Expert Advisory Details

idea996-copy-6.jpg
Posted by ਡਾ. ਰਣਜੀਤ ਸਿੰਘ
Punjab
2018-07-02 11:00:10

ਬਾਸਮਤੀ ਦੀ ਲੁਆਈ ਦਾ ਵੇਲਾ

ਬਰਸਾਤ ਸ਼ੁਰੂ ਹੋ ਗਈ ਹੈ ਅਤੇ ਝੋਨੇ ਦੀ ਲੁਆਈ ਪੂਰੇ ਜ਼ੋਰ ਨਾਲ ਹੋ ਰਹੀ ਹੈ। ਕੋਸ਼ਿਸ਼ ਕਰੋ ਕਿ ਇਹ ਲੁਆਈ ਇਸੇ ਹਫ਼ਤੇ ਪੂਰੀ ਹੋ ਜਾਵੇ ਤਾਂ ਜੋ ਤੁਸੀਂ ਬਾਸਮਤੀ ਦੀ ਲੁਆਈ ਸ਼ੁਰੂ ਕਰ ਸਕੋ।

ਮੱਕੀ ਦੀ ਬਿਜਾਈ ਜੇ ਅਜੇ ਨਹੀਂ ਕੀਤੀ ਤਾਂ ਉਸ ਨੂੰ ਜਲਦੀ ਪੂਰੀ ਕਰੋ। ਹੁਣ ਘੱਟ ਸਮਾਂ ਲੈਣ ਵਾਲੀ ਕਿਸਮ ਪੀ.ਐੱਮ.ਐੱਚ. 2 ਬੀਜੋ। ਇਹ 83 ਦਿਨਾਂ ਵਿੱਚ ਪੱਕ ਜਾਂਦੀ ਹੈ ਤੇ ਇਸ ਦਾ ਝਾੜ 18 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਮੱਕੀ ਲਈ ਜੀਵਾਣੂ ਖਾਦ ਤਿਆਰ ਕੀਤੀ ਹੈ। ਅੱਧਾ ਕਿਲੋ ਕਨਸ਼ੋਰਸ਼ੀਅਮ ਦੇ ਪੈਕੇਟ ਨੂੰ ਇੱਕ ਲਿਟਰ ਪਾਣੀ ਵਿੱਚ ਮਿਲਾ ਕੇ ਇੱਕ ਏਕੜ ਦੇ ਬੀਜ ਨੂੰ ਚੰਗੀ ਤਰ੍ਹਾਂ ਲਗਾ ਦੇਵੋ। ਬੀਜ ਨੂੰ ਛਾਂਵੇ ਸੁਕਾ ਕੇ ਉਦੋਂ ਹੀ ਬਿਜਾਈ ਕਰ ਦਿੱਤੀ ਜਾਵੇ। ਯਤਨ ਕਰੋ ਕਿ ਝੋਨੇ ਹੇਠੋਂ ਕੁਝ ਰਕਬਾ ਕੱਢ ਕੇ ਮੱਕੀ ਹੇਠ ਬੀਜਿਆ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇ।

ਪੰਜਾਬੀਆਂ ਦੇ ਘਰਾਂ ਵਿੱਚ ਮਾਂਹਾਂ ਦੇ ਨਾਲੋ-ਨਾਲ ਮੂੰਗੀ ਦੀ ਵੀ ਸਭ ਤੋਂ ਵੱਧ ਵਰਤੋਂ ਹੁੰਦੀ ਹੈ। ਇਸ ਦੀ ਬਿਜਾਈ ਲਈ ਹੁਣ ਢੁੱਕਵਾਂ ਸਮਾਂ ਹੈ। ਮੂੰਗੀ ਵੀ ਧਰਤੀ ਦੀ ਸਿਹਤ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਦੀ ਹੈ। ਪਿਛਲੇ ਸਾਲ ਸੂਬੇ ਵਿੱਚ ਮੂੰਗੀ ਹੇਠ 4.8 ਹਜ਼ਾਰ ਹੈਕਟਰ ਰਕਬਾ ਸੀ। ਘਰ ਦੀ ਲੋੜ ਪੂਰੀ ਕਰਨ ਲਈ ਸਾਰੇ ਕਿਸਾਨਾਂ ਨੂੰ ਮੂੰਗੀ ਦੀ ਕਾਸ਼ਤ ਕਰਨੀ ਚਾਹੀਦੀ ਹੈ। ਜੇ ਫ਼ਸਲ ਖ਼ਰਾਬ ਵੀ ਹੋ ਜਾਵੇ ਤਾਂ ਖੇਤ ਵਿੱਚ ਵਾਹ ਦੇਵੋ, ਹਰੀ ਖਾਦ ਦਾ ਕੰਮ ਕਰੇਗੀ। ਪੰਜਾਬ ਵਿੱਚ ਕਾਸ਼ਤ ਲਈ ਐੱਮ.ਐੱਲ. 2056 ਅਤੇ ਐੱਮ.ਐੱਲ. 818 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇੱਕ ਏਕੜ ਲਈ ਅੱਠ ਕਿਲੋ ਬੀਜ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਗਾ ਲਵੋ। ਬੀਜ ਨੂੰ ਜ਼ਹਿਰਾਂ ਨਾਲ ਸੋਧ ਵੀ ਜ਼ਰੂਰ ਲੈਣਾ ਚਾਹੀਦਾ ਹੈ। ਕੈਪਟਾਨ ਜਾਂ ਥੀਰਮ ਜ਼ਹਿਰ ਤਿੰਨ ਗ੍ਰਾਮ ਪ੍ਰਤੀ ਕਿਲੋ ਬੀਜ ਲਈ ਵਰਤੀ ਜਾਵੇ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 30 ਅਤੇ ਬੂਟਿਆਂ ਵਿਚਕਾਰ 10 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਇਕ ਮਹੀਨੇ ਪਿੱਛੋਂ ਗੋਡੀ ਜ਼ਰੂਰ ਕਰੋ। ਦਾਲਾਂ ਉੱਤੇ ਕੀੜੇ ਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੁੰਦਾ ਹੈ। ਫ਼ਸਲ ਦਾ ਧਿਆਨ ਰੱਖਣਾ ਚਾਹੀਦਾ ਹੈ, ਜੇ ਕੋਈ ਹਮਲਾ ਨਜ਼ਰ ਆਵੇ ਤਾਂ ਮਾਹਿਰਾਂ ਦੇ ਦੱਸੇ ਅਨੁਸਾਰ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ। ਵਧੀਆ ਖੜੀ ਫ਼ਸਲ ਪੰਜ ਕੁਇੰਟਲ ਤੱਕ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ। ਮਾਂਹਾਂ ਦੀ ਬਿਜਾਈ ਜੇਕਰ ਨਹੀਂ ਕੀਤੀ ਤਾਂ ਇਸੇ ਹਫ਼ਤੇ ਕਰੋ। ਪੰਜਾਬ ਵਿਚ ਮਾਂਹ 114 ਅਤੇ ਮਾਂਹ 338 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦਾ ਬੀਜ ਵੀ ਅੱਠ ਕਿਲੋ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ। ਮਾਂਹ ਦੇ ਬੀਜ ਨੂੰ ਵੀ ਰਾਈਜ਼ੋਬੀਅਮ ਦਾ ਟੀਕਾ ਜਰੂਰ ਲਗਾਵੋ। ਇਸ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ।

ਕਮਾਦ ਨੂੰ ਮਿੱਟੀ ਚਾੜ੍ਹ ਦੇਵੋ ਅਤੇ ਨਦੀਨਾਂ ਨੂੰ ਨਸ਼ਟ ਕਰ ਦੇਵੋ। ਜੇ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਢੁੱਕਵੀਂ ਜ਼ਹਿਰ ਦੀ ਵਰਤੋਂ ਕਰੋ।

ਕਦੇ ਸਮਾਂ ਸੀ ਜਦੋਂ ਕਿਸਾਨ ਘਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਵੱਖੋ-ਵੱਖਰੀਆਂ ਫ਼ਸਲਾਂ ਦੀ ਖੇਤੀ ਕਰਦੇ ਸਨ। ਪਰ ਹੁਣ ਸਾਰਾ ਰਕਬਾ ਕਣਕ-ਝੋਨੇ ਦੇ ਚੱਕਰ ਵਿੱਚ ਆ ਗਿਆ ਹੈ। ਘਰ ਦੀ ਲੋੜ ਪੂਰੀ ਕਰਨ ਲਈ ਮੱਕੀ, ਦਾਲਾਂ ਅਤੇ ਤਿਲਾਂ ਦੀ ਕੁਝ ਰਕਬੇ ਵਿੱਚ ਕਾਸ਼ਤ ਜਰੂਰ ਕਰਨੀ ਚਾਹੀਦੀ ਹੈ। ਤਿਲਾਂ ਦੀ ਵਰਤੋਂ ਸਾਰੇ ਪੰਜਾਬੀ ਘਰਾਂ ਵਿੱਚ ਹੁੰਦੀ ਹੈ। ਸਰਦੀਆਂ ਵਿੱਚ ਤਿਲਾਂ ਦੀਆਂ ਤਿਲਭੁਗਾ, ਗਚਕ ਤੇ ਪਿੰਨੀਆਂ ਆਦਿ ਬਣਾਏ ਜਾਂਦੇ ਹਨ। ਤਿਲਾਂ ਹੇਠ ਵੀ ਪੰਜਾਬ ਵਿੱਚ ਬਹੁਤ ਘੱਟ ਰਕਬਾ ਹੈ। ਪਿਛਲੇ ਸਾਲ ਇਨ੍ਹਾਂ ਦੀ ਬਿਜਾਈ ਕੋਈ 3000 ਹੈਕਟੇਅਰ ਵਿੱਚ ਕੀਤੀ ਗਈ ਸੀ। ਪੰਜਾਬ ਵਿੱਚ ਕਾਸ਼ਤ ਲਈ ਤਿੱਲ ਨੰਬਰ 2 ਅਤੇ ਆਰ.ਟੀ. 346 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਤੋਂ ਕੋਈ 2ੌ ਕੁਇੰਟਲ ਪ੍ਰਤੀ ਏਕੜ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ। ਇੱਕ ਏਕੜ ਦੀ ਬਿਜਾਈ ਲਈ ਕੇਵਲ ਇੱਕ ਕਿਲੋ ਬੀਜ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਰੱਖਿਆ ਜਾਵੇ। ਤਿਲਾਂ ਦੀਆਂ ਲਾਈਨਾਂ ਮਾਂਹ ਅਤੇ ਮੂੰਗੀ ਵਿੱਚ ਵੀ ਲਗਾਈਆਂ ਜਾ ਸਕਦੀਆਂ ਹਨ। ਬਿਜਾਈ ਸਮੇਂ ਕੇਵਲ 45 ਕਿਲੋ ਯੂਰੀਆ ਪ੍ਰਤੀ ਏਕੜ ਪਾਇਆ ਜਾਵੇ। ਬਿਜਾਈ ਤੋਂ ਤਿੰਨ ਹਫ਼ਤਿਆਂ ਪਿਛੋਂ ਇੱਕ ਗੋਡੀ ਜ਼ਰੂਰ ਕਰੋ।

ਗੁਆਰੇ ਦੀ ਬਿਜਾਈ ਦਾ ਹੁਣ ਢੁਕਵਾਂ ਸਮਾਂ ਹੈ। ਇਸ ਦੀ ਬਿਜਾਈ ਹਰੀ ਖਾਦ, ਚਾਰੇ ਤੇ ਦਾਣਿਆਂ ਲਈ ਕੀਤੀ ਜਾਂਦੀ ਹੈ। ਹੁਣ ਦੀ ਬਿਜਾਈ ਦਾਣਿਆਂ ਲਈ ਹੈ। ਐੱਚਜੀ 365, ਗੁਆਰਾ 80 ਅਤੇ ਅਗੇਤਾ ਗੁਆਰਾ 112 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਅਗੇਤਾ ਗੁਆਰਾ 112 ਕਿਸਮ ਤੋਂ ਕੋਈ ਅੱਠ ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਹੁੰਦਾ ਹੈ। ਐੱਚ.ਜੀ. 365 ਕਿਸਮ ਪੱਕਣ ਲਈ ਕੇਵਲ 105 ਦਿਨ ਲੈਂਦੀ ਹੈ ਪਰ ਇਸ ਦਾ ਝਾੜ ਪੰਜ ਕੁਇੰਟਲ ਰਹਿ ਜਾਂਦਾ ਹੈ। ਇਕ ਏਕੜ ਵਿੱਚ 10 ਕਿਲੋ ਬੀਜ ਦੀ ਵਰਤੋਂ ਕਰੋ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 45 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਬਿਜਾਈ ਸਮੇਂ 17 ਕਿਲੋ ਯੂਰੀਆ ਅਤੇ 120 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਡਰਿਲ ਕਰੋ।

ਢੈਂਚਾ ਜਾਂ ਜੰਤਰ ਦੀ ਵਰਤੋਂ ਹਰੀ ਖਾਦ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਲੋੜ ਵੇਲੇ ਇਸ ਦਾ ਬੀਜ ਮਿਲਣਾ ਮੁਸ਼ਕਿਲ ਹੋ ਜਾਂਦਾ ਹੈ। ਅਗਲੇ ਸਾਲ ਦੀ ਬਿਜਾਈ ਲਈ ਕੁਝ ਰਕਬੇ ਵਿੱਚ ਢੈਂਚੇ ਦੀ ਖੇਤੀ ਕਰਕੇ ਬੀਜ ਬਣਾਇਆ ਜਾ ਸਕਦਾ ਹੈ। ਪੰਜਾਬ ਵਿੱਚ ਕਾਸ਼ਤ ਲਈ ਪੰਜਾਬ ਢੈਂਚਾ 1 ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦਾ ਇੱਕ ਏਕੜ ਵਿੱਚ 10 ਕਿਲੋ ਬੀਜ ਪਾਵੋ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 45 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਬੀਜਣ ਸਮੇਂ 75 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਇਕ ਮਹੀਨੇ ਪਿਛੋਂ ਗੋਡੀ ਕਰੋ।

ਇਸ ਬਾਸਮਤੀ ਦੀ ਲੁਆਈ ਪੂਰੀ ਕਰ ਲੈਣੀ ਚਾਹੀਦੀ ਹੈ। ਇਸ ਪੰਦਰਵਾੜੇ ਪੰਜਾਬ ਬਾਸਮਤੀ 370, ਸੀ.ਐੱਸ.ਆਰ. 30, ਬਾਸਮਤੀ 386 ਅਤੇ ਪੂਸਾ ਬਾਸਮਤੀ 1509 ਕਿਸਮਾਂ ਦੀ ਲੁਆਈ ਕਰਨੀ ਚਾਹੀਦੀ ਹੈ। ਇਸ ਵਾਰ ਬਾਸਮਤੀ ਦੀ ਇੱਕ ਨਵੀ ਕਿਸਮ ਪੂਸਾ ਬਾਸਮਤੀ 1637 ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦਾ ਝਾੜ 17.5 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ ਅਤੇ ਪੱਕਣ ਵਿੱਚ ਕੇਵਲ 138 ਦਿਨ ਲੈਂਦੀ ਹੈ।