Expert Advisory Details

idea9964886283-fd64-4957-9638-cd7baad02e88.jpg
Posted by Dr. Sukhdeep Hundal
Punjab
2018-06-09 07:21:17

ਜੂਨ ਮਹੀਨੇ ਦੇ ਪਹਿਲੇ ਪੰਦਰਵਾੜੇ ਦੇ ਬਾਗਬਾਨੀ ਰੁਝੇਵੇਂ

ਫਲਦਾਰ ਬੂਟੇ

1.ਗਰਮੀ ਦੇ ਮੌਸਮ ਵਿੱਚ ਫਲਦਾਰ ਬੂਟਿਆਂ ਨੂੰ ਖਾਸ ਕਰਕੇ ਅੰਬ, ਨਿੰਬੂ ਜਾਤੀ, ਅਮਰੂਦ ਜਿੰਨ੍ਹਾਂ 'ਤੇ ਫਲ ਲੱਗਾ ਹੁੰਦਾ ਨੂੰ ਸਹੀ ਵਕਫੇ 'ਤੇ ਸਿੰਚਾਈ ਕਰਦੇ ਰਹੋ।

2.ਨਵੇਂ ਲਗਾਏ ਬੂਟਿਆਂ ਨੂੰ ਵੀ ਹਲਕੀ ਸਿੰਚਾਈ ਕਰਦੇ ਰਹੋ ਅਤੇ ਇਨ੍ਹਾਂ ਨੂੰ ਤਿੱਖੀ ਧੁੱਪ ਦੇ ਭੈੜੇ ਅਸਰ ਤੋਂ ਬਚਾਉਣ ਲਈ ਬੂਟਿਆਂ ਦੇ ਤਣਿਆਂ 'ਤੇ ਕਲੀ ਵਿੱਚ ਨੀਲਾ ਥੋਥਾ ਪਾ ਕੇ ਸਫੈਦੀ(ਕਲੀ) ਕਰ ਦਿਓ।

3.ਨਾਸ਼ਪਾਤੀ ਨੂੰ ਫਲ ਦੀ ਮੱਖੀ ਤੋਂ ਬਚਾਉਣ ਲਈ ਬੂਟਿਆਂ 'ਤੇ ਪੀ.ਤੇ.ਯੂ. ਫਰੂਟ ਫਲਾਈ ਲਗਾ ਦਿਓ। ਜੇਕਰ ਬਾਗ ਹੈ ਤਾਂ ਇੱਕ ਏਕੜ ਵਿੱਚ 16 ਟਰੈਪ ਲਗਾ ਦਿਓ। ਟਰੈਪ ਲੈਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਬਾਗਬਾਨੀ ਵਿਭਾਗ ਦੇ ਦਫਤਰਾਂ ਵਿੱਚ ਸੰਪਰਕ ਕਰੋ।

4.ਬੇਰ ਦੇ ਬੂਟਿਆਂ ਦੀ ਕੱਟ-ਛਾਂਟ ਕਰਕੇ ਦੇਸੀ ਰੂੜੀ ਦੀ ਖਾਦ ਪਾ ਦਿਓ।

5.ਨਿੰਬੂ ਜਾਤੀ ਵਿੱਚ ਗਰਮੀ ਰੁੱਤ ਦੇ ਕੀੜੇ ਮਕੌੜਿਆਂ ਦੀ ਰੋਕਥਾਮ ਲਈ 2.5 ਮਿ.ਲੀ. ਰੋਗਰ 30 ਤਾਕਤ ਜਾਂ 0.4 ਮਿ.ਲੀ. ਇਮਿਡਾਕਲੋਰਪਿਡ 17.8 ਐੱਸ ਐੱਲ ਜਾਂ 0.3 ਗ੍ਰਾਮ ਐਕਟਾਰਾ 25 ਡਬਲਯੂ ਜੀ ਦਵਾਈ ਪ੍ਰਤੀ ਲੀਟਰ ਪਾਣੀ ਦੇ ਹਿਸਾਬ 'ਤੇ ਛਿੜਕਾਅ ਕਰੋ।

6.ਅੰਗੂਰ ਦੇ ਗੁੱਛਿਆਂ ਨੂੰ ਗਲਣ ਰੋਗ ਤੋਂ ਬਚਾਉਣ ਲਈ 2 ਗ੍ਰਾਮ ਜੀਰਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਅਤੇ 7 ਦਿਨ ਤੱਕ ਫਲ ਨਾ ਤੋੜੋ।

ਸਬਜ਼ੀਆਂ

1.ਭਾਰੀ ਜਮੀਨਾਂ ਵਿੱਚ ਸਬਜ਼ੀਆਂ ਨੂੰ ਹਫਤੇ ਵਿੱਚ ਇੱਕ ਵਾਰ ਅਤੇ ਰੇਤਲੀ ਜ਼ਮੀਨਾਂ ਵਿੱਚ ਹਫਤੇ ਵਿੱਚ ਦੋ ਵਾਰ ਪਾਣੀ ਲਗਾਓ।

2.ਮੂਲੀ ਦੀ ਪੂਸਾ ਚੇਤਕੀ ਕਿਸਮ ਦੀ ਬਿਜਾਈ ਵੱਟਾਂ 'ਤੇ 45 ਸੈਂਟੀਮੀਟਰ ਦੇ ਫਾਸਲੇ 'ਤੇ ਕਰ ਦਿਓ।

3.ਵੇਲਾਂ ਵਾਲੀਆਂ ਸਬਜ਼ੀਆਂ ਵਿੱਚੋਂ ਘੀਆ ਕੱਦੂ, ਕਰੇਲਾ, ਕਾਲੀ ਤੋਰੀ, ਪੇਠਾ ਅਤੇ ਟੀਂਡੇ ਦੀ ਬਿਜਾਈ 12 ਗ੍ਰਾਮ ਬੀਜ 2-3 ਮੀਟਰ ਚੌੜੇ ਬੈੱਡਾਂ 'ਤੇ 45-90 ਸੈਂਟੀਮੀਟਰ ਦੇ ਫਾਸਲੇ 'ਤੇ ਪ੍ਰਤੀ ਮਰਲਾ ਦੇ ਹਿਸਾਬ ਨਾਲ ਕਰ ਦਿਓ।

4.ਭਿੰਡੀ ਦੀ ਪੰਜਾਬ 8 ਜਾਂ ਪੰਜਾਬ 7 ਦੀ ਬਿਜਾਈ ਸ਼ੁਰੂ ਕਰ ਦਿਓ ਕਿਉਂਕਿ ਇਹ ਦੋਵੇਂ ਕਿਸਮਾਂ ਹੀ ਪੀਲੇ ਵਿਸ਼ਾਣੂ ਰੋਗ ਨੂੰ ਸਹਾਰ ਸਕਦੀਆਂ ਹਨ। ਬੀਜ ਦੀ ਮਾਤਰਾ 30 ਗ੍ਰਾਮ, 100 ਕਿਲੋ ਦੇਸੀ ਰੂੜੀ, 250 ਗ੍ਰਾਮ ਕਿਲੋ ਯੂਰੀਆ ਖਾਦ ਅਤੇ ਨਦੀਨ ਦੀ ਰੋਕਥਾਮ ਲਈ 6 ਮਿ.ਲੀ. ਸਟੋਂਪ ਜਾਂ 5 ਮਿ.ਲੀ. ਬਾਸਾਲਿਨ ਦਵਾਈ ਪ੍ਰਤੀ ਮਰਲਾ ਵਰਤੋ।

ਫੁੱਲ

1.ਗਰਮ ਰੁੱਤ ਦੇ ਮੌਸਮੀ ਫੁੱਲਾਂ ਦੀਆਂ ਕਿਆਰੀਆਂ ਨੂੰ ਪਾਣੀ ਲਗਾਉਂਦੇ ਰਹੋ।

2.ਗੁਲਾਬ ਦੇ ਬੂਟਿਆਂ ਦਾ ਵੀ ਸਿੰਚਾਈ ਦਾ ਖਿਆਲ ਰੱਖੋ ਅਤੇ ਬਿਮਾਰ ਟਾਹਣੀਆਂ ਦੀ ਕਾਂਟ ਛਾਂਟ ਕਰੋ। ਘਾਹ ਦੇ ਲਾਅਨ ਨੂੰ ਹਰਾ ਭਰਾ ਰੱਖਣ ਲਈ ਸਿੰਚਾਈ ਦਾ ਖਾਸ ਧਿਆਨ ਰੱਖੋ ਅਤੇ ਕਟਾਈ ਕਰਦੇ ਰਹੋ।

ਖੁੰਬਾਂ

1.ਗਰਮ ਰੁੱਤ ਦੀ ਪਰਾਲੀ ਵਾਲੀ ਖੁੰਭ ਦੀ ਕਾਸ਼ਤ ਫਸਲ 'ਤੇ ਦਿਨ ਵਿੱਚ ਪਾਣੀ ਦੋ ਵਾਰ ਲਗਾਓ।

2.ਮਿਲਕੀ ਖੁੰਬ ਦੀ ਪਹਿਲਾਂ ਬੀਜੀ ਫਸਲ ਦੀ ਕੇਸਿੰਗ ਕਰ ਦਿਓ।

ਸ਼ਹਿਦ ਮੱਖੀ ਪਾਲਣ

1.ਸ਼ਹਿਦ ਮੱਖੀਆਂ ਦੇ ਬਕਸਿਆਂ ਨੂੰ ਇਸ ਮਹੀਨੇ ਗਰਮੀ ਤੋਂ ਬਚਾਉਣ ਲਈ ਬਕਸਿਆਂ ਨੂੰ ਸੰਘਣੀ ਛਾਂ ਵਿੱਚ ਰੱਖਣ ਲਈ ਉਪਰਾਲੇ ਕੀਤੇ ਜਾਣ।

2.ਗਰਮੀਆਂ ਕਾਰਨ ਮੱਖੀਆਂ ਲਈ ਪਾਣੀ ਦਾ ਉਚਿਤ ਪ੍ਰਬੰਧ ਕਰੋ ਅਤੇ ਪਾਣੀ ਦੇ ਟੈਂਕ ਵਿੱਚ ਦਰੱਖਤਾਂ ਦੀਆਂ ਛੋਟੀਆਂ ਟਾਹਣੀਆਂ ਸੁੱਟ ਦਿਓ ਤਾਂ ਕਿ ਮੱਖੀਆਂ ਇਨ੍ਹਾਂ ਉੱਪਰ ਬੈਠ ਕੇ ਪਾਣੀ ਪੀ ਸਕਣ।

3.ਬਕਸਿਆਂ ਨੂੰ ਹਵਾਦਾਰ ਬਣਾਉਣ ਲਈ ਹੇਠਲੇ ਫੱਟੇ 'ਤੇ ਬਰੂਡ ਚੈਂਬਰ 'ਤੇ ਸੁਪਰ ਚੈਂਬਰ ਦੇ ਵਿੱਚ ਲੱਕੜੀ ਦੇ ਟੁਕੜੇ ਰੱਖ ਕੇ ਬਰੀਕ ਝੀਥ ਬਣਾਓ, ਜਿਸ ਵਿੱਚੋਂ ਹਵਾ ਤਾਂ ਨਿਕਲ ਸਕੇ ਪਰ ਮੱਖੀ ਨਾ ਨਿਕਲ ਸਕੇ।