Expert Advisory Details

idea99PAU.jpg
Posted by Communication Department, PAU
Punjab
2018-01-09 11:34:53

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਸ ਹਫਤੇ ਦੀ ਖੇਤੀ ਸਲਾਹ 

9 ਜਨਵਰੀ  2018

ਇਸ ਸਮੇਂ ਹੈਪੀ ਸੀਡਰ ਨਾਲ ਬੀਜੀ ਕਣਕ ਨੂੰ ਚੁਹਿਆਂ ਤੋਂ ਬਚਾਉਣ ਲਈ ਬੀਜਣ ਤੋਂ ਬਾਅਦ 10-15 ਦਿਨ ਦੇ ਵਕਫੇ ਤੇ ਦੋ ਵਾਰ 2 % ਜਿੰਕ ਫਾਸਫਾਇਡ ਦਾ “ਜਹਰੀਲਾ ਚੋਗਾ” ਪੁੜੀਆਂ ਬਣਾ ਕੇ ਖੁੱਡਾਂ ਵਿੱਚ ਪਾਓ (ਸਿੰਚਾਈ ਤੋਂ ਇਕ ਹਫਤਾ ਪਹਿਲੇ ਜਾਂ ਬਾਅਦ)।ਪਿਛੇਤੀ ਬੀਜੀ ਕਣਕ ਦੇ ਖੇਤਾਂ ਵਿੱਚ ਨਦੀਨ ਨਾਸ਼ਕਾਂ ਦਾ ਛਿੜਕਾਅ ਕਰ ਦੇਵੋ।ਕਣਕ ਦੇ ਖੇਤਾਂ ਵਿੱਚ ਘਾਹ ਵਾਲੇ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੇ ਵਾਧੇ ਨੂੰ ਰੋਕਣ ਲਈ ਸਿਫਾਰਸ਼ ਅਨੁਸਾਰ ਛਿੜਕਾਅ ਕਰੋ।ਕਣਕ ਦੀ ਫਸਲ ਨੂੰ ਮੈਗਨੀਜ਼ ਦੀ ਘਾਟ ਨਜ਼ਰ ਆਏ ਤਾਂ ਮੈਂਗਨੀਸ਼ੀਅਮ ਸਲਫੇਟ ਦੇ 0.5 % ਛਿੜਕਾਅ ਦੀ ਸਲਾਹ ਦਿੱਤੀ ਜਾਂਦੀ  ਹੈ।ਜੇਕਰ ਖੇਤ ਵਿੱਚ ਕਣਕ ਨੂੰ ਗੰਧਕ ਦੀ ਘਾਟ ਨਜ਼ਰ ਆਵੇ ਤਾਂ ਖੜੀ ਫਸਲ ਵਿੱਚ 100 ਕਿਲੋ ਜਿਪਸਮ/ਏਕੜ ਦਾ ਛਿੱਟਾ ਦੇਵੋ। ਸੂਰਜਮੁਖੀ ਦੀ ਬਿਜਾਈ ਸ਼ੁਰੂ ਕਰ ਦੇਵੋ।

ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਸਾਨਾਂ ਨੂੰ ਆਲੂਆਂ ਦੀ ਅਗੇਤੀ ਫਸਲ ਦੀ ਪੁਟਾਈ 10-15 ਦਿਨ ਲੇਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਨਾਲ ਆਲੂਆਂ ਦੀ ਫਸਲ ਦੇ ਅਗੇਤੇ ਮੰਡੀਕਰਨ ਵਿੱਚ ਸਹਾਇਕ ਹੋਵੇਗਾ।ਪਿਛੇਤੇ ਝੁਲਸ ਰੋਗ ਤੋਂ ਬਚਾਅ ਲਈ ਕਿਸਾਨ ਵੀਰਾਂ ਨੂੰ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਪਿਛੇਤੇ ਝੁਲਸ ਰੋਗ ਦੇ ਲੱਛਣ ਹੋਣ ਤੇ ਫ਼ਸਲ ਨੂੰ 500 ਤੋਂ 700 ਗ੍ਰਾਮ ਇੰਡੋਫਿਲ ਐਮ-45 ਜਾਂ ਮਾਰਕਜੈਬ ਜਾਂ ਕਵਚ ਨੂੰ 250-350 ਲਿਟਰ ਪਾਣੀ ਵਿੱਚ ਪਾਕੇ ਛਿੜਕਾਅ ਕਰੋ।ਪਿਛੇਤੇ ਝੁਲਸ ਰੋਗ ਲਈ ਕੀਟ-ਨਾਸ਼ਕਾਂ ਦੀ ਸਹੀ ਵਰਤੋਂ ਲਈ ਪੀ ਏ ਯੂ ਵੈਬਸਾਈਟ ਨੂੰ ਜ਼ਰੂਰ ਦੇਖੋ। ਜੇਕਰ ਪੱਤੇ ਝੁਰੜ ਮੁਰੜ ਹੋਏ ਹੋਣ, ਤਾਂ ਬੂਟਿਆਂ ਨੁੰ ਪੁੱਟ ਕੇ ਨਸ਼ਟ ਕਰ ਦਿਉ ਜਾਂ ਦੱਬ ਦਿਉ।ਮਟਰ ਵਿੱਚ ਕੁੰਗੀ ਦੀ ਰੋਕਥਾਮ ਲਈ 500 ਗ੍ਰਾਮ ਇੰਡੋਫਿਲ ਐਮ-45 ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ ।ਟਮਾਟਰ ਅਤੇ ਬੈਂਗਣ ਦੀ ਪਨੀਰੀ ਨੂੰ ਪੁੱਟ ਕੇ ਖੇਤ ਵਿੱਚ ਲਾ ਦਿਓ।ਮੂਲੀ, ਸ਼ਲਗਮ ਅਤੇ ਗਾਜਰ ਦੀਆਂ ਯੂਰਪੀ ਕਿਸਮਾਂ ਦੀ ਬਿਜਾਈ ਪੂਰੀ ਕਰ ਲਵੋ।

ਇਹ ਸਮਾਂ ਬਾਗਾਂ, ਖਾਸ ਕਰਕੇ ਛੋਟੇ ਬੂਟਿਆਂ ਨੂੰ ਸਰਦੀ ਤੋਂ ਬਚਾਉਣ ਦਾ ਸਮਾਂ ਹੈ, ਫ਼ਲਦਾਰ ਬੂਟਿਆਂ ਖਾਸ ਕਰਕੇ ਛੋਟੇ ਬੂਟਿਆਂ ਉਪਰ ਕੱੁਲੀਆਂ ਬਣਾ ਦਿਉ। ਬੇਰਾਂ ਦਾ ਫ਼ਲ ਵਧ-ਫੁੱਲ ਰਿਹਾ ਹੈ, ਇਸ ਲਈ ਇਸ ਸਮੇਂ ਪਾਣੀ ਦੇਣਾਂ ਬਹੁਤ ਜ਼ਰੂਰੀ ਹੈ। ਬੇਰਾਂ ਵਿੱਚ ਚਿਟੋਂ ਰੋਗ ਦੀ ਰੋਕਥਾਮ ਲਈ ਕੈਰਾਥੇਨ (0.5 ਮਿ ਲੀ) ਜਾਂ ਬੇਲੈਟਾਨ (0.5 ਗ੍ਰਾਮ) ਜਾਂ ਘੁਲਣਸ਼ੀਲ ਸਲਫ਼ਰ (2.5 ਗ੍ਰਾਮ) ਪ੍ਰਤੀ ਲਿਟਰ ਪਾਣੀ ਦਾ ਛਿੜਕਾਅ ਕਰੋ । ਬੇਰਾਂ ਵਿਚ ਫ਼ਲਾਂ ਦਾ ਕੇਰਾ ਰੋਕਣ ਲਈ ਨੈਫ਼ਥਲੀਨ ਐਸਿਿਟਕ ਐਸਿਡ (ਐਨ.ਏ.ਏ.) 15 ਗ੍ਰਾਮ ਪ੍ਰਤੀ 500 ਲਿਟਰ ਪਾਣੀ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ।ਐਨ.ਏ.ਏ. ਨੂੰ ਪਾਣੀ ਵਿਚ ਮਿਲਾਉਣ ਤੋਂ ਪਹਿਲਾਂ ਥੋੜੀ ਜਿਹੀ ਅਲਕੋਹਲ ਵਿਚ ਘੋਲ ਲਵੋ । ਪੱਤਝੜੀ ਕਿਸਮ ਦੇ ਬੂਟੇ ਲਉਣ ਲਈ ਖੇਤ ਦੀ ਤਿਆਰੀ ਕਰ ਲਵੋ । ਅਮਰੂਦ, ਬੇਰ ਅਤੇ ਲੁਕਾਠ ਨੂੰ ਛੱਡ ਕੇ ਬਾਕੀ ਸਾਰੇ ਫ਼ਲਦਾਰ ਬੂਟਿਆਂ ਨੂੰ ਸਿਫ਼ਾਰਿਸ਼ਾਂ ਮੁਤਾਬਿਕ ਰੂੜੀ ਦੀ ਗਲੀ-ਸੜੀ ਖਾਦ ਪਾ ਦਿਉ ।

ਨਵਜੰਮੇਂ/ਕੱਟੜੂ-ਵੱਛੜੂ ਠੰਡ ਵਿੱਚ ਜਲਦੀ ਨਮੂਨੀਏ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ।ਪਸ਼ੂਆਂ ਨੂੰ ਅਫ਼ਾਰੇ ਤੋਂ ਬਚਾਉਣ ਲਈ ਕੁਤਰੀ ਹੋਈ ਬਰਸੀਮ ਵਿੱਚ ਤੂੜੀ ਰਲਾ ਕੇ ਖੁਆਉਣੀ ਚਾਹੀਦੀ ਹੈ।ਪਸ਼ੂਆਂ ਨੂੰ ਇਕੱਲੀ ਪਰਾਲੀ ਨਾ ਪਾਓ ਕਿਉਂਕਿ ਪਰਾਲੀ ਵਿੱਚ ਮਿੱਟੀ ਹੋਣ ਕਰਕੇ ਪਸ਼ੂਆਂ ਨੂੰ ਮੋਕ ਵੀ ਲੱਗ ਸਕਦੀ ਹੈ। ਫਟੇ ਹੋਏ ਜਾਂ ਜਖਮੀ ਥਣਾਂ ਨੂੰ ਗਲਿਸਰੀਨ ਅਤੇ ਬੀਟਾਡੀਨ (1: 4) ਦੇ ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ।ਵੱਡੇ ਪਸ਼ੂਆਂ ਅਤੇ ਇੱਕ ਮਹੀਨੇ ਤੋਂ ਉੱਪਰ ਦੇ ਬੱਚਿਆਂ ਨੂੰ ਮੂੰਹ-ਖ਼ੁਰ ਦੇ ਟੀਕੇ ਲਗਵਾਓ।