Update Details

9543-kanak.jpg
Posted by ਡਾ. ਰਣਜੀਤ ਸਿੰਘ
2018-04-14 10:17:41

ਕਣਕ ਦੀ ਕਟਾਈ ਤੇ ਹਰੇ ਚਾਰੇ ਦੀ ਬਿਜਾਈ ਦਾ ਵੇਲਾ

ਕਣਕ ਪੰਜਾਬ ਦੀ ਆਰਥਿਕਤਾ ਦਾ ਧੁਰਾ ਹੈ। ਹਰ ਪਾਸੇ ਖੇਤਾਂ ਵਿੱਚ ਸੋਨਾ ਵਿਖਰਿਆ ਨਜ਼ਰ ਆਉਂਦਾ ਹੈ। ਵਿਸਾਖੀ ਮਹੀਨੇ ਦੇ ਪਹਿਲੇ ਦਿਨ ਆਉਣ ਵਾਲੀ ਖ਼ੁਸ਼ਹਾਲੀ ਦੀ ਖ਼ੁਸ਼ੀ ਮਨਾ ਕੇ ਕਿਸਾਨ ਕਣਕ ਦੀ ਵਾਢੀ ਸ਼ੁਰੂ ਕਰਦਾ ਸੀ ਪਰ ਹੁਣ ਕੁਝ ਥਾਈਂ ਕਣਕ ਪਹਿਲਾਂ ਹੀ ਪੱਕ ਜਾਂਦੀ   ਹੈ। ਕਣਕ ਦੀ ਵਾਢੀ ਅਤੇ ਗਹਾਈ ਜਿਹੜੇ ਸਭ ਤੋਂ ਔਖੇ ਕਾਰਜ ਸਮਝੇ ਜਾਂਦੇ ਸਨ, ਮਸ਼ੀਨਾਂ ਦੇ ਆਉਣ ਨਾਲ ਸੌਖੇ ਹੋ ਗਏ ਹਨ।

ਕਣਕ ਦੀ ਵਾਢੀ ਪੂਰੇ ਜ਼ੋਰ ਨਾਲ ਸ਼ੁਰੂ ਹੋ ਗਈ ਹੈ। ਹੁਣ ਬਹੁਤੀ ਵਾਢੀ ਕੰਬਾਈਨ ਨਾਲ ਹੀ ਹੁੰਦੀ ਹੈ। ਜੇ ਵਾਢੀ ਕੰਬਾਈਨ ਨਾਲ ਕਰਨੀ ਹੈ ਤਾਂ ਨਾੜ ਨੂੰ ਫੂਕਣ ਦੀ ਥਾਂ ਤੂੜੀ ਬਣਾਈ ਜਾਵੇ। ਅੱਗ ਨਾਲ ਕੇਵਲ ਵਾਤਾਵਰਨ ਹੀ ਪ੍ਰਦੂਸ਼ਿਤ ਨਹੀਂ ਹੁੰਦਾ ਸਗੋਂ ਧਰਤੀ ਦੀ ਸਿਹਤ ਵੀ ਖ਼ਰਾਬ ਹੁੰਦੀ ਹੈ। ਕਣਕ ਨੂੰ ਸਮੇਂ ਸਿਰ ਕੱਟ ਲੈਣਾ ਚਾਹੀਦਾ ਹੈ। ਦੇਰੀ ਨਾਲ ਮੌਸਮ ਦੀ ਖ਼ਰਾਬੀ ਹੋ ਸਕਦੀ ਹੈ, ਸਿੱਟੇ ਵੀ ਝੜ ਸਕਦੇ ਹਨ। ਫ਼ਸਲ ਨੂੰ ਪੂਰੀ ਤਰ੍ਹਾਂ ਪੱਕਣ ਤੋਂ ਪੰਜ ਦਿਨ ਪਹਿਲਾਂ ਕੱਟਿਆ ਜਾ ਸਕਦਾ ਹੈ। ਜੇ ਕੰਬਾਈਨ ਦੀ ਵਰਤੋਂ ਕਰਨੀ ਹੈ ਤਾਂ ਆਖਰੀ ਪਾਣੀ ਦੇ ਕੇ ਖੇਤ ਦੀਆਂ ਵੱਟਾਂ ਢਾਹ ਦੇਣੀਆਂ ਚਾਹੀਦੀਆਂ ਹਨ। ਮੰਡੀ ਵਿੱਚ ਕਣਕ ਨੂੰ ਸਾਫ਼ ਕਰਕੇ ਲਿਜਾਇਆ ਜਾਵੇ। ਵੱਖੋ-ਵੱਖਰੀਆਂ ਕਿਸਮਾਂ ਦੇ ਦਾਣਿਆਂ ਨੂੰ ਆਪੋ ਵਿੱਚ ਰਲਣ ਨਾ ਦਿੱਤਾ ਜਾਵੇ। ਜਿਹੜੀ ਕਣਕ ਦਾ   ਭੰਡਾਰ ਕਰਨਾ ਹੈ, ਉਸ ਨੂੰ ਸੁਕਾ ਕੇ ਭੰਡਾਰ ਕੀਤਾ ਜਾਵੇ।

ਹਰੇ ਚਾਰੇ ਦੀ ਬਿਜਾਈ ਵੀ ਜ਼ਰੂਰ ਕਰੋ ਤਾਂ ਜੋ ਗਰਮੀ ਦੇ ਦਿਨਾਂ ਵਿੱਚ ਚਾਰੇ ਦੀ ਘਾਟ ਨਾ ਹੋਵੇ। ਨਰਮੇ ਉੱਤੇ ਕੀੜਿਆਂ ਅਤੇ ਬਿਮਾਰੀਆਂ ਦਾ ਵਧੇਰੇ ਹਮਲਾ ਹੁੰਦਾ ਹੈ। ਜੇ ਕੁਝ ਸਾਵਧਾਨੀਆਂ ਵਰਤੀਆਂ ਜਾਣ ਤਾਂ ਇਨ੍ਹਾਂ ਹਮਲਿਆਂ ਨੂੰ ਘੱਟ   ਕੀਤਾ ਜਾ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਇਸ ਸਬੰਧੀ ਕੁਝ ਹਦਾਇਤਾਂ ਜਾਰੀ ਕੀਤੀਆਂ   ਗਈਆਂ ਹਨ:

ਸਿਫ਼ਾਰਸ਼ ਕੀਤੀਆਂ ਬੀਟੀ ਨਰਮੇ ਦੀਆਂ ਕਿਸਮਾਂ ਦੀ ਹੀ ਬਿਜਾਈ ਕਰੋ।

ਦੇਸੀ ਕਪਾਹ ਉੱਪਰ ਪੱਤਾ ਮਰੋੜ ਬਿਮਾਰੀ ਦਾ ਹਮਲਾ ਨਹੀਂ ਹੁੰਦਾ ਅਤੇ ਰਸ ਚੂਸਣ ਵਾਲੇ ਕੀੜੇ ਜਿਵੇਂ ਕਿ ਹਰਾ ਤੇਲਾ ਅਤੇ ਚਿੱਟੀ ਮੱਖੀ ਦਾ ਹਮਲਾ ਵੀ ਘੱਟ ਹੁੰਦਾ ਹੈ। ਇਸ ਕਰਕੇ ਨਰਮਾ ਪੱਟੀ ਦੇ ਜ਼ਿਆਦਾ ਪ੍ਰਭਾਵਿਤ ਇਲਾਕੇ ਇਸ ਦੀ ਬਿਜਾਈ ਨੂੰ ਤਰਜ਼ੀਹ ਦੇਣ।

ਨਰਮੇ ਵਾਲੇ ਖੇਤ ਨੂੰ ਡੂੰਘਾ ਵਾਹੁਣਾ ਅਤੇ ਬਿਜਾਈ ਤੋਂ ਪਹਿਲਾਂ ਭਰਵੀਂ ਰੌਣੀ ਕਰਨੀ ਜ਼ਰੂਰੀ ਹੈ।

ਬੀਟੀ ਨਰਮੇ ਦੁਆਲੇ ਗ਼ੈਰ ਬੀਟੀ ਰਿਫੂਜੀਆ ਜ਼ਰੂਰ ਲਗਾਓ।

ਬੀਜ ਹਮੇਸ਼ਾ ਭਰੋਸੇਯੋਗ ਵਸੀਲਿਆਂ ਤੋਂ ਖ਼ਰੀਦੋ ਤੇ ਨਾਲ ਪੱਕਾ ਬਿੱਲ ਲਵੋ ਜਿਸ ਉੱਪਰ ਬੀਜ ਦਾ ਲਾਟ ਨੰਬਰ ਜ਼ਰੂਰ ਹੋਵੇ। ਬਿਜਾਈ ਤੋਂ ਬਾਅਦ ਪੱਕਾ ਬਿੱਲ ਅਤੇ ਬੀਜ ਦੀ ਖਾਲੀ ਥੈਲੀ ਸੰਭਾਲ ਕੇ ਰੱਖੋ।

ਬਿਜਾਈ ਹਰ ਹਾਲਤ ਵਿੱਚ 15 ਮਈ ਤੋਂ ਪਹਿਲਾਂ ਕਰੋ।

ਨਾਈਟ੍ਰੋਜਨ ਖਾਦ ਸਿਫ਼ਾਰਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ, ਜ਼ਿਆਦਾ ਖਾਦ ਪਾਉਣ ਨਾਲ ਰਸ ਚੂਸਣ ਵਾਲੇ ਕੀੜਿਆਂ ਵਿੱਚ ਵਾਧਾ ਹੁੰਦਾ ਹੈ।

ਨਰਮੇ/ਕਪਾਹ ਦਾ ਜ਼ਿਆਦਾ ਝਾੜ ਲੈਣ ਲਈ 2 ਫ਼ੀਸਦੀ ਪੋਟਾਸ਼ੀਅਮ ਨਾਈਟਰੇਟ (13:0:45) ਦੇ ਚਾਰ ਛਿੜਕਾਅ ਇੱਕ-ਇੱਕ ਹਫ਼ਤੇ ਦੇ ਵਕਫ਼ੇ ’ਤੇ ਕਰੋ ਅਤੇ ਪਹਿਲਾ ਛਿੜਕਾਅ ਫੁੱਲ ਆਉਣ ’ਤੇ ਕਰੋ।

ਜ਼ਮੀਨ ਦੀ ਕਿਸਮ ਅਨੁਸਾਰ, ਨਰਮੇ ਨੂੰ ਪਹਿਲਾ ਪਾਣੀ 4-6 ਹਫ਼ਤੇ ਮਗਰੋਂ ਲਾਓ। ਨਰਮੇ ਨੂੰ ਆਖ਼ਰੀ ਪਾਣੀ ਸਤੰਬਰ ਦੇ ਅਖ਼ੀਰ ਵਿੱਚ ਲਾਓ।

ਕੀੜਿਆਂ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੀਆਂ ਕੀਟਨਾਸ਼ਕਾਂ ਦਾ ਛਿੜਕਾਅ 125-150 ਲਿਟਰ ਪਾਣੀ ਪ੍ਰਤੀ ਏਕੜ ਵਿੱਚ ਮਿਲਾ ਕੇ ਨੈਪਸੈਕ ਪੰਪ ਨਾਲ ਕਰੋ।

ਸਿਫ਼ਾਰਸ਼ ਕੀਤੀਆਂ ਕੀੜੇਮਾਰ ਜ਼ਹਿਰਾਂ ਸਹੀ ਸਮੇਂ ’ਤੇ ਸਹੀ ਮਾਤਰਾ ਵਿੱਚ ਹੀ ਵਰਤੋ। ਇਸ ਦੀ ਅਸਰਦਾਰ ਰੋਕਥਾਮ ਲਈ ਬੂਟੇ ਦੇ ਉਪਰ ਤੋਂ ਹੇਠਾਂ ਤਕ ਸਾਰੇ ਪੱਤਿਆਂ ’ਤੇ ਛਿੜਕਾਅ ਪਹੁੰਚਣਾ ਬਹੁਤ ਜ਼ਰੂਰੀ ਹੈ।

ਛਿੜਕਾਅ ਹਮੇਸ਼ਾਂ ਦੁਪਹਿਰ 12 ਵਜੇ ਤੋਂ ਪਹਿਲਾਂ ਜਾਂ ਸ਼ਾਮ ਵੇਲੇ ਕਰੋ।

ਪੰਜਾਬ ਵਿੱਚ ਹਲਦੀ ਦੀ ਕਾਸ਼ਤ ਪ੍ਰਤੀ ਕਿਸਾਨਾਂ ਦੀ ਰੁਚੀ ਵਧ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਕਿਸਾਨਾਂ ਨੇ ਹਲਦੀ ਦੀ ਸਫ਼ਲ ਖੇਤੀ ਕੀਤੀ ਹੈ। ਜੇ ਹਲਦੀ ਬੀਜਣਾ ਚਾਹੁੰਦੇ ਹੋ ਤਾਂ ਹੁਣ ਇਹ ਢੁਕਵਾਂ ਸਮਾਂ ਹੈ। ਇਸ ਦੀ ਬਿਜਾਈ ਲਈ ਤਾਜ਼ੀ, ਰੋਗ ਰਹਿਤ ਅਤੇ ਇੱਕੋ ਜਿਹੇ ਆਕਾਰ ਦੀਆਂ ਇੱਕ ਏਕੜ ਲਈ ਕੋਈ ਸੱਤ ਕੁਇੰਟਲ ਗੰਢੀਆਂ ਚਾਹੀਦੀਆਂ ਹਨ। ਵੱਟਾਂ ਬਣਾ ਕੇ ਉਨ੍ਹਾਂ ਉੱਤੇ ਬਿਜਾਈ ਕਰਨੀ ਚਾਹੀਦੀ ਹੈ। ਵੱਟਾਂ ਵਿਚਕਾਰ ਫ਼ਾਸਲਾ 45 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 15 ਸੈਂਟੀਮੀਟਰ ਰੱਖਿਆ ਜਾਵੇ। ਪੰਜਾਬ ਵਿੱਚ ਕਾਸ਼ਤ ਲਈ ਪੰਜਾਬ ਹਲਦੀ-1 ਅਤੇ ਹਲਦੀ-2 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਇੱਕ ਏਕੜ ਵਿਚੋਂ 100 ਕੁਇੰਟਲ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ। ਬੀਜ ਲਈ ਕੱਚੀ ਹਲਦੀ ਦੀ ਲੋੜ ਪੈਂਦੀ ਹੈ। ਹਲਦੀ ਦੀ ਬਿਜਾਈ ਅਪਰੈਲ ਦੇ ਆਖ਼ਰੀ ਹਫ਼ਤੇ ਕੀਤੀ ਜਾ ਸਕਦੀ ਹੈ।

ਬਿਜਾਈ ਪਿੱਛੋਂ ਪਾਣੀ ਦੇਵੋ। ਜਦੋਂ ਤੱਕ ਗੰਢੀਆਂ ਉਗ ਨਾ ਪੈਣ ਖੇਤ ਨੂੰ ਗਿੱਲਾ ਰੱਖਿਆ ਜਾਵੇ। ਹਲਦੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਨਸ਼ੋਰਸ਼ੀਅਮ ਜੀਵਾਣੂ ਖਾਦ ਤਿਆਰ ਕੀਤੀ ਗਈ ਹੈ। ਬਿਜਾਈ ਸਮੇਂ ਇਹ ਚਾਰ ਕਿਲੋ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਸਾਰੀਆਂ ਸਬਜ਼ੀਆਂ ਦੇਸੀ ਰੂੜੀ ਨੂੰ ਬਹੁਤ ਮੰਨਦੀਆਂ ਹਨ। ਹਲਦੀ ਨੂੰ ਨਾਈਟ੍ਰੋਜਨ ਵਾਲੀ ਖਾਦ ਦੀ ਖ਼ਾਸ ਲੋੜ ਨਹੀਂ। ਇਸ ਕਰਕੇ ਬਿਜਾਈ ਸਮੇਂ 60 ਕਿਲੋ ਸਿੰਗਲ ਸੁਪਰਫਾਸਟ ਅਤੇ 16 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ। ਨਦੀਨਾਂ ਦੀ ਰੋਕਥਾਮ ਲਈ ਗੋਡੀਆਂ ਕਰੋ। ਇਹ ਫ਼ਸਲ ਤਿਆਰ ਹੋਣ ਵਿੱਚ ਕੋਈ ਸਤ-ਅੱਠ ਮਹੀਨੇ ਲੈਂਦੀ ਹੈ।

ਜੇ ਕੁਝ ਰਕਬੇ ਵਿੱਚ ਸ਼ਕਰਕੰਦੀ ਦੀ ਬਿਜਾਈ ਕਰਨੀ ਹੈ ਤਾਂ ਹੁਣ ਢੁਕਵਾਂ ਸਮਾਂ ਹੈ। ਪੰਜਾਬ ਵਿੱਚ ਕਾਸ਼ਤ ਲਈ ਪੰਜਾਬ ਸ਼ਕਰਕੰਦੀ-21 ਕਿਸਮ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਕਿਸਮ ਤੋਂ ਇੱਕ ਏਕੜ ਵਿੱਚੋਂ ਕੋਈ 75 ਕੁਇੰਟਲ ਸ਼ਕਰਕੰਦੀ ਪ੍ਰਾਪਤ ਹੋ ਜਾਂਦੀ ਹੈ। ਇਸ ਫ਼ਸਲ ਦੀ ਬਿਜਾਈ ਵੇਲਾਂ ਦੀ ਪੱਛੀਆਂ ਰਾਹੀਂ ਕੀਤੀ ਜਾਂਦੀ ਹੈ। ਇੱਕ ਏਕੜ ਲਈ ਕੋਈ 30,000 ਪੱਛੀਆਂ ਦੀ ਲੋੜ ਪੈਂਦੀ ਹੈ। ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰੋ। ਪੱਛੀਆਂ ਦੀ ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 60 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 30 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਦੂਜੀਆਂ ਸਬਜ਼ੀਆਂ ਵਾਂਗ ਇੱਕ ਏਕੜ ਵਿੱਚ ਘੱਟੋ-ਘੱਟ 10 ਟਨ ਰੂੜੀ ਪਾਵੋ। ਇਸ ਤੋਂ ਇਲਾਵਾ ਇੱਕ ਏਕੜ ਲਈ 125 ਕਿਲੋ ਕਿਸਾਨ ਖਾਦ ਅਤੇ 125 ਕਿਲੋ ਸਿੰਗਲ ਸੁਪਰਫਾਸਫੇਟ ਪਾਇਆ ਜਾਵੇ।ਂ