Expert Advisory Details

idea99PAU.jpg
Posted by Communication Department, PAU
Punjab
2018-06-15 07:15:00

ਪੂਸਾ ਬਾਸਮਤੀ 1509 ਦੀ ਵਧੀਆ ਪੈਦਾਵਾਰ ਲਈ ਅਗੇਤੀ ਬਿਜਾਈ ਤੋਂ ਗੁਰੇਜ਼ ਕਰੋ

ਪੂਸਾ ਬਾਸਮਤੀ 1509 ਕਿਸਮ ਥੋੜੇ੍ਹ ਸਮੇਂ ਵਿੱਚ (ਸਮੇਤ ਪਨੀਰੀ 120 ਦਿਨਾਂ ਵਿੱਚ) ਪੱਕ ਜਾਂਦੀ ਹੈ ਅਤੇ ਬਹੁ-ਫ਼ਸਲੀ ਚੱਕਰ ਲਈ ਬਹੁਤ ਢੁੱਕਵੀਂ ਹੈ।ਬਾਸਮਤੀ ਦੇ ਉੱਤਮ ਗੁਣ ਤਾਂ ਹੀ ਪ੍ਰਾਪਤ ਹੁੰਦੇ ਹਨ ਜਦੋਂ ਇਹਨਾਂ ਨੂੰ ਦਾਣੇ ਭਰਨ ਸਮੇਂ ਸਵੇਰ ਅਤੇ ਸ਼ਾਮ ਦਾ ਤਾਪਮਾਨ ਠੰਡਾ ਅਤੇ ਦਿਨ ਦਾ ਤਾਪਮਾਨ ਜ਼ਿਆਦਾ ਹੋਵੇ।ਜੁਲਾਈ ਦਾ ਦੂਜਾ ਪੰਦਰਵਾੜਾ ਇਸ ਕਿਸਮ ਦੀ ਲੁਆਈ ਲਈ ਢੁੱਕਵਾਂ ਹੈ।ਇਸ ਸਮੇਂ ਲਗਾਈ ਗਈ ਫ਼ਸਲ ਅਕਤੂਬਰ ਦੇ ਦੂਜੇ ਪੰਦਰਵਾੜੇ੍ਹ ਵਿੱਚ ਪੱਕਦੀ ਹੈ ਜਦੋਂ ਬਾਸਮਤੀ ਦੇ ਉੱਤਮ ਗੁਣ ਜਿਵੇਂ ਮਹਿਕ, ਘੱਟ ਚਾਕੀ (ਗੈਰ-ਪਾਰਦਰਸ਼ੀ) ਦਾਣੇ, ਸਾਬਤ ਚੌਲਾਂ ਦੀ ਪ੍ਰਾਪਤੀ ਆਦਿ ਲਈ ਵਾਤਾਵਰਨ ਬਿਲਕੁਲ ਅਨੂਕੂਲ ਹੁੰਦਾ ਹੈ।

ਪਰੰਤੂ ਕੁਝ ਕਿਸਾਨਾਂ ਵੱਲੋਂ ਯੂਨੀਵਰਸਿਟੀ ਦੀਆਂ ਸ਼ਿਫਾਰਿਸਾਂ ਨੂੰ ਅਣਗੌਲਿਆਂ ਕਰਦਿਆਂ ਇਸ ਕਿਸਮ ਦੀ ਲੁਆਈ ਜੂਨ ਮਹੀਨੇ ਵਿੱਚ ਪਰਮਲ ਝੋਨੇ ਦੇ ਨਾਲ ਹੀ ਕਰ ਦਿੱਤੀ ਜਾਂਦੀ ਹੈ, ਕਿੳਂੁਕਿ ਇਹ ਕਿਸਮ ਪ੍ਰਕਾਸ਼ ਨੂੰ ਅਸੰਵੇਦਨਸ਼ੀਲ ਹੈ ਇਸ ਲਈ ਇਹ ਜਲਦੀ (ਸਤੰਬਰ ਦੇ ਸ਼ੁਰੂ ਵਿੱਚ) ਪੱਕ ਜਾਂਦੀ ਹੈ ਜਦੋਂ ਦਿਨ ਅਤੇ ਰਾਤ ਦੋਵਾਂ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ।ਇਸ ਕਿਸਮ ਦੀ ਅਗੇਤੀ ਬਿਜਾਈ ਨਾਲ ਕੁੱਲ ਅਤੇ ਸਾਬਤ ਚੌਲਾਂ ਦੀ ਪ੍ਰਾਪਤੀ ਘੱਟ ਜਾਂਦੀ ਹੈ। ਅਗੇਤੀ ਬੀਜੀ ਫ਼ਸਲ ਵਿੱਚ ਚਾਕੀ (ਗੈਰ-ਪਾਰਦਰਸ਼ੀ) ਦਾਣਿਆਂ ਦੀ ਮਾਤਰਾ ਸਮੇਂ ਸਿਰ ਬੀਜੀ ਫ਼ਸਲ ਨਾਲੋਂ ਜ਼ਿਆਦਾ ਹੁੰਦੀ ਹੈ।

ਇਸ ਲਈ ਕਿਸਾਨ ਵੀਰਾਂ ਨੂੰ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਵਧੀਆ ਝਾੜ ਅਤੇ ਉੱਤਮ ਕਿਸਮ ਦੀ ਬਾਸਮਤੀ ਦੀ ਪੈਦਾਵਾਰ ਲਈ ਪੂਸਾ ਬਾਸਮਤੀ 1509 ਕਿਸਮ ਦੀ ਬਿਜਾਈ ਸਿਫਾਰਿਸ਼ ਕੀਤੇ ਗਏ ਸਮੇਂ (ਜੁਲਾਈ ਦੇ ਦੂਜਾ ਪੰਦਰਵਾੜੇ੍ਹ) ਵਿੱਚ ਹੀ ਕਰੋ।ਇਹ ਵੀ ਸੁਝਾਅ ਦਿੱਤਾ ਜਾਂਦਾ ਹੈ ਕਿ ਪਨੀਰੀ ਦੀ ਬਿਜਾਈ ਵੀ ਇਸੇ ਹਿਸਾਬ ਨਾਲ ਕਰਨੀ ਚਾਹੀਦੀ ਹੈ ਤਾਂ ਕਿ 25 ਦਿਨਾਂ ਦੀ ਪਨੀਰੀ ਨੂੰ ਖੇਤ ਵਿੱਚ ਲਗਾ ਦਿੱਤਾ ਜਾਵੇ।ਇਸ ਨਾਲ ਬੂਟੇ ਦਾ ਫੁਟਾਰਾ ਠੀਕ ਹੋਵੇਗਾ ਅਤੇ ਝਾੜ ਵੀ ਜ਼ਿਆਦਾ ਪ੍ਰਾਪਤ ਹੋਵੇਗਾ।