Expert Advisory Details

idea991511766941PunjabAgriculturalUniversitySarkariJob.jpg
Posted by Punjab Agricultural University, Ludhiana
Punjab
2018-12-27 09:45:23

ਪੀ. ਏ. ਯੂ. ਦੇ ਮਾਹਿਰਾਂ ਵਲੋਂ ਫਲਦਾਰ ਬੂਟਿਆਂ ਨੂੰ ਠੰਡ ਤੋਂ ਬਚਾਉਣ ਲਈ ਕੁੱਝ ਸਲਾਹਾਂ

ਸਦਾਬਹਾਰ ਬੂਟੇ ਜਿਵੇਂ ਕਿ ਅੰਬ, ਲੀਚੀ, ਨਿੰਬੂ ਜਾਤੀ, ਅਮਰੂਦ, ਪਪੀਤਾ ਅਤੇ ਲੁਕਾਠ ਨੂੰ ਸਰਦੀਆਂ ਵਿੱਚ 3 ਤੋਂ 4 ਸਾਲ ਤੱਕ ਠੰਡ ਦੀ ਮਾਰ ਤੋਂ ਬਚਾਉਣ ਦੀ ਜ਼ਰੂਰਤ ਪੈਂਦੀ ਹੈ ਅਤੇ ਕਈ ਵਾਰੀ ਲੰਮੇ ਸਮੇਂ ਤਕ ਦਰੱਖਤਾਂ ਦੀ ਸਿਹਤ ਅਤੇ ਤਾਕਤ ਦੇ ਅਨੁਸਾਰ ਉਹਨਾਂ ਦੀ ਸਾਂਭ ਕਰਨੀ ਪੈਂਦੀ ਹੈ।ਸਰਦੀ ਦੇ ਮਹੀਨਿਆਂ ਦੌਰਾਨ (ਦਸੰਬਰ ਅਤੇ ਜਨਵਰੀ) ਫਲ ਉਤਪਾਦਕਾਂ ਨੂੰ ਪੌਦਿਆਂ ਨੂੰ ਠੰਡ ਦੇ ਨੁਕਸਾਨ ਤੋਂ ਬਚਾਉਣ ਦੇ ਯਤਨਾਂ ਤੇ ਖਾਸ ਧਿਆਨ ਦੇਣਾ ਚਾਹੀਦਾ ਹੈ।ਘੱਟ ਤੋਂ ਸੁਰੱਖਿਆ ਦੇ ਤੌਰ ਤੇ ਸਰਦੀਆਂ ਦੇ ਮੌਸਮ ਦੌਰਾਨ ਕੁਝ ਉਪਾਅ ਕੀਤੇ ਜਾ ਸਕਦੇ ਹਨ:

(ੳ) ਛੋਟੇ ਬੂਟਿਆਂ ਨੂੰ ਢੱਕਣਾ: ਛੋਟੇ ਬੂਟਿਆਂ ਨੂੰ ਝੋਨੇ ਦੀ ਪਰਾਲੀ ਜਾਂ ਸਰਕੰਡੇ ਦੀਆਂ ਕੁੱਲੀਆਂ ਨਾਲ ਢੱਕੋ ਪਰ ਦੱਖਣ-ਪੂਰਬੀ ਦਿਸ਼ਾ ਵੱਲੋ ਖੁੱਲ੍ਹਾ ਰੱਖੋ । ਨਰਸਰੀ ਵਿੱਚ ਵੀ ਛੋਟੇ ਬੂਟਿਆਂ ਨੂੰ ਛੋਰਾ ਕਰੋ ਅਤੇ ਇੱਕਲੇ ਬੂਟੇ ਨੂੰ ਸ਼ਾਮ ਦੇ ਸਮੇਂ ਪਤਲੇ ਪਾਰਦਰਸ਼ੀ ਪੌਲੀਥੀਨ ਸ਼ੀਟ/ਬੈਗ ਨਾਲ ਢੱਕੋ ਪਰ ਦਿਨੇ ਸ਼ੀਟ ਨੂੰ ਹਟਾ ਦੇਣਾ ਚਾਹੀਦਾ ਹੈ।

(ਅ) ਸਿੰਚਾਈ: ਠੰਡੀਆਂ ਰਾਤਾਂ ਦੌਰਾਨ ਹਲਕੀ ਅਤੇ ਲਗਾਤਾਰ ਸਿੰਚਾਈ ਪੌਦਿਆਂ ਨੂੰ ਠੰਡ ਦੇ ਨੁਕਸਾਨ ਤੋਂ ਬਚਾਉਣ ਲਈ ਬਹੁਤ ਮਦਦ ਕਰਦੀ ਹੈ। ਇਸ ਨਾਲ 1 ਤੋਂ 2 ਡਿਗਰੀ ਤੱਕ ਬਾਗ ਦਾ ਤਾਪਮਾਨ ਵੱਧ ਜਾਂਦਾ ਹੈ ਅਤੇ ਠੰਡ ਦਾ ਅਸਰ ਘੱਟ ਜਾਂਦਾ ਹੈ।

(ੲ) ਹਵਾ ਰੋਕੂ ਵਾੜ ਲਗਾਉਣਾ: ਬਾਗਾਂ ਦੇ ਉੱਤਰੀ-ਪੱਛਮੀ ਦਿਸ਼ਾ ਵੱਲ, ਲੰਬੇ ਅਤੇ ਦਰਮਿਆਨੇ ਦਰਖ਼ਤ ਲਗਾਓ ਤਾਂ ਜੋ ਪੌਦਿਆਂ ਨੂੰ ਠੰਡ ਤੋਂ ਬਚਾਇਆ ਜਾ ਸਕੇ । ਉੱਚੇ ਦਰਖਤ ਜਿਵੇਂ ਕਿ ਅੰਬ, ਸ਼ਹਿਤੂਤ, ਪੋਪੂਲਰ ਅਤੇ ਸਫੈਦਾ ਆਦਿ ਨੂੰ ਸਰਦੀ ਦੇ ਮੌਸਮ ਵਿਚ ਸ਼ੀਤ ਲਹਿਰ ਤੋਂ ਬਚਾਉਣ ਲਈ ਬਾਗਾਂ ਦੇ ਦੁਆਲੇ ਲਗਾਓ।

(ਸ) ਧੂੰਆਂ ਕਰਨਾ: ਜਦੋਂ ਕੋਰਾ ਪੈਣ ਦੀ ਸੰਭਾਵਣਾ ਜਾਪਦੀ ਹੋਵੇ ਤਾਂ ਸ਼ਾਮ ਨੂੰ ਸੁੱਕੀਆਂ ਟਾਹਣੀਆਂ ਅਤੇ ਲਕੜੀ ਨੂੰ ਜਲਾ ਕੇ ਧੂੰਆਂ ਕਰਨਾ ਚਾਹੀਦਾ ਹੈ । ਵਾਸਤਵ ਵਿੱਚ, ਧੂੰਆਂ ਪਲਾਂਟਾਂ ਦੇ ਉੱਪਰ ਇੱਕ ਸਕ੍ਰੀਨ ਬਣਾਉਂਦਾ ਹੈ ਅਤੇ ਇਸ ਤਰ੍ਹਾਂ ਠੰਡ ਨੂੰ ਰੋਕਦਾ ਹੈ ।

(ਕ) ਬੂਟਿਆਂ ਦੇ ਤਣਿਆਂ ਨੂੰ ਲਪੇਟਣਾ: ਠੰਢੀ ਹਵਾ ਜ਼ਮੀਨ ਦੇ ਪੱਧਰ ਦੇ ਬਹੁਤ ਨੇੜੇ ਹੰਦੀ ਹੈ।ਇਹ ਠੰਢੀ ਹਵਾ ਸ਼ਾਖਾਵਾਂ ਅਤੇ ਛੋਟੇ ਰੁੱਖਾਂ ਦੇ ਤਣੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹਨਾਂ ਤਣਿਆਂ ਦੀ ਰੱਖਿਆ ਕਰਨ ਲਈ, ਰੱਦੀ ਜਾਂ ਬੋਰੀਆਂ ਨੂੰ ਤਣਿਆਂ ਦੇ ਦੁਆਲੇ ਲਪੇਟ ਦੇਣਾ ਚਾਹੀਦਾ ਹੈ।