Update Details

6316-kanak.jpg
Posted by *ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ, ਪੀਏਯੂ, ਲੁਧਿਆਣਾ
2018-03-24 04:12:13

ਕਣਕ ਦੀ ਸੁਚੱਜੀ ਸਾਂਭ-ਸੰਭਾਲ ਲਈ ਚੌਕਸੀ

ਪੰਜਾਬ ਦੀ ਖੇਤੀ ਵਿਚ ਕੰਬਾਈਨਾਂ ਦਾ ਉਘਾ ਯੋਗਦਾਨ ਹੈ। ਇਸ ਵਕਤ ਪੰਜਾਬ ਵਿੱਚ 75 ਫੀਸਦ ਕਣਕ ਦੀ ਕਟਾਈ ਕੰਬਾਈਨਾਂ ਨਾਲ ਹੁੰਦੀ ਹੈ। ਬਾਕੀ ਦੀ ਫਸਲ ਰੀਪਰ ਨਾਲ ਜਾਂ ਹੱਥੀਂ ਕੱਟੀ ਜਾਂਦੀ ਹੈ। ਇਸ ਉਪਰੰਤ ਥਰੈਸ਼ਰਾਂ ਨਾਲ ਗਹਾਈ ਕੀਤੀ ਜਾਂਦੀ ਹੈ। ਕੰਬਾਈਨਾਂ ਨਾਲ ਕਟਾਈ ਆਮ ਤੌਰ ‘ਤੇ ਕਿਰਾਏ ਉੱਤੇ ਹੀ ਕਰਵਾਈ ਜਾਂਦੀ ਹੈ। ਕਿਰਾਏ ‘ਤੇ ਕੰਮ ਕਰਨ ਵਾਲਿਆਂ ਨੂੰ ਕੰਮ ਜਲਦੀ ਮੁਕਮੰਲ ਹੋਣ ਦੀ ਕਾਹਲੀ ਹੁੰਦੀ ਹੈ, ਜਿਸ ਕਰ ਕੇ ਕਿਸਾਨ ਨੂੰ ਕਈ ਵਾਰ ਨੁਕਸਾਨ ਉਠਾਉਣਾ ਪੈਂਦਾ ਹੈ। ਕੰਬਾਈਨ ਚਾਲਕ ਨੂੰ ਇਨ੍ਹਾਂ ਨੁਕਸਾਨਾਂ ਬਾਰੇ ਸੁਚੇਤ ਕਰਵਾ ਕੇ ਕਿਸਾਨ ਆਪਣੇ ਪੱਧਰ ‘ਤੇ ਨੁਕਸਾਨ ਘਟਾ ਸਕਦੇ ਹਨ। ਇਕ ਅੰਦਾਜ਼ੇ ਮੁਤਾਬਕ ਸਭ ਤੋਂ ਵੱਧ   ਨੁਕਸਾਨ ਕਣਕ ਦੀ ਪਛੇਤੀ ਕਟਾਈ ਨਾਲ ਹੁੰਦਾ ਹੈ। ਕਣਕ ਦੀ ਕਟਾਈ 10 ਤੋਂ 12 ਪ੍ਰਤੀਸ਼ਤ ਨਮੀ ‘ਤੇ ਹੋ ਜਾਣੀ ਚਾਹੀਦੀ ਹੈ।

ਦਾਣਿਆਂ ਦਾ ਨੁਕਸਾਨ ਕਿਵੇਂ ਘਟੇ: ਦਾਣਿਆਂ ਦਾ ਨੁਕਸਾਨ ਅਤੇ ਕੰਬਾਈਨਾਂ ਦੇ ਨੁਕਸ ਸੈਂਟਿੰਗ ਰਾਹੀਂ ਦੂਰ ਕੀਤੇ ਜਾਂਦੇ ਹਨ। ਕੰਬਾਈਨ ਨਾਲ ਸਹੀ ਅਤੇ ਸੁਰੱਖਿਅਤ ਕੰਮ ਕਰਨ ਲਈ ਹੇਠਾਂ ਲਿਖੇ ਨੁਕਤੇ ਧਿਆਨ ਵਿੱਚ ਰੱਖਣੇ ਬਹੁਤ ਜ਼ਰੂਰੀ ਹਨ:

ਮਸ਼ੀਨ ਮਿੱਥੀ ਹੋਈ ਰਫਤਾਰ ’ਤੇ ਚਲਾਓ।

ਡਿੱਗੀ ਫਸਲ ਚੁੱਕਣ ਵਾਸਤੇ ਕੰਬਾਈਨ ਫਸਲ ਡਿੱਗਣ ਦੀ ਉਲਟ ਦਿਸ਼ਾ ਵਿੱਚ ਚਲਾਉਣੀ ਚਾਹੀਦੀ ਹੈ।

ਜੇ ਫਸਲ ਦੀ ਨਮੀ 12 ਪ੍ਰਤੀਸ਼ਤ ਤੋਂ ਵੱਧ ਹੋਵੇ ਤਾਂ ਵਾਢੀ ਨਾ ਕਰੋ।

ਖੁੰਡੇ ਹੋ ਗਏ ਕਟਰਬਾਰ ਦੇ ਬਲੇਡ ਬਦਲੋ।

ਜੇ ਕੰਬਾਈਨ ਦੇ ਪਿੱਛੇ ਦਾਣਿਆਂ ਦਾ ਨੁਕਸਾਨ ਇੱਕ ਪ੍ਰਤੀਸ਼ਤ ਤੋਂ ਵੱਧ ਹੈ ਤਾਂ ਪੱਖੇ ਦੀ ਹਵਾ ਘਟਾਉ। ਜੇ ਫਿਰ ਵੀ ਫਰਕ ਨਾ ਪਵੇ ਤਾਂ ਸਫਾਈ ਵਾਲੀ ਜਾਲੀ ਦੀ ਵਿੱਥ ਵਧਾਉ।

ਜੇ ਦਾਣਿਆਂ ਦੇ ਟੈਂਕ ਵਿੱਚ ਦਾਣਿਆਂ ਦੀ ਟੁੱਟ ਵੱਧ ਹੈ ਤਾਂ ਸਿਲੰਡਰ ਤੇ ਕਨਕੇਵ ਵਿੱਚ ਵਿੱਥ ਵਧਾਉ।

ਜੇ ਅਣਗਾਹੇ ਦਾਣੇ ਇੱਕ ਪ੍ਰਤੀਸ਼ਤ ਤੋਂ ਵੱਧ ਹਨ ਤਾਂ ਸਿਲੰਡਰ ਤੇ ਕਨਕੇਵ ਵਿੱਚ ਵਿੱਥ ਘਟਾਉ।

ਜੇ ਕੰਬਾਈਨ ਓਵਰਲੋਡ ਹੋ ਰਹੀ ਹੈ ਤਾਂ ਰਫਤਾਰ ਘਟਾਓ ਜਾਂ ਫਸਲ ਨੂੰ ਉਚਾਈ ਤੋਂ ਵੱਢੋ।

ਅੱਗ ਲੱਗਣ ਤੋਂ ਬਚਾਓ: ਨਵੰਬਰ ਵਿੱਚ ਬੀਜੀ ਹੋਈ ਕਣਕ ਅਪਰੈਲ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ। ਕਈ ਵਾਰ ਫਸਲ ਨੂੰ ਅੱਗ ਲੱਗ ਜਾਂਦੀ ਹੈ। ਪਿਛਲੇ ਸਾਲ 500 ਏਕੜ ਤੋਂ ਵੱਧ ਕਣਕ ਅੱਗ ਦੀ ਭੇਟ ਚੜ੍ਹ ਗਈ ਸੀ। ਇਸ ਤੋਂ ਇਲਾਵਾ ਲੱਗਭੱਗ 200 ਏਕੜ ਕਣਕ ਦੇ ਨਾੜ ਨੂੰ ਵੀ ਅੱਗ ਲੱਗੀ। ਅਜਿਹੇ ਹਾਦਸੇ ਪੰਜਾਬ ਭਰ ਦੇ ਕਿਸੇ ਨਾ ਕਿਸੇ ਜ਼ਿਲ੍ਹੇ ਵਿੱਚ ਹਰ ਸਾਲ ਵਾਪਰਦੇ ਹਨ। ਇਨ੍ਹਾਂ ਹਾਦਸਿਆਂ ਕਾਰਨ ਭਾਰੀ ਮਾਲੀ ਨੁਕਸਾਨ ਦੇ ਨਾਲ ਨਾਲ ਕਈ ਵਾਰ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਇਨ੍ਹਾਂ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ, ਜੇ ਅੱਗ ਲੱਗਣ ਦੇ ਕਾਰਨਾਂ ਨੂੰ ਸਮਝਿਆ ਜਾਵੇ। ਇਨ੍ਹਾਂ ਤੋਂ ਬਚਾਓ ਲਈ ਹੇਠ ਲਿਖੇ ਤਰੀਕੇ ਅਪਣਾਏ ਜਾਣ:

ਜ਼ਿਆਦਾ ਨਮੀ ਵਾਲੀ ਫਸਲ ਦੀ ਕਟਾਈ ਤੇ ਗਹਾਈ: ਮੀਂਹ ਨਾਲ ਗਿੱਲੀ ਫਸਲ ਜਾਂ ਜ਼ਿਆਦਾ ਨਮੀ ਵਾਲੀ ਫਸਲ ਦੀ ਮਸ਼ੀਨਾਂ ਨਾਲ ਕਟਾਈ ਕਰਨ ਨਾਲ ਅੱਗ ਲੱਗਣ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ। ਗਿੱਲੀ ਫਸਲ ਦਾ ਨਾੜ ਨਰਮ ਹੋਣ ਕਰ ਕੇ ਥਰੈਸ਼ਰ ਦੀ ਸ਼ਾਫਟ ਨਾਲ ਲਿਪਟ ਜਾਂਦਾ ਹੈ ਅਤੇ ਥਰੈਸ਼ਰ ਦੇ ਡਰੰਮ ਅੰਦਰ ਰਗੜ ਨਾਲ ਚੰਗਿਆੜੀ ਦਾ ਕਾਰਨ ਬਣਦਾ ਹੈ। ਇਹ ਹਾਦਸੇ ਪੱਕੀ ਕਣਕ ਦੀ ਰੀਪਰ ਜਾਂ ਕੰਬਾਈਨ ਮਸ਼ੀਨ ਨਾਲ ਵਾਢੀ ਵੇਲੇ, ਤੂੜੀ ਵਾਲੀ ਕੰਬਾਈਨ ਦੀ ਵਰਤੋਂ ਸਮੇਂ ਜਾਂ ਥਰੈਸ਼ਰ ਦੀ ਵਰਤੋਂ ਸਮੇਂ ਹੋ ਜਾਂਦੇ ਹਨ। ਇਸ ਲਈ ਫਸਲ ਦੀ ਕਟਾਈ ਅਤੇ ਗਹਾਈ ਸਹੀ ਨਮੀ ‘ਤੇ ਕਰੋ। ਇਸ ਤਰ੍ਹਾਂ ਕਰਨ ਨਾਲ ਕਣਕ ਦੀ ਗਹਾਈ ਵੇਲੇ ਇੰਜਨ ਦਾ ਜ਼ੋਰ ਵੀ ਘੱਟ ਲੱਗੇਗਾ ਅਤੇ ਡੀਜ਼ਲ ਦੀ ਵੀ ਬੱਚਤ ਹੋਵੇਗੀ।

ਬਿਜਲੀ ਦੀਆਂ ਢਿੱਲੀਆਂ ਤਾਰਾਂ ਤੇ ਟਰਾਂਸਫਰਮਰ ਉੱਤੇ ਵੱਧ ਲੋਡ: ਜ਼ਿਆਦਾਤਰ ਕਣਕ ਨੂੰ ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਹੋਣਾ ਹੁੰਦਾ ਹੈ। ਆਮ ਤੌਰ ‘ਤੇ ਟਰਾਂਸਫਰਮਰ ਉੱਤੇ ਵੱਧ ਲੋਡ ਕਾਰਨ ਜਾਂ ਬਿਜਲੀ ਦੀਆਂ ਤਾਰਾਂ ਦੇ ਕੱਚੇ ਜੋੜ ਕਾਰਨ ਚੰਗਿਆੜੀਆਂ ਪੈਦਾ ਹੁੰਦੀਆਂ ਹਨ। ਕਈ ਵਾਰ ਤਾਰਾਂ ਢਿੱਲੀਆਂ ਹੋਣ ਕਰ ਕੇ, ਤੇਜ਼ ਹਵਾ, ਪਤੰਗਾਂ ਦੀ ਡੋਰ ਜਾਂ ਪੰਛੀਆਂ ਦੇ ਬੈਠਣ ਕਰਕੇ ਵੀ ਸ਼ਾਰਟ ਸਰਕਟ ਹੋ ਜਾਂਦੀਆਂ ਹਨ। ਕਈ ਵਾਰ ਫਸਲ ਦੀ ਕੰਬਾਈਨ ਨਾਲ ਵਾਢੀ ਵੇਲੇ ਜਾਂ ਕਣਕ ਦੇ ਨਾੜ ਦੀ ਕੰਬਾਈਨ ਨਾਲ ਤੂੜੀ ਬਣਾਉਂਦੇ ਸਮੇਂ ਢਿੱਲੀਆਂ ਅਤੇ ਨੀਵੀਂਆਂ ਤਾਰਾਂ ਮਸ਼ੀਨ ਨਾਲ ਛੂਹ ਜਾਂਦੀਆਂ ਹਨ ਅਤੇ ਚੰਗਿਆੜੀਆਂ ਦਾ ਕਾਰਨ ਬਣ ਜਾਂਦੀਆਂ ਹਨ।

ਇਸ ਲਈ ਟਰਾਂਸਫਰਮਰ ਅਤੇ ਬਿਜਲੀ ਦੇ ਖੰਬਿਆਂ ਦੇ ਲਾਗੇ ਕਣਕ ਦੀ ਵਾਢੀ ਹੱਥ ਨਾਲ ਕਰ ਕੇ ਅਤੇ ਭਰੀਆਂ ਬੰਨ੍ਹ ਕੇ ਜਲਦੀ ਹੀ ਥਾਂ ਵਿਹਲੀ ਕਰ ਦੇਣੀ ਚਾਹੀਦੀ ਹੈ। ਹੋ ਸਕੇ ਤਾਂ ਟਰਾਂਸਫਰਮਰ ਅਤੇ ਬਿਜਲੀ ਦੇ ਖੰਬਿਆਂ ਦੇ ਨੇੜੇ ਜ਼ਮੀਨ ਨੂੰ ਖਾਲੀ ਅਤੇ ਸਾਫ ਰੱਖੋ। ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਬਿਜਲੀ ਮਹਿਕਮੇ ਦੀ ਮੱਦਦ ਨਾਲ ਲੱਕੜ ਦੀ ਸੋਟੀ ਵਰਤ ਕੇ ਦੂਰ ਦੂਰ ਕਰਕੇ ਬੰਨ੍ਹੋ।

ਟਰੈਕਟਰ ਅਤੇ ਡੀਜ਼ਲ ਇੰਜਨ ਦੀ ਗਰਮੀ: ਟਰੈਕਟਰ ਅਤੇ ਡੀਜ਼ਲ ਇੰਜਨ ਚੱਲ ਕੇ ਗਰਮ ਹੋ ਜਾਂਦਾ ਹੈ ਅਤੇ ਫਸਲ ਇਸ ਨਾਲ ਛੂਹ ਕੇ ਅੱਗ ਫੜ ਸਕਦੀ ਹੈ। ਇੰਜਨ ਦੇ ਸਾਈਲਂੈਸਰ ਤੋਂ ਨਿੱਕਲੀ ਅੱਗ ਦੀ ਚਿੰਗਾਰੀ ਵੀ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਾਈਲੈਂਸਰ ਦਾ ਮੂੰਹ ਫਸਲ ਤੋਂ ਉਲਟੀ ਦਿਸ਼ਾ ਜਾਂ ਉਪਰ ਵੱਲ ਰੱਖੋ ਅਤੇ ਇਸ ਉਪਰ ਚੰਗਿਆੜੀ ਰੋਕਣ ਵਾਲਾ ਪੁਰਜ਼ਾ ਵੀ ਲੱਗਾ ਹੋਣਾ ਚਾਹੀਦਾ ਹੈ। ਪਿਛਲੇ ਸਾਲ ਪਿੰਡ ਸੁਖਪੁਰਾ (ਜ਼ਿਲ੍ਹਾ ਮੋਗਾ) ਵਿਖੇ 85 ਏਕੜ ਕਣਕ ਨੂੰ ਅੱਗ ਲੱਗੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਗਲਤੀ ਨਾਲ ਪੀਟੀਓ ਸ਼ਾਫਟ ਦਾ ਲੀਵਰ ਦੱਬਿਆ ਗਿਆ ਅਤੇ ਪੀਟੀਓ ਸ਼ਾਫਟ ਅਤੇ ਹੁੱਕ ਆਪਸ ਵਿੱਚ ਰਗੜ ਲੱਗਣ ਨਾਲ ਚੰਗਿਆੜੀਆਂ ਪੈਦਾ ਹੋਈਆਂ ਜਿਸ ਨੇ ਭਿਆਨਕ ਅੱਗ ਦਾ ਰੂਪ ਧਾਰ ਲਿਆ।

ਨਾੜ ਨੂੰ ਅੱਗ: ਨੇੜਲੇ ਖੇਤ ਤੋਂ ਬੇਕਾਬੂ ਅੱਗ ਕਈ ਵਾਰ ਕਿਸਾਨ ਅਗਲੀ ਫਸਲ ਦੀ ਬਿਜਾਈ ਲਈ ਖੇਤ ਨੂੰ ਜਲਦੀ ਵਿਹਲਾ ਕਰਨ ਲਈ ਨਾੜ ਨੂੰ ਅੱਗ ਲਾ ਦਿੰਦੇ ਹਨ। ਹਵਾ ਦੇ ਨਾਲ ਇਹ ਅੱਗ ਦੂਸਰੇ ਖੇਤਾਂ ਵਿੱਚ ਵੀ ਲੱਗ ਜਾਂਦੀ ਹੈ। ਪਿਛਲੇ ਸਾਲ ਕਈ ਥਾਵਾਂ ਤੇ ਅੱਗ ਲੱਗਣ ਦਾ ਕਾਰਨ ਨੇੜਲੇ ਖੇਤਾਂ ਤੋਂ ਬੇਕਾਬੂ ਅੱਗ ਹੀ ਸੀ।

ਅਣਗਹਿਲੀ: ਖੇਤ ਵਿੱਚ ਬੀੜੀ ਸਿਗਰੇਟ ਅਤੇ ਚੁੱਲ੍ਹੇ ਦੀ ਵਰਤੋਂ ਕਾਮਿਆਂ ਵੱਲੋਂ ਖੇਤ ਵਿੱਚ ਬੀੜੀ, ਸਿਗਰੇਟ, ਮਾਚਿਸ ਦੀ ਵਰਤੋਂ ਕਾਰਨ ਖੇਤ ਵਿੱਚ ਅੱਗ ਲੱਗ ਸਕਦੀ ਹੈ। ਕਈ ਵਾਰ ਚੁੱਲ੍ਹੇ ਉਪਰ ਚਾਹ ਬਣਾਉਂਦੇ ਹੋਏ ਜਾਂ ਉਸ ਤੋਂ ਬਾਅਦ ਚੁੱਲ੍ਹੇ ਵਿੱਚ ਸੁਲਗਦੀ ਹੋਈ ਲੱਕੜੀ ਜਾਂ ਫੂਸ ਤੋਂ ਵੀ ਹਵਾ ਅਤੇ ਝੱਖੜ ਚੱਲਣ ਦੌਰਾਨ ਚਿੰਗਾਰੀ ਪੱਕੀ ਕਣਕ ਦੀ ਫਸਲ ਨੂੰ ਅੱਗ ਲੱਗਣ ਦਾ ਕਾਰਨ ਬਣ ਸਕਦੀ ਹੈ। ਇਸ ਲਈ ਕਾਮਿਆਂ ਨੂੰ ਖੇਤ ਦੇ ਨੇੜੇ ਬੀੜੀ ਜਾਂ ਸਿਗਰੇਟ, ਮਾਚਿਸ ਦੀ ਵਰਤੋਂ ਤੇ ਪੂਰੀ ਮਨਾਹੀ ਚਾਹੀਦੀ ਹੈ। ਚੁੱਲ੍ਹੇ ਉਪਰ ਚਾਹ ਕਮਰੇ ਦੇ ਅੰਦਰ ਜਾਂ ਗੈਸ ਤੇ ਬਣਾਉਣੀ ਚਾਹੀਦੀ ਹੈ। ਚਾਹ ਬਣਾਉਣ ਤੋਂ ਬਾਅਦ ਸੁਲਗਦੀ ਹੋਈ ਲੱਕੜੀ ਉਪਰ ਪਾਣੀ ਪਾ ਕੇ ਅੱਗ ਨੂੰ ਚੰਗੀ ਤਰ੍ਹਾਂ ਬੁਝਾਉਣਾ ਚਾਹੀਦਾ ਹੈ।

ਗਰਮ ਹਵਾਵਾਂ ਤੇ ਝੱਖੜ: ਅਪਰੈਲ-ਮਈ ਦੇ ਮਹੀਨੇ ਵਾਢੀ ਰੁੱਤ ਵੇਲੇ ਖੇਤ ਸੁੱਕੇ ਹੁੰਦੇ ਹਨ, ਮੌਸਮ ਗਰਮ ਹੁੰਦਾ ਹੈ ਅਤੇ ਨਤੀਜੇ ਵਜੋਂ ਗਰਮ ਹਵਾਵਾਂ ਹਨੇਰੀ ਦਾ ਰੂਪ ਲੈਣ ਲੱਗਦੀਆਂ ਹਨ। ਤੇਜ ਹਵਾਵਾਂ ਲਾਗੇ ਦੀ ਅੱਗ ਨੂੰ ਦੂਰ ਤੱਕ ਖਿੰਡਾਅ ਦਿੰਦੀਆਂ ਹਨ।

ਉਪਰੋਕਤ ਕਾਰਨਾਂ ਕਰ ਕੇ ਕਣਕ ਨੂੰ ਅੱਗ ਲੱਗ ਸਕਦੀ ਹੈ। ਇਸ ਲਈ ਇਨ੍ਹਾਂ ਤੋਂ ਬਚਾਉ ਲਈ ਢੁੱਕਵਾਂ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ। ਕਣਕ ਦੇ ਖੇਤ ਦੇ ਆਲੇ-ਦੁਆਲੇ ਹਰੀ ਫਸਲ ਦੀਆਂ ਕਤਾਰਾਂ ਅੱਗ ਦੇ ਨੁਕਸਾਨ ਨੂੰ ਰੋਕ ਸਕਦੀਆਂ ਹਨ। ਇਸ ਤੋਂ ਇਲਾਵਾ ਸਾਵਧਾਨੀ ਦੇ ਤੌਰ ’ਤੇ ਪਿੰਡ ਵਿੱਚ ਪਾਣੀ ਦਾ ਟੈਂਕਰ ਹਰ ਵੇਲੇ ਤਿਆਰ ਰੱਖਣਾ ਚਾਹੀਦਾ ਹੈ। ਪਿੰਡ ਵਿੱਚ ਲਾਊਡ ਸਪੀਕਰਾਂ ‘ਤੇ ਅੱਗ ਦੇ ਹਾਦਸੇ ਤੋਂ ਬਚਾਉ ਲਈ ਸੂਚਨਾ ਦਿੰਦੇ ਰਹਿਣਾ ਚਾਹੀਦਾ ਹੈ। ਨੇੜਲੇ ਫਾਇਰ ਸਟੇਸ਼ਨਾਂ ਦੇ ਫੋਨ ਨੰਬਰ ਨੋਟ ਕਰ ਕੇ ਰੱਖੋ ਤਾਂ ਜੋ ਐਮਰਜੈਂਸੀ ਵਿੱਚ ਇਹਨਾਂ ਨੂੰ ਸੂਚਨਾ ਦਿੱਤੀ ਜਾ ਸਕੇ।