Expert Advisory Details

idea99sukhdeep_singh_hundal.jpg
Posted by ਡਾ. ਸੁਖਦੀਪ ਸਿੰਘ ਹੁੰਦਲ
Punjab
2018-12-07 15:40:16

ਦਸੰਬਰ ਮਹੀਨੇ ਦੇ ਬਾਗਬਾਨੀ ਰੁਝੇਵੇਂ

ਇਸ ਮਹੀਨੇ ਮੌਸਮ ਠੰਡ ਆਪਣੇ ਪੂਰੇ ਜੋਬਨ ਤੇ ਹੁੰਦੀ ਹੈ ਅਤੇ ਅਜਿਹੇ ਵਿੱਚ ਬਗਬਾਨੀ ਫਸਲਾਂ ਲਈ ਇਹ ਸਮਾਂ ਚੁਣੌਤੀ ਭਰਿਆ ਹੁੰਦਾ ਹੈ। ਇਸ ਮਹੀਨੇ ਰਾਤ ਸਮੇਂ ਕੋਰਾ ਪੈਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸਾਰੇ ਬੂਟਿਆਂ ਵਿੱਚ ਵਾਧਾ ਰੁਕ ਜਾਂਦਾ ਹੈ। ਪਤਝੜੀ ਬੂਟੇ ਆਪਣੇ ਪੱਤੇ ਝਾੜ ਦਿੰਦੇ ਹਨ।

ਫਲਦਾਰ ਬੂਟੇ

  • ਕੋਰੇ ਦੀ ਮਾਰ ਤੋਂ ਬਚਾਉਣ ਲਈ ਅੰਬ, ਲੀਚੀ, ਪਪੀਤਾ, ਅਮਰੂਦ ਦੇ ਬੂਟਿਆਂ ਦੇ ਦੁਆਲੇ ਕੁੱਲੀਆਂ ਬੰਨ੍ਹ ਦਿਓ ਅਤੇ ਕੋਰਾ ਪੈਣ ਦੀ ਸੰਭਾਵਨਾ ਤੇ ਰਾਤ ਸਮੇਂ ਹਲਕਾ ਪਾਣੀ ਲੈ ਦਿਓ।ਇਸ ਤੋਂ ਇਲਾਵਾ ਸੰਘਣੀ ਹਵਾ ਰੋਕੂ ਵਾੜ ਲਗਾ ਕੇ,ਬੂਟਿਆਂ ਨੂੰ ਹੈਡ ਬੈਕ ਕਰਕੇ , ਬੂਟਿਆਂ ਨੂੰ ਦੇਸੀ ਢੇਰ ਪਾ ਕੇ, ਬੂਟਿਆਂ ਦੁਆਲੇ ਧੂੰਆਂ ਕਰਕੇ ਵੀ ਕੋਰੇ ਦਾ ਅਸਰ ਘੱਟ ਕੀਤਾ ਜਾ ਸਕਦਾ ਹੈ। ਅਮਰੂਦ, ਬੇਰ, ਆਂਵਲਾ ਅਤੇ ਲੁਕਾਠ ਦੇ ਬੂਟਿਆਂ ਨੂੰ ਛੱਡ ਕੇ ਸਾਰੇ ਫਲਦਾਰ ਬੂਟਿਆਂ ਨੂੰ ਦੇਸੀ ਰੂੜੀ ਦੀ ਖਾਦ ਪਾ ਦਿਓ। ਨਾਸ਼ਪਤੀ, ਆੜੂ, ਅਲੂਚਾ ਅਤੇ ਲੀਚੀ ਦੇ ਬੂਟਿਆਂ ਨੂੰ ਸਿੰਗਲ ਸੁਪਰਫਾਸਫੇਟ ਅਤੇ ਪੋਟਾਸ਼ ਖਾਦ ਵੀ ਬੂਟੇ ਦੀ ਉਮਰ ਦੇ ਹਿਸਾਬ ਨਾਲ ਪਾ ਦਿਓ। ਪੱਤਝੜ ਰੁੱਤ ਦੇ ਫਲਦਾਰ ਬੂਟੇ ਜਿਵੇਂ ਨਾਸ਼ਪਤੀ, ਆੜੂ, ਅਲੂਚਾ, ਅੰਜੀਰ, ਅੰਗੂਰ ਨੂੰ ਲਗਾਉਣ ਦਾ ਢੁਕਵਾਂ ਸਮਾਂ ਨਜ਼ਦੀਕ ਆ ਰਿਹਾ ਹੈ, ਸੋ ਇਹਨਾਂ ਨੂੰ ਲਗਾਉਣ ਲਈ ਬਾਗਬਾਨੀ ਮਾਹਿਰ ਦੀ ਸਲਾਹ ਨਾਲ ਵਿਉਂਤਬੰਦੀ ਹੁਣ ਤੋਂ ਹੀ ਕਰ ਲਵੋ ਅਤੇ ਫਲਦਾਰ ਬੂਟਿਆਂ ਦਾ ਪ੍ਰਬੰਧ ਵੀ ਬਾਗਬਾਨੀ ਵਿਭਾਗ, ਪੀ.ਏ. ਯੂ. ਜਾਂ ਪ੍ਰਾਈਵੇਟ ਮਨਜ਼ੂਰਸ਼ੁਦਾ ਨਰਸਰੀ ਤੋਂ ਹੁਣ ਤੋਂ ਹੀ ਕਰ ਲਵੋ। ਬੇਰ ਦੇ ਫਲ ਦੇ ਵਾਧੇ ਲਈ ਲੋੜ ਅਨੁਸਾਰ ਪਾਣੀ ਲਾਓ ਅਤੇ ਚਿੱਟੇ ਧੂੜੇ ਰੋਗ ਤੋਂ ਬਚਾਅ  ਲਈ 0.5 ਮਿ.ਲੀ  ਕੈਰਾਥੇਨ ਦਵਾਈ 1 ਲਿਟਰ ਪਾਣੀ ਵਿੱਚ ਘੋਲ ਕੇ ਸਪਰੇ ਕਰੋ।
  • ਅਮਰੂਦ, ਮਾਲਟਾ, ਗਰੇਪਫਰੂਟ ਦੇ ਫ਼ਲਾਂ ਦੀ ਤੁੜਾਈ ਕਰ ਲਵੋ। ਪੱਤਝੜ ਰੁੱਤ ਦੇ ਫਲਦਾਰ ਬੂਟਿਆਂ ਦੀ ਕਾਂਟ- ਛਾਂਟ ਜਦੋ ਇਹ ਪੱਤੇ ਝਾੜ ਦੇਣ ਤਾਂ ਇਸ ਮਹੀਨੇ ਦੇ ਅਖੀਰ ਵਿੱਚ ਕਰ ਦਿਓ। ਅੰਬਾਂ ਦੇ ਬੂਟਿਆਂ ਤੇ ਮਿਲੀ ਬੱਗ ਕੀੜੇ ਨੂੰ ਬੂਟਿਆਂ ਤੇ ਚੜ੍ਹਣ ਤੋਂ ਰੋਕਿਆ ਲਈ ਇਨ੍ਹਾ ਦੇ ਤਣਿਆ ਦੁਆਲੇ ਇਕ ਮੀਟਰ ਉਚਾਈ ਤੇ ਪਲਾਸਟਿਕ ਸ਼ੀਟ ਦੀ ਤਿਲਕਵੀ ਪੱਟੀ ਬੰਨ੍ਹ ਦਿਓ।  ਨਿੰਬੂ ਜਾਤੀ ਦੇ ਫਲਾਂ ਦੇ ਕੋਹੜ ਰੋਗ ਤੋਂ ਬਚਾਅ ਲਈ 0.1 ਗ੍ਰਾਮ ਸਟਰੈਪਟੋਸਾਈਕਲੀਨ ਅਤੇ 0.2 ਗ੍ਰਾਮ ਨੀਲਾ ਥੋਥਾ ਪ੍ਰਤੀ ਲਿਟਰ ਦੇ ਹਿਸਾਬ ਸਪਰੇ ਕਰੋ।

ਸਬਜ਼ੀਆਂ

  • ਟਮਾਟਰ ਦੀ ਪਨੀਰੀ ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਛੋਰਾ ਕਰਕੇ ਬਿਜਾਈ ਕਰ ਦਿਓ। ਪਿਆਜ਼ ਦੀ ਪਨੀਰੀ ਨੂੰ ਨਦੀਨ ਮੁਕਤ ਰੱਖਣ ਲਈ ਹਲਕੀ ਜਿਹੀ ਗੋਡੀ ਕਰ ਦਿਓ। ਮੂਲੀ, ਸ਼ਲਗਮ, ਗਾਜਰ ਦੀਆ ਅੰਗਰੇਜ਼ੀ ਕਿਸਮਾਂ ਦੀ ਬਿਜਾਈ ਹੁਣ ਖਤਮ ਕਰ ਦਿਓ। ਗੋਭੀ ਦੇ ਬੀਜ ਉਤਪਾਦਨ ਲਈ ਵੱਡੇ ਫੁੱਲ ਵਾਲੇ ਬੂਟਿਆਂ ਨੂੰ ਜੜ੍ਹਾਂ ਸਮੇਤ ਪੁੱਟ ਕੇ ਹੋਰ ਜਗ੍ਹਾ ਤੇ ਲਗਾ ਦਿਓ। ਮੂਲੀ, ਗਾਜਰ, ਸ਼ਲਗਮ ਦੇ ਬੀਜ  ਉਤਪਾਦਨ ਲਈ  ਡੱਕ ਲਾ ਦਿਓ ਅਤੇ ਲਾਉਣ ਤੋਂ ਪਹਿਲਾਂ 220 ਗ੍ਰਾਮ ਯੂਰੀਆ ਅਤੇ 315 ਗ੍ਰਾਮ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਮਰਲਾ ਪਾਓ। ਆਲੂ ਦੀ ਫਸਲ ਨੂੰ ਅੱਧ ਦਸੰਬਰ  ਤੋਂ ਬਾਅਦ ਪਾਣੀ ਦੇਣਾ ਬੰਦ ਕਰ ਦਿਓ ਅਤੇ ਮਹੀਨੇ ਦੇ ਅੰਤ ਵਿੱਚ ਪੱਤੇ ਕੱਟ ਦਿਓ ਤਾਂ ਜੋ ਆਲੂ ਦਾ ਵਾਧਾ ਹੋ ਸਕੇ ਅਤੇ ਜੇਕਰ ਪਿਛੇਤੇ ਝੁਲਸ ਰੋਗ ਦਾ ਹਮਲਾ ਨਜਰ ਆਵੇ ਤਾਂ 2 ਗ੍ਰਾਮ ਰਿਡੋਮਿਲ ਗੋਲ੍ਡ ਜਾਂ ਕਰਜਟ ਐਮ-8 ਜਾਂ ਸੈਕਟਿਨ  ਜਾਂ ਈਕੂਏਸ਼ਨ ਪ੍ਰੋ ਜਾਂ ਰੀਵਸ ਜਾਂ ਮੈਲੋਡੀ ਡੂਓ ਦਾ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ।ਮਟਰ ਦੀ ਫਸਲ ਨੂੰ ਸੁਰੰਗੀ ਕੀੜੇ ਤੋਂ ਬਚਾਅ ਲਈ  4 ਮਿ.ਲੀ ਰੋਗਰ 1ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ।  

ਫੁੱਲਾਂ ਦੀ ਪਨੀਰੀ

  • ਗੇਂਦੇ ਦੇ ਬੀਜ ਉਤਪਾਦਨ ਲਈ ਫੁੱਲ ਛਾਂਟਣ ਦਾ ਢੁਕਵਾ ਸਮਾਂ ਹੈ, ਇਸ ਲਈ ਗੁੰਦਵੇਂ ਤੇ ਤੰਦਰੁਸਤ ਫੁੱਲਾਂ ਦੀ ਚੋਣ ਕਰੋ। ਗਲੈਡੀਉਲਸ  ਦੇ ਬੂਟਿਆਂ ਨੂੰ 3-6 ਪੱਤੇ ਆਉਣ ਤੇ ਨਾਈਟਰੋਜਨ ਖਾਦ ਦੀ ਪਹਿਲੀ ਜਾਂ ਦੂਜੀ ਕਿਸ਼ਤ ਪਾ ਦਿਓ ਅਤੇ ਮਿੱਟੀ ਚੜ੍ਹਾ ਦਿਓ।ਕਰੋਟਨ, ਡਾਈਫਨਬੇਚੀਆਂ, ਪਾਮ ਦੇ ਬੂਟਿਆਂ ਨੂੰ ਕੋਰੇ ਤੋਂ ਬਚਾਉਣ ਦਾ ਪ੍ਰਬੰਧ ਕਰੋ।  ਗੁਲਾਬ ਦੀ ਪਿਉਂਦ ਦਾ ਢੁਕਵਾਂ ਸਮਾਂ ਹੈ ਸੋ ਮਨਪਸੰਦ ਕਿਸਮਾਂ ਦੀ ਪਿਉਂਦ ਹੁਣ ਕਰ ਲਵੋ। ਮੌਸਮੀ ਫੁੱਲਾਂ ਅਤੇ ਘਾਹ ਦੇ ਲਾਅਨ ਨੂੰ ਕੋਰੇ ਤੋਂ ਬਚਾ ਲਈ ਹਲਕੀ ਸਿੰਚਾਈ ਵੀ ਕਰ ਦਿਓ।  ਗੁਲਦਾਉਦੀ ਦੇ ਸੁੱਕੇ ਹੋਏ ਫੁੱਲਾਂ ਨੂੰ ਬੂਟਿਆਂ  ਨਾਲੋਂ ਤੋੜ ਦਿਓ।

ਮਧੂ- ਮੱਖੀ ਪਾਲਣ

  • ਸ਼ਹਿਦ ਮੱਖੀਆਂ ਦੇ ਬਕਸਿਆਂ ਦਾ ਕਿਸੇ ਧੁੱਪ ਵਾਲੇ ਦਿਨ ਸਿਰਫ ਦੁਪਹਿਰ ਵੇਲੇ ਵਧੇਰੇ ਨਿਰੀਖਣ ਕਰੋ । ਬਕਸੇ ਜੇਕਰ ਛਾਂ ਵਿਚ ਹਨ ਤਾਂ ਧੁੱਪੇ ਕਰ ਦਿਓ ਅਤੇ ਜੇਕਰ ਖੁਰਾਕ ਦੀ ਕਮੀ ਹੋਵੇ ਤਾਂ ਖੰਡ: ਪਾਣੀ =2 :1  ਅਨੁਪਾਤ ਵਿਚ ਦੇ ਕੇ ਪੂਰਤੀ ਕਰੋ । ਸ਼ਹਿਦ ਲੈਣ ਲਈ ਬੇਰੀਆਂ ਅਤੇ ਤੋਰੀਏ ਦੀ ਫ਼ਸਲ ਦੇ ਨਜ਼ਦੀਕ ਰੱਖਿਆ ਜਾਵੇ ਅਤੇ ਜੇਕਰ ਸੰਭਵ ਹੋਵੇ ਬਕਸਿਆਂ ਨੂੰ ਇਹਨਾਂ ਫ਼ਸਲਾਂ ਵਾਲੇ ਇਲਾਕਿਆਂ ਵਿੱਚ ਸ਼ਿਫਟ ਕੀਤਾ ਜਾਵੇ। ਬਕਸਿਆਂ ਨੂੰ ਠੰਡ ਤੋਂ ਬਚਾਉਣ ਲਈ ਬਕਸੇ ਵਿਚਲੀਆਂ ਤ੍ਰੇੜਾਂ  ਲਿੱਪ ਦਿਓ ਅਤੇ ਬਕਸਿਆਂ ਅੰਦਰ ਖਾਲੀ ਥਾਂ ਤੇ ਸਰਦੀ ਦੀ ਪੈਕਿੰਗ ਦਿਓ ।

ਮਸ਼ਰੂਮ ਉਤਪਾਦਨ

ਬਟਨ ਖੁੰਬ ਦੀ ਤੁੜਾਈ ਅਤੇ ਸੰਭਾਲ ਕਰੋ। ਖੁੰਬ ਦੀ ਦੂਜੀ ਫਸਲ ਲਈ ਕੰਪੋਸਟ ਤਿਆਰ ਕਰਨਾ ਸ਼ੁਰੂ ਕਰ ਦਿਓ ਅਤੇ  ਕਮਰਿਆਂ ਨੂੰ ਫ਼ਾਰਮਲੀਨ ਦਵਾਈ ਨਾਲ ਕੀਟਾਣੂ ਰਹਿਤ ਕਰ ਲਵੋ। ਢੀਂਗਰੀ ਦੀ ਕਟਾਈ ਕਰਦੇ ਰਹੋ ਅਤੇ ਇਸਦੀ ਲਗਾਤਾਰ ਪੈਦਾਵਾਰ ਲੈਣ ਲਈ ਨਵੇਂ ਲਿਫਾਫੇ ਲਗਾਉਣੇ ਜਾਰੀ ਰੱਖੋ ਅਤੇ ਇਸ ਲਈ ਬੀਜ ਬਾਗਬਾਨੀ ਵਿਭਾਗ ਤੋਂ ਪ੍ਰਾਪਤ ਕਰੋ।

 

ਡਾ. ਸੁਖਦੀਪ ਸਿੰਘ ਹੁੰਦਲ

ਐੱਚ. ਡੀ. ਓ. -ਕਮ- ਸਟੇਟ ਨੋਡਲ ਅਫਸਰ, ਘਰੇਲੂ ਬਗੀਚੀ, ਪੰਜਾਬ