Expert Advisory Details

idea99LOGO_of_university1.jpg
Posted by Guru Angad Dev Veterinary and Animal Sciences University
Punjab
2018-12-27 11:48:07

ਸਰਦੀਆਂ ਦੇ ਮੌਸਮ ਵਿਚ ਮੱਛੀ ਪਾਲਣ ਸੰਬੰਧੀ ਵਿਸ਼ੇਸ਼ ਸਲਾਹ

ਲੋਕ ਸੰਪਰਕ ਦਫ਼ਤਰ

ਪਸਾਰ ਸਿੱਖਿਆ ਨਿਰਦੇਸ਼ਾਲਾ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ

ਸਰਦੀਆਂ ਦੇ ਮੌਸਮ ਵਿੱਚ ਮੱਛੀ ਪਾਲਣ ਸੰਬੰਧੀ ਵਿਸ਼ੇਸ਼ ਖ਼ਿਆਲ ਰੱਖਣਾ ਬਹੁਤ ਜ਼ਰੂਰੀ

ਲੁਧਿਆਣਾ-24-ਦਸੰਬਰ-2018

ਮੱਛੀਆਂ ਠੰਡੇ ਖੂਨ ਵਾਲਾ ਜੀਵ ਹਨ ਇਸ ਲਈ ਸਰਦੀਆਂ ਵਿੱਚ ਇਨ੍ਹਾਂ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਪੈਂਦੀ ਹੈ।ਇਸ ਮੌਸਮ ਵਿੱਚ ਇਨ੍ਹਾਂ ਦੀ ਰੋਗਾਂ ਤੋਂ ਬਚਣ ਦੀ ਸਮਰੱਥਾ ਵੀ ਘੱਟ ਜਾਂਦੀ ਹੈ ਜਿਸ ਕਾਰਣ ਬਿਮਾਰੀਆਂ ਦਾ ਹਮਲਾ ਹੋਣ ਦਾ ਖਤਰਾ ਵਧ ਜਾਂਦਾ ਹੈ।ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫਿਸ਼ਰੀਜ਼ ਕਾਲਜ ਦੇ ਵਿਗਿਆਨੀ ਡਾ. ਮੀਰਾ.ਡੀ. ਆਂਸਲ ਨੇ ਦਿੱਤੀ।ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਮੱਛੀਆਂ ਦੇ ਤਲਾਬਾਂ ਵਿੱਚ ਪਾਣੀ ਦੀ ਉਪਰਲੀ ਸਤਹਿ ਦਾ ਤਾਪਮਾਨ ਹੇਠਲੀ ਸਤਹਿ ਨਾਲੋਂ ਘੱਟ ਹੁੰਦਾ ਹੈ ਇਸ ਲਈ ਮੱਛੀਆਂ ਹੇਠਲੇ ਪਾਣੀ ਵਿੱਚ ਰਹਿਣਾ ਚਾਹੁੰਦੀਆਂ ਹਨ। ਇਸ ਲਈ ਸਰਦੀਆਂ ਦੇ ਮੌਸਮ ਵਿੱਚ ਤਲਾਬਾਂ ਵਿੱਚ ਘੱਟੋਂ ਘੱਟ 6 ਫੁੱਟ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ ਜਿਸ ਨਾਲ ਕਿ ਮੱਛੀਆਂ ਆਰਾਮ ਨਾਲ ਪਾਣੀ ਦੀ ਹੇਠਲੀ ਨਿੱਘੀ ਸਤਹਿ ਵਿੱਚ ਰਹਿ ਸਕਦੀਆਂ ਹਨ।ਸਰਦੀਆਂ ਵਿੱਚ ਦਿਨ ਛੋਟੇ ਹੋ ਜਾਂਦੇ ਹਨ ਅਤੇ ਰੌਸ਼ਨੀ ਵੀ ਘੱਟ ਮਿਲਦੀ ਹੈ। ਇਸ ਲਈ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਵੀ ਘੱਟ ਜਾਂਦੀ ਹੈ, ਕਈ ਵਾਰ ਬੱਦਲਵਾਈ ਦਾ ਮੌਸਮ ਹੋਣ ਕਾਰਣ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ।ਇਸ ਲਈ ਜ਼ਰੂਰੀ ਹੈ ਕਿ ਅਜਿਹੇ ਮੌਸਮ ਵਿੱਚ ਤਾਜ਼ਾ ਪਾਣੀ ਪਾਉਂਦੇ ਰਿਹਾ ਜਾਵੇ। ਜੇਕਰ ਤਲਾਬਾਂ ਦੇ ਕਿਨਾਰੇ 'ਤੇ ਰੁੱਖ ਹਨ ਤਾਂ ਉਨ੍ਹਾਂ ਰੁੱਖਾਂ ਨੂੰ ਛਾਂਗ ਦੇਣਾ ਚਾਹੀਦਾ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੇ ਡਿਗਦੇ ਪੱਤਿਆਂ ਨੂੰ ਤਾਲਾਬ ਤੋਂ ਬਾਹਰ ਕੱਢ ਦਿੱਤਾ ਜਾਏ। ਇਹ ਵੀ ਵੇਖਿਆ ਗਿਆ ਹੈ ਕਿ ਇਸ ਮੌਸਮ ਵਿੱਚ ਕਈ ਪਰਜੀਵੀ, ਅਤੇ ਉੱਲੀ ਆਦਿ ਵੀ ਮੱਛੀਆਂ ਨੂੰ ਨੁਕਸਾਨ ਪਹੁੰਚਾਉਦੇ ਹਨ ਜਿਸ ਵਾਸਤੇ ਲੋੜੀਂਦੀਆਂ ਤੇ ਸਹੀ ਦਵਾਈਆਂ ਡਾਕਟਰ ਦੀ ਸਲਾਹ ਨਾਲ ਵਰਤ ਲੈਣੀਆਂ ਚਾਹੀਦੀਆਂ ਹਨ। ਤਾਲਾਬ ਨੂੰ ਪ੍ਰਤੀ ਏਕੜ 1-2 ਕਿਲੋ ਲਾਲ ਦਵਾਈ ਪਾ ਕੇ ਸਾਫ ਰੱਖਣਾ ਚਾਹੀਦਾ ਹੈ।

ਮੱਛੀਆਂ ਦੀ ਖਾਣ ਦੀ ਸਮਰੱਥਾ ਵੀ ਘੱਟ ਜਾਂਦੀ ਹੈ ਅਤੇ ਉਨ੍ਹਾਂ ਨੂੰ ਪੂਰੀ ਮਿਕਦਾਰ ਦੀ ਪਾਈ ਫੀਡ ਪੂਰਨ ਤੌਰ ਤੇ ਖਾਧੀ ਨਹੀਂ ਜਾਂਦੀ ਅਤੇ ਉਹ ਤਾਲਾਬ ਦੇ ਥੱਲੇ ਬੈਠ ਜਾਂਦੀ ਹੈ ਜਿਸ ਨਾਲ ਤਾਲਾਬ ਦੇ ਪਾਣੀ ਦੀ ਕੁਆਲਿਟੀ ਵੀ ਖਰਾਬ ਹੁੰਦੀ ਹੈ ਇਸ ਲਈ ਖੁਰਾਕ ਦੀ ਮਾਤਰਾ ਵੀ ਘਟਾ ਦੇਣੀ ਚਾਹੀਦੀ ਹੈ। ਪਾਣੀ ਵਿੱਚ ਪੈਦਾ ਹੋਣ ਵਾਲੀ ਕਾਈ ਜਾਂ ਵਨਸਪਤੀ ਨੂੰ ਸਾਫ ਕਰਦੇ ਰਹਿਣਾ ਚਾਹੀਦਾ ਹੈ। ਤਾਲਾਬ ਵਿੱਚ ਆਕਸੀਜਨ ਦੀ ਮਾਤਰਾ ਵਧਾਉਣ ਲਈ ਏਰੀਏਟਰ ਵੀ ਚਲਾਉਣਾ ਚਾਹੀਦਾ ਹੈ।ਪਾਣੀ ਦੇ ਖਾਰੇ ਅਤੇ ਤੇਜ਼ਾਬੀਪਣ ਦੀ ਜਾਂਚ ਵੀ ਬਹੁਤ ਜ਼ਰੂਰੀ ਹੈ। ਇਸ ਜਾਂਚ ਦੇ ਨਾਲ ਅਸੀਂ ਪਾਣੀ ਵਿੱਚ ਇਨ੍ਹਾਂ ਮਾਦਿਆਂ ਨੂੰ ਸੰਤੁਲਿਤ ਕਰ ਸਕਦੇ ਹਾਂ। ਡਾ. ਮੀਰਾ ਨੇ ਕਿਹਾ ਕਿ ਮੱਛੀ ਪਾਲਕ ਇਨ੍ਹਾਂ ਨੁਕਤਿਆਂ ਦੀ ਵਰਤੋਂ ਕਰਕੇ ਜਿੱਥੇ ਮੱਛੀਆਂ ਦੀ ਸਿਹਤ ਅਤੇ ਉਤਪਾਦਨ ਨੂੰ ਠੀਕ ਰੱਖ ਸਕਦੇ ਹਨ ਉਥੇ ਆਪਣੇ ਆਰਥਿਕ ਲਾਭ ਨੂੰ ਕਾਇਮ ਰੱਖ ਸਕਦੇ ਹਨ।