Expert Advisory Details

idea99PAU.jpg
Posted by Communication Department, PAU
Punjab
2018-02-16 10:59:22

ਕਣਕ ਨੂੰ ਪੀਲੀ ਕੁੰਗੀ ਦੇ ਹਮਲੇ ਤੋਂ ਬਚਾਉਣ ਲਈ ਸੁਚੇਤ ਰਹੋ 

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਅਤੇ ਪੰਜਾਬ ਖੇਤੀ ਵਿਭਾਗ ਦੇ ਮਾਹਿਰਾਂ ਵੱਲੋਂ ਦਸੰਬਰ ਦੇ ਪਹਿਲੇ ਹਫਤੇ ਤੋਂ ਨੀਮ ਪਹਾੜੀ ਇਲਾਕਿਆਂ ਵਿੱਚ ਕਣਕ ਦੀ ਫ਼ਸਲ ਤੇ ਪੀਲੀ ਕੁੰਗੀ ਦੇ ਹਮਲੇ ਲਈ ਸਰਵੇਖਣ ਸ਼ੁਰੂ ਕਰ ਦਿੱਤੇ । ਡਾ. ਪੀ ਐਸ ਸੇਖੋਂ, ਮੁਖੀ ਪੌਦਾ ਰੋਗ ਵਿਭਾਗ ਨੇ ਦੱਸਿਆ ਕਿ ਹੁਣ ਤੱਕ ਪੀਲੀ ਕੁੰਗੀ ਦੀ ਸ਼ੁਰੂਆਤੀ ਆਮਦ ਧੌੜੀਆਂ ਵਿੱਚ ਰੋਪੜ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਅਤੇ ਗੁਰਦਾਸਪੁਰ ਜਿਲ੍ਹਿਆਂ ਦੇ ੫-੬ ਖੇਤਾਂ ਵਿੱਚ ਐਚ ਡੀ 2967 ਅਤੇ ਹੋਰ ਗੈਰ ਸਿਫਾਰਿਸ਼ੀ ਕਿਸਮਾਂ ਉੱਪਰ ਦੇਖੀ ਗਈ ਹੈ। ਇਨ੍ਹਾਂ ਬਿਮਾਰੀ ਨਾਲ ਪ੍ਰਭਾਵਿਤ ਧੌੜੀਆਂ ਤੇ ਖੇਤਾਂ ਵਿੱਚ ਮਾਹਿਰਾਂ ਵੱਲੋਂ ਸਿਫਾਰਿਸ਼ ਕੀਤੀਆਂ ਉੱਲੀਨਾਸ਼ਕਾਂ ਦਾ ਛਿੜਕਾਅ ਕਰਵਾ ਕੇ ਬਿਮਾਰੀ ਦੀ ਮੁੱਢਲੀ ਲਾਗ ਤੇ ਕਾਬੂ ਪਾ ਲਿਆ ਗਿਆ ਹੈ।

ਡਾ. ਸੇਖੋਂ ਨੇ ਦੱਸਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਪੀਲੀ ਕੁੰਗੀ ਦੀ ਆਮਦ ਘੱਟ ਹੈ। ਇਸ ਦਾ ਮੁੱਖ ਕਾਰਨ ਪਹਾੜੀ ਇਲਾਕਿਆਂ ਵਿੱਚ ਅਕਤੂਬਰ, ਨਵੰਬਰ ਮਹੀਨੇ ਮੌਸਮ ਦਾ ਖੁਸ਼ਕ ਹੋਣਾ ਹੈ ਜਿਸ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਕਣਕ ਦੀ ਬਿਜਾਈ ਪਿਛੇਤੀ ਹੋਈ ਹੈ, ਆਪ ਮੁਹਾਰੇ ਉੱਗੇ ਬੂਟੇ ਮਰ ਗਏ ਅਤੇ ਪਹਾੜੀ ਇਲਾਕਿਆਂ ਵਿੱਚ ਬਿਮਾਰੀ ਦੀ ਉੱਲੀ ਘੱਟ ਪਣਪੀ।ਇਸ ਤੋਂ ਇਲਾਵਾ ਮੌਜੂਦਾ ਸਾਲ ਦੌਰਾਨ ਨੀਮ ਪਹਾੜੀ ਇਲਾਕਿਆਂ ਦੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਇਸ ਬਿਮਾਰੀ ਨੂੰ ਝੱਲਣ ਵਾਲੀਆਂ ਕਿਸਮਾਂ ਜਿਵੇਂ ਕਿ ਐਚ ਡੀ 3086, ਪੀ ਬੀ ਡਬਲਯੂ 677 ਅਤੇ ਪੀ ਬੀ ਡਬਲਯੂ 725 ਦੀ ਕਾਸ਼ਤ ਕੀਤੀ ਗਈ ਹੈ। ਚੱਲ ਰਹੇ ਮੌਸਮ ਦੌਰਾਨ ਇਨ੍ਹਾਂ ਕਿਸਮਾਂ ਤੇ ਪੀਲੀ ਕੁੰਗੀ ਦਾ ਹਮਲਾ ਹੋਣ ਦਾ ਕੋਈ ਡਰ ਨਹੀਂ। ਡਾ. ਸੈਖੋਂਂ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਐਚ ਡੀ 2967 ਅਤੇ ਹੋਰ ਗ਼ੈਰ ਸਿਫਾਰਿਸ਼ੀ ਕਿਸਮਾਂ ਦੀ ਕਾਸ਼ਤ ਕੀਤੀ ਹੈ, ਉਨ੍ਹਾਂ ਨੂੰ ਇਸ ਸਮੇਂ ਚੁਕੰਨੇ ਰਹਿਣ ਦੀ ਖਾਸ ਲੋੜ ਹੈ। ਕਿਸਾਨ ਵੀਰਾਂ ਨੂੰ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸਾਨ ਵੀਰ ਐਂਵੇ ਹੀ ਅੰਨੇਵਾਹ ਉੱਲੀਨਾਸ਼ਕਾਂ ਦਾ ਛਿੜਕਾਅ ਨਾ ਕਰਨ ਕਿਉਂਕਿ ਇਸ ਨਾਲ ਆਰਥਿਕ ਨੁਕਸਾਨ ਹੋਵੇਗਾ ਅਤੇ ਵਾਤਾਵਰਣ ਵੀ ਪ੍ਰਦੂਸ਼ਿਤ ਹੋਵੇਗਾ। ਜੇਕਰ ਕਿਤੇ ਬਿਮਾਰੀ ਨਜ਼ਰ ਆਉਂਦੀ ਹੈ ਤਾਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਉੱਲੀਨਾਸ਼ਕਾਂ ਜਿਵੇਂ ਕਿ ਨਟੀਵੋ 120 ਗ੍ਰਾਮ ਜਾਂ ਟਿਲਟ/ਬੰਪਰ/ਸ਼ਾਈਨ/ਮਾਰਕਜ਼ੋਲ 200 ਮਿ.ਲਿ. ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਸ਼ੁਰੂ ਵਿੱਚ ਬਿਮਾਰੀ ਨੂੰ ਧੌੜੀਆਂ ਵਿੱਚ ਹੀ ਕਾਬੂ ਕਰ ਲਿਆ ਜਾਵੇ ਤਾਂ ਇਸ ਨਾਲ ਪੀਲੀ ਕੁੰਗੀ ਦਾ ਅੱਗੇ ਫੈਲਾਅ ਰੁੱਕ ਜਾਵੇਗਾ।