤ ਵਿਚ ਨਦੀਨਾਂ ਦੀ ਰੋਕਥਾਮ ਟਰੈਕਟਰ ਨਾਲ ਗੋਡੀ ਕਰਕੇ ਵੀ ਕੀਤੀ ਜਾ ਸਕਦੀ ਹੈ।
ਨਦੀਨਨਾਸ਼ਕਾਂ ਦੀ ਸੁਚੱਜੀ ਵਰਤੋਂ: ਗੁੱਲੀਡੰਡੇ ਲਈ ਨਦੀਨਨਾਸ਼ਕਾਂ ਦੀ ਵਰਤੋਂ ਕਣਕ ਬੀਜਣ ਸਮੇਂ ਜਾਂ ਪਹਿਲੇ ਪਾਣੀ ਤੋਂ ਬਾਅਦ ਕੀਤੀ ਜਾ ਸਕਦੀ ਹੈ। ਪਹਿਲੇ ਪਾਣੀ ਤੋਂ ਬਾਅਦ ਵਰਤੇ ਜਾਣ ਵਾਲੇ ਸਾਰੇ ਨਦੀਨਨਾਸ਼ਕ ਗੁੱਲੀਡੰਡੇ ਤੋਂ ਇਲਾਵਾ ਜੰਗਲੀ ਜਵੀਂ (ਜੌਂਧਰ) ਦੀ ਰੋਕਥਾਮ ਵੀ ਕਰਦੇ ਹਨ। ਐਟਲਾਂਟਿਸ 3.6 ਡਬਲਯੂ ਡੀ. ਜੀ., ਸ਼ਗੁਨ 21-11 ਅਤੇ ਏ ਸੀ ਐਮ-9 ਬੂੰਈ (ਪੋਆ) ਦੀ ਅਤੇ ਟੋਟਲ/ਮਾਰਕਪਾਵਰ 75 ਡਬਲਯੂ ਜੀ, ਐਟਲਾਂਟਿਸ 3.6 ਡਬਲਯੂ ਡੀ.ਜੀ., ਸ਼ਗੁਨ 21-11 ਅਤੇ ਏ ਸੀ ਐਮ-9 ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਵੀ ਕਰਦੇ ਹਨ।
ਨਦੀਨ-ਨਾਸ਼ਕਾਂ ਤੋਂ ਚੰਗੇ ਨਤੀਜੇ ਲੈਣ ਲਈ ਜ਼ਰੂਰੀ ਨੁਕਤੇ
ਨਦੀਨਾਂ ਦੀ ਅਵਸਥਾ: ਜਦੋਂ ਨਦੀਨਾਂ ਦੇ ਬੂਟਿਆਂ ਦੇ 2 ਤੋਂ 3 ਪੱਤੇ ਨਿਕਲ ਆਉਣ, ਉਹ ਸਮਾਂ ਨਦੀਨਨਾਸ਼ਕ ਦੇ ਛਿੜਕਾਅ ਵਾਸਤੇ ਸਭ ਤੋਂ ਢੁੱਕਵਾਂ ਹੈ। ਛੋਟੇ ਨਦੀਨਾਂ ਦੇ ਬੂਟਿਆਂ ਦੇ ਪੱਤੇ ਬਹੁਤ ਛੋਟੇ ਹੋਣ ਕਾਰਨ ਨਦੀਨਨਾਸ਼ਕ ਪੱਤੇ ਉਪਰ ਨਹੀਂ ਖੜ੍ਹਦਾ ਅਤੇ ਵੱਡੇ ਨਦੀਨਾਂ ਉਪਰ ਨਦੀਨਨਾਸ਼ਕ ਦਾ ਅਸਰ ਨਹੀਂ ਹੁੰਦਾ। ਸੋ ਦੋਵੇਂ ਹੀ ਹਾਲਤਾਂ ਵਿਚ ਨਦੀਨ-ਨਾਸ਼ਕਾਂ ਤੋਂ ਪੂਰਾ ਫ਼ਾਇਦਾ ਨਹੀਂ ਮਿਲਦਾ।
ਨਦੀਨਨਾਸ਼ਕ ਦੀ ਮਿਕਦਾਰ: ਹਮੇਸ਼ਾਂ ਨਦੀਨਨਾਸ਼ਕਾਂ ਦੀ ਸਿਫ਼ਾਰਸ਼ ਕੀਤੀ ਮਾਤਰਾ ਵਰਤੋ। ਨਦੀਨਨਾਸ਼ਕ ਦੀ ਘੱਟ ਮਾਤਰਾ ਵਰਤਣ ਨਾਲ ਨਦੀਨਾਂ ਦੀ ਚੰਗੀ ਰੋਕਥਾਮ ਨਹੀਂ ਹੁੰਦੀ ਅਤੇ ਜ਼ਿਆਦਾ ਮਿਕਦਾਰ ਵਰਤਣ ਨਾਲ ਫ਼ਸਲ ’ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਕਈ ਵਾਰ ਆਉਣ ਵਾਲੀ ਫ਼ਸਲ ’ਤੇ ਵੀ ਮਾੜਾ ਅਸਰ ਪੈਂਦਾ ਹੈ। ਸਿਫ਼ਾਰਸ਼ ਨਦੀਨਨਾਸ਼ਕ ਦੀ ਜ਼ਿਆਦਾ ਮਾਤਰਾ ਦੀ ਵਰਤੋਂ ਨਾਲ ਫ਼ਸਲ ਵਿਚ ਵੀ ਨਦੀਨਨਾਸ਼ਕ ਦੇ ਅੰਸ਼ ਰਹਿ ਸਕਦੇ ਹਨ ਜਿਹੜੇ ਕਿ ਫ਼ਸਲ ਦੀ ਗੁਣਵੱਤਾ ’ਤੇ ਮਾੜਾ ਅਸਰ ਕਰਦੇ ਹਨ।
ਛਿੜਕਾਅ ਦਾ ਢੰਗ: ਨਦੀਨਨਾਸ਼ਕ ਦੇ ਛਿੜਕਾਅ ਲਈ ਇੱਕ ਜਾਂ ਜ਼ਿਆਦਾ ਫਲੈਟ ਫੈਨ ਜਾਂ ਫਲੱਡ ਜੈੱਟ ਨੋਜ਼ਲਾਂ ਨਾਲ ਫਿੱਟ ਕੀਤੇ ਹਨ, ਬੈਟਰੀ ਜਾਂ ਪਾਵਰ ਨਾਲ ਚਲਣ ਵਾਲੇ ਸਪਰੇਅ ਪੰਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਨਦੀਨਨਾਸ਼ਕ ਦੀ ਸਪਰੇਅ ਕਰਨ ਲਈ ਪੀਏਯੂ ਲੱਕੀ ਸੀਡ ਡਰਿੱਲ, ਜਿਹੜੀ ਕਿ ਇਕੋ ਸਮੇਂ ਕਣਕ ਦੀ ਬਿਜਾਈ ਅਤੇ ਨਦੀਨਨਾਸ਼ਕ ਸਪਰੇਅ ਕਰਦੀ ਹੈ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਕਦੇ ਵੀ ਨਦੀਨਨਾਸ਼ਕ ਦੇ ਛਿੜਕਾਅ ਲਈ ਗੰਨ ਵਾਲੇ ਸਪਰੇਅਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਇਕਸਾਰ ਛਿੜਕਾਅ ਨਹੀਂ ਹੁੰਦਾ ਜਿਸ ਕਾਰਨ ਨਦੀਨਾਂ ਦੀ ਪੂਰੀ ਰੋਕਥਾਮ ਨਹੀਂ ਹੁੰਦੀ ਅਤੇ ਫ਼ਸਲ ’ਤੇ ਵੀ ਮਾੜਾ ਅਸਰ ਹੁੰਦਾ ਹੈ ਜਾਂ ਦੋਵੇਂ ਹੀ ਨੁਕਸਾਨ ਹੁੰਦੇ ਹਨ।
ਛਿੜਕਾਅ ਲਈ ਪਾਣੀ ਦੀ ਜ਼ਰੂਰਤ: ਨਦੀਨਨਾਸ਼ਕਾਂ ਦੇ ਵਧੀਆ ਅਸਰ ਲਈ ਬਿਜਾਈ ਸਮੇਂ (ਜਿਵੇਂ ਸਟੌਂਪ 30 ਈ ਸੀ) ਵਰਤੇ ਜਾਣ ਵਾਲੇ ਨਦੀਨਨਾਸ਼ਕਾਂ ਲਈ 200 ਲਿਟਰ ਪਾਣੀ/ਏਕੜ ਅਤੇ ਖੜ੍ਹੀ ਫ਼ਸਲ ਵਿਚ (ਬਿਜਾਈ ਤੋਂ 30-35 ਦਿਨਾਂ ਵਿਚ) ਵਰਤੇ ਜਾਣ ਵਾਲੇ ਨਦੀਨ ਨਾਸ਼ਕਾਂ ਲਈ 150 ਲਿਟਰ ਪਾਣੀ/ ਏਕੜ ਦੀ ਵਰਤੋਂ ਕਰੋ।
ਨਦੀਨਨਾਸ਼ਕ ਦੀ ਸਹੀ ਚੋਣ: ਨਦੀਨਨਾਸ਼ਕ ਦੀ ਚੋਣ ਖੇਤ ਦੇ ਪਿਛਲੇ ਇਤਿਹਾਸ ਨੂੰ ਘੋਖਣ ਤੋਂ ਬਾਅਦ ਕਰੋ। ਜੇ ਪਿਛਲੇ ਸਾਲਾਂ ਵਿਚ ਕਿਸ ਨਦੀਨਨਾਸ਼ਕ ਦੇ ਨਤੀਜੇ ਚੰਗੇ ਨਾ ਮਿਲੇ ਹੋਣ ਤਾਂ ਉਸ ਦੀ ਚੋਣ ਖੇਤ ਲਈ ਨਾ ਕਰੋ।
ਨਦੀਨਨਾਸ਼ਕਾਂ ਦਾ ਅਦਲ-ਬਦਲ: ਲਗਾਤਾਰ ਇਕ ਹੀ ਨਦੀਨ-ਨਾਸ਼ਕ ਵਰਤਣ ਨਾਲ ਨਦੀਨਾਂ ਦੇ ਵਿਚ ਨਦੀਨਨਾਸ਼ਕਾਂ ਪ੍ਰਤੀ ਰੋਧਣ ਸ਼ਕਤੀ ਪੈਦਾ ਹੋ ਜਾਂਦੀ ਹੈ। ਇਸ ਨੂੰ ਰੋਕਣ ਲਈ ਹਰ ਸਾਲ ਵੱਖ-ਵੱਖ ਗਰੁਪਾਂ ਦੇ ਨਦੀਨ-ਨਾਸ਼ਕ ਵਰਤਣੇ ਚਾਹੀਦੇ ਹਨ। ਨਦੀਨ-ਨਾਸ਼ਕਾਂ ਪ੍ਰਤੀ ਰੋਧਣ ਸ਼ਕਤੀ ਪੈਦਾ ਹੋਣ ਦੀ ਸਮੱਸਿਆ ਸਾਰੇ ਖੇਤਾਂ ਵਿੱਚ ਇੱਕੋ ਜਿਹੀ ਨਹੀਂ ਹੁੰਦੀ। ਇਸ ਲਈ ਜੇ ਇਕ ਨਦੀਨ-ਨਾਸ਼ਕ ਖੇਤ ਵਿਚ ਚੰਗੀ ਰੋਕਥਾਮ ਕਰ ਰਿਹਾ ਹੈ ਤਾਂ ਹੋ ਸਕਦਾ ਹੈ ਇਸ ਨਾਲ ਲਗਦੇ ਖੇਤ ਵਿਚ ਉਹ ਨਦੀਨ ਨਾਸ਼ਕ ਚੰਗੀ ਰੋਕਥਾਮ ਨਾ ਕਰ ਸਕੇ।
ਨਦੀਨਨਾਸ਼ਕਾਂ ਦੇ ਮਿਸ਼ਰਨ: ਕਦੇ ਵੀ ਗ਼ੈਰ-ਪ੍ਰਮਾਣਿਤ ਨਦੀਨਨਾਸ਼ਕਾਂ ਦੇ ਮਿਸ਼ਰਨ (ਦੋ ਜਾਂ ਜ਼ਿਆਦਾ ਨਦੀਨਨਾਸ਼ਕਾਂ ਦਾ ਛਿੜਕਾਅ ਸਮੇਂ ਘੋਲ) ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਹਮੇਸ਼ਾ ਹੀ ਫ਼ਸਲ ਤੇ ਮਾੜਾ ਅਸਰ ਪਾਉਂਦੇ ਹਨ ਅਤੇ ਇਸ ਦੇ ਸਿੱਟੇ ਵਜੋਂ ਗੁੱਲੀ ਡੰਡੇ ਵਿੱਚ ਵੱਖ-ਵੱਖ ਨਦੀਨਨਾਸ਼ਕਾਂ ਪ੍ਰਤੀ ਰੋਧਣ ਸ਼ਕਤੀ ਪੈਦਾ ਹੋ ਜਾਂਦੀ ਹੈ।
ਹਲਕੀ ਸਿੰਜਾਈ: ਕਣਕ ਦੀ ਖੇਤਾਂ ਦੀ ਹਮੇਸ਼ਾਂ ਸਿੰਜਾਈ ਹਲਕੀ ਕਰੋ।
ਖੇਤ ਦਾ ਵੱਤਰ: ਨਦੀਨ-ਨਾਸ਼ਕ ਦਾ ਛਿੜਕਾਅ ਹਮੇਸਾ ਵਤਰ ਖੇਤ (ਚੰਗੀ ਸਿਲਾਬ) ਵਿਚ ਕਰੋ। ਸੁੱਕੇ ਖੇਤ ਵਿਚ ਛਿੜਕਾਅ ਕਰਨ ਨਾਲ ਚੰਗੇ ਨਤੀਜੇ ਨਹੀਂ ਮਿਲਦੇ ਅਤੇ ਆਮ ਨਾਲੋਂ ਜਿਆਦਾ ਵਤਰ ਵਿਚ ਨਦੀਨਨਾਸ਼ਕ ਦਾ ਛਿੜਕਾਅ ਕਈ ਵਾਰ ਫ਼ਸਲ ਤੇ ਨੁਕਸਾਨ ਕਰਦਾ ਹੈ ਜਿਵੇਂ ਕਿ ਐਟਲਾਂਟਿਸ, ਸ਼ਗੁਨ ਅਤੇ ਏ ਸੀ ਐਮ-9।
ਐਮਐਸ ਭੁੱਲਰ/ਤਰੁਨਦੀਪ ਕੌਰ/ ਪਰਵਿੰਦਰ ਕੌਰ
ਫ਼ਸਲ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.



