Expert Advisory Details

idea9964886283-fd64-4957-9638-cd7baad02e88.jpg
Posted by Dr. Sukhdip Hundal
Punjab
2018-04-04 20:16:25

ਅਪ੍ਰੈਲ ਮਹੀਨੇ ਦੇ ਪਹਿਲੇ ਪੰਦਰਵਾੜੇ ਦੇ ਬਾਗਬਾਨੀ ਰੁਝੇਵੇਂ

ਫਲਦਾਰ ਬੂਟੇ

1. ਸਦਾਬਹਾਰ ਫਲਦਾਰ ਬੂਟਿਆਂ ਨੂੰ ਸੋਕੇ ਅਤੇ ਜ਼ਿਆਦਾ ਗਰਮੀ ਤੋਂ ਬਚਾਅ ਲਈ ਨਵੇਂ ਲਗਾਏ ਬੂਟਿਆਂ ਨੂੰ ਲਗਾਤਾਰ ਹਲਕੀ ਸਿੰਚਾਈ ਕਰੋ ਅਤੇ ਹੇਠਾ ਵਾਲੇ ਭਾਗ ਤੇ ਨਿਕਲ ਰਹੀਆਂ ਸ਼ਾਖਾਵਾਂ ਨੂੰ ਤੋੜਦੇ ਰਹੋ।

2. ਆੜੂ ਅਤੇ ਅਲੂਚਾ ਦੇ ਵਧੀਆ ਅਕਾਰ ਦੇ ਫਲ ਲੈਣ ਇੰਨਾਂ ਨੂੰ ਵਿਰਲੇ ਕਰਨ ਲਈ ਫਲਾਂ ਵਿਚਕਾਰ 10-15 ਸੈਟੀਮੀਟਰ ਦਾ ਫਾਸਲਾ ਰੱਖ ਕੇ ਵਿਚਲੇ ਫ਼ਲ ਪਹਿਲੇ ਹਫਤੇ ਤੱਕ ਤੋੜ ਦਿਉ। ਇੰਨਾਂ ਫ਼ਲਾਂ ਦੇ ਵਾਧੇ ਨੂੰ ਵੇਖਦੇ ਹੋਏ 3-4 ਦਿਨਾਂ ਦੇ ਵਾਖਫੇ ਤੇ ਸਿੰਚਾਈ ਕਰਦੇ ਰਹੋ ਤੇਲੇ ਦੀ ਰੋਕਥਾਮ ਲਈ 1.6 ਮਿ.ਲੀ. ਰੋਗਰ 30 ਤਾਕਤ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ 15 ਦਿਨ ਦੇ ਵਕਫੇ ਤੇ ਦੋ ਛਿੜਕਾਅ ਕਰੋ।

3. ਨਿੰਬੂ ਜਾਤੀ ਬੂਟਿਆਂ ਤੇ ਸਿੱਲੇ ਅਤੇ ਚੇਪੇ ਦੀ ਰੋਕਥਾਮ ਲਈ 0.4 ਮਿ.ਲਿ. ਕਰੋਕੋਡਾਈਲ ਜਾਂ ਕਨਫੀਡੋਰ 17.8 ਤਾਕਤ ਜਾਂ 0.3 ਗ੍ਰਾਮ ਐਕਟਾਰਾ 25 ਤਾਕਤ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਛਿੜਕਾਅ ਕਰੋ। ਥਰਿੱਪ ਦੇ ਹਮਲੇ ਨੂੰ ਰੋਕਣ ਲਈ 2 ਮਿ.ਲਿ. ਫਾਸਮਾਟਈ 50 ਤਾਕਤ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਜਿੰਕ ਦੀ ਘਾਟ ਦੂਰ ਕਰਨ ਲਈ 3 ਗ੍ਰਾਮ ਜ਼ਿੰਕ ਸਲਫੇਟ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਛਿੜਕਾਅ ਕਰੋ।

4. ਬੇਰ ਵਿੱਚ ਲਾਖ ਦੇ ਕੀੜੇ ਤੋ ਬਚਾਅ ਲਈ 1 ਮਿ.ਲਿ. ਰੋਗਰ 30 ਤਾਕਤ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਛਿੜਕਾਅ ਕਰੋ।

ਸਬਜੀਆਂ 

1. ਗਰਮ ਰੁੱਤ ਦੀਆਂ ਸਬਜੀਆਂ ਨੂੰ ਸਿੰਚਾਈ ਦਾ ਖਾਸ ਖਿਆਲ ਰੱਖੋ ਅਤੇ ਅਗੇਤੀਆਂ ਬੀਜੀਆਂ ਸਬਜੀਆਂ ਜਿਵੇਂ ਬੈਂਗਣ, ਮਿਰਚ, ਸ਼ਿਮਲਾ ਮਿਰਚ ਅਤੇ ਕੱਦੂ ਜਾਤੀ ਦੀਆਂ ਸਬਜੀਆਂ ਦੀ ਤੁੜਾਈ ਦੁਪਹਿਰ ਵੇਲੇ ਕਰੋ ਪਰ ਘੀਆ ਕੱਦੂ ਦੀ ਤੁੜਾਈ ਸਵੇਰ ਵੇਲੇ ਕਰੋ।

2. ਪਿਆਜ਼ ਦੀ ਮਾਰਚ ਵਿੱਚ ਬੀਜੀ ਗਈ  ਪਨੀਰੀ ਦੀ ਵਧੀਆ ਤਰੀਕੇ ਨਾਲ ਦੇਖਭਾਲ ਕਰੋ ਅਤੇ 5-7 ਦਿਨ ਦੇ ਵਕਫੇ ਤੇ ਪਾਣੀ ਦਿੰਦੇ ਰਹੋ।

3. ਟਮਾਟਰ ਨੂੰ ਹਫਤੇ ਵਿੱਚ ਇੱਕ ਵਾਰ ਸਿੰਚਾਈ ਕਰੋ ਤਾਂ ਜੋ ਫਲ ਵਿੱਚ ਵਾਧਾ ਹੋਵੇ। ਤਿਆਰ ਹੋਏ ਟਮਾਟਰਾਂ ਨੂੰ ਤੁੜਾਈ ਕਰਕੇ ਦੂਰ ਨੇੜੇ ਦੀ ਮੰਡੀਆਂ ਵਿੱਚ ਭੇਜਦੇ ਰਹੋ। ਟਮਾਟਰਾਂ ਦੇ ਫਲ ਦੇ ਗੜੂੰਏਂ ਦੀ ਰੋਕਥਾਮ ਲਈ 0.3 ਮਿ.ਲਿ. ਫੇਮ 480 ਐਸ.ਐਲ. ਜਾਂ 6 ਮਿ.ਲਿ. ਕਰੀਨਾਂ 50 ਤਾਕਤ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਫੇਮ ਦੇ ਸਪਰੇ ਤੋਂ ਬਾਅਦ ਫਲ ਤੋੜਨ ਲਈ 3 ਦਿਨ ਤੱਕ ਇੰਤਜ਼ਾਰ ਕਰੋ।

4. ਮਿਰਚਾਂ ਦੀ ਬਿਜਾਈ ਤੋਂ ਪਹਿਲਾਂ 220 ਗ੍ਰਾਮ ਯੂਰੀਆ, 800 ਗ੍ਰਾਮ ਸਿੰਗਲ ਸੁਪਰਫਾਸਫੇਟ ਅਤੇ 125 ਗ੍ਰਾਮ ਮਿਊਰੇਟ ਆਫ ਪੋਟਾਸ਼ ਖਾਦ ਪ੍ਰਤੀ ਮਰਲਾ ਪਾ ਦਿਓ। ਬੂਟੇ ਲਾਉਦੇ ਸਮੇਂ ਕਤਾਰਾਂ ਦੀ ਦੂਰੀ 75 ਸੈ.ਮੀ. ਅਤੇ ਬੂਟਿਆਂ ਦਾ ਫਾਸਲਾ 45-60 ਸੈ.ਮੀ. ਰੱਖੋ।

ਖੁੰਬਾਂ 

1. ਖੁੰਬਾਂ ਦੀ ਸਰਦ ਰੁੱਤ ਵਿੱਚ ਕਾਸ਼ਤ ਕਰਨ ਲਈ ਤੂੜੀ ਦਾ ਪ੍ਰਬੰਧ ਹੁਣ ਹੀ ਕਰ ਲਵੋ।

2. ਗਰਮ ਰੁੱਤ ਦੀ ਮਿਲਕੀ ਖੁੰਬ ਅਤੇ ਪਰਾਲੀ ਵਾਲੀ ਖੁੰਬ ਲਈ ਬੀਜ ਪੀ.ਏ.ਯੂ. ਦੇ ਮਾਈਕਰੋਬਾਇਲੋਜੀ ਵਿਭਾਗ ਵਿੱਚ ਹੁਣੇ ਹੀ ਬੁੱਕ ਕਰਵਾ ਦਿਓ।

ਫੁੱਲ 

1. ਕੋਸਮੋਸ, ਗਲਾਰਡੀਆ, ਗੋਮਫਰੀਨਾ, ਕੋਚੀਆ, ਜ਼ੀਨੀਆ, ਪਾਰਚੂਲੈਕਾ ਫੁੱਲਾਂ ਦੀ ਪਨੀਰੀ ਕਿਆਰੀ ਵਿੱਚ ਸ਼ਾਮ ਸਮੇਂ ਲਗਾ ਕੇ ਹਲਕਾ ਪਾਣੀ ਲਗਾ ਦਿਉ।

2. ਘਾਹ ਦੇ ਲਾਅਨ ਨੂੰ ਹਰਾ ਭਰਾ ਰੱਖਣ ਲਈ ਸਿੰਚਾਈ ਦਾ ਖਾਸ ਧਿਆਨ ਰੱਖੋ ਅਤੇ ਫੁਆਰੇ ਨਾਲ ਸਿੰਚਾਈ ਕਰੋ।

ਸ਼ਹਿਦ ਮੱਖੀ ਪਾਲਣ 

ਸ਼ਹਿਦ ਮੱਖੀਆਂ ਦੇ ਬਕਸਿਆਂ ਵਿੱਚ ਇਸ ਮਹੀਨੇ ਵਾਧਾ ਸਿਖਰ ਤੇ ਹੁੰਦਾ ਹੈ ਅਤੇ ਮੱਖੀ ਦੇ ਸਵਾਰਮ ਕਰਨ ਦੀ ਵੀ ਕਾਫੀ ਸੰਭਾਵਨਾ ਹੁੰਦੀ ਹੈ ਇਸ ਲਈ ਇਸ ਨੂੰ ਰੋਕਣ ਲਈ ਉਪਰਾਲੇ ਕੀਤੇ ਜਾਣ। ਤਿਆਰ ਹੋਏ ਛੱਤਿਆਂ ਵਿੱਚੋ ਸ਼ਹਿਦ ਕੱਢ ਲਉ।