Expert Advisory Details

idea99mir.jpg
Posted by Communication Department, PAU
Punjab
2018-08-09 06:23:41

ਮਿਰਚਾਂ ਨੂੰ ਟਾਹਣੀਆਂ ਦੇ ਸੋਕੇ ਅਤੇ ਫ਼ਲਾਂ ਦੇ ਗਾਲ੍ਹੇ ਤੋਂ ਬਚਾਉਣ ਲਈ ਰਹੋ ਸਾਵਧਾਨ-ਪੀਏਯੂ ਮਾਹਿਰ

ਬਰਸਾਤ ਦੇ ਸਿੱਲ੍ਹੇ ਸਿੱਲ੍ਹੇ ਮੌਸਮ ਵਿੱਚ ਸਬਜ਼ੀਆਂ ਦੀ ਖੇਤੀ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੈ। ਮਿਰਚਾਂ ਦੀ ਫ਼ਸਲ ਇਸ ਮੌਸਮ ਵਿੱਚ ਟਾਹਣੀਆਂ ਦੇ ਸੋਕੇ ਅਤੇ ਫ਼ਲਾਂ ਦੇ ਗਾਲ੍ਹੇ ਤੋਂ ਪੀੜਤ ਹੋ ਸਕਦੀ ਹੈ । ਖੇਤੀ ਮਾਹਿਰਾਂ ਅਨੁਸਾਰ ਇਹ ਇੱਕ ਉਲੀ ਰੋਗ ਹੈ ਜੋ ਗਰਮ ਅਤੇ ਸਿੱਲ੍ਹੇ ਮੌਸਮ ਦੌਰਾਨ ਮਿਰਚਾਂ ਤੇ ਹਮਲਾ ਕਰਦਾ ਹੈ। ਇਸ ਦੇ ਹਮਲੇ ਨਾਲ ਬੂਟੇ ਦੀਆਂ ਫ਼ਲਾਂ ਵਾਲੀਆਂ ਟਾਹਣੀਆਂ ਸਿਰੇ ਤੋਂ ਸੁੱਕ ਜਾਂਦੀਆਂ ਹਨ ਅਤੇ ਇਨ੍ਹਾਂ ਉਤੇ ਉਲੀ ਦੇ ਕਾਲੇ ਰੰਗ ਦੇ ਟਿਮਕਣੇ ਦਿਖਾਈ ਦਿੰਦੇ ਹਨ । ਇਹ ਬਿਮਾਰੀ ਮੁੱਖ ਤੌਰ ਤੇ ਲਾਲ ਮਿਰਚਾਂ ਤੇ ਆਉਂਦੀ ਹੈ, ਪਰ ਹਰੀਆਂ ਮਿਰਚਾਂ ਤੇ ਵੀ ਇਸ ਦਾ ਹਮਲਾ ਦੇਖਣ ਨੂੰ ਮਿਲਦਾ ਹੈ । ਬਿਮਾਰੀ ਨਾਲ ਪ੍ਰਭਾਵਿਤ ਮਿਰਚਾਂ ਤੇ ਗੋਲ ਤੋਂ ਲੰਬੂਤਰੇ ਹੇਠਾਂ ਧੱਸੇ ਹੋਏ ਧੱਬੇ ਪੈ ਜਾਂਦੇ ਹਨ । ਬਿਮਾਰੀ ਵਾਲੀਆਂ ਮਿਰਚਾਂ ਘਸਮੈਲੇ ਰੰਗ ਦੀਆਂ ਹੋ ਕੇ ਡਿੱਗ ਪੈਂਦੀਆਂ ਹਨ । ਬਿਮਾਰੀ ਦੀ ਉੱਲੀ ਬੀਜ ਉੱਤੇ ਪੱਲਦੀ ਰਹਿੰਦੀ ਹੈ ਜੋ ਮੁੱਢਲੀ ਲਾਗ ਲਾਉਣ ਵਿੱਚ ਸਹਾਈ ਹੁੰਦੀ ਹੈ ਅਤੇ ਬਾਅਦ ਵਿੱਚ ਬਿਮਾਰੀ ਗਰਮ ਅਤੇ ਸਿੱਲੇ ਮੌਸਮ ਦੌਰਾਨ ਹਵਾ ਰਾਹੀਂ ਅੱਗੇ ਫੈਲ ਜਾਂਦੀ ਹੈ ।

ਪੀਏਯੂ ਦੇ ਖੇਤੀ ਮਾਹਿਰ ਡਾ. ਕਮਲਜੀਤ ਸਿੰਘ ਸੂਰੀ ਨੇ ਦੱਸਿਆ ਕਿ ਚੱਲ ਰਿਹਾ ਮੌਸਮ ਇਸ ਬਿਮਾਰੀ ਦੇ ਵਾਧੇ ਲਈ ਅਨੁਕੂਲ ਹੈ ਇਸ ਕਰਕੇ ਮਿਰਚਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ 250 ਮਿ.ਲਿ. ਫੋਲੀਕਰ ਜਾਂ 750 ਗ੍ਰਾਮ ਇੰਡੋਫਿਲ ਐਮ -45 ਜਾਂ ਬਲਾਈਟੌਕਸ ਨੂੰ 250 ਲਿਟਰ ਨੂੰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਅਤੇ ਬਾਅਦ ਵਿੱਚ 10 ਦਿਨਾਂ ਦੇ ਵਕਫੇ ਤੇ ਫਿਰ ਦੁਹਰਾਓ। ਜੇਕਰ ਫੋਲੀਕਰ ਦਾ ਛਿੜਕਾਅ ਕੀਤਾ ਹੋਵੇ ਤਾਂ ਮਿਰਚ ਦੀ ਤੁੜਾਈ 4 ਦਿਨ ਬਾਅਦ ਕਰੋ।