Expert Advisory Details

idea99ranjeet.jpg
Posted by Dr. Ranjeet Singh
Punjab
2018-02-26 06:57:41

ਮਾਂਹ ਤੇ ਮੂੰਗੀ ਦੀ ਬਿਜਾਈ ਦਾ ਢੁਕਵਾਂ ਸਮਾਂ

ਮਾਰਚ ਦੇ ਮਹੀਨੇ ਨੂੰ ਗਿਆਨ ਪ੍ਰਾਪਤੀ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਇਸ ਮਹੀਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਲਾਏ ਜਾਂਦੇ ਹਨ। ਮੇਲੇ ਵਿੱਚ ਯੂਨੀਵਰਸਿਟੀ ਵੱਲੋਂ ਲਾਈਆਂ ਪ੍ਰਦਰਸ਼ਨੀਆਂ ਨੂੰ ਧਿਆਨ ਨਾਲ ਵੇਖੋ। ਉੱਥੇ ਹਾਜ਼ਰ ਮਾਹਿਰਾਂ ਨਾਲ ਖੁੱਲ੍ਹ ਕੇ ਵਿਚਾਰ ਵਿਟਾਂਦਰਾ ਕਰੋ। ਉਨ੍ਹਾਂ ਤੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਪੁੱਛੋ। ਜੇ ਤੁਸੀਂ ਆਪਣੇ ਖੇਤ ਦੀ ਮਿੱਟੀ ਜਾਂ ਪਾਣੀ ਦੀ ਪਰਖ ਕਰਾਉਣੀ ਹੈ ਤਾਂ ਉਸ ਦੇ ਨਮੂਨੇ ਵੀ ਨਾਲ ਲੈ ਕੇ ਜਾਓ। ਯੂਨੀਵਰਸਿਟੀ ਵੱਲੋਂ ਇਨ੍ਹਾਂ ਦੀ ਪਰਖ ਮੁਫ਼ਤ ਕੀਤੀ ਜਾਂਦੀ ਹੈ। ਜੇ ਕਿਸੇ ਫਸਲ ’ਤੇ ਬਿਮਾਰੀ ਜਾਂ ਕੀੜੇ ਦਾ ਹਮਲਾ ਨਜ਼ਰ ਆਉਂਦਾ ਹੈ ਤਾਂ ਉਹ ਬੂਟਾ ਵੀ ਪੁੱਟ ਕੇ ਨਾਲ ਲੈ ਕੇ ਜਾਓ। ਮੇਲੇ ਵਿੱਚ ਨਵੇਂ ਬੀਜ ਖਰੀਦਣ ਤੋਂ ਇਲਾਵਾ ਖੇਤੀ ਸਬੰਧੀ ਕਿਤਾਬਾਂ ਵੀ ਜ਼ਰੂਰ ਖਰੀਦੀਆਂ ਜਾਣ। ਯੂਨੀਵਰਸਿਟੀ ਵੱਲੋਂ ਦੋ ਮਾਸਕ ਪੱਤਰ ‘ਚੰਗੀ ਖੇਤੀ’ ਪੰਜਾਬੀ ਵਿੱਚ ਤੇ ‘ਪ੍ਰੋਗਰੈਸਿਵ ਫ਼ਾਰਮਿੰਗ’ ਅੰਗਰੇਜ਼ੀ ਵਿੱਚ ਛਾਪੇ ਜਾਂਦੇ ਹਨ। ਇਨ੍ਹਾਂ ਦੇ ਮੈਂਬਰ ਬਣੋ। ਆਪਣੀ ਲੋੜ ਅਨੁਸਾਰ ਸਬੰਧਿਤ ਮਾਹਿਰ ਨਾਲ ਰਾਬਤਾ ਕਾਇਮ ਕਰੋ ਤੇ ਉਸ ਦਾ ਫ਼ੋਨ ਨੰਬਰ ਜ਼ਰੂਰ ਲੈ ਕੇ ਆਵੋ ਤਾਂ ਜੋ ਲੋੜ ਪੈਣ ’ਤੇ ਤੁਸੀਂ ਵਿਚਾਰ ਵਟਾਂਦਰਾ ਕਰ ਸਕੋ। ਮਾਰਕਫ਼ੈੱਡ ਦਾ ਸਟਾਲ ਜ਼ਰੂਰ ਦੇਖੋ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਖੇਤੀ ਉਪਜ ਤੋਂ ਕਿਹੜੇ ਪਦਾਰਥ ਬਣਾਏ ਜਾ ਸਕਦੇ ਹਨ। ਮਾਰਕਫ਼ੈੱੱਡ ਪਸ਼ੂ ਖ਼ੁਰਾਕ ਵੀ ਤਿਆਰ ਕਰਦੀ ਹੈ। ਲੁਧਿਆਣੇ ਦਾ ਮੁੱਖ ਮੇਲਾ 23-24 ਮਾਰਚ ਨੂੰ ਹੋਵੇਗਾ। ਗੁਰਦਾਸਪੁਰ 14 ਮਾਰਚ, ਰੋਣੀ, ਪਟਿਆਲਾ 19 ਮਾਰਚ ਤੇ ਬਠਿੰਡੇ ਦਾ ਮੇਲਾ 27 ਮਾਰਚ ਨੂੰ ਹੋਵੇਗਾ।

ਦਾਲਾਂ ਖੁਰਾਕ ਦਾ ਅਨਿੱਖੜਵਾਂ ਅੰਗ ਹਨ। ਮਾਂਹ ਤੇ ਮੂੰਗੀ ਤਾਂ ਪੰਜਾਬੀਆਂ ਦੀਆਂ ਮਨਭਾਉਂਦੀਆਂ ਦਾਲਾਂ ਹਨ। ਬਾਜ਼ਾਰ ਵਿੱਚ ਇਨ੍ਹਾਂ ਦੀ ਕੀਮਤ ਬਹੁਤ ਵਧ ਗਈ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਘੱਟੋ-ਘੱਟ ਘਰ ਦੀ ਲੋੜ ਪੂਰੀ ਕਰਨ ਲਈ ਇਨ੍ਹਾਂ ਦੀ ਕੁਝ ਰਕਬੇ ਵਿੱਚ ਕਾਸ਼ਤ ਜ਼ਰੂਰ ਕੀਤੀ ਜਾਵੇ। ਪੀਏਯੂ ਵੱਲੋਂ ਮਾਂਹ ਅਤੇ ਮੂੰਗੀ ਦੀਆਂ ਅਜਿਹੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਬਿਜਾਈ ਹੁਣ ਕੀਤੀ ਜਾ ਸਕਦੀ ਹੈ। ਐੱਸਐੱਮਐੱਲ 668, ਐੱਸਐੱਮਐੱਲ 832 ਅਤੇ ਟੀਐੱਮਬੀ 37 ਮੂੰਗੀ ਦੀਆਂ ਕਿਸਮਾਂ ਹਨ, ਜਦੋਂਕਿ ਮਾਂਹ-1008 ਅਤੇ ਮਾਂਹ-218 ਮਾਂਹਾਂ ਦੀਆਂ ਕਿਸਮਾਂ ਹਨ। ਇਨ੍ਹਾਂ ਦੇ ਬੀਜ ਯੂਨੀਵਰਸਿਟੀ ਤੋਂ ਵੀ ਲਏ ਜਾ ਸਕਦੇ ਹਨ। ਮੂੰਗੀ ਦਾ 15 ਕਿਲੋ ਅਤੇ ਮਾਂਹਾਂ ਦਾ 20 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਦਾਲਾਂ ਦੀ ਕਾਸ਼ਤ ਧਰਤੀ ਦੀ ਸਿਹਤ ਵਿੱਚ ਸੁਧਾਰ ਕਰਦੀ ਹੈ ਫ਼ਿਰ ਵੀ ਬਿਜਾਈ ਸਮੇਂ 11 ਕਿਲੋ ਯੂਰੀਆ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮੂੰਗੀ ਨੂੰ 100 ਕਿਲੋ ਅਤੇ ਮਾਹ ਨੂੰ 60 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਇਆ ਜਾਵੇ। ਨਦੀਨਾਂ ਦੀ ਰੋਕਥਾਮ ਲਈ ਇੱਕ ਗੋਡੀ ਜ਼ਰੂਰ ਕਰੋ। ਜੇ ਆਲੂਆਂ ਪਿੱਛੋਂ ਬਿਜਾਈ ਕਰਨੀ ਹੈ ਫਿਰ ਕਿਸੇ ਵੀ ਖਾਦ ਦੀ ਲੋੜ ਨਹੀਂ ਹੈ।

ਕਣਕਾਂ ਨਿਖਰ ਆਈਆਂ ਹਨ। ਖੇਤਾਂ ਵਿੱਚ ਗੇੜਾ ਜ਼ਰੂਰ ਮਾਰੋ, ਜੇ ਕਾਂਗਿਆਹੀ ਦਾ ਕੋਈ ਸਿੱਟਾ ਨਜ਼ਰ ਆਵੇ ਤਾਂ ਉਸ ਨੂੰ ਪੁੱਟ ਕੇ ਨਸ਼ਟ ਕਰ ਦਿਓ। ਜਿਸ ਖੇਤ ਵਿੱਚੋਂ ਕਣਕ ਬੀਜ ਲਈ ਰੱਖਣੀ ਹੈ, ਉਸ ਵਿੱਚੋਂ ਦੂਜੇ ਨਦੀਨਾਂ ਦੇ ਬੂਟੇ ਵੀ ਪੁੱਟ ਦਿੱਤੇ ਜਾਣ ਤਾਂ ਜੋ ਸ਼ੁੱਧ ਬੀਜ ਪ੍ਰਾਪਤ ਹੋ ਸਕੇ। ਬੀਜ ਦੀ ਫ਼ਸਲ ਦੀ ਸਫ਼ਲਤਾ ਵਿੱਚ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਬੀਜ ਨਿਰੋਗ, ਸ਼ੁੱਧ ਅਤੇ ਸਿਫ਼ਾਰਸ਼ ਕੀਤੀ ਕਿਸਮ ਦਾ ਹੋਣਾ ਚਾਹੀਦਾ ਹੈ।

ਅੱਜਕੱਲ੍ਹ ਫ਼ਲਦਾਰ ਬੂਟੇ ਲਾਉਣ ਦਾ ਢੁੱਕਵਾਂ ਮੌਸਮ ਹੈ। ਜੇ ਬਾਗ਼ ਲਾਉਣਾ ਹੈ ਤਾਂ ਆਪਣੇ ਖੇਤ ਦੀ ਮਿੱਟੀ ਦੀ ਪਰਖ ਜ਼ਰੂਰ ਕਰਾਈ ਜਾਵੇ। ਇਸ ਸਬੰਧੀ ਬਾਗ਼ਬਾਨੀ ਮਾਹਿਰਾਂ ਦੀ ਸਲਾਹ ਲਈ ਜਾ ਸਕਦੀ ਹੈ। ਬੂਟੇ ਲਾਉਣ ਤੋਂ ਪਹਿਲਾਂ ਟੋਏ ਪੁੱਟਣੇ ਜ਼ਰੂਰੀ ਹਨ। ਮੀਟਰ ਡੂੰਘੇ ’ਤੇ ਮੀਟਰ ਹੀ ਘੇਰੇ ਵਾਲੇ ਟੋਏ ਪੁੱਟੇ ਜਾਣ। ਇਨ੍ਹਾਂ ਨੂੰ ਉੱਪਰਲੀ ਮਿਟੀ ਅਤੇ ਵਧੀਆ ਰੂੜੀ ਨੂੰ ਬਰਾਬਰ ਰਲਾ ਕੇ ਭਰਿਆ ਜਾਵੇ। ਸਿਉਂਕ ਦੀ ਰੋਕਥਾਮ ਲਈ 15 ਮਿਲੀਲਿਟਰ ਕਲੋਰੋਪਾਈਰੀਫ਼ਾਸ 20 ਈਸੀ ਨੂੰ ਦੋ ਕਿਲੋ ਮਿੱਟੀ ’ਚ ਰਲਾ ਕੇ ਹਰ ਟੋਏ ਵਿੱਚ ਜ਼ਰੂਰ ਪਾਵੋ। ਬੂਟੇ ਪੀਏਯੂ ਜਾਂ ਸਰਕਾਰੀ ਨਰਸਰੀ ਤੋਂ ਲਏ ਜਾਣ। ਇਹ ਢੁਕਵੀਂ ਕਿਸਮ, ਸਹੀ ਉਮਰ ਦੇ ਅਤੇ ਨਿਰੋਗ ਹੋਣੇ ਚਾਹੀਦੇ ਹਨ।

ਪੀਏਯੂ ਵੱਲੋਂ ਕਿੰਨੂ ਦੀ ਨਵੀਂ ਕਿਸਮ ਪੀਏਯੂ ਕਿੰਨੂ-1 ਤਿਆਰ ਕੀਤੀ ਗਈ ਹੈ। ਇਸ ਕਿਸਮ ਦੇ ਹੀ ਬੂਟੇ ਲਾਏ ਜਾਣ। ਵਲੈਨਸ਼ੀਆ, ਮੁਸੰਮੀ, ਅਰਲੀ ਗੋਲਡ, ਜਾਫ਼ਾ, ਬਲੱਡ ਰੈੱਡ ਮਾਲਟੇ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਸਟਾਰਰੂਬੀ, ਰੈੱਡਬਲੱਸ਼, ਮਾਰਸ਼ਸੀਡਲੈੱਸ, ਡੰਕਨ ਅਤੇ ਫ਼ੋਸਟਰ ਗਰੇਪਫ਼ਰੂਟ ਦੀਆਂ ਕਿਸਮਾਂ ਹਨ। ਨਿੰਬੂ ਦੀਆਂ ਕਾਗਜ਼ੀ, ਯੂਰੇਕਾ, ਪੰਜਾਬ ਬਾਰਾਮਾਸੀ ਨਿੰਬੂ ਅਤੇ ਪੀਏਯੂ ਬਾਰਾਮਾਸੀ ਨਿੰਬੂ-1 ਕਿਸਮਾਂ ਹਨ।

ਅਮਰੂਦ ਲਗਭਗ ਹਰ ਥਾਂ ਹੀ ਹੋ ਜਾਂਦਾ ਹੈ। ਇਸ ਵਿੱਚ ਵਿਟਾਮਿਨ ਸੀ ਕਾਫ਼ੀ ਹੁੰਦਾ ਹੈ। ਪੰਜਾਬ ਵਿੱਚ ਕਾਸ਼ਤ ਲਈ ਸ਼ਵੇਤਾ, ਪੰਜਾਬ ਪਿੰਕ, ਅਰਕਾ ਅਮੁਲਿਆ, ਸਰਦਾਰ, ਅਲਾਹਾਬਾਦ ਸਫ਼ੈਦਾ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਸ ਵਾਰ ਦੋ ਨਵੀਆਂ ਕਿਸਮਾਂ ਪੰਜਾਬ ਸਫ਼ੈਦਾ ਅਤੇ ਪੰਜਾਬ ਕਿਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਅੰਬ ਨੂੰ ਫ਼ਲਾਂ ਦਾ ਰਾਜਾ ਮੰਨਿਆ ਜਾਂਦਾ ਹੈ। ਪੰਜਾਬ ਵਿੱਚ ਕਾਸ਼ਤ ਲਈ ਅਲਫ਼ੈਜ਼ੋ, ਦੁਸਹਿਰੀ ਅਤੇ ਲੰਗੜਾ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੰਜਾਬ ਵਿੱਚ ਚੂਪਣ ਵਾਲੇ ਅੰਬਾਂ ਦੇ ਵਧੇਰੇ ਬਗ਼ੀਚੇ ਸਨ। ਪੀਏਯੂ ਵੱਲੋਂ ਚੂਪਣ ਵਾਲੇ ਅੰਬਾਂ ਦੀਆਂ ਅੱਠ ਕਿਸਮਾਂ; ਗੰਗੀਆਂ ਸੰਧੂਰੀ, ਜੀ ਐਨ-1, ਜੀ ਐਨ-2, ਜੀ ਐਨ-3, ਜੀ ਐਨ-4, ਜੀ ਐਨ-5, ਜੀ ਐਨ-6 ਅਤੇ ਜੀ ਐਨ-7, ਦੀ ਚੋਣ ਕੀਤੀ ਗਈ ਹੈ। ਇਨ੍ਹਾਂ ’ਚੋਂ ਕਿਸੇ ਵੀ ਕਿਸਮ ਦੇ ਬੂਟੇ ਲਾਏ ਜਾ ਸਕਦੇ ਹਨ। ਕੋਸ਼ਿਸ਼ ਕਰੋ ਕਿ ਗੰਗੀਆਂ ਸੰਧੂਰੀ ਕਿਸਮ ਦਾ ਬੂਟਾ ਲਾਇਆ ਜਾਵੇ। ਬੇਰਾਂ ਅਤੇ ਜਾਮਣਾਂ ਵਿੱਚ ਬਹੁਤ ਖੁਰਾਕੀ ਤੱਤ ਹੁੰਦੇ ਹਨ। ਜਾਮਣ ਦੀ ਕੋਈ ਕਿਸਮ ਵਿਕਸਤ ਨਹੀਂ ਹੋਈ। ਇਸ ਕਰਕੇ ਵਧੀਆ ਜਾਮਣਾਂ ਦੀਆਂ ਗਿਟਕਾਂ ਤੋਂ ਬੂਟੇ ਬਣਾਏ ਜਾ ਸਕਦੇ ਹਨ। ਬੇਰਾਂ ਦੀਆਂ ਵਲਾਇਤੀ, ਉਮਰਾਨ, ਸਨੋਰ-2 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਆਂਵਲੇ ਦੀ ਵਰਤੋਂ ਅਚਾਰ ਅਤੇ ਮੁਰੱਬੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਹ ਬਹੁਤ ਸਾਰੀਆਂ ਦਵਾਈਆਂ ਵਿੱਚ ਵੀ ਵਰਤਿਆ ਜਾਂਦਾ ਹੈ। ਇਸ ਦੇ ਬੂਟੇ ਸਾਰੇ ਸੂਬੇ ਵਿੱਚ ਲਾਏ ਜਾ ਸਕਦੇ ਹਨ। ਬਲਵੰਤ, ਨੀਲਮ ਅਤੇ ਕੰਚਨ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ।

ਲੁਗਾਠ ਦਾ ਇੱਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਹੈ। ਇਸ ਦਾ ਫ਼ਲ ਅਪਰੈਲ ਵਿੱਚ ਤਿਆਰ ਹੁੰਦਾ ਹੈ ਉਦੋਂ ਮੰਡੀ ਵਿੱਚ ਹੋਰ ਬਹੁਤ ਘੱਟ ਫਲ ਹੁੰਦੇ ਹਨ। ਕੈਲੋਫੋਰਨੀਆ ਐਡਵਾਂਸ, ਗੋਲਡਨ ਯੈਲੋ ਅਤੇ ਪੇਲ ਯੈਲੋ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਬਿਲ ਹੋਰ ਫ਼ਲ ਹੈ ਜਿਸ ਦੇ ਰਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਬੂਟੇ ਵੀ ਹੁਣੇ ਲਾਏ ਜਾ ਸਕਦੇ ਹਨ। ਉਮੀਦ ਹੈ ਇਸ ਮਹੀਨੇ ਤੁਸੀਂ ਕੁਝ ਫ਼ਲਦਾਰ ਬੂਟੇ ਆਪਣੇ ਖੇਤ ਵਿੱਚ ਜ਼ਰੂਰ ਲਾਵੋਗੇ।