Expert Advisory Details

idea99PAU.jpg
Posted by *ਅਸਿਸਟੈਂਟ ਹਾਰਟੀਕਲਚਰਿਸਟ, ਪੀਏਯੂ, ਲੁਧਿਆਣਾ।
Punjab
2018-07-23 04:13:54

ਬਰਸਾਤ ਰੁੱਤ ’ਚ ਨਵੇਂ ਬਾਗ਼ਾਂ ਦੀ ਵਿਉਂਤਬੰਦੀ

ਫਲਦਾਰ ਬੂਟੇ ਨਾ ਸਿਰਫ਼ ਸਾਡੀ ਸਰੀਰਕ ਸਿਹਤ ਅਤੇ ਭੋਜਨ ਸੁਰੱਖਿਆ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹਨ ਬਲਕਿ ਫਲਾਂ ਦੀ ਕਾਸ਼ਤ ਦਾ ਖੇਤੀ ਵਿਭਿੰਨਤਾ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ।

ਨਵਾਂ ਬਾਗ਼ ਲਾਉਣ ਤੋਂ ਪਹਿਲਾ ਉਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਿਨ੍ਹਾਂ ਦਾ ਬਾਗ਼ ਦੀ ਸਥਿਰਤਾ ਅਤੇ ਬਾਅਦ ਵਿੱਚ ਫ਼ਲ ਦੀ ਗੁਣਵੱਤਾ ’ਤੇ ਪ੍ਰਭਾਵ ਪੈਂਦਾ ਹੈ। ਬਾਗ਼ ਦੀ ਵਿਉਂਤਬੰਦੀ ਅਤੇ ਬੂਟੇ ਲਾਉਣ ਵੇਲੇ ਕੀਤੀਆਂ ਗਈਆਂ ਗਲ਼ਤੀਆਂ ਬਾਅਦ ਵਿੱਚ ਸੁਧਾਰੀਆਂ ਨਹੀਂ ਜਾ ਸਕਦੀਆਂ। ਢੁਕਵੀਂ ਵਿਉਂਤਬੰਦੀ ਤੋਂ ਭਾਵ ਹੈ ਮਿੱਟੀ ਅਤੇ ਜਲਵਾਯੂ ਦੀ ਅਨੁਕੂਲਤਾ, ਬਾਗ਼ ਦੀ ਢੁਕਵੀਂ ਸਥਿਤੀ ਅਤੇ ਚੰਗੀ ਗੁਣਵੱਤਾ ਵਾਲੇ ਬੂਟਿਆਂ ਦੀ ਚੋਣ ਕਰਨਾ। ਆਮ ਤੌਰ ’ਤੇ ਫ਼ਲਦਾਰ ਬੂਟਿਆਂ ਨੂੰ ਲਾਉਣ ਦੇ ਸਮੇਂ ਅਨੁਸਾਰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ: ਸਦਾਬਹਾਰ ਬੂਟੇ ਅਤੇ ਪੱਤਝੜੀ ਫ਼ਲਦਾਰ ਬੂਟੇ। ਸਦਾਬਹਾਰ ਫ਼ਲਦਾਰ ਬੂਟੇ ਸਾਲ ਵਿੱਚ ਦੋ ਵਾਰ ਲਾਏ ਜਾ ਸਕਦੇ ਹਨ, ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ਵਿੱਜੋਂ ਜਦੋਂਕਿ ਪਤਝੜੀ ਬੂਟਿਆਂ ਦੇ ਲਾਉਣ ਦਾ ਸਮਾਂ ਦਸੰਬਰ-ਜਨਵਰੀ ਮਹੀਨਾ ਹੈ।

ਨਰਸਰੀ ਵਿੱਚੋਂ ਬੂਟਿਆਂ ਦੀ ਚੋਣ: ਬਾਗ਼ ਲਗਾਉਣ ਵੇਲੇ ਬੂਟਿਆਂ ਦੀ ਚੋਣ ਸਭ ਤੋਂ ਅਹਿਮ ਹੁੰਦੀ ਹੈ। ਇਸ ਲਈ ਚੰਗੀਆਂ ਕਿਸਮਾਂ ਦੇ ਸਿਹਤਮੰਦ ਬੂਟੇ ਖ਼ਰੀਦਣੇ ਜ਼ਰੂਰੀ ਹਨ, ਜੋ ਕੀੜਿਆਂ ਤੇ ਬਿਮਾਰੀਆਂ ਤੋਂ ਰਹਿਤ ਹੋਣ। ਬੂਟੇ ਨੇੜੇ ਦੀ ਕਿਸੇ ਭਰੋਸੇਯੋਗ ਨਰਸਰੀ ਤੋਂ ਜਾਂ ਬਾਗ਼ਬਾਨੀ ਵਿਭਾਗ, ਪੀਏਯੂ ਲੁਧਿਆਣਾ, ਖੇਤਰੀ ਖੋਜ ਕੇਂਦਰ, ਅਬੋਹਰ, ਬਠਿੰਡਾ, ਬਹਾਦਰਗੜ੍ਹ, ਗੰਗੀਆਂ, ਜੱਲੋਵਾਲ, ਲਾਡੋਵਾਲ, ਗੁਰਦਾਸਪੁਰ ਅਤੇ ਸਰਕਾਰੀ ਮਨਜੂਰਸ਼ੁਦਾ ਨਰਸਰੀਆਂ ਤੋਂ ਲੈਣੇ ਚਾਹੀਦੇ ਹਨ। ਬੂਟੇ ਨਰੋਏ ਤੇ ਦਰਮਿਆਨੀ ਉਚਾਈ ਦੇ ਹੋਣੇ ਚਾਹੀਦੇ ਹਨ। ਹਮੇਸ਼ਾ ਲੋੜ ਤੋਂ 10-20 ਫ਼ੀਸਦੀ ਬੂਟੇ ਵੱਧ ਖ਼ਰੀਦੋ ਤਾਂ ਜੋ ਇਨ੍ਹਾਂ ਨੂੰ ਮਰਨ ਵਾਲੇ ਬੂਟਿਆਂ ਦੀ ਜਗ੍ਹਾ ’ਤੇ ਲਾਇਆ ਜਾ ਸਕੇ। ਬੂਟਿਆਂ ਨੂੰ ਨਰਸਰੀ ਤੋਂ ਖ਼ਰੀਦਣ ਸਮੇਂ ਧਿਆਨ ਰੱਖੋ ਕਿ ਬੂਟੇ ਦੀ ਗਾਚੀ ਟੁੱਟੀ ਨਾ ਹੋਵੇ। ਟੁੱਟੀ ਗਾਚੀ ਵਾਲੇ ਬੂਟੇ ਲਗਾਉਣ ਪਿੱਛੋਂ ਅਕਸਰ ਸੁੱਕ ਜਾਂਦੇ ਹਨ। ਬੂਟਿਆਂ ਨੂੰ ਲੱਦਣ ਤੋਂ ਪਹਿਲਾਂ ਟਰਾਲੀ ਵਿੱਚ ਘਾਹ ਫੂਸ, ਪਰਾਲੀ ਜਾਂ ਰੇਤ ਦੀ ਤਹਿ ਬਣਾ ਲਉ ਤਾਂ ਕਿ ਆਵਾਜਾਈ ਵੇਲੇ ਬੂਟਿਆਂ ਦੀ ਗਾਚੀ ਨਾ ਟੁੱਟੇ। ਬੂਟਿਆਂ ਨੂੰ ਟਰਾਲੀ ਵਿੱਚ ਬਹੁਤ ਧਿਆਨ ਨਾਲ ਲੱਦੋ। ਜੇ ਬੂਟੇ ਜ਼ਿਆਦਾ ਦੂਰੀ ਤੇ ਲੈ ਕੇ ਜਾਣੇ ਹੋਣ   ਤਾਂ ਥੋੜ੍ਹ-ਥੋੜ੍ਹੀ ਦੇਰ ਬਾਅਦ ਪਾਣੀ ਛਿੜਕਦੇ ਰਹੋ।

ਬੂਟੇ ਲਾਉਣਾ: ਬਾਗ਼ ਦੀ ਸਥਿਰਤਾ ਅਤੇ ਕਾਮਯਾਬੀ ਲਈ ਬੂਟੇ ਲਾਉਣ ਦੇ ਸਮੇਂ ਤੋਂ ਇੱਕ ਮਹੀਨਾ ਪਹਿਲਾਂ ਹੀ ਵਿਉਂਤਬੰਦੀ ਪੂਰੀ ਕਰ ਲੈਣੀ ਚਾਹੀਦੀ ਹੈ। ਜ਼ਮੀਨ ਦੀ ਚੰਗੀ ਤਰ੍ਹਾਂ ਸਫ਼ਾਈ ਕਰਕੇ ਲੇਜ਼ਰ ਕਰਾਹੇ ਨਾਲ ਪੱਧਰੀ ਕਰਨੀ ਚਾਹੀਦੀ ਹੈ ਤਾਂ ਜੋ ਪਾਣੀ ਦੀ ਬੱਚਤ ਹੋ ਸਕੇ। ਹਰ ਬੂਟੇ ਲਈ ਡੂੰਘਾ ਅਤੇ 1 ਮੀਟਰ ਚੌੜਾ ਗੋਲ ਟੋਆ ਪੁੱਟੋ। ਇਨ੍ਹਾਂ ਟੋਇਆਂ ਵਿੱਚ ਉੱਪਰਲੀ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿੱਚ ਪਾਉ। ਇਸ ਤੋਂ ਇਲਾਵਾ ਹਰੇਕ ਟੋਏ ਵਿੱਚ 15 ਮਿਲੀਲਿਟਰ ਕਲੋਰੋਪਾਈਰੀਫ਼ਾਸ 20 ਈ ਸੀ 2 ਕਿਲੋ ਮਿੱਟੀ ਵਿੱਚ ਰਲਾ ਕੇ ਸਿਉਂਕ ਤੋਂ ਬਚਾਉਣ ਲਈ ਜ਼ਰੂਰ ਪਾ ਦਿਉ ਤਾਂ ਜੋ ਮਿੱਟੀ ਚੰਗੀ ਤਰ੍ਹਾਂ ਬੈਠ ਜਾਵੇ। ਬੂਟਿਆਂ ਨੂੰ ਟੋਇਆਂ ਵਿੱਚ ਇਸ ਤਰ੍ਹਾਂ ਰੱਖੋ ਕਿ ਉਨ੍ਹਾਂ ਦਾ ਪਿਉਂਦ ਵਾਲਾ ਹਿੱਸਾ ਘੱਟ ਤੋਂ ਘੱਟ 9 ਇੰਚ ਉੱਚਾ ਰਹੇ। ਬੂਟੇ ਲਾਉਣ ਤੋਂ ਬਾਅਦ ਟੋਏ ਦੀ ਮਿੱਟੀ ਬੂਟੇ ਦੁਆਲੇ ਚੰਗੀ ਤਰ੍ਹਾਂ ਨੱਪੋ ਅਤੇ ਹਲਕਾ ਪਾਣੀ ਦੇ ਦਿਉ।

ਨਵੇਂ ਲਗਾਏ ਬੂਟਿਆਂ ਦੀ ਦੇਖਭਾਲ: ਨਵੇਂ ਲਗਾਏ ਬੂਟਿਆਂ ਨੂੰ ਸੋਟੀ ਦਾ ਸਹਾਰਾ ਦਿਉ ਤਾਂ ਜੋ ਉਹ ਸਿੱਧੇ ਰਹਿਣ ਅਤੇ ਪਾਣੀ ਲਾਉਣ ਵੇਲੇ ਟੇਢੇ ਨਾ ਹੋਣ ਜਾਂ ਡਿੱਗ ਨਾ ਪੈਣ। ਥੋੜ੍ਹੇ-ਥੋੜ੍ਹੇ ਵਕਫ਼ੇ ’ਤੇ ਹਲਕੀ ਸਿੰਜਾਈ ਕਰਦੇ ਰਹੋ ਤਾਂ ਕਿ ਬੂਟੇ ਆਪਣੀ ਪਕੜ ਮਜ਼ਬੂਤ ਕਰ ਲੈਣ। ਮੁੱਢੋਂ ਫੁੱਟਣ ਵਾਲੀਆਂ ਸ਼ਾਖਾਵਾਂ ਆਦਿ ਲਗਾਤਾਰ ਕੱਟਦੇ ਰਹੋ।

ਬੂਟਿਆਂ ਦਾ ਹਵਾ ਤੋਂ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਤੇਜ਼ ਹਵਾਵਾਂ ਨਵੇਂ ਲਗਾਏ ਬੂਟਿਆਂ ਨੂੰ ਟੇਢਾ ਕਰ ਸਕਦੀਆਂ ਹਨ ਤੇ ਜੜ੍ਹ ਤੋਂ ਵੀ ਉਖਾੜ ਸਕਦੀਆਂ ਹਨ। ਇਸ ਲਈ ਹਵਾ ਵਾਲੇ ਪਾਸੇ ਸਫ਼ੈਦਾ, ਅਰਜਨ, ਜਾਮਣ, ਅੰਬ, ਸ਼ਹਿਤੂਤ ਆਦਿ ਰੁੱਖ ਲਾਏ ਜਾ ਸਕਦੇ ਹਨ ਅਤੇ ਇਨ੍ਹਾਂ ਰੁੱਖਾਂ ਵਿਚਾਲੇ ਬੌਗਨਵਿਲੀਆ, ਜੱਟੀ-ਖੱਟੀ, ਗਲਗਲ ਤੇ ਕਰੌਂਦਾ ਆਦਿ ਦੀ ਵਾੜ ਵੀ ਲਾ ਦੇਣੀ ਚਾਹੀਦੀ ਹੈ ਤਾਂ ਜੋ ਜਾਨਵਰ ਅੰਦਰ ਵੜ ਕੇ ਇਨ੍ਹਾਂ ਨੂੰ ਖ਼ਰਾਬ ਨਾ ਕਰਨ।