Expert Advisory Details

idea99PAU.jpg
Posted by Communication Department, PAU
Punjab
2018-09-06 05:34:45

ਝੋਨੇ ਨੂੰ ਸ਼ੀਥ ਬਲਾਈਟ ਅਤੇ ਝੂਠੀ ਕਾਂਗਿਆਰੀ ਤੋਂ ਬਚਾਉਣ ਲਈ ਸਹੀ ਸਮੇਂ ਸਹੀ ਛਿੜਕਾਅ ਕਰੋ-ਪੀਏਯੂ ਮਾਹਿਰ

ਤਣੇ ਦੁਆਲੇ ਪੱਤੇ ਦਾ ਝੁਲਸ ਰੋਗ (ਸ਼ੀਥ ਬਲਾਈਟ) ਅਤੇ ਝੂਠੀ ਕਾਂਗਿਆਰੀ (ਹਲਦੀ ਰੋਗ) ਝੋਨੇ ਦੀਆਂ ਬਹੁਤ ਹੀ ਨੁਕਸਾਨਦਾਇਕ ਬਿਮਾਰੀਆਂ ਹਨ ਅਤੇ ਇਨ੍ਹਾਂ ਦਾ ਝਾੜ ਤੇ ਮਾੜਾ ਅਸਰ ਪੈਂਦਾ ਹੈ।

Ÿ ਮੌਜੂਦਾ ਮੌਸਮ ਅਤੇ ਫ਼ਸਲ ਦੀ ਅਵਸਥਾ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ (ਸ਼ੀਥ ਬਲਾਈਟ) ਲਈ ਬਹੁਤ ਅਨੁਕੂਲ ਹਨ ਅਤੇ ਇਸ ਰੋਗ ਦਾ ਹਮਲਾ ਪਹਿਲਾਂ ਵੱਟਾਂ ਦੇ ਆਲੇ-ਦੁਆਲੇ ਸ਼ੁਰੂ ਹੁੰਦਾ ਹੈ । ਇਸ ਰੋਗ ਦਾ ਹਮਲਾ ਬਾਸਮਤੀ ਦੀਆਂ ਕਿਸਮਾਂ 'ਤੇ ਵੀ ਹੋ ਜਾਂਦਾ ਹੈ ।

Ÿ ਨਿਸਾਰੇ ਦੇ ਸਮੇਂ ਇਸ ਰੋਗ ਦਾ ਹਮਲਾ ਵਧੇਰੇ ਹੁੰਦਾ ਹੈ ਅਤੇ ਰੋਗੀ ਬੂਟਿਆਂ ਦੀਆਂ ਮੁੰਜਰਾਂ ਵਿੱਚ ਦਾਣੇ ਘੱਟ ਬਣਦੇ ਹਨ ।

Ÿ ਇਸ ਰੋਗ ਦੀ ਸ਼ੁਰੂਆਤ ਹੋਣ ਤੇ ਫ਼ਸਲ ਨੂੰ ਬਚਾਉਣ ਲਈ 80 ਗ੍ਰਾਮ ਨਟੀਵੋ ਜਾਂ 320 ਮਿ.ਲਿ. ਲਸਚਰ ਜਾਂ 200 ਮਿ.ਲਿ. ਐਮੀਸਟਾਰ ਟੋਪ ਜਾਂ ਟਿਲਟ/ਬੰਪਰ ਜਾਂ ਫੋਲੀਕਰ/ਓਰੀਅਸ ਜਾਂ ਮੋਨਸਰਨ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਫ਼ਸਲ ਦੇ ਮੁੱਢਾਂ ਵੱਲ ਸੇਧਿਤ ਕਰਕੇ ਛਿੜਕਾਅ ਕਰਨ ਦੀ ਸਲਾਹ ਦਿੱਤੀ ਜਾਂਦਾ ਹੈ ਅਤੇ ਇਹ ਛਿੜਕਾਅ 15 ਦਿਨਾਂ ਬਾਅਦ ਫਿਰ ਦੁਹਰਾਉਣਾ ਚਾਹੀਦਾ ਹੈ ।

Ÿ ਫ਼ਸਲ ਦੇ ਨਿਸਰਣ ਸਮੇਂ ਬੱਦਲਵਾਈ, ਮੀਂਹ ਅਤੇ ਜ਼ਿਆਦਾ ਸਿੱਲ ਵਾਲੇ ਮੌਸਮ ਵਿੱਚ ਝੂਠੀ ਕਾਂਗਿਆਰੀ ਦਾ ਹਮਲਾ ਵਧੇਰੇ ਹੁੰਦਾ ਹੈ । ਇਸ ਰੋਗ ਦੇ ਹਮਲੇ ਨਾਲ ਮੁੰਜਰਾਂ ਵਿਚਲੇ ਦਾਣੇ ਹਰੇ ਪੀਲੇ ਰੰਗ ਦੀ ਧੂੜੇਦਾਰ ਉੱਲੀ ਦੇ ਗੋਲਿਆਂ ਵਿੱਚ ਤਬਦੀਲ ਹੋ ਜਾਂਦੇ ਹਨ ।

Ÿ ਫ਼ਸਲ ਦੀ ਕਟਾਈ ਤੋਂ ਬਾਅਦ ਇਹ ਗੋਲੇ ਜ਼ਮੀਨ ਵਿੱਚ ਪਲਦੇ ਰਹਿੰਦੇ ਹਨ ਅਤੇ ਅਗਲੇ ਸਾਲ ਝੋਨੇ ਦੇ ਨਿਸਾਰੇ ਵੇਲੇ ਮੁੰਜਰਾਂ ਵਿੱਚ ਬਣ ਰਹੇ ਦਾਣਿਆਂ ਤੇ ਹਮਲਾ ਕਰ ਦਿੰਦੇ ਹਨ । ਇਸ ਬਿਮਾਰੀ ਦੀ ਰੋਕਥਾਮ ਲਈ ਫ਼ਸਲ ਦੇ ਗੋਭ ਵਿੱਚ ਆਉਣ ਸਮੇਂ 500 ਗ੍ਰਾਮ ਕੋਸਾਈਡ ਪ੍ਰਤੀ ਏਕੜ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।

Ÿ ਬਿਮਾਰੀ ਆਉਣ ਤੋਂ ਬਾਅਦ ਇਨ੍ਹਾਂ ਉੱਲੀਨਾਸ਼ਕਾਂ ਦੇ ਛਿੜਕਾਅ ਦਾ ਇਸ ਬਿਮਾਰੀ ਤੇ ਕੋਈ ਅਸਰ ਨਹੀਂ ਹੁੰਦਾ । ਇਸ ਲਈ ਝੋਨੇ ਦੀ ਫ਼ਸਲ ਨੂੰ ਇਸ ਬਿਮਾਰੀ ਤੋਂ ਸਹੀ ਸਮੇਂ ਤੇ ਬਚਾਉਣ ਲਈ ਫ਼ਸਲ ਦਾ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ ।