Expert Advisory Details

idea991511766941PunjabAgriculturalUniversitySarkariJob.jpg
Posted by Punjab Agricultural University, Ludhiana
Punjab
2018-12-21 12:19:30

ਪਹਿਲੇ ਪਾਣੀ ਤੋਂ ਬਾਅਦ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ

 ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਜ਼ਿਆਦਾਤਰ ਪਹਿਲੇ ਪਾਣੀ ਤੋਂ ਬਾਅਦ ਨਦੀਨ-ਨਾਸ਼ਕਾਂ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ । ਨਦੀਨ-ਨਾਸ਼ਕਾਂ ਤੋਂ ਪੂਰਾ ਫਾਇਦਾ ਲੈਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ :

 

ਨਦੀਨਨਾਸ਼ਕ ਦੀ ਸਹੀ ਚੋਣ : ਪਹਿਲੇ ਪਾਣੀ ਤੋਂ ਬਾਅਦ ਗੁੱਲੀ ਡੰਡੇ ਦੀ ਰੋਕਥਾਮ ਲਈ ਸਿਫ਼ਾਰਿਸ਼ ਨਦੀਨ-ਨਾਸ਼ਕ ਹੀ ਵਰਤੋ । ਜੇਕਰ ਪਿਛਲੇ ਸਾਲਾਂ ਵਿੱਚ ਕਿਸੇ ਨਦੀਨ ਨਾਸ਼ਕ ਦੇ ਨਤੀਜੇ ਚੰਗੇ ਨਾ ਮਿਲੇ ਹੋਣ ਤਾਂ ਉਸਦੀ ਚੋਣ ਖੇਤ ਲਈ ਨਾ ਕਰੋ ।

 

ਨਦੀਨ-ਨਾਸ਼ਕ ਦੀ ਮਿਕਦਾਰ : ਨਦੀਨ-ਨਾਸ਼ਕ ਦੀ ਹਮੇਸ਼ਾਂ ਸਿਫ਼ਾਰਿਸ਼ ਕੀਤੀ ਮਾਤਰਾ ਵਰਤੋਂ। ਸਿਫ਼ਾਰਿਸ਼ ਤੋਂ ਘੱਟ ਮਾਤਰਾ ਵਰਤਣ ਨਾਲ ਨਦੀਨਾਂ ਦੀ ਚੰਗੀ ਰੋਕਥਾਮ ਨਹੀਂ ਹੁੰਦੀ ਸਪਰੇਅ ਦਾ ਸਹੀ ਸਮਾਂ : ਜਦੋਂ ਗੁੱਲੀ ਡੰਡੇ ਦੇ ਬੂਟੇ 2 ਤੋਂ 3 ਪੱਤਿਆਂ ਦੀ ਅਵਸਥਾ ਵਿੱਚ ਹੋਣ, ਉਹ ਸਮਾਂ ਨਦੀਨ ਨਾਸ਼ਕ ਦੇ ਛਿੜਕਾਅ ਲਈ ਸਭ ਤੋਂ ਢੁੱਕਵਾਂ ਹੈ । ਨਦੀਨ-ਨਾਸ਼ਕਾਂ ਤੋਂ ਪੂਰਾ ਫਾਇਦਾ ਲੈਣ ਲਈ ਇਹਨਾਂ ਦੀ ਵਰਤੋਂ ਬਿਜਾਈ ਤੋਂ 30 ਤੋਂ 35 ਦਿਨਾਂ ਦੇ ਅੰਦਰ ਕਰੋ।

 

ਸਪਰੇਅ ਸਮੇਂ ਖੇਤ ਦਾ ਵੱਤਰ: ਨਦੀਨ-ਨਾਸ਼ਕ ਦਾ ਛਿੜਕਾਅ ਹਮੇਸ਼ਾਂ ਵੱਤਰ ਖੇਤ (ਸਲ੍ਹਾਬ) ਵਿੱਚ ਕਰੋ। ਖੁਸ਼ਕ ਖੇਤ ਵਿੱਚ ਛਿੜਕਾਅ ਕਰਨ ਨਾਲ ਚੰਗੇ ਨਤੀਜੇ ਨਹੀਂ ਮਿਲਦੇ। ਨਦੀਨ-ਨਾਸ਼ਕ ਜਿਵੇਂ ਕਿ ਐਟਲਾਂਟਿਸ, ਸ਼ਗੁਨ 21-11, ਏ ਸੀ ਐੱਮ 9 ਆਦਿ ਦਾ ਜ਼ਿਆਦਾ ਸਲ੍ਹਾਬ ਵਿੱਚ ਛਿੜਕਾਅ ਕਈ ਵਾਰ ਫ਼ਸਲ ਦਾ ਨੁਕਸਾਨ ਕਰਦਾ ਹੈ ।

 

ਸਪਰੇਅ ਪੰਪ ਅਤੇ ਨੋਜ਼ਲ : ਨਦੀਨ-ਨਾਸ਼ਕ ਦੇ ਛਿੜਕਾਅ ਲਈ ਹਮੇਸ਼ਾਂ ਕੱਟ ਵਾਲੀ (ਫਲੈਟ ਫੈਨ) ਜਾਂ ਟੱਕ ਵਾਲੀ (ਫਲੱਡ ਜੈੱਟ) ਨੋਜ਼ਲ ਹੀ ਵਰਤੋ। ਸਪਰੇਅ ਲਈ ਹੱਥ ਨਾਲ, ਬੈਟਰੀ ਨਾਲ ਚੱਲਣ ਵਾਲੇ ਜਾਂ ਪਾਵਰ ਸਪਰੇਅਰ ਦੀ ਵਰਤੋਂ ਹੀ ਕਰੋ ਅਤੇ ਕਦੇ ਵੀ ਗੰਨ ਸਪਰੇਅਰ ਦੀ ਵਰਤੋਂ ਨਾ ਕਰੋ ।

 

ਛਿੜਕਾਅ ਲਈ ਪਾਣੀ ਦੀ ਵਰਤੋਂ : ਨਦੀਨ-ਨਾਸ਼ਕ ਤੋਂ ਪੂਰਾ ਫਾਇਦਾ ਲੈਣ ਲਈ ਸਪਰੇਅ ਸਮੇਂ 150 ਲਿਟਰ ਪਾਣੀ ਪ੍ਰਤੀ ਏਕੜ ਦੀ ਵਰਤੋਂ ਕਰੋ ।

 

ਨਦੀਨ-ਨਾਸ਼ਕਾਂ ਦਾ ਅਦਲ ਬਦਲ : ਲਗਾਤਾਰ ਇੱਕ ਹੀ ਨਦੀਨ-ਨਾਸ਼ਕ ਵਰਤਣ ਨਾਲ ਨਦੀਨਾਂ ਵਿੱਚ ਉਸ ਨਦੀਨ ਨਾਸ਼ਕ ਪ੍ਰਤੀ ਰੋਧਣ ਸ਼ਕਤੀ ਪੈਦਾ ਹੋ ਜਾਂਦੀ ਹੈ । ਨਦੀਨਾਂ ਵਿੱਚ ਰੋਧਕ ਸ਼ਕਤੀ ਨੂੰ ਰੋਕਣ ਲਈ ਹਰ ਸਾਲ ਵੱਖੋ-ਵੱਖ ਗਰੁੱਪਾਂ ਦੇ ਨਦੀਨ-ਨਾਸ਼ਕ ਵਰਤੋ ।

 

ਨਦੀਨ-ਨਾਸ਼ਕਾਂ ਦੇ ਮਿਸ਼ਰਣ : ਕਦੇ ਵੀ ਆਪਣੇ ਆਪ ਨਦੀਨ-ਨਾਸ਼ਕਾਂ ਦੀ ਮਿਲਾ ਕੇ ਵਰਤੋਂ ਨਾ ਕਰੋ ਕਿਉਂਕਿ ਇਹ ਫ਼ਸਲ ਤੇ ਮਾੜਾ ਅਸਰ ਪਾਉਂਦੇ ਹਨ ਅਤੇ ਇਸ ਦੇ ਸਿੱਟੇ ਵੱਜੋਂ ਗੁੱਲੀ ਡੰਡੇ ਵਿੱਚ ਵੱਖਵੱਖ ਨਦੀਨ-ਨਾਸ਼ਕਾਂ ਪ੍ਰਤੀ ਰੋਧਣ ਸ਼ਕਤੀ ਪੈਦਾ ਹੋ ਜਾਂਦੀ ਹੈ।

 

ਨਦੀਨ ਨੂੰ ਬੀਜ ਪੈਣ ਤੋਂ ਰੋਕਣਾ : ਨਦੀਨ-ਨਾਸ਼ਕ ਦੀ ਵਰਤੋਂ ਕਰਨ ਤੋਂ ਬਾਅਦ ਵੀ ਗੁੱਲੀ ਡੰਡੇ ਦੇ ਕੁਝ ਬੂਟੇ ਬਚ ਜਾਂਦੇ ਹਨ ਜਾਂ ਸਪਰੇਅ ਤੋਂ ਬਾਅਦ ਉੱਗ ਪੈਂਦੇ ਹਨ । ਇਨ੍ਹਾਂ ਬਚੇ ਹੋਏ ਗੁੱਲੀ ਡੰਡੇ ਅਤੇ ਹੋਰ ਨਦੀਨਾਂ ਦੇ ਬੂਟਿਆਂ ਨੂੰ ਬੀਜ ਬਣਾਉਣ ਤੋਂ ਪਹਿਲਾਂ ਪੁੱਟ ਦਿਓ । ਇਸ ਤਰ੍ਹਾਂ ਕਰਨ ਨਾਲ ਕਣਕ ਦੀ ਅਗਲੀ ਫ਼ਸਲ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ।